ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਹਾਸ-ਵਿਅੰਗ ਸਿਟ-ਡਾਊਨ ਤੋਂ ਅੱਗੇ…

ਹਾਸ-ਵਿਅੰਗ ਸਿਟ-ਡਾਊਨ ਤੋਂ ਅੱਗੇ…

ਮੈਂ ਛੋਟਾ ਹੁੰਦਾ ਸਾਂ, ਸਕੂਲ ਪੜ੍ਹਦਾ ਬੱਚਾ। ਪੀਟੀ ਮਾਸਟਰ ਸਾਨੂੰ ਸਵੇਰੇ ਐਕਸਰਸਾਈਜ਼ ਵਿਚ ‘ਸਿਟ-ਡਾਊਨ ਸਟੈਂਡ ਅੱਪ’ ਕਰਵਾਉਂਦੇ ਤਾਂ ਚੰਗਾ-ਚੰਗਾ ਲੱਗਦਾ। ਅਸੀਂ ਜਮਾਤ ਵਿੱਚ ਹੁੰਦੇ, ਕੋਈ ਅਧਿਆਪਕ ਕਲਾਸ ਵਿੱਚ ਆਉਂਦਾ, ਤਾਂ ਅਸੀਂ ਸਾਰੇ ਸਟੈਂਡ-ਅੱਪ ਹੁੰਦੇ। ਅਧਿਆਪਕ ਸਾਨੂੰ ਸਿਟ-ਡਾਊਨ ਕਹਿੰਦਾ, ਅਸੀਂ ਬਹਿ ਜਾਂਦੇ। ਕੁਝ ਵੱਡੇ ਹੋਏ, ਤਾਂ ਤਵਿਆਂ ਵਾਲੇ ਰਿਕਾਰਡਾਂ ਤੇ ਗਾਣਾ ਸੁਣਦੇ– “ਨੈਣ ਪ੍ਰੀਤੋ ਦੇ, ਬਹਿ ਜਾ ਬਹਿ ਜਾ ਕਰਦੇ…” ਅਸੀਂ ਮੁੰਡੇ-ਖੁੰਡੇ ਇਸ ਗੀਤ ਨੂੰ ਇਉਂ ਗਾਉਂਦੇ– “ਨੈਣ ਪ੍ਰੀਤੋ ਦੇ, ਸਿੱਟ-ਡਾਊਨ ਸਿਟ-ਡਾਊਨ ਕਰਦੇ…”

ਮੈਂ ਜਵਾਨੀ ਵਿਚ ਕਦਮ ਰੱਖਿਆ, ਤਾਂ ਯੂਨੀਵਰਸਿਟੀ ਵਿਚ ਕੈਲੀਗ੍ਰਾਫਿਸਟ ਲੱਗ ਗਿਆ। ਕਰਮਚਾਰੀਆਂ ਨੇ ਆਪਣੀਆਂ ਮੰਗਾਂ ਮਨਵਾਉਣ ਲਈ ਪੈੱਨ-ਡਾਊਨ ਹੜਤਾਲ ਕਰ ਦਿੱਤੀ। ਮਤਲਬ ਇਹ ਨਹੀਂ ਸੀ ਕਿ ਕਲਮ ਹੇਠਾਂ ਰੱਖ ਦਿੱਤੀ। ਇਹ ਸਿੱਟ-ਡਾਊਨ ਵਰਗੀ ਗੱਲ ਨਹੀਂ ਸੀ। ਸਗੋਂ ਦਫ਼ਤਰ ਤਾਂ ਜਾਣਾ ਸੀ, ਪਰ ਕੋਈ ਕੰਮ ਨਹੀਂ ਸੀ ਕਰਨਾ। ਇਹੋ ਪੈੱਨ-ਡਾਊਨ ਸੀ।

ਮੈਂ ਸੇਵਾਮੁਕਤ ਹੋ ਗਿਆ। ਦੇਸ਼ ਵਿਚ ਵਿਕਾਸ ਦੀਆਂ ਧੁੰਮਾਂ ਪਈਆਂ ਹੋਈਆਂ ਸਨ। ਪਰ ਅਚਾਨਕ ਲੌਕ-ਡਾਊਨ ਲੱਗ ਗਿਆ। ਇਹ ਨਵਾਂ ਸ਼ਬਦ ਸਿੱਟ-ਡਾਊਨ ਤੇ ਪੈੱਨ-ਡਾਊਨ ਨਾਲੋਂ ਵੀ ਵੱਖਰੀ ਤਰ੍ਹਾਂ ਦਾ ਸੀ। ਇਹਦਾ ਮਤਲਬ ਇਹ ਨਹੀਂ ਸੀ ਕਿ ਘਰ ਦਾ ਤਾਲਾ ਹੇਠਾਂ ਰੱਖ ਦਿਓ। ਸਗੋਂ ਭਾਵ ਸੀ ਕਿ ਆਪਣੇ ਘਰ ਵਿੱਚ ਹੀ ਰਹੋ। ਹੁਣ ਪਿਛਲੇ ਇੱਕ ਵਰ੍ਹੇ ਤੋਂ ਲੌਕ-ਡਾਊਨ ਜਿਹੀ ਸਥਿਤੀ ਵਿੱਚ ਹਾਂ। ਇਹ ਲੌਕ-ਡਾਊਨ ਕਦੇ-ਕਦੇ ਖ਼ਤਮ ਹੋ ਜਾਂਦਾ ਹੈ। ਪਰ ਇਹ ਸ਼ਬਦ ਹੁਣ ਸਰਕਾਰ ਦੇ ਕੋਲ ਹੈ। ਉਹ ਕਦੇ ਵੀ ਲੌਕ-ਡਾਊਨ ਲਾ ਸਕਦੀ ਹੈ।

ਯਾਨੀ ਮੈਂ ਜਿਵੇਂ-ਜਿਵੇਂ ਆਪਣੇ ਜੀਵਨ ਦੇ ਪੜਾਅ ਤੈਅ ਕੀਤੇ- ਬਚਪਨ, ਜਵਾਨੀ ਤੇ ਫਿਰ ਬਜ਼ੁਰਗੀ; ਤਿਵੇਂ-ਤਿਵੇਂ ਨਵੇਂ ਰੂਪ ਵਿੱਚ ‘ਡਾਊਨ’ ਨੂੰ ਵੇਖਿਆ। ਅੱਜ ਦਾ ਬੱਚਾ ਬਚਪਨ ਵਿੱਚ ਹੀ ਲੌਕ-ਡਾਊਨ ਵੇਖ ਰਿਹਾ ਹੈ। ਉਹਨੂੰ ਸਿਟ-ਡਾਊਨ ਤੇ ਪੈੱਨ- ਡਾਊਨ ਦਾ ਪਤਾ ਹੀ ਨਹੀਂ ਲੱਗਿਆ। ਹੋ ਸਕਦਾ ਹੈ ਕਿ ਅੱਜ ਦਾ ਬੱਚਾ ਪਿੱਛੇ ਤੋਂ ਅੱਗੇ ਵੱਲ ਜਾਵੇ, ਯਾਨੀ ਪਹਿਲਾਂ ਲੌਕ-ਡਾਊਨ, ਫਿਰ ਪੈੱਨ-ਡਾਊਨ ਤੇ ਸਭ ਤੋਂ ਅੰਤ ਵਿੱਚ ਸਿੱਟ-ਡਾਊਨ। ਪੈੱਨ- ਡਾਊਨ ਉਨ੍ਹਾਂ ਦੀ ਜ਼ਿੰਦਗੀ ਵਿੱਚ ਆਵੇ ਜਾਂ ਨਾ, ਸਿੱਟ-ਡਾਊਨ ਜ਼ਰੂਰ ਆਵੇਗਾ। ਜਦੋਂ ਬੁਢਾਪੇ ਵਿੱਚ ਇੱਕ ਕਦਮ ਵੀ ਨਹੀਂ ਤੁਰਿਆ ਜਾਣਾ, ਤਾਂ ਆਪੇ ਹੀ ਸਿਟ-ਡਾਊਨ ਹੋ ਜਾਵੇਗਾ। ਬਕੌਲ ਬਾਬਾ ਫ਼ਰੀਦ ਜੀ:

ਫਰੀਦਾ ਇਨੀ ਨਿਕੀ ਜੰਘੀਐ ਥਲ ਡੂੰਗਰ ਭਵਿਓਮ॥
ਅਜੁ ਫਰੀਦੈ ਕੂਜਡ਼ਾ ਸੈ ਕੋਹਾਂ ਥੀਓਮਿ॥

ਪ੍ਰੋ. ਨਵ ਸੰਗੀਤ ਸਿੰਘ
ਪੋਸਟਗ੍ਰੈਜੂਏਟ ਪੰਜਾਬੀ ਵਿਭਾਗ
ਅਕਾਲ ਯੂਨੀਵਰਸਿਟੀ
ਤਲਵੰਡੀ ਸਾਬੋ (ਬਠਿੰਡਾ)
94176 92015

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: