ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਸ੍ਰੀ ਦਰਬਾਰ ਸਾਹਿਬ ਦੀ ਅਜ਼ਮਤ ਲਈ ਲੜੇ ਗਏ ਅਸਾਵੀਂ ਜੰਗ ਦਾ ਲਾਸਾਨੀ ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ ਜੀ ਨਿਹੰਗ ਮੁਖੀ ਦਮਦਮੀ ਟਕਸਾਲ (ਸ਼ਹੀਦੀ ਦਿਹਾੜਾ 19 ਮੱਘਰ ਭਾਵ 4 ਦਸੰਬਰ ‘ਤੇ ਵਿਸ਼ੇਸ਼)

ਸ੍ਰੀ ਦਰਬਾਰ ਸਾਹਿਬ ਦੀ ਅਜ਼ਮਤ ਲਈ ਲੜੇ ਗਏ ਅਸਾਵੀਂ ਜੰਗ ਦਾ ਲਾਸਾਨੀ ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ ਜੀ ਨਿਹੰਗ ਮੁਖੀ ਦਮਦਮੀ ਟਕਸਾਲ (ਸ਼ਹੀਦੀ ਦਿਹਾੜਾ 19 ਮੱਘਰ ਭਾਵ 4 ਦਸੰਬਰ ‘ਤੇ ਵਿਸ਼ੇਸ਼)

ਅਹਿਮਦ ਸ਼ਾਹ ਦੁਰਾਨੀ (ਅਬਦਾਲੀ) 18 ਹਜਾਰ ਅਫਗਾਨੀ ਫ਼ੌਜ ਨਾਲ ਹਿੰਦੁਸਤਾਨ ਉੱਤੇ ਸੱਤਵੇਂ ਹਮਲੇ ਲਈ ਦਸੰਬਰ 1764 ਦੌਰਾਨ ਈਮਾਨਾਬਾਦ ਪਹੁੰਚਿਆ ਤਾਂ ਉਸ ਨੇ ਕਲਾਤ ਦੇ ਹਾਕਮ ਮੀਰ ਨਸੀਰ ਖਾਨ ਨੂੰ ਜਿਹਾਦ ਦੇ ਨਾਮ ‘ਤੇ ਆਪਣੇ ਨਾਲ ਰਲਾ ਲਿਆ, ਜਿਸ ਕੋਲ 12 ਹਜਾਰ ਦੀ ਫ਼ੌਜ ਸੀ। ਉਸ ਵਕਤ ਕਿਸੇ ਇਕ ਇਲਾਕੇ ਦਾ ਕਾਜੀ ਨਿਯੁਕਤ ਕਰਨ ਦੀ ਸ਼ਰਤ ਨਾਲ ਜੰਗ ਦਾ ਪੂਰਾ ਹਾਲ ਲਿਖਦਿਆਂ ਨਸੀਰ ਖਾਨ ਦੀ ਖ਼ਿਦਮਤ ਵਿਚ ਪੇਸ਼ ਕਰਨ ਦੇ ਦਾਅਵੇ ਨਾਲ ਉਨ੍ਹਾਂ ਨਾਲ ਪੰਜਾਬ ਆਉਣ ਵਾਲੇ ਬਲੋਚੀ ਇਤਿਹਾਸਕਾਰ ਕਾਜੀ ਨੂਰ ਮੁਹੰਮਦ ਉਸ ਵਕਤ ਸੱਚਖੰਡ ਸ੍ਰੀ ਦਰਬਾਰ ਸਾਹਿਬ ਉੱਤੇ ਕੀਤੇ ਗਏ ਹਮਲੇ ਬਾਰੇ ਅਖੀਂ ਡਿੱਠਾ ਹਾਲ ਆਪਣੀ ਫ਼ਾਰਸੀ ਕਾਵਿ ‘ਜੰਗਨਾਮਾ’ ਵਿਚ ਲਿਖਦਾ ਹੈ ਕਿ, ”ਜਦ ਬਾਦਸ਼ਾਹ ਅਤੇ ਸ਼ਾਹੀ ਲਸ਼ਕਰ ਚੱਕ( ਅੰਮ੍ਰਿਤਸਰ) ਪੁੱਜਾ ਤਾਂ ਕੋਈ ਕਾਫ਼ਰ ( ਸਿੱਖ) ਉੱਥੇ ਨਜ਼ਰ ਨਾ ਆਇਆ, ਪਰ ਕੁੱਝ ਥੋੜ੍ਹੇ ਜਿਹੇ ਬੰਦੇ ਗੜ੍ਹੀ ( ਬੁੰਗੇ) ਵਿਚ ਟਿਕੇ ਹੋਏ ਸਨ ਕਿ ਆਪਣਾ ਖੂਨ ਡੋਲ੍ਹ ਕੇ ਆਪਣੇ ਗੁਰੂ ਤੋਂ ਕੁਰਬਾਨ ਹੋ ਸਕਣ। ਜਦ ਉਨ੍ਹਾਂ ਨੇ ਬਾਦਸ਼ਾਹ ਅਤੇ ਇਸਲਾਮੀ ਲਸ਼ਕਰ ਨੂੰ ਆਉਂਦਿਆਂ ਦੇਖਿਆ ਤਾਂ ਉਹ ਸਾਰੇ ਬੁੰਗੇ ਵਿਚੋਂ ਨਿਕਲ ਕੇ ਜਲਾਲ ਵਿਚ ਆਉਂਦਿਆਂ ਵੈਰੀ ਨਾਲ ਗੁੱਥਮ ਗੁੱਥਾ ਹੋ ਗਏ। ਉਹ ਸਾਰੇ ਗਿਣਤੀ ਵਿਚ ਤੀਹ ਸਨ। ਉਹ ਜਰਾ ਭਰ ਵੀ ਨਹੀਂ ਡਰੇ, ਘਬਰਾਏ ਨਹੀਂ। ਉਨ੍ਹਾਂ ਨੂੰ ਨਾ ਕਤਲ ਹੋਣ ਦਾ ਡਰ ਸੀ, ਨਾ ਮੌਤ ਦਾ ਭੈਅ। ਉਹ ਗਾਜੀਆਂ ਨਾਲ ਜੁੱਟ ਪਏ ਅਤੇ ਉਲਝਣ ਵਿਚ ਆਪਣਾ ਖੂਨ ਡੋਲ੍ਹ ਗਏ। ਮੈਦਾਨ ਛੱਡ ਕੇ ਨਹੀਂ ਨੱਸੇ, ਇਸ ਤਰਾਂ ਸਾਰੇ ਸਿੰਘ ਕਤਲ ਹੋਏ।”

ਆਪਣਿਆਂ ਦੀ ਉਸਤਤ ਲਈ ਆਏ ਕਾਜੀ ਨੂਰ ਮੁਹੰਮਦ ਵੱਲੋਂ ਬਿਆਨ ਕੀਤੇ ਗਏ ਉਕਤ ਵਰਤਾਰੇ ‘ਚ ਸਿੱਖਾਂ ਦੀ ਸੂਰਮਤਾਈ ਦਾ ਨਾਲ ਨਾਲ ਉਨ੍ਹਾਂ ਦੀ ਸ੍ਰੀ ਦਰਬਾਰ ਸਾਹਿਬ ਪ੍ਰਤੀ ਅਥਾਹ ਸ਼ਰਧਾ ਤੇ ਸਤਿਕਾਰ ਦੀ ਝਲਕ ਸਾਫ ਨਜ਼ਰ ਆਉਂਦੀ ਹੈ। ਅਬਦਾਲੀ ਦੇ 30 ਹਜਾਰ ਅਫਗਾਨੀ ਅਤੇ ਬਲੋਚੀ ਫ਼ੌਜ ਨਾਲ ਨਿਡਰਤਾ ਅਤੇ ਬਹਾਦਰੀ ਨਾਲ ਭਿੜਦਿਆਂ ਸ੍ਰੀ ਦਰਬਾਰ ਸਾਹਿਬ ਦੀ ਅਜ਼ਮਤ ਲਈ ਜਿਨ੍ਹਾਂ 30 ਸਿੰਘਾਂ ਦੇ ਸ਼ਹਾਦਤਾਂ ਪਾ ਜਾਣ ਦੇ ਸੋਹਲੇ ਗਾਉਣ ਲਈ ਨੂਰ ਮੁਹੰਮਦ ਮਜਬੂਰ ਹੋਇਆ ਉਨ੍ਹਾਂ ਮਰਜੀਵੜੇ ਸਿੰਘਾਂ ਦੀ ਅਗਵਾਈ ਦਮਦਮੀ ਟਕਸਾਲ ਦੇ ਦੂਸਰੇ ਮੁਖੀ ਅਮਰ ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ ਜੀ ਨੇ ਹੀ ਕੀਤੀ ਸੀ।
ਬਾਬਾ ਗੁਰਬਖ਼ਸ਼ ਸਿੰਘ ਜੀ ਦਾ ਜਨਮ, ਪਿਤਾ ਭਾਈ ਦਸੌਦਾ ਸਿੰਘ ਅਤੇ ਮਾਤਾ ਲਛਮੀ ਜੀ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਨਿਸ਼ਕਾਮ ਅਤੇ ਸ਼ਰਧਾ ਭਾਵਨਾ ਨਾਲ ਕੀਤੀ ਗਈ ਸੇਵਾ ਤੋਂ ਖ਼ੁਸ਼ ਹੋਕੇ ਗੁਰੂ ਦਸਮੇਸ਼ ਪਿਤਾ ਵੱਲੋਂ ਉਨ੍ਹਾਂ ਦੀ ਮਨ ਇਛਤ ‘ਸੂਰਬੀਰ ਸੰਤ ਸਿਪਾਹੀ ਪੁੱਤਰ’ ਦੇ ਵਰਦਾਨ ਸਦਕਾ, ਉਨ੍ਹਾਂ ਦੇ ਗ੍ਰਹਿ ਪਿੰਡ ਲੀਲ੍ਹ ਨੇੜੇ ਖੇਮਕਰਨ (ਤਰਨ ਤਾਰਨ) ਵਿਖੇ ਬਿਕਰਮੀ 1745 ਵਿਸਾਖ ਵਦੀ 5 ਨੂੰ ਹੋਇਆ। 11 ਸਾਲ ਦੀ ਉਮਰੇ ਆਪ ਜੀ ਨੂੰ ਅੰਮ੍ਰਿਤਪਾਨ ਕਰਾਇਆ ਗਿਆ। 15 ਬਰਸ ਦੀ ਉਮਰੇ ਆਪ ਜੀ ਦੇ ਮਾਤਾ ਪਿਤਾ ਜੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਅਕਾਲ ਚਲਾਣਾ ਕਰ ਜਾਣ ਨਾਲ ਉਨ੍ਹਾਂ ਨਾਲ ਸਦੀਵੀ ਵਿਛੋੜਾ ਪੈ ਗਿਆ। ਬਾਬਾ ਗੁਰਬਖ਼ਸ਼ ਸਿੰਘ ਜੀ ਨੇ ਅਮਰ ਸ਼ਹੀਦ ਭਾਈ ਮਨੀ ਸਿੰਘ ਜੀ ਅਤੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤੋਂ ਗੁਰਬਾਣੀ ਅਤੇ ਗੁਰਮਤਿ ਵਿਦਿਆ ਹਾਸਲ ਕੀਤੀ। ਜੱਦੋ ਦਸਮ ਪਿਤਾ ਜੀ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਬੋਧ ਕਰਾਉਂਦੇ ਰਹੇ ਤਾਂ ਆਪ ਜੀ ਉਨ੍ਹਾਂ 48 ਸਿੰਘਾਂ ‘ਚ ਸ਼ਾਮਿਲ ਸਨ ਜਿਨ੍ਹਾਂ ਨੂੰ ਉਕਤ ਰੂਹਾਨੀ ਅਵਸਰ ਪ੍ਰਾਪਤ ਹੋਇਆ।
ਆਪ ਜੀ ਸ਼ਸਤਰ ਵਿਦਿਆ ਦੇ ਵੀ ਧਨੀ ਸਨ ਅਤੇ ਬਾਬਾ ਦੀਪ ਸਿੰਘ ਜੀ ਦੇ ਜਥੇ ਨਾਲ ਸੰਬੰਧਿਤ ਸਨ। ਪੱਕੇ ਨਿੱਤਨੇਮੀ, ਰਹਿਤ ‘ਚ ਪਰਪੱਕ ਅਤੇ ਜਿੱਧਰ ਵੀ ਜੰਗ ਯੁੱਧ ਹੁੰਦਾ ਆਪ ਜੀ ਹਮੇਸ਼ਾਂ ਮੂਹਰੇ ਹੋ ਡਟਦੇ ਰਹੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸ੍ਰੀ ਅਨੰਦਪੁਰ ਸਾਹਿਬ ਨੂੰ ਛੱਡਣ ਸਮੇਂ ਬਾਬਾ ਗੁਰਬਖ਼ਸ਼ ਸਿੰਘ ਜੀ ਨੂੰ ਸ੍ਰੀ ਅਨੰਦਪੁਰ ਸਾਹਿਬ ਰਹਿਣ ਦਾ ਹੁਕਮ ਕੀਤਾ ਸੀ। ਆਪ ਜੀ ਇੱਥੇ ਰਹਿ ਕੇ ਗੁਰਮਤਿ ਪ੍ਰਚਾਰ ਪ੍ਰਸਾਰ ਅਤੇ ਗੁਰਧਾਮ ਦੀ ਸੇਵਾ ਸੰਭਾਲ ਕਰਦੇ ਰਹੇ।
ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਪਿੱਛੋਂ ਬਾਬਾ ਗੁਰਬਖ਼ਸ਼ ਸਿੰਘ ਜੀ ਦਮਦਮੀ ਟਕਸਾਲ ਦੇ ਮੁਖੀ ਬਣੇ ਅਤੇ ਹੈੱਡ ਕੁਆਟਰ ਸ੍ਰੀ ਅਨੰਦਪੁਰ ਸਾਹਿਬ ਨੂੰ ਹੀ ਬਣਾਈ ਰਖਿਆ। ਆਪ ਜੀ ਬਾਬਾ ਦੀਪ ਸਿੰਘ ਸ਼ਹੀਦ ਜੀ ਵਾਂਗ ਗੁਰਬਾਣੀ ਦੇ ਚੰਗੇ ਅਰਥ ਬੋਧ ਗਿਆਤਾ ਅਤੇ ਕਥਾਕਾਰ ਸਨ। ਸਿੰਘਾਂ ਨੂੰ ਗੁਰਬਾਣੀ ਅਰਥ ਪੜਾਉਣ, ਸੰਥਿਆ ਦੇਣ ਤੋਂ ਇਲਾਵਾ ਆਪਣੇ ਹੱਥੀਂ ਗੁਰਬਾਣੀ ਪੋਥੀਆਂ ਅਤੇ ਗੁਟਕੇ ਲਿਖ ਕੇ ਯੋਗ ਸਥਾਨਾਂ ‘ਤੇ ਭੇਜਦੇ ਰਹੇ। ਆਪ ਜੀ ਵੱਲੋਂ ਸਰਬ ਲੋਹ ਗ੍ਰੰਥ ਦੇ ਉਤਾਰੇ ਦਾ ਜ਼ਿਕਰ ਵੀ ਮਿਲਦਾ ਹੈ। ਦਮਦਮੀ ਟਕਸਾਲ ਦੇ ਤੀਸਰੇ ਮੁਖੀ ਭਾਈ ਸੂਰਤ ਸਿੰਘ ਜੀ ਨੇ ਆਪ ਜੀ ਪਾਸੋਂ ਗੁਰਮਤਿ ਵਿਦਿਆ ਹਾਸਲ ਕੀਤੀ ਸੀ।
ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਉਪਰੰਤ ਸੱਚ ਖੰਡ ਸ੍ਰੀ ਦਰਬਾਰ ਸਾਹਿਬ ਅਤੇ ਮੰਜੀ ਸਾਹਿਬ ਵਿਖੇ ਕਾਫ਼ੀ ਸਮਾਂ ਗੁਰਬਾਣੀ ਅਤੇ ਮੁਖ ਵਾਕ ਦੀ ਕਥਾ ਬੰਦ ਰਹੀ, ਇਸ ਪਰੰਪਰਾ ਨੂੰ ਬਾਬਾ ਗੁਰਬਖ਼ਸ਼ ਸਿੰਘ ਜੀ ਵੱਲੋਂ ਮੁੜ ਸ਼ੁਰੂ ਕਰਦਿਆਂ ਕਿਸੇ ਨਾ ਕਿਸੇ ਤਰਾਂ ਜਾਰੀ ਰਖਿਆ ਗਿਆ।

ਅਬਦਾਲੀ ਅਤੇ ਸਿੱਖ : ਤਾਕਤ ਦਾ ਨਸ਼ਾ ਮਨੁਖ ਨੂੰ ਕਈ ਵਾਰ ਵਹਿਸ਼ੀ ਬਣਾ ਦਿੰਦਾ ਹੈ। ਸੋਨੇ ਦੀ ਚਿੜੀ ਹਿੰਦੁਸਤਾਨ ਨੂੰ ਹੜੱਪਣ ਲਈ ਵਿਦੇਸ਼ੀਆਂ ਦੀਆਂ ਹਮੇਸ਼ਾਂ ਨਜ਼ਰਾਂ ਰਹੀਆਂ। ਪਰ ਹਿੰਦ ਤਕ ਪਹੁੰਚਣ ਲਈ ਉਨ੍ਹਾਂ ਨੂੰ ਪੰਜਾਬ ਵਿਚੋਂ ਤਾਂ ਗੁਜਰਣਾ ਹੀ ਪੈਣਾ ਸੀ , ਜਿੱਥੇ ਕਿ ‘ਸਵਾ ਲਾਖ ਸੇ ਏਕ ਲੜਾਓਂ’ ਦੀ ਗੁੜ੍ਹਤੀ ਵਾਲਿਆਂ ਨਾਲ ਉਨ੍ਹਾਂ ਨੂੰ ਦੋ ਚਾਰ ਹੋਣਾ ਪੈਦਾ। ਸਿੰਘਾਂ ਵੱਲੋਂ ਬੇਖ਼ੌਫ ਹੋਕੇ ਰਸਤਾ ਰੋਕਣ ਤੋਂ ਅਬਦਾਲੀ ਕਾਫੀ ਦੁਖੀ ਸੀ। ਜਿਸ ਲਈ ਉਸ ਨੇ ਫ਼ੈਸਲਾ ਕੀਤਾ ਕਿ ਉਹ ਸਿੰਘਾਂ ਦਾ ਸਫ਼ਾਇਆ ਕਰ ਕੇ ਹੀ ਰਹੇਗਾ। ਅਬਦਾਲੀ ਨੂੰ ਦਸਿਆ ਗਿਆ ਕਿ ਸਿੰਘਾਂ ਨੂੰ ਅਗੰਮੀ ਸ਼ਕਤੀ ਅਤੇ ਹੌਸਲਾ ਸ੍ਰੀ ਹਰਮਿੰਦਰ ਸਾਹਿਬ ਦੇ ਅੰਮ੍ਰਿਤ ਸਰੋਵਰ ਵਿਚ ਇਸ਼ਨਾਨ ਨਾਲ ਮਿਲਦਾ ਹੈ। ਇਸ ਲਈ ਉਹ ਇਹ ਸਮਝ ਦਾ ਸੀ ਸਿੰਘਾਂ ਦੀ ਹਸਤੀ ਨੂੰ ਖ਼ਤਮ ਕਰਨ, ਜੰਗ ‘ਚ ਜੂਝਣ ਅਤੇ ਤਿਆਰ ਭਰ ਤਿਆਰ ਹੋਣ ਤੋਂ ਰੋਕਣ ਲਈ ਉਨ੍ਹਾਂ ਦੇ ਧਾਰਮਿਕ ਕੇਂਦਰ ਅਤੇ ਅੰਮ੍ਰਿਤ ਸਰੋਵਰ ਦਾ ਖ਼ਾਤਮਾ ਕਰਨਾ ਜ਼ਰੂਰੀ ਹੋਵੇਗਾ।

ਸ਼ਹੀਦੀ ਵਰਤਾਰਾ : ਅਹਿਮਦ ਸ਼ਾਹ ਅਬਦਾਲੀ ਵੱਲੋਂ ਬਿਕਰਮੀ 1722 ਨੂੰ ਜਦ ਹਿੰਦੁਸਤਾਨ ‘ਤੇ ਹਮਲਾ ਕੀਤਾ ਗਿਆ, ਉਸ ਵਕਤ ਬਾਬਾ ਗੁਰਬਖ਼ਸ਼ ਸਿੰਘ ਜੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਜਥੇਦਾਰੀ ਦੇ ਨਾਲ ਨਾਲ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਵੀ ਨਿਭਾ ਰਹੇ ਸਨ। ਉਸ ਵਕਤ ਸਿਖ ਸਰਦਾਰ ਵੱਖੋ ਵੱਖ ਮੁਹਿੰਮਾਂ ‘ਤੇ ਚੜੇ ਹੋਣ ਕਾਰਨ ਅੰਮ੍ਰਿਤਸਰ ਤੋਂ ਦੂਰ ਦੁਰਾਡੇ ਸਨ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਅਤੇ ਜਵਾਹਰ ਸਿੰਘ ਭਰਤਪੁਰੀਆ ਦਿਲੀ ਦੀ ਚੜਾਈ ‘ਤੇ ਸੀ ਤਾਂ ਭੰਗੀ ਸਰਦਾਰ ਸਾਂਦਲ ਬਾਰ ‘ਚ। ਅਜਿਹੀ ਸਥਿਤੀ ‘ਚ ਸਰਦਾਰ ਚੜ੍ਹਤ ਸਿੰਘ ਹੀ ਸਿਆਲਕੋਟ ਵਿਚ ਸੀ ਜਿਸ ਨੇ ਅਚਾਨਕ ਅਬਦਾਲੀ ਦੀ ਕੈਪ ‘ਤੇ ਹਮਲਾ ਕਰਦਿਆਂ ਮੌਕੇ ਦੀ ਤਾੜ ਲਈ ਇਕ ਪਾਸੇ ਨਿਕਲ ਗਏ। ਇਸੇ ਦੌਰਾਨ ਅਬਦਾਲੀ ਨੂੰ ਖ਼ਬਰ ਮਿਲੀ ਕਿ ਸਿੰਘ ਅੰਮ੍ਰਿਤਸਰ ਵਲ ਗਏ ਹਨ। ਸਿੰਘਾਂ ਦਾ ਪਿਛਾ ਕਰਨ ਲਈ ਉਸ ਨੇ ਅੰਮ੍ਰਿਤਸਰ ਵਲ ਚੜਾਈ ਕੀਤੀ। ਉਸ ਵਕਤ ਸ੍ਰੀ ਦਰਬਾਰ ਸਾਹਿਬ ‘ਚ ਸਿਰਫ਼ 30 ਸਿੰਘ ਹੀ ਸਨ, ਜਿਨ੍ਹਾਂ ਦੀ ਅਗਵਾਈ ਬਾਬਾ ਗੁਰਬਖ਼ਸ਼ ਸਿੰਘ ਜਿਨ੍ਹਾਂ ਨੂੰ ਨਿਹੰਗ ਵੀ ਕਿਹਾ ਕਰਦੇ ਸਨ, ਕਰ ਰਹੇ ਸਨ।
ਅਬਦਾਲੀ ਦੇ ਹਮਲੇ ਦੀ ਖ਼ਬਰ ਮਿਲਦਿਆਂ ਹੀ ਇਨ੍ਹਾਂ ਸਿੰਘਾਂ ਨੇ ਅਸਾਵੀਂ ਜੰਗ ਦੇ ਬਾਵਜੂਦ ਸ੍ਰੀ ਦਰਬਾਰ ਸਾਹਿਬ ਦੀ ਰਖਵਾਲੀ ਲਈ ਤਿਆਰੀਆਂ ਸ਼ੁਰੂ ਕਰ ਦਿੱਤਿਆਂ। ਸਾਰੇ ਹੀ ਸਨਮੁਖ ਸ਼ਹੀਦੀਆਂ ਪਾਣ ਦੇ ਚਾਹਵਾਨ ਸਨ ਅਤੇ ਅਰਜੋਈਆਂ ਕਰ ਰਹੇ ਸਨ। ਕਿਸੇ ਨੇ ਨੀਲਾ ਬਾਣਾ ਸਜਾਇਆ ਕਿਸੇ ਨੇ ਸਫ਼ੈਦ ਤਾਂ ਕੋਈ ਕੇਸਰੀ ਰੰਗਾਈ ਬੈਠਾ ਸੀ। ਸ: ਰਤਨ ਸਿੰਘ ਭੰਗੂ ਲਿਖਦਾ ਹੈ ਕਿ,

ਕਿਸੈ ਪੁਸ਼ਾਕ ਥੀ ਨੀਲੀ ਸਜਾਈ।
ਕਿਸੈ ਸੇਤ ਕਿਸੈ ਕੇਸਰੀ ਰੰਗਵਾਈ।।

ਸਭ ਨੇ ਸ਼ਸਤਰ ਤੇ ਬਸਤਰ ਸਜਾ ਲਏ। ਮਾਨੋ ਇਹ ਤਿਆਰੀਆਂ ਇਕ ਵਿਆਹ ਦੀ ਤਰਾਂ ਸਨ। ਪੂਰੀ ਤਿਆਰੀ ਕਰਦਿਆਂ ਸਭ ਨੇ ਅਨੰਦ ਸਾਹਿਬ ਦੀਆਂ ਪੰਜ ਪਉੜੀਆਂ ਦਾ ਪਾਠ ਕੀਤਾ। ਫਿਰ ਅਕਾਲ ਬੁੰਗੇ ਤੋਂ ਉਤਰ ਕੇ ਸ੍ਰੀ ਦਰਬਾਰ ਸਾਹਿਬ ਜਾ ਮਥਾ ਟੇਕਿਆ, ਚਾਰ ਪ੍ਰਕਰਮਾਂ ਕੀਤੀਆਂ ਅਤੇ ਇਹ ਅਰਦਾਸ ਕੀਤੀ ਕਿ,

”ਸਤਿਗੁਰ ਸਿੱਖੀ ਸੰਗ ਨਿਭੈ ਸੀਸ ਕੇਸਨ ਕੇ ਸਾਸ।।”

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵਾਕ ਲਿਆ। ਘੋੜੀਆਂ ਦੇ ਸ਼ਬਦ ਸੁਣੇ। ਸਿੰਘਾਂ ਕਿਹਾ ਅਜ ਲਾੜੀ ਮੌਤ ਵਿਆਹੁਣ ਜਾ ਰਹੇ ਹਾਂ। ਕੜਾਹ ਪ੍ਰਸ਼ਾਦ ਵਰਤਾਇਆ ਗਿਆ ਅਤੇ ਸਿੰਘ ਬਾਹਰ ਆਏ ਤਾਂ ਇੰਨੇ ਨੂੰ ਅਬਦਾਲੀ ਦੀਆਂ 30 ਹਜਾਰ ਫ਼ੌਜਾਂ ਪ੍ਰਕਰਮਾਂ ‘ਚ ਆਣ ਪੁੱਜ ਗਈਆਂ ਇਹ ਦੇਖ ਸਿੰਘ ਵੀ ਤਲਵਾਰਾਂ ਧੂਹ ਕੇ ਵੈਰੀ ‘ਤੇ ਟੁੱਟ ਪਏ। ਇਕ ਦੂਜੇ ਤੋਂ ਅਗੇ ਹੋ ਹੋ ਦੁਸ਼ਮਣ ਦੀਆਂ ਸਫ਼ਾਂ ਵਿਛਾਈ ਜਾਂਦਿਆਂ ਦੀ ਅਵਾਈ ਕਰਦਿਆਂ ਬਾਬਾ ਗੁਰਬਖ਼ਸ਼ ਸਿੰਘ ਸਭ ਨੂੰ ਹੌਸਲਾ ਅਤੇ ਪ੍ਰੇਰਨਾ ਦੇ ਰਹੇ ਸਨ । ਉਨ੍ਹਾਂ ਲਲਕਾਰਦਿਆਂ ਕਿਹਾ ਕਿ,

ਪਗ ਆਗੈ ਸਿਰ ਉਭਰੈ ਪਗ ਪਾਛੈ ਪਤਿ ਜਾਇ।
ਬੈਰੀ ਖੰਡੈ ਸਿਰ ਧਰੈ ਫਿਰ ਕਥਾ ਤਕਨ ਸਹਾਇ।।
ਸਿੰਘ ਲੜਦੇ ਲੜਦੇ ਅਗੇ ਹੀ ਵੱਧਦੇ ਗਏ।
ਮਤ ਕੋਈ ਆਖੈ ਜਗਤ ਕੋ ਸਿਖ ਮੁਯੋ ਮੁਖ ਫੇਰ ਪਛਾਹਿ।।

ਸੋ ਦੁਰਾਨੀਆਂ ਪਾਸ ਭਾਵੇਂ ਸੰਜੋਅ ਸਨ ਅਤੇ ਲੰਮੀ ਮਾਰ ਵਾਲੇ ਹਥਿਆਰ ਤੀਰ, ਬੰਦੂਕਾਂ ਆਦਿ, ਪਰ ਦੂਜੇ ਪਾਸੇ ਸਿੰਘਾਂ ਕੋਲ ਤਲਵਾਰਾਂ ਅਤੇ ਬਰਛੇ ਤੋਂ ਇਲਾਵਾ ਆਪਣੇ ਪਵਿੱਤਰ ਅਸਥਾਨ ਦੀ ਰਾਖੀ ਲਈ ਦੂਜੇ ਤੋਂ ਪਹਿਲਾਂ ਜੂਝਦਿਆਂ ਸ਼ਹੀਦ ਹੋਣ ਦਾ ਪ੍ਰਬਲ ਜਜ਼ਬਾ ਸੀ।

ਆਪ ਬਿਚ ਤੇ ਕਰੇ ਕਰਾਰ।
ਤੁਹਿ ਆਗੈ ਮੈਂ ਹੋਗੁ ਸਿਧਾਰ।।

ਸਿੰਘਾਂ ਦੇ ਇਸ ਜੋਸ਼ ਨੇ ਦੁਸ਼ਮਣਾਂ ਦੇ ਕੰਨਾ ਨੂੰ ਹੱਥ ਲਵਾ ਦਿਤੇ। ਜਦ ਕਾਫੀ ਸਿੰਘ ਸ਼ਹੀਦ ਹੋ ਚੁਕੇ ਤਾਂ ਬਾਬਾ ਗੁਰਬਖ਼ਸ਼ ਸਿੰਘ ਜੀ ਆਪ ਤੇਗ਼ਾ ਲੈ ਕੇ ਵੈਰੀ ਦੇ ਸਿਰ ਜਾ ਖਲੋਤੇ ਅਤੇ ਉਨ੍ਹਾਂ ਦੇ ਆਹੂ ਲਾਉਣੇ ਸ਼ੁਰੂ ਕਰ ਦਿਤੇ। ਵੈਰੀ ਢਾਲ ਦਾ ਸਹਾਰਾ ਲੈਦੇ ਸਨ ਪਰ ਬਾਬਾ ਜੀ ਨੇ ਢਾਲ ਵੀ ਛੱਡ ਦਿਤੀ ਸੀ। ਫਿਰ ਕੀ ਨੇੜੇ ਆਉਣ ਦੀ ਥਾਂ ਵੈਰੀ ਦੂਰੋਂ ਹੀ ਤੀਰਾਂ ਤੇ ਗੋਲੀਆਂ ਨਾਲ ਹਮਲਾਵਰ ਹੋਏ। ਅਣਗਿਣਤ ਤੀਰਾਂ ਗੋਲੀਆਂ ਨਾਲ ਬਾਬਾ ਜੀ ਦਾ ਸਰੀਰ ਵਿੰਨ੍ਹਿਆ ਪਿਆ ਸੀ। ਖੂਨ ਨਾਲ ਲੱਥਪੱਥ ਸੀ। ਸਰੀਰ ਭਾਵੇ ਰਤ ਹੀਣ ਹੋ ਰਿਹਾ ਸੀ, ਪਰ ਪੈਰ ਨਹੀਂ ਰੁਕ ਰਿਹਾ ਸੀ। ਖੂਨ ਡੋਲਵੀਂ ਲੜਾਈ ਵਿਚ ਇਕ ਵਕਤ ਅਜਿਹਾ ਆਇਆ ਕਿ ਦਸ ਹਜ਼ਾਰੀ ਖਾਨ ਅਤੇ ਬਾਬਾ ਜੀ ਦਾ ਸਾਂਝਾ ਵਾਰ ਚਲਿਆ ਜਿਸ ਨਾਲ ਦੋਹਾਂ ਦੇ ਸਿਰ ਲੱਥ ਗਏ। ਫਿਰ ਕੀ, ਬਾਬਾ ਜੀ ਧੜ ‘ਤੇ ਸਿਰ ਬਿਨਾ ਹੀ ਲੜਨ ਲਗੇ, ਜਿਸ ਤੋਂ ਭੈਅ ਭੀਤ ਹੋ ਕੇ ਵੈਰੀ ਫ਼ੌਜ ਨੱਸਣ ਲਗੀ। ਬਾਬਾ ਜੀ ਨੇ ਬਹੁਤ ਸਾਰੇ ਜ਼ਾਲਮਾਂ ਨੂੰ ਮੌਤ ਦੇ ਘਾਟ ਉਤਾਰਿਆ। ਕਿਹਾ ਜਾਂਦਾ ਹੈ ਕਿ ਉਸ ਵਕਤ ਇਕ ਮੁਸਲਮਾਨ ਪੀਰ ਦੀ ਸਲਾਹ ‘ਤੇ ਸੂਬਾ ਭੇਟਾ ਲੈ ਕੇ ਚਰਨੀਂ ਪਿਆ। ਕਿ ਅਗੇ ਤੋਂ ਤੁਰਕ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਨਹੀਂ ਕਰਨਗੇ। ਬਖ਼ਸ਼ਣਾ ਕਰੇ। ਤਾਂ ਜਾ ਕੇ ਬਾਬਾ ਜੀ ਦਾ ਸਰੀਰ ਸ਼ਾਂਤ ਹੋਇਆ। ਬਾਬਾ ਜੀ ਦਾ ਸਸਕਾਰ ਸਤਿਕਾਰ ਅਤੇ ਮਰਿਆਦਾ ਸਹਿਤ ਸ੍ਰੀ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਕੀਤਾ ਗਿਆ ਜਿੱਥੇ ਬਾਬਾ ਜੀ ਦੀ ਯਾਦ ‘ਚ ਅਜ ਗੁਰਦੁਆਰਾ ਸ਼ਹੀਦ ਗੰਜ ਸੁਸ਼ੋਭਿਤ ਹੈ।
ਆਪ ਜੀ ਨੇ ਜਿਸ ਸੂਰਬੀਰਤਾ ਨਾਲ ਵੈਰੀਆਂ ਦਾ ਟਾਕਰਾ ਕੀਤਾ ਉਸ ਨੇ ਦਸ ਦਿਤਾ ਕਿ ਸਿੱਖ ਆਪਣੇ ਗੁਰਧਾਮਾਂ ਲਈ ਜਿਉਂਦੇ ਹਨ। ਸਿੰਘਾਂ ਦੇ ਹੁੰਦਿਆਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਕਰਨ ਵਾਲਾ ਸੁਖ ਦੀ ਨੀਂਦ ਨਹੀਂ ਸੌਂ ਸਕਦਾ। ਬਾਬਾ ਜੀ ਦੀ ਲਾਸਾਨੀ ਸ਼ਹੀਦੀ ਸਿੱਖ ਕੌਮ ਦੇ ਇਤਿਹਾਸ ਵਿਚ ਪ੍ਰਮੁੱਖ ਤੇ ਲਾਸਾਨੀ ਵਰਤਾਰਿਆਂ ਵਿਚ ਗਿਣੇ ਜਾਂਦੇ ਹਨ। ਖ਼ਾਲਸਾ ਪੰਥ ਅਜਿਹੇ ਮਹਾਨ ਸ਼ਹੀਦਾਂ ਅਤੇ ਯੋਧਿਆਂ ਸਦਕਾ ਸਦਾ ਚੜ੍ਹਦੀਕਲਾ ਵਿਚ ਰਹੇਗਾ। ਬਾਬਾ ਜੀ ਦਾ ਸ਼ਹੀਦੀ ਦਿਹਾੜਾ 19 ਮੱਘਰ ਭਾਵ 4 ਦਸੰਬਰ ਨੂੰ ਮਨਾਇਆ ਜਾ ਰਿਹਾ ਹੈ।

ਪ੍ਰੋ: ਸਰਚਾਂਦ ਸਿੰਘ
9781355522

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: