ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੋਰਟਰੇਟ, ਕਿਤਾਬਚਾ ਅਤੇ ਡਾਕੂਮੈਂਟਰੀ ਰਿਲੀਜ਼

????????????????????????????????????
ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੋਰਟਰੇਟ, ਕਿਤਾਬਚਾ ਅਤੇ ਡਾਕੂਮੈਂਟਰੀ ਰਿਲੀਜ਼
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ `ਦਾ ਗੈਲਰੀ: ਹਿਸਟਰੀ ਐਂਡ ਡਰੀਮਜ਼` `ਚ ਲੱਗੇਗਾ ਪੋਰਟਰੇਟ

ਅੰਮ੍ਰਿਤਸਰ, 02 ਦਸੰਬਰ, 2020 (ਨਿਰਪੱਖ ਆਵਾਜ਼ ਬਿਊਰੋ): ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਅਵਤਾਰ ਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਦਰਸਾਉਂਦੀ ਡਾਕੂਮੈਂਟਰੀ, ਗੁਰਦੁਆਰਾ ਸ੍ਰੀ ਬੇਰ ਸਾਹਿਬ, ਸੁਲਤਾਨਪੁਰ ਲੋਧੀ ਦਾ ਪੋਰਟਰੇਟ ਅਤੇ ਦਰਸ਼ਨੀ ਚਿੱਤਰਾਂ ਤੇ ਗੁਰਬਾਣੀ ਸਬੰਧੀ ਇਕ ਕਿਤਾਬਚਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ ਵੱਲੋਂ ਰਿਲੀਜ਼ ਕੀਤੇ ਗਏ। ਸਾਬਕਾ ਵਧੀਕ ਐਡਵੋਕੇਟ ਜਨਰਲ ਹਰਪ੍ਰੀਤ ਸੰਧੂ ਵੱਲੋਂ ਤਿਆਰ ਕੀਤੇ ਗਏ ਗੁਰਦੁਆਰਾ ਸ੍ਰੀ ਬੇਰ ਸਾਹਿਬ, ਸੁਲਤਾਨਪੁਰ ਲੋਧੀ ਦੇ ਪੋਰਟਰੇਟ ਨੂੰ ਜਿਥੇ ਯੂਨੀਵਰਸਿਟੀ ਦੀ `ਦਾ ਗੈਲਰੀ: ਹਿਸਟਰੀ ਐਂਡ ਡਰੀਮਜ਼` `ਚ ਸ਼ੁਸ਼ੋਭਿਤ ਕਰ ਦਿਤਾ ਗਿਆ ਉਥੇ ਦਸਤਾਵੇਜ਼ੀ ਫਿਲਮ ਨੂੰ ਯੂਨੀਵਰਸਿਟੀ ਦੀ ਵੈਬਸਾਈਟ ਉਪਰ ਅਪਲੋਡ ਵੀ ਕੀਤਾ ਗਿਆ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੋਰਟਰੇਟ, ਕਿਤਾਬਚੇ ਅਤੇ ਦਸਤਾਵੇਜ਼ੀ ਫਿਲਮ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਵਾਈਸ ਚਾਂਸਲਰ ਪ੍ਰੋ. ਸੰਧੂ ਨੇ ਕਿਹਾ ਕਿ ਇਨ੍ਹਾਂ ਦਾ ਜਿਥੇ ਵਿਦਿਆਰਥੀ ਲਾਭ ਲੈਣਗੇ ਉਥੇ ਗੁਰੂ ਜੀਵਨ ਨੂੰ ਜਾਣਨ ਵਾਲੇ ਜਗਿਆਸੂਆਂ ਲਈ ਵੀ ਇਹ ਪ੍ਰੇਰਨਾ ਸਰੋਤ ਬਣੇਗਾ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਸ਼ਤਾਬਦੀ ਸਮਾਰੋਹ ਨੂੰ ਸਮਰਪਿਤ ਜਿਥੇ ਵੱਖ ਵੱਖ ਸੈਮੀਨਾਰ, ਲੈਕਚਰ, ਵੈਬੀਨਾਰ ਅਤੇ ਹੋਰ ਸਮਾਮਗਾਂ ਦਾ ਆਯੋਜਨ ਕੀਤਾ ਉਥੇ ਇਸ ਆਯੋਜਨ ਦੇ ਨਾਲ ਸਮਾਗਮਾਂ ਦੀ ਸਮਾਪਤੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਦੇ ਪ੍ਰਚਾਰ ਅਤੇ ਪ੍ਰਸਾਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੱਗੇ ਵੀ ਇੰਝ ਹੀ ਜਾਰੀ ਰੱਖੇਗੀ। ਇਸ ਮੌਕੇ ਡੀਨ ਅਕਾਦਮਿਕ ਮਾਮਲੇ ਪ੍ਰੋ ਐਸ. ਐਸ. ਬਹਿਲ ਅਤੇ ਪ੍ਰੋਫੈਸਰ ਇੰਚਾਰਜ ਪ੍ਰੀਖਿਆਵਾਂ ਪ੍ਰੋ. ਮਨੋਜ ਕੁਮਾਰ ਅਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਵੀ ਹਾਜ਼ਰ ਸਨ।
ਇਸ ਮੌਕੇ ਹਰਪ੍ਰੀਤ ਸੰਧੂ ਨੇ ਕਿਹਾ ਕਿ ਇਹ ਪਵਿੱਤਰ ਕਾਰਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸਾਏ ਮਾਰਗ `ਤੇ ਚੱਲਣ ਅਤੇ ਸਮਾਜ ਅੰਦਰ ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਲਈ ਆਰੰਭੇ ਗਏ ਹਨ। ਉਨ੍ਹਾਂ ਨੇ ਵਾਈਸ ਚਾਂਸਲਰ ਪ੍ਰੋ. ਸੰਧੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਉਨ੍ਹਾਂ ਦੇ ਮਿਸ਼ਨ ਨੂੰ ਅੱਗੇੇ ਵਧਾਉਣ ਲਈ ਦਿੱਤੇ ਗਏ ਸਹਿਯੋਗ ਸਦਕਾ ਉਹ ਹੋਰ ਵੀ ਉਤਸ਼ਾਹਤ ਹੋਏ ਹਨ ਅਤੇ ਆਪਣੇ ਇਸ ਕੰਮ ਨੂੰ ਭਵਿੱਖ ਵਿਚ ਵੀ ਜਾਰੀ ਰੱਖਣਗੇ।