ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਵਸੀਅਤ

ਵਸੀਅਤ

ਸੁਰਜੀਤ ਕੌਰ ਦਾ ਪਤੀ ਗੁਰਦੇਵ ਸਿੰਘ ਇੱਕ ਸਰਕਾਰੀ ਦਫ਼ਤਰ ਵਿੱਚ ਕਲਰਕ ਲੱਗਾ ਹੋਇਆਂ ਸੀ।ਭਾਵੇਂ ਦਸ ਸਾਲ ਹੋ ਗਏ ਸਨ ਇਹਨਾਂ ਦੇ ਵਿਆਹ ਨੂੰ ਪਰ ਦੇਖਣ ਵਾਲੇ ਨੂੰ ਤਾਂ ਇੰਝ ਹੀ ਲੱਗਦਾ ਸੀ ਕਿ ਜਿਵੇਂ ਕੱਲ੍ਹ ਹੀ ਵਿਆਹ ਹੋਇਆ ਹੁੰਦਾ ਹੈ। ਦੋਵੇਂ ਹੀ ਇੱਕ ਦੂਜੇ ਨੂੰ ਬਹੁਤ ਪਿਆਰ ਤੇ ਸਤਿਕਾਰ ਕਰਦੇ ਸਨ। ਸੁੱਖ ਨਾਲ ਘਰ ਵੀ ਆਪਣਾ ਬਣਾ ਲਿਆ ਸੀ। ਸੋਹਣੀ ਔਲਾਦ ਸੀ ਦੋ ਬੱਚੇ ਤੇ ਉਹ ਵੀ ਮੁੰਡੇ । ਬਸ ਸਾਰਾ ਦਿਨ ਖੁਸ਼ੀਆਂ ਵਿੱਚ ਹੀ ਬੀਤਦਾ ਸੀ।

ਅਚਾਨਕ ਗੁਰਦੇਵ ਦੀ ਤਬੀਅਤ ਖਰਾਬ ਰਹਿਣ ਲੱਗ ਗਈ ਤੇ ਸਾਲ ਭਰ ਵਿੱਚ ਹੀ ਉਹ ਪਤਨੀ ਤੇ ਬੱਚਿਆਂ ਨੂੰ ਇਕੱਲੇ ਛੱਡ ਇਸ ਦੁਨੀਆਂ ਤੋਂ ਚਲਾ ਗਿਆ। ਸੁਰਜੀਤ ਕੌਰ ਅੰਦਰੋਂ ਟੁੱਟ ਗਈ ਸੀ ਪਰ ਨਿਆਣਿਆਂ ਨੂੰ ਦੇਖ ਉਸਨੇ ਕਦੇ ਵੀ ਹਿੰਮਤ ਨਹੀਂ ਸੀ ਹਾਰੀ। ਭੱਜ- ਨੱਠ ਕਰਕੇ ਉਸਨੂੰ ਗੁਰਦੇਵ ਦੇ ਵਿਭਾਗ ਵਿੱਚ ਹੀ ਚਪੜਾਸੀ ਦੀ ਨੌਕਰੀ ਮਿਲ ਗਈ।

ਸੁਰਜੀਤ ਕੌਰ ਨੇ ਬੜੀਆਂ ਮੁਸ਼ਕਿਲਾਂ ਨਾਲ ਦੋਹਾਂ ਮੁੰਡਿਆਂ ਨੂੰ ਪੜ੍ਹਾਇਆ। ਦੋਵੇਂ ਹੀ ਮੁੰਡੇ ਵਧੀਆਂ ਨੌਕਰੀਆ ਉੱਤੇ ਲੱਗ ਗਏ ਤੇ ਨੌਕਰੀ ਵਾਲੀਆਂ ਹੀ ਕੁੜੀਆਂ ਵੀ ਮਿਲ ਗਈਆਂ।

ਵੱਡੀਆਂ ਨੌਕਰੀਆਂ ਤੇ ਲੱਗੇ ਹੋਣ ਕਾਰਨ ਉਹਨਾਂ ਨੂੰ ਸੁਰਜੀਤ ਕੌਰ ਦੀ ਚਪੜਾਸੀ ਦੀ ਨੌਕਰੀ ਹੁਣ ਚੁਭਣ ਲੱਗ ਪਈ। ਉਹ ਕਿਸੇ ਨਾ ਕਿਸੇ ਬਹਾਨੇ ਸੁਰਜੀਤ ਕੌਰ ਨੂੰ ਨੌਕਰੀ ਛੱਡਣ ਬਾਰੇ ਕਹਿੰਦੇ ਰਹਿੰਦੇ।

” ਮਾਤਾ ਤੂੰ ਬਹੁਤ ਨੌਕਰੀ ਕਰ ਲਈ ਹੁਣ ਛੱਡ ਦੇ ਨਾਲੇ ਘਰੇ ਰਹਿ ਪੋਤੇ -ਪੋਤੀਆਂ ਨੂੰ ਸੰਭਾਲਿਆ ਕਰ”, ਵੱਡੇ ਮੁੰਡੇ ਨੇ ਸੁਰਜੀਤ ਕੌਰ ਨੂੰ ਆਖਿਆ।

ਸੁਰਜੀਤ ਕੌਰ ਕੁਝ ਬੋਲਦੀ ਉਸ ਤੋਂ ਪਹਿਲਾਂ ਹੀ ਛੋਟਾ ਮੁੰਡਾ ਵੀ ਵੱਡੇ ਨਾਲ ਹੀ ਰਲ ਗਿਆ।

” ਮਾਤਾ ਬਾਈ ਜੀ ਸਹੀ ਗੱਲ ਹੀ ਤਾਂ ਕਹਿੰਦੇ ਹਨ ਨਾਲੇ ਨੌਕਰੀ ਹੈ ਵੀ ਤਾਂ ਚਪੜਾਸੀ ਦੀ ਹੈ। ਘਰੇ ਰਹੋ ਨਾਲੇ ਲੋਕ ਗੱਲਾਂ ਕਰਦੇ ਹਨ। “

” ਤਾਂ ਆਹ ਗੱਲ ਹੈ ਮੇਰੇ ਪੁੱਤਰ ਵੱਡੇ ਅਫ਼ਸਰ ਲੱਗ ਗਏ ਤੇ ਚਪੜਾਸਣ ਨੂੰ ਮਾਂ ਕਹਿੰਦੇ ਸ਼ਰਮ ਆਉਦੀਂ ਹੈ ਇਹਨਾਂ ਨੂੰ। ਵੇ ਇਸੇ ਚਪੜਾਸਣ ਨੇ ਹੀ ਤੁਹਾਨੂੰ ਪੜ੍ਹਾ ਲਿਖਾ ਕੇ ਨੌਕਰੀਆਂ ਲਗਵਾਇਆ ਨਹੀਂ ਤਾਂ ਦਿਹਾੜੀਆਂ ਕਰਦੇ ਫਿਰਦੇ ਹੁੰਦੇ। “

“ਮਾਤਾ ਤੂੰ ਤਾਂ ਐਵੇਂ ਹੀ ਗਰਮ ਹੋ ਜਾਂਦੀ ਹੈ। ਸਾਨੂੰ ਕੀ ਚੱਲ ਸਾਲ ਹੀ ਰਹਿ ਗਿਆ ਤੇਰੀ ਰਿਟਾਇਰਮੈਂਟ ਵਿੱਚ ਫੇਰ ਵੀ ਤਾਂ ਘਰੇ ਹੀ ਰਹਿਣਾ ਹੈ। “

” ਪੁੱਤ ਉਦੋਂ ਦੀ ਉਦੋਂ ਦੇਖੀ ਜਾਵੇਗੀ। “

ਸਾਲ ਬਾਅਦ ਸੁਰਜੀਤ ਕੌਰ ਰਿਟਾਇਰ ਹੋ ਗਈ। ਉਸਨੂੰ ਉਸਦੀ ਇੱਕ ਸਹੇਲੀ ਨੇ ਸਲਾਹ ਦਿੱਤੀ।

” ਸੁਰਜੀਤ ਤੂੰ ਮੈਨੂੰ ਗਲਤ ਤਾਂ ਸਮਝੀ ਨਾ ਪਰ ਤੂੰ ਆਪਣੇ ਸਾਰੇ ਪੈਸੇ ਸੰਭਾਲ ਕੇ ਰੱਖੀ, ਇਹਨਾਂ ਮੁੰਡਿਆਂ ਦਾ ਕੁਝ ਨਹੀਂ ਪਤਾ ਕਦੋਂ ਤੀਵੀਆਂ ਮਗਰ ਲੱਗ ਕੇ ਤੈਨੂੰ ਘਰੋਂ ਬਾਹਰ ਕੱਢ ਦੇਣ। ਮੇਰੇ ਨਾਲ ਵੀ ਤਾਂ ਇੰਝ ਹੀ ਹੋਇਆ ਹੈ। ਦੇਖ ਲੈ ਬਿਰਧ ਆਸ਼ਰਮ ਵਿੱਚ ਬੈਠੀ ਹਾਂ। “

ਸੁਰਜੀਤ ਕੌਰ ਨੂੰ ਮੇਹਰ ਕੌਰ ਦੀ ਗੱਲ ਸਮਝ ਆ ਗਈ ਸੀ ।ਇਸੇ ਲਈ ਉਸਨੇ ਸਾਰੇ ਪੈਸੇ ਆਪਣੇ ਹੀ ਨਾਂ ਉੱਤੇ ਜਮ੍ਹਾਂ ਕਰਵਾ ਲਏ।

ਇਸ ਗੱਲ ਤੇ ਮੁੰਡੇ ਖੁਸ਼ ਨਹੀਂ ਸਨ ਕਿਉਂਕਿ ਉਹ ਇਹਨਾਂ ਪੈਸਿਆਂ ਦੀ ਇੱਕ ਹੋਰ ਕੋਠੀ ਖਰੀਦ ਕੇ ਅਲੱਗ ਹੋਣ ਨੂੰ ਫਿਰਦੇ ਸਨ।

“ਯਾਰ ਮਾਤਾ ਨੇ ਤਾਂ ਸਾਰੀਆਂ ਹੀ ਉਮੀਦਾਂ ਉੱਤੇ ਪਾਣੀ ਫੇਰ ਦਿੱਤਾ, ਕੁੰਡਲੀ ਮਾਰ ਕੇ ਸੱਪਣੀ ਬਣ ਸਾਰੇ ਪੈਸਿਆਂ ਉੱਤੇ ਬਹਿ ਗਈ ਹੈ। “

“ਹਾਂ ਬਾਈ ਜੀ ਕੱਲ ਦਲਾਲ ਵੀ ਮਿਲਿਆ ਸੀ ਪੁੱਛਦਾ ਸੀ ਕੀ ਰਾਇ ਬਣਾਈ ਹੈ।”

“ਫੇਰ ਤੂੰ ਕੀ ਕਿਹਾ? “

“ਮੈਂ ਕੀ ਕਹਿਣਾ ਸੀ, ਹੁਣ ਤਾਂ ਜਦੋਂ ਇਹ ਮਰੇਗੀ ਫੇਰ ਹੀ ਕੁਝ ਹੋਵੇਗਾ ਨਹੀਂ ਤਾਂ ਬਸ। “

” ਉਹ ਤਾਂ ਹੈ ਯਾਰ ਪਰ ਕਰੀਏ ਵੀ ਤਾਂ ਹੁਣ ਕੀ ਕਰੀਏ, ਪਤਾ ਨਹੀਂ ਕਦੋਂ ਪਿੱਛਾ ਛੱਡੇਗੀ? “

ਸੁਰਜੀਤ ਕੌਰ ਬਾਹਰ ਖੜ੍ਹੀ ਸਭ ਕੁਝ ਸੁਣ ਰਹੀ ਸੀ। ਉਸਨੂੰ ਆਪਣੇ ਪੁੱਤਰਾਂ ਦੇ ਅਸਲੀ ਚੇਹਰੇ ਦਿੱਖ ਗਏ ਸਨ। ਅਗਲੀ ਹੀ ਸਵੇਰ ਉਹ ਘਰੋਂ ਗੁਰਦੁਆਰਾ ਸਾਹਿਬ ਦਾ ਕਹਿ ਕਿ ਗਈ ਤੇ ਵਾਪਿਸ ਨਾ ਆਈ।

ਇਸ ਗੱਲ ਨੂੰ ਹੁਣ ਤਿੰਨ ਮਹੀਨੇ ਹੋ ਚੁੱਕੇ ਸਨ ਤੇ ਸੁਰਜੀਤ ਕੌਰ ਬਾਰੇ ਕੁਝ ਵੀ ਪਤਾ ਨਹੀਂ ਚੱਲਿਆ ਸੀ। ਮੁੰਡਿਆਂ ਨੇ ਵਕੀਲ ਨਾਲ ਗੱਲ ਕੀਤੀ।

“ਵਕੀਲ ਸਾਹਿਬ ਮਾਤਾ ਜੀ ਦਾ ਤਾਂ ਕੁਝ ਪਤਾ ਨਹੀਂ ਚੱਲ ਰਿਹਾ, ਉਹਨਾਂ ਦੇ ਨਾਂ ਜੋ ਪ੍ਰਾਪਰਟੀ ਹੈ ਉਸਦਾ ਕੀ ਹੋਵੇਗਾ? “

“ਦੇਖੋ ਸਰਦਾਰ ਜੀ ਜੇਕਰ ਵਸੀਅਤ ਹੈ ਤਾਂ ਕੋਈ ਚੱਕਰ ਹੈ ਹੀ ਨਹੀਂ… ਨਹੀਂ ਤਾਂ ਆਪਾਂ ਨੂੰ ਨਵੀਂ ਵਸੀਅਤ ਬਨਾਉਣੀ ਪਵੇਗੀ। “

“ਵਕੀਲ ਸਾਹਿਬ ਜਦੋਂ ਮਾਤਾ ਹੈ ਹੀ ਨਹੀਂ ਤਾਂ ਵਸੀਅਤ ਕਿਵੇਂ ਬਣੇਗੀ? “

” ਮੈਨੂੰ ਦੱਸੋ ਤੁਹਾਡੀ ਮਾਤਾ ਦਸਤਖ਼ਤ ਕਰਨੇ ਜਾਣਦੀ ਹੈ। “

“ਨਹੀਂ ਜੀ ਉਹ ਤਾਂ ਅੰਗੂਠਾ ਹੀ ਲਗਾਉਂਦੀ ਸੀ। “

“ਬਸ ਫੇਰ ਬਣ ਗਈ ਗੱਲ ਆਪਾਂ ਪੁਰਾਣੀਆਂ ਤਾਰੀਖ਼ਾਂ ਵਿੱਚ ਜਾਅਲੀ ਵਸੀਅਤ ਬਣਾ ਲੈਂਦੇ ਹਾਂ। “

” ਠੀਕ ਹੈ ਜੀ ਠੀਕ। “

“ਪਰ ਖਰਚ ਕੁਝ ਜਿਆਦਾ ਹੋਵੇਗਾ। “

” ਤੁਸੀਂ ਖਰਚੇ ਦੀ ਫ਼ਿਕਰ ਨਾ ਕਰੋ। “

” ਫੇਰ ਤੁਸੀਂ ਜੇਕਰ ਘਰੇ ਕੋਈ ਅੰਗੂਠੇ ਦੇ ਨਿਸ਼ਾਨ ਵਾਲਾ ਕਾਗਜ਼ ਹੈ ਤਾਂ ਮੈਨੂੰ ਲਿਆ ਕਿ ਦੇ ਦਿਉ ਨਕਲ ਮੈਂ ਆਪੇ ਕਰਵਾ ਲਵਾਂਗਾ। “

“ਜੇਕਰ ਜਾਣਾ ਮਰਨਾਂ ਹੀ ਸੀ ਤਾਂ ਘੱਟੋ ਘੱਟ ਵਸੀਅਤ ਤਾਂ ਕਰ ਜਾਦੀਂ, ” ਛੋਟੇ ਮੁੰਡੇ ਦੀ ਵਹੁਟੀ ਬੋਲੀ।

“ਜੇ ਕਰ ਜਾਦੀਂ ਤਾਂ ਆਪਾਂ ਨੂੰ ਦੁੱਖੀ ਕਿਵੇਂ ਕਰਦੀ”, ਵੱਡੀ ਨੇ ਜਵਾਬ ਦਿੱਤਾ।

ਉਹ ਅਜੇ ਜਾਅਲੀ ਵਸੀਅਤ ਬਨਾਉਣ ਦੀਆਂ ਸਲਾਹਾਂ ਹੀ ਕਰ ਰਹੇ ਸਨ ਕਿ ਚਾਰ ਮਹੀਨਿਆਂ ਬਾਅਦ ਇੱਕ ਦਿਨ ਅਚਾਨਕ ਸੁਰਜੀਤ ਕੌਰ ਘਰ ਵਾਪਸ ਆ ਜਾਦੀਂ ਹੈ। ਮਾਤਾ ਨੂੰ ਘਰਦੇ ਬੂਹੇ ਉੱਤੇ ਵੇਖ ਮੁੰਡਿਆਂ ਤੇ ਨੂੰਹਾਂ ਦੇ ਚਿਹਰਿਆਂ ਉੱਤੋ ਰੌਣਕਾਂ ਉੱਡ ਜਾਂਦੀਆਂ ਹਨ।

” ਮਾਤਾ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਅਚਾਨਕ ਬਿਨਾਂ ਦੱਸੇ ਕਿੱਥੇ ਚਲੇ ਗਏ ਸਨ? ” ਵੱਡਾ ਮੁੰਡਾ ਬੋਲਿਆਂ।

” ਅਸੀਂ ਤੁਹਾਨੂੰ ਲੱਭ- ਲੱਭ ਥੱਕ ਗਏ ਤੁਹਾਡਾ ਕਿਸੇ ਤੋਂ ਕੁਝ ਵੀ ਪਤਾ ਨਹੀਂ ਚੱਲਿਆ। ਕੋਈ ਇੰਝ ਵੀ ਕਰਦਾਂ ਹੈ ਤੁਹਾਨੂੰ ਸਾਡਾ ਜਰਾ ਵੀ ਖਿਆਲ ਨਾ ਆਇਆਂ ਕਿ ਅਸੀਂ ਕਿੰਨੇ ਪਰੇਸ਼ਾਨ ਹੋਵਾਂਗੇ”, ਛੋਟਾ ਮੁੰਡਾ ਬੋਲਿਆਂ।

“ਪੁੱਤਰ ਇਸੇ ਕਰਕੇ ਤਾਂ ਮੈਂ ਵਾਪਸ ਆਈ ਹਾਂ ਕਿ ਮੇਰੇ ਬੱਚੇ ਪਰੇਸ਼ਾਨ ਹੋ ਰਹੇ ਹੋਣਗੇ। ਨਾਲੇ ਮੈਂ ਤੁਹਾਡੇ ਨਾਲ ਇੱਕ ਜਰੂਰੀ ਗੱਲ ਕਰਨੀ ਸੀ। “

” ਹਾਂ ਜੀ ਮਾਤਾ ਜੀ ਦੱਸੋ ਕੀ ਗੱਲ ਹੈ? “

“ਉਹ ਪੁੱਤਰ ਜੀ ਗੱਲ ਇਹ ਹੈ ਕਿ ਬੰਦੇ ਦਾ ਕੁਝ ਵੀ ਭਰੋਸਾ ਨਹੀਂ ਹੈ, ਅੱਜ ਹੈ ਕੱਲ੍ਹ ਨਹੀਂ ਹੈ।

ਮਗਰੋਂ ਦੂਜੇ ਐਵੇਂ ਖੱਜਲ ਖੁਆਰ ਹੁੰਦੇ ਹਨ। ਇਸ ਲਈ ਮੈਂ ਵਸੀਅਤ ਦੀ ਗੱਲ ਕਰਨੀ ਸੀ। “

ਵਸੀਅਤ ਦਾ ਨਾਂ ਸੁਣਦੇ ਹੀ ਉਹਨਾਂ ਦੇ ਚਿਹਰਿਆਂ ਦੀ ਚਮਕ ਦੇਖਣ ਯੋਗ ਸੀ।

“ਚਲੋ ਜਿਵੇਂ ਤੁਹਾਨੂੰ ਠੀਕ ਲੱਗਦਾ ਹੈ ਕਰ ਲਵੇਂ, ਤੁਸੀਂ ਵੱਡੇ ਹੋ, ਸਿਆਣੇ ਹੋ। ਅਸੀਂ ਕੀ ਕਹਿਣਾ ਹੈ। ” (ਸਾਰੇ ਇਕੱਠੇ ਹੀ ਬੋਲੇ)

“ਬਿਲਕੁਲ- ਬਿਲਕੁਲ ਮੇਰੇ ਬੱਚਿਉ ਮੈਨੂੰ ਤੁਹਾਡੇ ਕੋਲੋਂ ਇਹ ਹੀ ਉਮੀਦ ਸੀ।ਤੁਸੀਂ ਮੇਰੇ ਫੈਸਲੇ ਦੇ ਵਿਰੁੱਧ ਨਹੀਂ ਜਾਵੋਗੇ।ਮੈਂ ਵਸੀਅਤ ਕਰਵਾ ਲਈ ਹੈ। “

ਸੁਰਜੀਤ ਕੌਰ ਵਸੀਅਤ ਦੀ ਇੱਕ ਕਾਪੀ ਕੱਢ ਕਿ ਆਪਣੇ ਵੱਡੇ ਮੁੰਡੇ ਦੇ ਹੱਥ ਫ਼ੜਾ ਦਿੰਦੀ ਹੈ। ਵਸੀਅਤ ਪੜ੍ਹਣ ਤੋਂ ਬਾਅਦ ਉਹ ਚੀਕ ਪੈਦਾ ਹੈ।

” ਤੂੰ ਇਹ ਕੀ ਕੀਤਾ ਹੈ ਮਾਤਾ ਸਾਡੇ ਘਰ ਨੂੰ ਹੀ ਬਿਰਧ ਆਸ਼ਰਮ ਬਣਾ ਦਿੱਤਾ ਹੈ ਤੇ ਚਲਾਉਣ ਲਈ ਆਪਣੇ ਸਾਰੇ ਪੈਸੇ ਵੀ ਨਾਂ ਕਰ ਦਿੱਤੇ ਹਨ। ਤੂੰ……. ਤੂੰ ਇਹ ਚੰਗਾ ਨਹੀਂ ਕੀਤਾ।

ਸਾਨੂੰ…. ਸਾਨੂੰ ਮਜਬੂਰਨ ਕੋਰਟ ਦਾ ਦਰਵਾਜ਼ਾ ਖੜਕਾਉਣਾ ਪੈਣਾ ਹੈ। “

” ਪੁੱਤਰ ਜੀ ਉਹ ਵੀ ਕਰਕੇ ਦੇਖ ਲਵੋ। ਇਹ ਸਾਰਾ ਕੁਝ ਮੈਂ ਆਪਣੀ ਮਿਹਨਤ ਨਾਲ ਤੇ ਆਪਣਾ ਢਿੱਡ ਵੱਢ ਕੇ ਬਣਾਇਆ ਹੈ ਤੁਹਾਡੇ ਪਿਊ ਦਾਦੇ ਦੀ ਜਾਇਦਾਦ ਨਹੀਂ ਹੈ। “ਜਾਉ ਜਿੱਥੇ ਜਾਣਾ ਹੈ। “

ਮਿੰਟਾਂ ਵਿੱਚ ਹੀ ਮੁੰਡਾ ਨਰਮ ਪੈ ਗਿਆ।

“ਮਾਤਾ ਜੀ ਤੁਸੀਂ ਹੀ ਦੱਸੋ ਅਸੀਂ ਆਪਣੇ ਪਰਿਵਾਰ ਲੈ ਕੇ ਕਿੱਥੇ ਜਾਵਾਂਗੇ। “

ਇਹ ਸਭ ਬਾਰੇ ਮੈਨੂੰ ਕੁਝ ਨਹੀਂ ਪਤਾ।

ਮੈਂ ਤੁਹਾਨੂੰ ਇੱਕ ਹਫਤਾ ਦਿੰਦੀ ਹਾਂ ਮੇਰਾ ਘਰ ਖਾਲੀ ਕਰ ਦਿਉ ਨਹੀਂ ਤਾਂ ਮੈਨੂੰ ਮਜਬੂਰਨ ਪੁਲਿਸ ਬੁਲਾਉਣੀ ਪਵੇਗੀ। ਹਫ਼ਤੇ ਤੱਕ ਮੇਰੇ ਅਸਲੀ ਰਿਸ਼ਤੇਦਾਰ ਮੇਰੇ ਹੀ ਵਰਗੇ ਮੇਰੇ ਭਰਾ- ਭੈਣ ਇੱਥੇ ਰਹਿਣ ਲਈ ਆ ਰਹੇ ਹਨ। ਸਤਿ ਸ੍ਰੀ ਅਕਾਲ ਹੁਣ ਮੈਂ ਚੱਲਦੀ ਹਾਂ। “

ਆਖ ਸੁਰਜੀਤ ਕੌਰ ਵਸੀਅਤ ਦੀ ਇੱਕ ਕਾਪੀ ਉਹਨਾਂ ਨੂੰ ਦੇ ਕੇ ਉੱਥੋ ਚਲੀ ਗਈ।

ਸੰਦੀਪ ਦਿਉੜਾ
8437556667

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: