ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਮਾਲਿਕ ਟਰਾਲਿਆਂ ਦੇ ਲੈ ਕੇ ਪੇਸ਼ ਹੋ ਰਿਹਾ ਹੈ ਲੋਕ ਗਾਇਕ ਬਲਧੀਰ ਮਾਹਲਾ

ਮਾਲਿਕ ਟਰਾਲਿਆਂ ਦੇ ਲੈ ਕੇ ਪੇਸ਼ ਹੋ ਰਿਹਾ ਹੈ ਲੋਕ ਗਾਇਕ ਬਲਧੀਰ ਮਾਹਲਾ

ਪੰਜਾਬ ਦੀ ਧਰਤੀ ਜਿੱਥੇ ਪੀਰਾਂ ਫ਼ਕੀਰਾਂ ਸੂਰਬੀਰ ਅਣਖ਼ੀਲੇ ਸੰਤ-ਸਿਪਾੲ੍ਹੀਆਂ ਦੀ ਧਰਤੀ ਹੈ ਉੱਥੇ ਇਸ ਨੇ ਮਹਾਨ ਸਾਹਿਤਕਾਰ,ਸੰਗੀਤਕਾਰ ਤੇ ਵਿਸ਼ੇਸ਼ ਕਰਕੇ ਉੱਚ ਕੋਟੀ ਦੇ ਗਾਇਕ ਕਲਾਕਾਰ ਵੀ ਪੈਦਾ ਕੀਤੇ ਹਨ।ਜੇਕਰ ਸਮੁੱਚੇ ਪੰਜਾਬ ਦਾ ਸਰਵੇਖਣ ਕੀਤਾ ਜਾਵੇ ਤਾਂ ਇਸ ਵਿੱਚੋਂ ਸਾਹਿਤਕ ਤੇ ਸਭਿਆਚਾਰਕ ਗਾਇਕੀ ਦੇ ਅਨਮੋਲ ਹੀਰੇ ਮਿਲਣਗੇ ਉਹਨਾਂ ਵਿੱਚੋਂ ਪੰਜਾਬੀ ਲੋਕ ਗਾਇਕੀ ਦੇ ਅਰਸ਼ ‘ਤੇ ਚਮਕਦਾ ਪੰਜਾਬੀ ਸਾਹਿਤਕ ਤੇ ਸਭਿਆਚਾਰਕ ਗਾਇਕੀ ਦਾ ਅਨਮੋਲ ਹੀਰਾ ਹੈ ਬਲਧੀਰ ਮਾਹਲਾ।

ਪੰਜਾਬੀ ਗਾਇਕੀ ਦੇ ਪਿੜ ਵਿੱਚ ਬਲਧੀਰ ਮਾਹਲਾ ਪੰਜਾਬੀ ਆਲਮ ਦਾ ਸਤਿਕਾਰਤਿ ਸ਼ਬਦਾਂ ਦਾ ਘਾੜਾ ਤੇ ਹਰਮਨ ਪਿਆਰਾ ਲੋਕ ਗਾਇਕ ਹੈ।ਉਸਨੂੰ ਸ਼ਬਦਾਂ ਦੀ ਜੜਤ ਤੇ ਤੋਲ ਤੁਕਾਂਤ ਦੀ ਸਾਰੀ ਸੂਝ ਹੈਂ।ਪੰਜਾਬੀ ਗਾਇਕੀ ਸੰਗ ਇਸ਼ਕ ਜਨੂੰਨ ਦੀ ਹੱਦ ਤੱਕ ਉਹਦੇ ਜਿਹਨ ‘ਚ ਪਸਰਿਆ ਹੋਇਆ ਹੈ।ਜਦ ਉਹ ਗਾਉਂਦਾ ਹੈ ਤਾਂ ਤਾਜੇ ਦੁੱਧ ਦਾ ਸੁਆਦ ਅਤੇ ਸ਼ਹਿਦ ਦੀ ਮਿਠਾਸ ਆਪਣੇ ਬੋਲਾਂ ਸੰਗ ਵਰ੍ਹਾ ਦਿੰਦਾ ਹੈ।ਭਾਵੇਂ ਉਹਦੇ ਗੀਤਾਂ ਵਿੱਚ ਮੁਕਲਾਵੇ ਜਾਂਦੀ ਮੁਟਿਆਰ ਦੀ ਤੋਰ ਵਰਗਾ ਨਖ਼ਰਾ ਨਹੀਂ ਪਰ ਜੋਬਨ ਦੀ ਜੂਹ ਵਿੱਚ ਪੈਰ ਪਾਉਂਦੀ ਕੰਜਕ ਦੇ ਵਿਆਹ ਲਈ ਉਪਜੀ ਤਾਂਘ ਜਰੂਰ ਹੈ।

ਬਲਧੀਰ ਮਾਹਲਾ ਨੇ ਆਪਣੀ ਗਾਇਕੀ ਦਾ ਜਿੰਨਾਂ ਮਿਆਰ ਉੱਚਾ ਰੱਖਿਆ ਹੈ ਉਹਨੂੰ ਸਾਵਾਂ ਰੱਖਿਐ ਤੇ ਅੱਜ ਦੀ ਘੜੀ ਹਾਲ ਇਹ ਹੈ ਕਿ ਉਸਦਾ ਕਾਇਮ ਕੀਤਾ ਮਿਆਰ ਹੀ ਉਸਦੀ ਗਾਇਕੀ ਦੇ ਅਗਲੇ ਵਿਕਾਸ ਲਈ ਚੁਣੌਤੀਆਂ ਪੇਸ਼ ਕਰ ਰਿਹੈ।ਉਸਦੀਆਂ ਪ੍ਰਸਿੱਧ ਰਚਨਾਵਾਂ ਕੁੱਕੂ ਰਾਣਾ ਰੋਂਦਾ, ਮਾਂ ਦਿਆ ਸੁਰਜਣਾ ਅਤੇ ਜੁਗਨੀ ਆਦਿ ਹਨ।ਪੰਜਾਬੀ ਸਾਹਿਤ ਦੇ ਅਨੇਕਾਂ ਹੋਰ ਨਾਮਵਰ ਸ਼ਾਇਰਾਂ ਦੀ ਸ਼ਾਇਰੀ ਦੀ ਗਾਇਕੀ ਸਦਕਾ, ਪੰਜਾਬੀ ਜਗਤ ਦੇ ਦੇਸ਼-ਵਿਦੇਸ਼ਾਂ ਵਿੱਚੋਂ ਮਿਲੇ ਮਾਨ-ਸਨਮਾਨਾਂ ਨਾਲ ਉਸਦਾ ਘਰ ਭਰਿਆ ਪਿਆ ਹੈ।ਬਲਧੀਰ ਮਾਹਲਾ ਮੁਹੱਬਤ, ਖਲੂਸ, ਵਫ਼ਾਦਾਰੀ ਤੇ ਦੋਸਤੀ ਦਾ ਭਰ ਵਹਿੰਦਾ ਦਰਿਆ ਹੈ।ਉਹ ਫੋਕੀ ਸ਼ੋਹਰਤ ਲਈ ਤਾਣੇ ਬਾਣੇ ਉਲੀਕਣ ਵਿੱਚ ਯਕੀਨ ਨਹੀਂ ਰੱਖਦਾ ਅਤੇ ਨਾ ਹੀ ਉਹਦਾ ਇਹ ਕਾਰਜ ਕਰਮ ਹੈ।ਉਸਨੇ ਪੰਜਾਬੀ ਸਾਹਿਤ ਤੇ ਸਭਿਆਚਾਰ ਲਈ ਜਿਸ ਕਦਰ, ਸਬਰ ਤੇ ਸਿਦਕ ਨਾਲ ਆਪਣਾ ਨਿੱਗਰ ਯੋਗਦਾਨ ਪਾਇਆ ਹੈ ਉਹ ਇੱਕ ਮਿਸਾਲ ਹੀ ਨਹੀਂ ਸਗੋਂ ਪੰਜਾਬੀ ਗਾਇਕੀ ਵਿੱਚ ਇੱਕ ਵੱਡਾ ਮੀਲ ਪੱਥਰ ਤੇ ਪ੍ਰੇਰਨਾ ਸ੍ਰੋਤ ਹੈ।

ਬਲਧੀਰ ਮਾਹਲਾ ਉਮਰ ਦੀ ਪ੍ਰਕਰਮਾਂ ਦੇ ਹੋਠਾਂ ‘ਤੇ ਵਿਲਕਦੀ ਆਸ ਲੈਕੇ ਕਦੇ ਤ੍ਰੱਭਕਿਆ ਨਹੀਂ ਉਹ ਕਦਰ ਕਰਨ ਤੇ ਕਰਾਉਣ ਵਿੱਚ ਵਿਸਵਾਸ਼ ਰੱਖਦਾ ਹੈ।ਪੁਰਾਤਨ ਵਿਰਸੇ ਦੀ ਖੋਜ ਤੇ ਸਾਹਿਤਕ ਗਾਇਕੀ ਉਸਦਾ ਕਾਰਜ ਖੇਤਰ ਹੈ।ਹਿੱਕ ਕਿਸੇ ਨੂੰ ਥਾਪੜਦਾ ਨਹੀਂ ਤੇ ਟੈਂ ਕਿਸੇ ਦੀ ਝੱਲਦਾ ਨਹੀਂ। ਉਹਦੇ ਸਲੀਕੇ ਤੇ ਵਰਤਾਰੇ ਨੂੰ ਸਲਾਮ ਕਹਿਣੀ ਬਣਦੀ ਹੈ ਕਿਉਂਕਿ ਉਹ ਝੂਠ ਫਰੇਬ ਤੇ ਡਰਾਮੇ ਬਾਜ਼ੀ ਤੋਂ ਧੁਰ-ਅੰਦਰੋਂ ਚਿੜ ਜਾਂਦਾ ਹੈ ਪਿਆਰ ਵੀ ਰੱਜਕੇ ਕਰਦੈ ਤੇ ਜੀਹਨੂੰ ਨਫ਼ਰਤ ਕਰਦੈ ਉਹ ਵੀ ਅੰਤਾਂ ਦੀ।ਏਸੇ ਲਈ ਉਹ ਬਹੁਤ ਕੁੱਝ ਸਾਰਥਕ ਕਰ ਗੁਜਰਨ ਦੀ ਧੁਨ ਵਿੱਚ ਮਸਤ ਰਹਿੰਦਾ ਹੈ।ਇਸ ਸਭ ਕੁੱਝ ਲਈ ਉਹ ਸਭ ਨੇਕ ਇਨਸਾਨਾਂ ਨੂੰ ਪੂਜਦਾ ਹੈ ਜਿਹੜੇ ਉਹਦੇ ਹਰ ਕਾਰਜ ਵਿੱਚ ਸਹਾਈ ਹੁੰਦੇ ਹਨ।ਉਸਨੇ ਪੰਜਾਬੀ ਲੋਕ ਸਾਜ਼ ਇੱਕਤਾਰਾ (ਤੂੰਬੀ) ਨੂੰ ਸੁਰਾਂ ਵਾਲੀ ਕੌਰਡਲਿਸ ਸੁਰੀਲੀ ਬਣਾਕੇ ਸੰਗੀਤ ਜਗਤ ਵਿੱਚ ਆਪਣੀ ਵੱਖਰੀ ਥਾਂ ਬਣਾਈ ਹੈ।

ਸੰਗੀਤ ਤੇ ਸ਼ਾਇਰੀ ਦੀ ਰੂਹ ਤੋਂ ਕੋਰੇ ਅਤੇ ਮਨੁੱਖੀ ਰਿਸ਼ਤਿਆਂ ਨੂੰ ਕਾਮ ਦ੍ਰਿਸ਼ਟੀ ਤੋਂ ਹੀ ਪੇਸ਼ ਕਰਦੇ ਆ ਰਹੇ ਧੜਾ ਧੜ ਆਡੀਓ ਵੀਡੀਉ ਗੀਤਾਂ ਨੇ ਜਿੱਥੇ ਗੰਭ੍ਹੀਰ ਤੇ ਉਸਾਰੂ ਸੁਹਜ ਸੁਆਦ ਸਿਰਜਦੇ ਗੀਤਾਂ ਤੇ ਕਲਮਾਂ ਨੂੰ ਘੱਟੇ ਵਿੱਚ ਰੋਲਿਆ ਹੈ ਉੱਥੇ ਪੰਜਾਬੀ ਸਭਿਆਚਾਰ ਦੇ ਮੁਹਾਂਦਰੇ ਨੂੰ ਵੀ ਵਲੂੰਧਰਿਆ ਹੈ।ਬੜੀ ਲੰਬੀ ਚੁੱਪ ਬਾਅਦ ਹੁਣ ਉਹ ਮਾਸਟਰ ਜਗਤਾਰ ਢੁੱਡੀਕੇ ਹਾਂਗ ਕਾਂਗ ਦੇ ਉੱਦਮ ਨਾਲ ਕਸ਼ਮੀਰ ਸਿੰਘ ਸੋਹਲ ਦੀ ਰਾਹੁਨਮਾਈ ਵਿੱਚ ਸੱਤਰੰਗ ਇਨਟੇਨਰਜ਼ ਵੱਲੋਂ ਗੁਰਮੀਤ ਮਾਹਲਾ ਕੈਲਗਰੀ ਦੇ ਸਹਿਯੋਗ ਸਦਕਾ ‘ਮਾਲਕ ਟਰਾਲਿਆਂ ਦੇ’ ਦੋਗਾਣਾ ਆ ਰਿਹਾ ਹੈ ਜਿਸ ਵਿੱਚ ਸੰਗੀਤ ਤੇ ਮਾਸਟਰ ਸੰਨੀ ਸੈਵਨ ਦਾ ਅਤੇ ਵੀਡੀਓ ਨਿਰਦੇਸ਼ਕ ਨਵਰੋਜ਼ ਵੱਲੋਂ ਵੈਨਕੂਵਰ ਦੀਆਂ ਖੂਬਸੂਰਤ ਵਾਦੀਆਂ ਵਿੱਚ ਫਿਲਮਾਏ ਦੋਗਾਣੇ ਨੂੰ ਕੁਲਜੀਤ ਸਿੰਘ ਖਾਲਸਾ ਦੀ ਦੇਖ ਰੇਖ ਵਿੱਚ ਪੇਸ਼ ਕਰ ਰਿਹੈ ਜੋ ਗਾਇਕੀ ਨੂੰ ਮਹਿਬੂਬ ਦੀ ਅੱਖ, ਗੁੱਤ, ਪ੍ਰਾਂਦੇ ਤੇ ਜ਼ੁਲਫ਼ਾਂ ਦੇ ਦਾਇਰੇ ਤੋਂ ਬਾਹਰ ਨਿੱਕਲਕੇ ਸੰਬੋਧਨ ਹੋਣ ਦੀ ਉਸਦੀ ਕੋਸ਼ਿਸ਼ ਹੈ।

ਆਪਣੇ ਖ਼ਿਆਲਾਂ ਨੂੰ ਸੱਤਰੰਗ ਇੰਟਰਟੇਨਰਜ਼ ਵੱਲੋਂ ਸੰਗੀਤ ਦਾ ਘੱਗਰਾ ਪੁਆਉਣ ਲੱਗਿਆਂ ਉਹਨੂੰ ਇੰਝ ਲੱਗ ਰਿਹਾ ਹੈ ਜਿਵੇਂ ਕੋਈ ਅੱਲੜ੍ਹ ਮੁਟਿਆਰ ਮੇਲਣਾਂ ਵੱਲੋ ਖੌਰੂ ਪਾਉਂਦੇ ਗਿੱਧੇ ਦੇ ਪਿੜ ਵਿੱਚ ਪਹਿਲੀ ਵਾਰ ਨੱਚਣ ਲਈ ਪੈਰ ਧਰ ਰਹੀ ਹੋਵੇ। ਬਲਧੀਰ ਜਾਣਦਾ ਹੈ ਕਿ ਉਹਦੇ ਗੀਤਾਂ ਵਿੱਚ ਦੁੱਧ ਚਿੱਟੇ ਦਿਨ ਦੀ ਰੌਸ਼ਨੀ ਨਹੀਂ ਪਰ ਚਾਨਣੀਆਂ ਰਾਤਾਂ ਦੀਆਂ ਰਿਸ਼ਮਾਂ ਵਰਗੀ ਠੰਡਕ ਦੀ ਲਾਲਸਾ ਜਰੂਰ ਹੈ।ਸ਼ਾਲਾ! ਬਲਧੀਰ ਮਾਹਲਾ ਦੀ ਹਿੰਮਤ ਤੇ ਨੇਕ ਨੀਤੀ ਦੇ ਨਿਸ਼ਾਨਿਆਂ ਦੇ ਚੰਨ ਨੂੰ ਕਦੇ ਵੀ ਗ੍ਰਹਿਣ ਨਾ ਲੱਗੇ।ਇਸ ਤੋਂ ਵੱਡੀ ਹੋਰ ਕਿਹੜੀ ਦੁਆ ਹੋ ਸਕਦੀ ਹੈ ਸਭਿਆਚਾਰਕ ਗਾਇਕੀ ਤੇ ਪੰਜਾਬੀ ਮਾਂ ਬੋਲੀ ਦੇ ਸਰਵਣ ਪੁੱਤਰ ਲਈ……

ਧਰਮ ਪਰਵਾਨਾ
ਕਿਲਾ ਨੌ, ਫਰੀਦਕੋਟ
9876717686

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: