ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਭਾਈ ਵੀਰ ਸਿੰਘ ਦੀ ਕਵਿਤਾ ਵਿੱਚ ਪ੍ਰਾਕਿਰਤਕ ਦ੍ਰਿਸ਼

ਭਾਈ ਵੀਰ ਸਿੰਘ ਦੀ ਕਵਿਤਾ ਵਿੱਚ ਪ੍ਰਾਕਿਰਤਕ ਦ੍ਰਿਸ਼

ਪ੍ਰੋ. ਨਵ ਸੰਗੀਤ ਸਿੰਘ

ਭਾਈ ਵੀਰ ਸਿੰਘ (5.12.1872- 10.6.1957) ਨੂੰ ਆਧੁਨਿਕ ਪੰਜਾਬੀ ਕਵਿਤਾ ਦਾ ਮੋਢੀ ਹੋਣ ਦਾ ਮਾਣ ਪ੍ਰਾਪਤ ਹੈ। ਮੈਟ੍ਰਿਕ(1891) ਪਾਸ ਕਰਨ ਪਿੱਛੋਂ ਉਨ੍ਹਾਂ ਨੇ ਕਿਸੇ ਨੌਕਰੀ ਦੀ ਇੱਛਾ ਨਾ ਕੀਤੀ, ਸਗੋਂ ਸ. ਵਜ਼ੀਰ ਸਿੰਘ ਨਾਲ ਮਿਲ ਕੇ ‘ਵਜ਼ੀਰ ਹਿੰਦ ਪ੍ਰੈੱਸ’ ਦੀ ਸਥਾਪਨਾ ਕੀਤੀ ਅਤੇ ਸਿੱਖ ਪੰਥ ਵਿੱਚ ਧਾਰਮਿਕ, ਵਿੱਦਿਅਕ, ਸੱਭਿਆਚਾਰਕ ਪੱਖੋਂ ਜਾਗ੍ਰਿਤੀ ਲਿਆਉਣ ਲਈ ‘ਖ਼ਾਲਸਾ ਟ੍ਰੈਕਟ ਸੁਸਾਇਟੀ’ ਦੀ ਨੀਂਹ ਰੱਖੀ ਅਤੇ ਛੋਟੇ- ਛੋਟੇ ਟ੍ਰੈਕਟਾਂ ਰਾਹੀਂ ਪ੍ਰਚਾਰ ਦਾ ਕਾਰਜ ਸ਼ੁਰੂ ਕਰ ਦਿੱਤਾ। 1899 ਵਿੱਚ ‘ਖਾਲਸਾ ਸਮਾਚਾਰ’ (ਸਪਤਾਹਿਕ ਅਖ਼ਬਾਰ) ਜਾਰੀ ਕੀਤਾ, ਜੋ ਅੱਜ ਤੱਕ ਵੀ ਬੜੀ ਸਫ਼ਲਤਾ ਨਾਲ ਜਾਰੀ ਹੈ।
ਭਾਈ ਸਾਹਿਬ ਦੀਆਂ ਸਾਹਿਤਕ ਰਚਨਾਵਾਂ ਦੀ ਗਿਣਤੀ ਤਿੰਨ ਦਰਜਨ ਤੋਂ ਵਧੀਕ ਹੈ, ਜਿਨ੍ਹਾਂ ਵਿੱਚ ਮਹਾਂਕਾਵਿ, ਸੱਤ ਕਾਵਿ ਸੰਗ੍ਰਹਿ, ਚਾਰ ਨਾਵਲ, ਇੱਕ ਨਾਟਕ, ਗੁਰੂਆਂ ਦੇ ਜੀਵਨ ਬਾਰੇ ਚਮਤਕਾਰ, ਬਾਲ ਪੁਸਤਕਾਂ ਸ਼ਾਮਲ ਹਨ। ਇਨ੍ਹਾਂ ਤੋਂ ਬਿਨਾਂ ਸਾਹਿਤ ਅਨੁਵਾਦ, ਟੀਕੇ ਅਤੇ ਸੰਪਾਦਨ ਗ੍ਰੰਥ ਵੀ ਮਿਲਦੇ ਹਨ। ਖ਼ਾਲਸਾ ਸਮਾਚਾਰ ਵਿੱਚ ਵੱਖ ਵੱਖ ਸਮੇਂ ਪ੍ਰਕਾਸ਼ਿਤ 354 ਕਵਿਤਾਵਾਂ ਅਜਿਹੀਆਂ ਹਨ, ਜੋ ਅਜੇ ਤੱਕ ਕਿਸੇ ਸੰਗ੍ਰਹਿ ਵਿੱਚ ਸ਼ਾਮਿਲ ਨਹੀਂ ਹੋਈਆਂ। ਇੰਨੇ ਵੱਡੇ ਆਕਾਰ ਦੀ ਬਹੁਪੱਖੀ ਤੇ ਉੱਤਮ ਰਚਨਾ ਨੂੰ ਵੇਖ ਕੇ ਹੀ ਪ੍ਰੋ. ਪੂਰਨ ਸਿੰਘ ਨੇ ਲਿਖਿਆ ਸੀ- “ਭਾਈ ਵੀਰ ਸਿੰਘ ਆਪਣੇ ਆਪ ਵਿੱਚ ਇੱਕ ਯੁਗ ਪੁਰਸ਼ ਹਨ। ਉਨ੍ਹਾਂ ਦੇ ਪ੍ਰਵੇਸ਼ ਨਾਲ ਹੀ ਅਤਿ ਨਵੀਨ ਪੰਜਾਬੀ ਬੋਲੀ ਦਾ ਮੁੱਢ ਬੱਝਿਆ ਹੈ। ਉਨ੍ਹਾਂ ਨੇ ਹੀ ਇਸ ਨੂੰ ਇੱਕ ਨਵੀਂ ਸ਼ੈਲੀ, ਨਵੀਂ ਲੈਅ ਅਤੇ ਨਵਾਂ ਵੇਗ ਬਖਸ਼ਿਆ ਹੈ।” ਬਾਬਾ ਖੜਕ ਸਿੰਘ ਨੇ ਉਨ੍ਹਾਂ ਬਾਰੇ ਇਸ ਤਰ੍ਹਾਂ ਲਿਖਿਆ ਹੈ, “ਨਵੀਨ ਪੰਜਾਬੀ ਸਾਹਿਤਯ ਨੂੰ ਇਤਨਾ ਹਰ ਦਿਲ ਅਜ਼ੀਜ਼ ਤੇ ਵਿਸ਼ਾਲ ਬਣਾਉਣ ਵਿੱਚ ਜੋ ਘਾਲ ਭਾਈ ਵੀਰ ਸਿੰਘ ਨੇ ਘਾਲੀ ਹੈ, ਉਸ ਲਈ ਹਰ ਇੱਕ ਪੰਜਾਬੀ ਦਾ ਪਿਆਰਾ ਉਨ੍ਹਾਂ ਦਾ ਰਿਣੀ ਹੈ।”
ਉਹ ਅਤਿ ਨਿਮਰਤਾ ਵਾਲੇ ਵਿਅਕਤੀ ਸਨ ਤੇ ਆਪਣਾ ਨਾਂ ਵੀ ਆਪਣੀਆਂ ਕਿਤਾਬਾਂ ਤੇ ਨਹੀਂ ਸਨ ਛਪਵਾਉਣਾ ਚਾਹੁੰਦੇ। ਉਹ ਦੁਨਿਆਵੀ ਰੌਲੇ- ਰੱਪੇ ਤੋਂ ਸਦਾ ਦੂਰ ਰਹਿਣ ਦੀ ਕੋਸ਼ਿਸ਼ ਕਰਦੇ ਸਨ। ਪਰ ਉਹ ‘ਇਕੱਲ’ ਨਹੀਂ ‘ਇਕਾਂਤ’ ਚਾਹੁੰਦੇ ਸਨ। ਨਿਰੀ ਇਕੱਲ ਤਾਂ ਦੁਖਦਾਈ ਹੁੰਦੀ ਹੈ ਤੇ ਜਦੋਂ ਇਹ ਇਕੱਲ ‘ਇਕਾਂਤ’ ਦਾ ਰੂਪ ਧਾਰ ਲੈਂਦੀ, ਤਾਂ ਆਪ ਨੂੰ ਬੜਾ ਸੁਖ ਮਿਲਦਾ ਸੀ। ਪਰ ਆਪ ਨੂੰ ਸਦਾ ਇਸ ਗੱਲ ਦਾ ਅਫਸੋਸ ਹੀ ਰਿਹਾ ਕਿ:

ਮੇਰੀ ਛਿਪੇ ਰਹਿਣ ਦੀ ਚਾਹ, ਤੇ ਛਿਪ ਟੁਰ ਜਾਣ ਦੀ,
ਹਾ, ਪੂਰੀ ਹੁੰਦੀ ਨਾਂਹ, ਮੈਂ ਤਰਲੇ ਲੈ ਰਿਹਾ।

ਭਾਈ ਸਾਹਿਬ ਸੁੰਦਰਤਾ ਦੇ ਵਿਸ਼ੇਸ਼ ਪ੍ਰਸ਼ੰਸਕ ਸਨ। ਕੁਦਰਤੀ ਸੁੰਦਰਤਾ ਆਪ ਨੂੰ ਖਾਸ ਤੌਰ ਤੇ ਖਿੱਚਦੀ ਸੀ ਅਤੇ ਇਸ ਸੌਂਦਰਯ- ਪ੍ਰੇਮ ਨੇ ਆਪ ਨੂੰ ਰੱਬੀ ਰੰਗ ਵਿਖਾ ਕੇ ਵਿਸਮਾਦ ਦੀ ਅਵਸਥਾ ਤੱਕ ਪੁਚਾ ਦਿੱਤਾ:

* ਜਾਤ ਜਨਮ ਤੇ ਅਸਲ ਨਸਲ ਨੂੰ, ਕੋਈ ਕਦੇ ਨਾ ਛਾਣੇ
ਜਦ ਸੁੰਦਰਤਾ ਦਰਸ਼ਨ ਦੇਵੇ, ਸਭ ਕੁਈ ਆਪਣੀ ਜਾਣੇ।
* ਚਾਨਣ ਜਿਵੇਂ ਆਕਾਸ਼ੋਂ ਆਵੇ, ਸ਼ੀਸ਼ਿਆਂ ਤੇ ਪੈ ਚਮਕੇ
ਤਿਵੇਂ ਸੁੰਦਰਤਾ ਅਰਸ਼ੋਂ ਆਵੇ, ਸੋਹਣਿਆਂ ਤੇ ਪੈ ਦਮਕੇ।
* ਹੈ ਧਰਤੀ ਪਰ ਛੋਹ ਅਸਮਾਨੀ, ਸੁੰਦਰਤਾ ਵਿੱਚ ਲਿਸ਼ਕੇ
ਧਰਤੀ ਦੇ ਰਸ, ਸੁਆਦ, ਨਜ਼ਾਰੇ, ਰਮਜ਼ ਅਰਸ਼ ਦੀ ਚਸਕੇ।

ਹਿੰਦ ਪਾਕਿਟ ਬੁਕਸ ਨਵੀਂ ਦਿੱਲੀ ਵੱਲੋਂ 1973 ਵਿੱਚ ਪ੍ਰਕਾਸ਼ਿਤ ‘ਭਾਈ ਵੀਰ ਸਿੰਘ ਦੀਆਂ ਚੋਣਵੀਆਂ ਕਵਿਤਾਵਾਂ’ ਪੁਸਤਕ ਦੇ ਸੰਪਾਦਕ ਵਜੋਂ ਡਾ. ਹਰਿਭਜਨ ਸਿੰਘ ਭਾਈ ਵੀਰ ਸਿੰਘ ਦੇ ਪ੍ਰਕਿਰਤੀ ਚਿਤਰਣ ਬਾਰੇ ਲਿਖਦੇ ਹਨ, “ਨਦੀ ਦੇ ਕਿਨਾਰੇ, ਜੰਗਲ ਬੇਲੇ ਜਾਂ ਅਰਸ਼ ਕਵੀ ਦੇ ਨਿਵਾਸ ਸਥਾਨ ਹਨ, ਪ੍ਰੇਮ ਸਥਾਨ ਨਹੀਂ। ਕਿਉਂਕਿ ਕਵੀ ਦੀ ਦਿਲਚਸਪੀ ਜੀਵਨ ਵਿੱਚ ਨਹੀਂ, ਜੀਵਨ ਦੇ ਅਰਥ ਵਿੱਚ ਹੈ, ਇਸੇ ਲਈ ਉਹ ਪ੍ਰਕਿਰਤੀ ਦੀ ਸੁੰਦਰਤਾ ਤੋਂ ਵਧੀਕ ਪ੍ਰਕਿਰਤੀ ਤੋਂ ਪ੍ਰਾਪਤ ਹੋਣ ਵਾਲੇ ਸੰਕੇਤ ਅਤੇ ਉਪਦੇਸ਼ ਵੱਲ ਰੁਚਿਤ ਹੈ। ਕਦੇ ਕਦੇ ਉਹ ਪ੍ਰਕਿਰਤੀ ਨੂੰ ਕਿਸੇ ਇਤਿਹਾਸਕ ਵੇਰਵੇ ਨਾਲ ਵੀ ਸੰਬੰਧਤ ਕਰਦੇ ਹਨ, ਪਰ ਅਪਵਾਦ ਰੂਪ ਵਿੱਚ। ਪ੍ਰਮੁੱਖ ਤੌਰ ਤੇ ਉਹ ਜਾਂ ਤਾਂ ਕੁਦਰਤ ਵਿਚ ਕਾਦਰ ਦਾ ਦੀਦਾਰ ਕਰਦੇ ਹਨ ਅਤੇ ਜਾਂ ਕੋਈ ਉਪਦੇਸ਼ ਗ੍ਰਹਿਣ ਕਰਦੇ ਹਨ।… ਕਦੀ ਕਦੀ ਭਾਈ ਸਾਹਿਬ ਪ੍ਰਕਿਰਤੀ ਦਾ ਮੂਰਤ ਚਿੱਤਰ ਵੀ ਪੇਸ਼ ਕਰਦੇ ਹਨ। ਪਰ ਸਹਿਜੇ ਹੀ ਉਸ ਤੋਂ ਕੋਈ ਅਮੂਰਤ ਉਪਦੇਸ਼ ਗ੍ਰਹਿਣ ਕਰਨਾ ਚਾਹੁੰਦੇ ਹਨ। ਹੇਠ ਲਿਖੀਆਂ ਦੋ ਉਦਾਹਰਣਾਂ ਵਿੱਚੋਂ ਪਹਿਲੀ ਵਿੱਚ ਪ੍ਰਕਿਰਤੀ ਪ੍ਰਭੂ ਵੱਲ ਸੰਕੇਤ ਕਰਦੀ ਹੈ ਅਤੇ ਦੂਜੀ ਵਿੱਚ ਉਪਦੇਸ਼ ਦ੍ਰਿੜਾਉਂਦੀ ਹੈ:

* ਵੈਰੀ ਨਾਗ ਤੇਰਾ ਪਹਿਲਾ ਝਲਕਾ ਜਦ ਅੱਖੀਆਂ ਵਿੱਚ ਵੱਜਦਾ
ਕੁਦਰਤ ਦੇ ਕਾਦਰ ਦਾ ਜਲਵਾ ਲੈ ਲੈਂਦਾ ਇੱਕ ਸਿਜਦਾ।
* ਸੰਝ ਹੋਈ ਪਰਛਾਵੇਂ ਛੁਪ ਗਏ ਕਿਉਂ ਇੱਛਾਬਲ ਤੂੰ ਜਾਰੀ
ਨੈਂ ਸਰੋਦ ਕਰ ਰਹੀ ਉਵੇਂ ਹੀ ਤੇ ਟੁਰਨੋਂ ਭੀ ਨਹੀਂ ਹਾਰੀ
ਸੈਲਾਨੀ ਤੇ ਪੰਛੀ ਮਾਲੀ ਹਨ ਸਭ ਆਰਾਮ ਵਿੱਚ ਆਏ
ਸਹਿਮ ਸਵਾਦਲਾ ਛਾ ਰਿਹਾ ਸਾਰੇ ਤੇ ਕੁਦਰਤ ਟਿਕ ਗਈ ਸਾਰੀ
ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ
ਨਿਹੁੰ ਵਾਲੇ ਨੈਣਾ ਕੀ ਨੀਂਦਰ ਉਹ ਦਿਨੇ ਰਾਤ ਪਏ ਵਹਿੰਦੇ
ਇੱਕੋ ਲਗਨ ਲਗੀ ਲਈ ਜਾਂਦੀ ਹੈ ਟੋਰ ਅਨੰਤ ਉਨ੍ਹਾਂ ਦੀ
ਵਸਲੋਂ ਉਰੇ ਮੁਕਾਮ ਨਾ ਕੋਈ ਸੋ ਚਾਲ ਪਏ ਨਿੱਤ ਰਹਿੰਦੇ।

ਇਸੇ ਪੁਸਤਕ ਵਿੱਚ ਅੱਗੇ ਚੱਲ ਕੇ ਡਾ. ਹਰਭਜਨ ਸਿੰਘ ਨੇ ਲਿਖਿਆ ਹੈ, “ਭਾਈ ਸਾਹਿਬ ਕੁਦਰਤ ਨੂੰ ਕਾਦਰ ਨਾਲ, ਦ੍ਰਿਸ਼ ਨੂੰ ਦ੍ਰਿਸ਼ਟੀ ਨਾਲ ਅਤੇ ਫਰਸ਼ ਨੂੰ ਅਰਸ਼ ਨਾਲ ਜੋਡ਼ਦੇ ਹਨ। ਕਸ਼ਮੀਰ ਜਿਹੇ ਸੁੰਦਰ ਦੇਸ਼ ਬਾਰੇ ਕਹਿੰਦੇ ਹਨ : ‘ਹੈ ਧਰਤੀ ਪਰ ਛੋਹ ਅਸਮਾਨੀ’, ਸੁੰਦਰ ਵਿਅਕਤੀਆਂ ਬਾਰੇ ਕਹਿੰਦੇ ਹਨ:’ਤਿਵੇਂ ਸੁੰਦਰਤਾ ਅਰਸ਼ੋਂ ਆਵੇ’। ਇਹ ਬਿਰਤੀ ਭਾਈ ਸਾਹਿਬ ਦੀ ਕਾਵਿ ਰਚਨਾ ਦਾ ਬੁਨਿਆਦੀ ਤੱਤ ਹੈ। ਉਹ ਤਾਂ ਧਰਤੀ ਉੱਪਰ ਰਚੀ ਜਾ ਰਹੀ ਕਵਿਤਾ ਦੇ ਕਰਤਾਰੀ ਸਿਧਾਂਤ ਦਾ ਨਿਵਾਸ ਵੀ ਅਰਸ਼ਾਂ ਵਿੱਚ ਮੰਨਦੇ ਹਨ।”
ਭਾਈ ਵੀਰ ਸਿੰਘ ਦਾ ਇੱਕ ਕਾਵਿ ਸੰਗ੍ਰਹਿ ਹੈ- ‘ਮਟਕ ਹੁਲਾਰੇ’ ਇਹ ਦਾ ਪੂਰਾ ਨਾਂ ਹੈ ‘ਮਟਕ ਹੁਲਾਰੇ (ਅਰਥਾਤ ਕਸ਼ਮੀਰ ਕਾਵਿ ਰੰਗ)’। ਸੰਨ 1925 ਵਿੱਚ ਪਹਿਲੀ ਵਾਰ ਛਪੇ ਇਸ ਸੰਗ੍ਰਹਿ ਵਿਚ ਕਵੀ ਦੇ 1922 ਈ. ਵਿੱਚ ਕਸ਼ਮੀਰ ਜਾਣ ਤੇ ਉੱਥੋਂ ਦੇ ਸੁੰਦਰ ਕੁਦਰਤੀ ਨਜ਼ਾਰਿਆਂ ਤੋਂ ਪ੍ਰਭਾਵਿਤ ਹੋ ਕੇ ਰਚੀਆਂ ਕਵਿਤਾਵਾਂ ਸ਼ਾਮਿਲ ਹਨ। ਕੁਝ ਰਚਨਾਵਾਂ ਬਾਅਦ ਦੇ ਤਿੰਨ ਵਰ੍ਹਿਆਂ ਦੀਆਂ ਵੀ ਸੰਕਲਿਤ ਹਨ। ਇਸ ਪੁਸਤਕ ਨੂੰ ਕਰਤਾ ਨੇ ਛੇ ਹਿੱਸਿਆਂ, ਕ੍ਰਮਵਾਰ ਰਸ ਰੰਗ ਛੋਹ, ਪੱਥਰ ਕੰਬਣੀਆਂ, ਕਸ਼ਮੀਰ ਨਜ਼ਾਰੇ,ਲੱਲੀ, ਨਿਸ਼ਾਤ ਤੇ ਨੂਰ ਜਹਾਂ,ਫਰਾਮੁਰਜ਼ ਦੀ ਵਿਲਕਣੀ ਵਿੱਚ ਵੰਡਿਆ ਹੈ। ਪ੍ਰੋ. ਪੂਰਨ ਸਿੰਘ ਨੇ ਇਸ ਦੇ ਮੁੱਖਬੰਦ ਵਿੱਚ ਲਿਖਿਆ ਹੈ- “ਇਸ ਸੰਚਯ ਵਿੱਚ ਅੰਕਿਤ ਕਵਿਤਾ ਦੀਆਂ ਚੰਨ ਟੁਕੜੀਆਂ ਚਿੱਤਰਕਾਰ ਜੀ ਨੇ ਪੈਨਸਲ ਦੀਆਂ ਮੱਧਮ ਲਕੀਰਾਂ ਜੇਹੀਆਂ ਵਿੱਚ ਲੁਕਾਈਆਂ ਬੈਰਾਗੀ ਵਰਕਿਆਂ ਵਿੱਚ ਸੁੱਟੀਆਂ ਹੋਈਆਂ ਹਨ। ਇਹ ਕਾਗਤ ਟੁਕੜੇ ਵਿਕੋਲਿਤਰੇ ਪਏ ਸਨ।… ਕਈ ਵੇਰ ਅੰਮ੍ਰਿਤਸਰ ਆਇਆਂ ਇਹ ਨੂਰੀ ਚੀਜ਼ਾਂ ਮੈਨੂੰ ਇਉਂ ਦਿੱਸ ਪਈਆਂ ਜਿਵੇਂ ਕੋਈ ਰੂਪਵੰਤੀਆਂ ਸਾਹਜ਼ਾਦਿਆਂ ਭਰ ਜਵਾਨੀ ਦੇ ਜੋਸ਼ ਵਿੱਚ ਆਪੇ ਤੇ ਮਸਤ ਹੋ ਮਹਲਾਂ ਨੂੰ ਛੱਡ ‘ਰੂਪ ਮਾਣਨ’ ਦੇ ਉਨਮਾਦ ਵਿੱਚ ਲੀਰਾਂ ਪਾਈ ਰੁਲ ਰਹੀਆਂ ਹਨ, ਉਨ੍ਹਾਂ ਦੇ ਸੋਹਣੇ ਅੰਗ ਤੇ ਰੂਪ ਪਿਨਸਲੀ ਮੱਧਮਤਾ ਵਿੱਚੋਂ ਵੀ ਚਮਕਦੇ ਹਨ। ਇਹ ਕਾਵਯ ਦੀਆਂ ਸਤਰਾਂ ਨਹੀਂ; ਇਹ ਸੁਅੰਗਨੀਆਂ ਸੁੰਦਰੀਆਂ ਹਨ। ਕੋਈ ਰਾਜ ਕੰਨਯਾਂ ਹਨ। ਇਹ ਦੇਵੀਆਂ ਕਸ਼ਮੀਰ ਬਾਗ ਵਿੱਚ ਫਿਰਦੀਆਂ ਕਈ ਵੇਰ ਡੂੰਘੀਆਂ ਸ਼ਾਮਾਂ ਦੇ ਹਨੇਰੇ ਵਿੱਚ ਆਣ ਕਰਤਾ ਜੀ ਨੂੰ ਮਿਲੀਆਂ ਤੇ ਉਨ੍ਹਾਂ ਦੀ ਬਾਂਹ ਪਕੜ ਨਾਲ ਤੁਰੀਆਂ ਆਈਆਂ, ਇਉਂ ਇੱਕਮਿੱਕ ਹੋਈਆਂ ਜਿਵੇਂ ਸਦੀਆਂ ਦੀਆਂ ਵਾਕਫ਼ ਸਨ। ਡੂੰਘੀਆਂ ਸ਼ਾਮਾਂ ਦੇ ਮੂੰਹ- ਝਾਖਰਿਆਂ ਵਿੱਚ ਇਨ੍ਹਾਂ ਦੇ ਮੂੰਹ ਵੇਖਣ ਨੂੰ ਕਰਤਾ ਜੀ ਨੇ ਕਸ਼ਮੀਰ ਦੀਆਂ ਉਜਾੜਾਂ ਤੇ ‘ਬਨ-ਰਾਹਾਂ’ ਵਿੱਚ ਖਲੋ ਕਿਸੇ ਪੇਂਡੂ ਹੱਟੀ ਵਾਲੇ ਦੇ ਦੀਵੇ ਉਧਾਰ ਲਏ ਤੇ …ਉਧਾਰ ਦੇਣ ਵਾਲਿਆਂ ਨੂੰ ਪਤਾ ਨਾ ਲੱਗਾ ਕਿ ਦੀਵੇ ਉਧਾਰ ਲੈਣ ਵਾਲਿਆਂ ਨੇ ਮਾਂਗਵੇਂ ਦੀਵਿਆਂ ਦੀਆਂ ਲਾਟਾਂ ਹੇਠ ਕਿੰਨੇ ਪਿਆਰ ਪਾਏ, ਦੋਸਤ ਬਣਾਏ, ਬੰਦੇ ਪਛਾਤੇ,, ਸੋਹਣੇ ਸੁਫਨੇ ਗਲ ਲਾਏ, ਸੁੰਦਰਤਾ ਦੀਆਂ ਛਬੀਆਂ ਘੜੀਆਂ, ਸਵਾਰੀਆਂ ਤੇ ਸਜਾਈਆਂ।”
ਇਸ ਪੁਸਤਕ ਦੇ ਛੇ ਭਾਗਾਂ ਵਿੱਚ ਕੁੱਲ 59 ਕਵਿਤਾਵਾਂ ਹਨ। ‘ਵਿੱਛੜੀ ਕੂੰਜ’ ਤੇ ‘ਵਿੱਛੜੀ ਰੂਹ’ ਦੋ ਕਾਵਿ ਟੁਕੜੀਆਂ ਅਲੱਗ ਹਨ। ਇਸ ਦੇ ਪਹਿਲੇ ਭਾਗ ‘ਰਸ ਰੰਗ ਛੋਹ’ ਤੋਂ ਬਿਨਾਂ ਸਾਰੀਆਂ ਕਵਿਤਾਵਾਂ ਕਸ਼ਮੀਰ ਦੀ ਸੁੰਦਰਤਾ ਅਤੇ ਉਸ ਦੇ ਸੰਸਕ੍ਰਿਤਕ ਇਤਿਹਾਸ ਤੇ ਕੁਝ ਵਾਰਤਾਵਾਂ ਨਾਲ ਸਬੰਧਤ ਹਨ। ਇਸਦਾ ਪਹਿਲਾ ਭਾਗ ਵਿਸ਼ੇ ਸ਼ੈਲੀ ਦੇ ਪੱਖ ਤੋਂ ‘ਲਹਿਰਾਂ ਦੇ ਹਾਰ’ ਦੇ ‘ਤਰੇਲ ਤੁਪਕੇ’ ਭਾਗ ਨਾਲ ਮਿਲਦਾ ਹੈ। ਦੂਜਾ ਭਾਗ ‘ਪੱਥਰ ਕੰਬਣੀਆਂ’ ਦੀਆਂ ਤਿੰਨ ਕਵਿਤਾਵਾਂ ਕਸ਼ਮੀਰ ਦੀ ਸੰਸਕ੍ਰਿਤੀ ਵੱਲ ਸੰਕੇਤ ਕਰਦੀਆਂ ਹਨ। ਤੀਜੇ ਭਾਗ ‘ਕਸ਼ਮੀਰ ਨਜ਼ਾਰੇ’ ਵਿੱਚ ਕਸ਼ਮੀਰ ਦੇ ਪ੍ਰਾਕ੍ਰਿਤਕ ਦ੍ਰਿਸ਼ਾਂ ਨੂੰ ਉਲੀਕਿਆ ਗਿਆ ਹੈ। ਇਨ੍ਹਾਂ ਤੋਂ ਬਾਅਦ ਕੁਝ ਲੰਮੇਰੀਆਂ ਕਵਿਤਾਵਾਂ ‘ਲੱਲੀ’, ‘ਨਿਸ਼ਾਂਤ ਬਾਗ ਤੇ ਨੂਰ ਜਹਾਂ’ ਅਤੇ ‘ਫਰਾਮੁਰਜ਼ ਦੀ ਵਿਲਕਣੀ’ ਹਨ।
ਇਸ ਸੰਗ੍ਰਹਿ ਵਿੱਚ ਕੁਝ ਕਵਿਤਾਵਾਂ ਸਿੱਧੇ ਤੌਰ ਤੇ ਕਸ਼ਮੀਰ ਦੇ ਪ੍ਰਕਿਰਤਕ ਨਜ਼ਾਰਿਆਂ(ਬਾਗਾਂ, ਚਸ਼ਮਿਆਂ, ਝੀਲਾਂ, ਮੰਦਰਾਂ ਆਦਿ) ਨਾਲ ਜੁੜੀਆਂ ਹੋਈਆਂ ਹਨ। ਜਿਵੇਂ ਅਨੰਤ ਦੀ ਛੋਹ, ਸ਼ਿਕਾਰਾ ਡੱਲ, ਅਵਾਂਤੀਪੁਰੇ ਦੇ ਖੰਡਰ, ਮੰਦਰ ਮਾਰਤੰਡ ਦੇ ਖੰਡਰ, ਕੰਬਦੇ ਪੱਥਰ, ਚਸ਼ਮਾ ਸ਼ਾਹੀ, ਛੰਬ ਹਾਰਵਨ, ਨਿਸ਼ਾਤ ਬਾਗ, ਬੀਜ ਬਿਹਾੜੇ ਦੇ ਬੁੱਢੇ ਚਿਨਾਰ ਨੂੰ, ਗੰਧਕ ਦਾ ਚਸ਼ਮਾ, ਇੱਛਾਬਲ ਨਾਦ, ਇੱਛਾਬਲ, ਇੱਛਾਬਲ ਦੇ ਚਿਨਾਰ ਤੇ ਨੂਰ ਜਹਾਂ, ਚਸ਼ਮਾ ਇੱਛਾਬਲ ਤੇ ਡੂੰਘੀਆਂ ਸ਼ਾਮਾਂ, ਚਸ਼ਮਾ ਕੁੱਕੜਨਾਗ, ਵੈਰੀ ਨਾਗ ਦਾ ਪਹਿਲਾ ਝਲਕਾ, ਵੈਰੀਨਾਗ, ਵਿਦਸਥਾ ਦਾ ਸੋਮਾ,ਚਸ਼ਮਾ ਮਟਨ ਸਾਹਿਬ, ਲਿਧੜ ਨੈਂ, ਗਣੇਸ਼ਪੁਰ ਦੇ ਟਿੱਬੇ ਦੀਆਂ ਜੂਹਾਂ, ਪਹਿਲਗਾਮ, ਗੁਲਮਰਗ, ਗਾਂਧਰ ਬਲ, ਵੁੱਲਰ, ਕ੍ਰਿਸ਼ਨ ਗੰਗਾ, ਲਿੱਲੀ, ਨਿਸ਼ਾਤ ਤੇ ਨੂਰਜਹਾਂ, ਭਾਗਭਰੀ ਦੇ ਦਰਸ਼ਨਾਂ ਪੁਰ, ਡੱਲ, ਨਸੀਮ ਬਾਗ਼, ਸ਼ਾਲਾਮਾਰ, ਟੁਕੜੀ ਜੱਗ ਤੋਂ ਨਿਆਰੀ, ਕਸ਼ਮੀਰ ਤੋਂ ਵਿਦੈਗੀ ਆਦਿ। ਇਨ੍ਹਾਂ ‘ਚੋਂ ‘ਟੁਕੜੀ ਜੱਗ ਤੋਂ ਨਿਆਰੀ’ ਅਤੇ ‘ਕਸ਼ਮੀਰ ਤੋਂ ਵਿਦੈਗੀ’ ਦੀਆਂ ਕੁਝ ਪੰਕਤੀਆਂ ਪੜ੍ਹਨਯੋਗ ਹਨ:

* ਜਿਸ ਥਾਂਵੇਂ ਧਰਤੀ ਤੇ ਆ ਕੇ, ਮੁੱਠੀ ਡਿੱਗੀ ਸਾਰੀ
ਓਸ ਥਾਉਂ ਕਸ਼ਮੀਰ ਬਣ ਗਿਆ, ਟੁਕੜੀ ਜੱਗ ਤੋਂ ਨਿਆਰੀ।
* ਸੋਹਣਿਆਂ ਤੋਂ ਜਦ ਵਿਛੜਨ ਲੱਗੀਏ, ਦਿਲ ਦਿਲਗੀਰੀ ਖਾਵੇ
ਪਰ ਤੈਥੋਂ ਟੁਰਦਿਆਂ ਐ ਕਸ਼ਮੀਰੇ, ਸਾਨੂੰ ਨਾ ਦੁੱਖ ਆਵੇ।

ਭਾਈ ਵੀਰ ਸਿੰਘ ਨੇ ਆਪਣੀਆਂ ਕਵਿਤਾਵਾਂ ਵਿੱਚ ਕੁਦਰਤ ਦਾ ਵਿਸਮਾਦੀ ਰੂਪ ਪੇਸ਼ ਕੀਤਾ ਹੈ। ‘ਟੁਕੜੀ ਜੱਗ ਤੋਂ ਨਿਆਰੀ’ ਵਿੱਚ ਤਾਂ ਆਪ ਨੇ ਪ੍ਰਕਿਰਤੀ ਨੂੰ ਪਰਮਾਤਮਾ ਦੇ ਆਪਣੇ ਹੱਥਾਂ ਨਾਲ ਸਾਜੀ ਹੋਈ ਸਿੱਧ ਕੀਤਾ ਹੈ। ਇਸੇ ਤਰ੍ਹਾਂ ‘ਵੈਰੀ ਨਾਗ ਦਾ ਪਹਿਲਾ ਝਲਕਾ’ ਵਿੱਚ ਭਾਈ ਸਾਹਿਬ ਕੁਦਰਤ ਵਿਚੋਂ ਕਾਦਰ ਲੱਭਣ ਦੀ ਪ੍ਰਕਿਰਿਆ ਨੂੰ ਮੂਰਤੀਮਾਨ ਕਰਦੇ ਹਨ। ਭਾਈ ਸਾਹਿਬ ਦੇ ਅਨੁਭਵ ਵਿੱਚ ਪ੍ਰਕਿਰਤੀ ਨੂੰ ਮਾਤਾ ਦੇ ਰੂਪ ਵਿੱਚ ਦ੍ਰਿਸ਼ਟੀਗੋਚਰ ਕਰਨ ਦੀ ਰੁਚੀ ਵੀ ਵੇਖੀ ਜਾ ਸਕਦੀ ਹੈ:

ਜਿਉਂ ਮਾਵਾਂ ਤਿਉਂ ਠੰਢੀਆਂ ਛਾਵਾਂ, ਅਸਾਂ ਤੁਧੇ ਦੀਆਂ ਡਿੱਠੀਆਂ
ਠੰਡੀ ਪਿਆਰੀ ਗੋਦ ਤੁਧੇ ਦੀ, ਛਾਵਾਂ ਮਿੱਠੀਆਂ ਮਿੱਠੀਆਂ।

ਭਾਈ ਵੀਰ ਸਿੰਘ ਦਾ ਪ੍ਰਕਿਰਤੀ ਪ੍ਰਗਟਾਵਾ ਵਰਡਜ਼ਵਰਥ ਤੋਂ ਵੀ ਵੱਖਰਾ ਹੈ ਅਤੇ ਰਾਬਰਟ ਫਰੌਸਟ ਤੋਂ ਵੀ। ਇਹ ਵਾਲਟ ਵਿਟਮੈਨ ਤੋਂ ਵੀ ਭਿੰਨ ਹੈ ਅਤੇ ਐਮਰਸਨ ਤੋਂ ਵੀ। ਇਹਦੀ ਆਪਣੀ ਨਿਵੇਕਲੀ ਪਛਾਣ ਹੈ ਤੇ ਨਿਵੇਕਲੀ ਆਭਾ ਹੈ।

ਪ੍ਰੋ. ਨਵ ਸੰਗੀਤ ਸਿੰਘ

ਅਕਾਲ ਯੂਨੀਵਰਸਿਟੀ
ਤਲਵੰਡੀ ਸਾਬੋ ਬਠਿੰਡਾ
9417692015

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: