ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਵਾਤਾਵਰਣ ਸੰਭਾਲ ਬਾਰੇ ਅੰਤਰ-ਅਨੁਸ਼ਾਸਨੀ ਰਿਫਰੈਸ਼ਰ ਕੋਰਸ ਸੰਪੰਨ

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਵਾਤਾਵਰਣ ਸੰਭਾਲ ਬਾਰੇ ਅੰਤਰ-ਅਨੁਸ਼ਾਸਨੀ ਰਿਫਰੈਸ਼ਰ ਕੋਰਸ ਸੰਪੰਨ
ਅੰਮ੍ਰਿਤਸਰ, 02 ਦਸੰਬਰ, 2020 (ਨਿਰਪੱਖ ਆਵਾਜ਼ ਬਿਊਰੋ): ਗੁਰੂ ਨਾਨਕ ਦੇਵ ਯੂਨਵਿਰਸਿਟੀ ਵਿਖੇ ਸੰਪੰਨ ਹੋਏ ਦੋ ਹਫਤਿਆਂ ਦੇ ਆਨ ਲਾਈਨ ਰਿਫਰੈਸ਼ਰ ਕੋਰਸ `ਚ ਆਈ.ਆਈ.ਟੀ. ਬੰਬੇ, ਆਈ.ਆਈ.ਟੀ. ਰੋਪੜ, ਆਈ.ਆਈ.ਟੀ. ਗਾਂਧੀਨਗਰ, ਆਈ.ਆਈ.ਟੀ. ਖੜਗਪੁਰ, ਬੀ.ਐਚ.ਯੂ. ਵਾਰਾਣਸੀ, ਜੇ.ਐਨ.ਯੂ. ਨਵੀਂ ਦਿੱਲੀ, ਪੀ.ਜੀ.ਆਈ.ਐਮ.ਆਰ. ਚੰਡੀਗੜ੍ਹ, ਪੀ.ਐਸ.ਸੀ.ਐਸ.ਟੀ. ਚੰਡੀਗੜ੍ਹ, ਐਨ.ਆਈ.ਟੀ. ਸੂਰਤ, ਐਨ.ਆਈ.ਟੀ. ਜਲੰਧਰ, ਜੈਪੀ ਯੂਨੀਵਰਸਿਟੀ ਸੋਲਨ, ਸੈਂਟਰਲ ਪੰਜਾਬ ਯੂਨੀਵਰਸਿਟੀ, ਜੰਮੂ ਦੀ ਕੇਂਦਰੀ ਯੂਨੀਵਰਸਿਟੀ, ਹਿਮਾਚਲ ਪ੍ਰਦੇਸ਼ ਦੀ ਕੇਂਦਰੀ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਟੀ.ਆਈ.ਈ.ਟੀ. ਪਟਿਆਲਾ, ਸੀ.ਐਸ.ਆਈ.ਆਰ.ਆਈ.ਐਚ.ਬੀ.ਟੀ. ਪਾਲਮਪੁਰ, ਹੈਦਰਾਬਾਦ ਯੂਨੀਵਰਸਿਟੀ ਤੋਂ 16 ਦੇ ਲਗਪਗ ਵਿਦਵਾਨਾਂ ਨੇ ਵਾਤਾਵਰਣ ਸੰਭਾਲ ਬਾਰੇ ਆਪਣੇ ਵਡਮੁੱਲੇ ਵਿਚਾਰ ਪੇਸ਼ ਕੀਤੇ। ਵੱਖ-ਵੱਖ ਖੇਤਰਾਂ ਜਿਵੇਂ ਕਿ ਗੰਦੇ ਪਾਣੀ ਦੇ ਉਪਚਾਰ, ਗੰਭੀਰ ਕਿਸਮ ਦਾ ਹਵਾ ਪ੍ਰਦੂਸ਼ਣ, ਸੰਤੁਲਿਤ ਵਿਕਾਸ, ਜੈਵ ਵਿਭਿੰਨਤਾ, ਠੋਸ ਰਹਿੰਦ-ਖੂੰਹਦ ਪ੍ਰਬੰਧਨ, ਸਰੋਤ ਸੰਭਾਲ, ਸਮਾਰਟ ਸਮੱਗਰੀ, ਨਦੀ ਪ੍ਰਦੂਸ਼ਣ, ਤਾਲਾਬੰਦੀ ਦੌਰਾਨ ਹਵਾ ਦੀ ਕੁਆਲਿਟੀ ਵਿੱਚ ਸੁਧਾਰ, ਹਵਾ ਦੀ ਕੁਆਲਟੀ ਅਤੇ ਹੋਰ ਕਈ ਮਹੱਤਵਪੂਰਨ ਵਿਸ਼ਿਆਂ `ਤੇ ਇਸ ਮੌਕੇ ਚਰਚਾ ਕੀਤੀ ਗਈ।
ਯੂ.ਜੀ.ਸੀ.-ਐਚ.ਆਰ.ਡੀ.ਸੀ. ਦੇ ਡਾਇਰੈਕਟਰ ਪ੍ਰੋ. ਆਦਰਸ਼ ਪਾਲ ਵਿੱਗ ਨੇ ਸਮਾਪਤੀ ਸਮਾੋਰਹ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੇ ਡੀਨ ਵਿਦਿਆਰਥੀ ਭਲਾਈ ਪ੍ਰੋ. ਹਰਦੀਪ ਸਿੰਘ ਨੂੰ ਜੀ ਆਇਆਂ ਆਖਿਆ। ਪ੍ਰੋਫੈਸਰ ਹਰਦੀਪ ਸਿੰਘ ਨੇ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਅਤੇ ਕਰਮਚਾਰੀਆਂ ਲਈ ਇਲੈਕਟ੍ਰਿਕ ਬਸ ਸ਼ੁਰੂ ਕਰਨ, ਜ਼ੀਰੋ ਵੇਸਟ ਵਾਟਰ ਡਿਸਚਾਰਜ ਕੈਂਪਸ ਵਰਗੇ ਵੱਖ ਵੱਖ ਉਪਰਾਲਿਆਂ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਦੇ ਯਤਨਾ ਸਦਕਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵਾਤਾਵਰਣ ਸੰਭਾਲ ਸਬੰਧੀ ਚੁੱਕੇ ਕਦਮਾਂ ਸਦਕਾ ਯੂਨੀਵਰਸਿਟੀ ਦਾ ਮੋਢੀ ਯੂਨੀਵਰਸਿਟੀਆਂ ਵਿਚ ਨਾਂ ਹੈ।
ਕੋਰਸ ਦੇ ਕੋਆਰਡੀਨੇਟਰ, ਪ੍ਰੋ. ਐਮ.ਐਸ. ਭੱਟੀ ਨੇ ਵਾਈਸ ਚਾਂਸਲਰ ਪ੍ਰੋ. ਸੰਧੂ ਅਤੇ ਸਟਾਫ ਦਾ ਕੋਰਸ ਨੂੰ ਨਿਰਵਿਘਨ ਚਲਾਉਣ ਵਿਚ ਪੂਰੇ ਦਿਲੋਂ ਸਹਿਯੋਗ ਲਈ ਧੰਨਵਾਦ ਕੀਤਾ।