ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸਤਾਰ੍ਹਵੀਂ ਸਦੀ ਵਿਚ ਸ਼ਹਾਦਤ ਦੀ ਟੈਕਸਟ ਅਤੇ ਪ੍ਰਸੰਗ ਵਿਸ਼ੇ `ਤੇ ਭਾਸ਼ਣ ਦਾ ਆਯੋਜਨ

????????????????????????????????????
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸਤਾਰ੍ਹਵੀਂ ਸਦੀ ਵਿਚ ਸ਼ਹਾਦਤ ਦੀ ਟੈਕਸਟ ਅਤੇ ਪ੍ਰਸੰਗ ਵਿਸ਼ੇ `ਤੇ ਭਾਸ਼ਣ ਦਾ ਆਯੋਜਨ

ਅੰਮ੍ਰਿਤਸਰ 3 ਮਾਰਚ, 2021 – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵੱਲੋਂ ਅੰਤਰ-ਰਾਸ਼ਟਰੀ ਮਾਤ-ਭਾਸ਼ਾ ਦਿਵਸ ਨੂੰ ਸਮਰਪਿਤ ਡਾ. ਪਰਮਜੀਤ ਸਿੰਘ ਵਾਲੀਆ ਯਾਦਗਾਰੀ ਭਾਸ਼ਣ ਕਰਵਾਇਆ ਗਿਆ।‘ਸਤਾਰ੍ਹਵੀਂ ਸਦੀ ਵਿਚ ਸ਼ਹਾਦਤ ਦੀ ਟੈਕਸਟ ਅਤੇ ਪ੍ਰਸੰਗ’ ਵਿਸ਼ੇ ’ਤੇ ਇਹ ਯਾਦਗਾਰੀ ਭਾਸ਼ਣ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਪ੍ਰਬੁੱਧ ਇਤਿਹਾਸਕਾਰ ਪ੍ਰ੍ਰੋ. ਈਸ਼ਵਰ ਦਿਆਲ ਗੌੜ ਨੇ ਦਿੱਤਾ ਅਤੇ ਸਮਾਗਮ ਦੀ ਪ੍ਰਧਾਨਗੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਦਿੱਲੀ ਦੇ ਪੋ੍ਰਫ਼ੈਸਰ ਐਮਰੀਟਸ ਪ੍ਰੋ. ਹਰਜੀਤ ਸਿੰਘ ਗਿੱਲ ਨੇ ਕੀਤੀ। ਆਰੰਭ ਵਿਚ ਵਿਭਾਗ ਦੇ ਮੁਖੀ ਡਾ. ਰਮਿੰਦਰ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ।
ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਕਰਨਜੀਤ ਸਿੰਘ ਕਾਹਲੋਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਅਤੇ ਬਾਣੀ ਤੋਂ ਦਿਸ਼ਾ ਲੈਂਦਿਆਂ ਸਾਨੂੰ ਵਰਤਮਾਨ ਸਮੱਸਿਆਵਾਂ ਦੇ ਉਚਿੱਤ ਹੱਲ ਵੱਲ ਅਗਰਸਰ ਹੋਣਾ ਚਾਹੀਦਾ ਹੈ। ਯਾਦਗਾਰੀ ਭਾਸ਼ਣ ਦੇ ਕੋਆਰਡੀਨੇਟਰ ਡਾ. ਮਨਜਿੰਦਰ ਸਿੰਘ ਨੇ ਮੁੱਖ ਵਕਤਾ ਅਤੇ ਭਾਸ਼ਣ ਦੇ ਵਿਸ਼ੇ ਸੰਬੰਧੀ ਜਾਣ-ਪਛਾਣ ਕਰਵਾਉਂਦਿਆਂ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸਰਬ ਸਾਂਝੀਵਾਲਤਾ ਅਤੇ ਸਰਬੱਤ ਦੇ ਭਲੇ ਦਾ ਪ੍ਰਵਚਨ ਹੈ। ਇਸੇ ਪ੍ਰਸੰਗ ਵਿਚ ਹੀ ਗੁਰੂ ਸਾਹਿਬ ਦੀ ਸ਼ਹਾਦਤ ਦੇ ਸਹੀ ਅਰਥਾਂ ਨੂੰ ਸਮਝਿਆ ਜਾ ਸਕਦਾ ਹੈ।
ਡਾ. ਗੌੜ ਨੇ ਆਪਣੇ ਭਾਸ਼ਣ ਦੌਰਾਨ ਸ਼ਹਾਦਤ ਦੇ ਸੰਕਲਪ ਨੂੰ ਵਿਭਿੰਨ ਦਾਰਸ਼ਨਿਕ ਪੱਧਤੀਆਂ ਦੇ ਇਤਿਹਾਸਕ ਪ੍ਰਸੰਗ ਵਿਚ ਪ੍ਰਸਤੁਤ ਕੀਤਾ। ਉਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਅੰਤਰ ਅਨੁਸ਼ਾਸਨੀ ਪਹੁੰਚ ਵਿਧੀ ਰਾਹੀਂ ਪ੍ਰਸਤੁਤ ਕਰਦਿਆਂ ਨਿਵੇਕਲੇ ਅਰਥ ਪ੍ਰਦਾਨ ਕੀਤੇ। ਡਾ. ਹਰਜੀਤ ਸਿੰਘ ਗਿੱਲ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਇਤਿਹਾਸਕ ਤੱਥਾਂ ਨੂੰ ਨਿਰਪੱਖ ਦ੍ਰਿਸ਼ਟੀਕੋਣ ਤੋਂ ਵੇਖਣ ਦਾ ਵਿਚਾਰ ਪੇਸ਼ ਕੀਤਾ।
ਡਾ. ਮੇਘਾ ਸਲਵਾਨ ਨੇ ਸਮਾਗਮ ਵਿਚ ਸ਼ਾਮਿਲ ਮੁੱਖ ਵਕਤਾ, ਸਮੂਹ ਅਧਿਆਪਕਾਂ ਤੇ ਖੋਜ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਜੋਗਿੰਦਰ ਸਿੰਘ, ਰਾਜਕੁਮਾਰ ਹੰਸ, ਡਾ. ਉੱਜਲਜੀਤ, ਡਾ. ਅਮਨਦੀਪ, ਵਿਭਾਗ ਦੇ ਅਧਿਆਪਕ ਡਾ. ਬਲਜੀਤ ਕੌਰ ਰਿਆੜ, ਡਾ. ਪਵਨ ਕੁਮਾਰ, ਡਾ. ਇੰਦਰਪ੍ਰੀਤ, ਡਾ. ਜਸਪਾਲ ਸਿੰਘ, ਡਾ. ਕੰਵਲਜੀਤ ਕੌਰ, ਡਾ. ਹਰਿੰਦਰ ਸਿੰਘ, ਡਾ. ਕੰਵਲਦੀਪ ਕੌਰ, ਖੋਜ ਵਿਦਿਆਰਥੀਆਂ ਤੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ।