ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 51ਵੇਂ ਸਥਾਪਨਾ ਦਿਵਸ (24 ਨਵੰਬਰ) `ਤੇ ਵਿਸ਼ੇਸ਼

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 51ਵੇਂ ਸਥਾਪਨਾ ਦਿਵਸ (24 ਨਵੰਬਰ) `ਤੇ ਵਿਸ਼ੇਸ਼
ਵਿਸ਼ਵ ਵਿਆਪੀ ਕੋਰੋਨਾ ਵਾਇਰਸ ਕੋਵਿਡ -19 ਦੇ ਨਾਲ ਬਣੇ ਚੁਣੌਤੀ ਪੂਰਨ ਹਲਾਤਾਂ ਵਿਚ ਗੁਰੂ ਨਾਨਕ ਦੇਵ ਯੂਨਵਿਰਸਿਟੀ ਆਪਣਾ 51ਵਾਂ ਸਥਾਪਨਾ ਦਿਵਸ 24 ਨਵੰਬਰ 2020 ਨੂੰ ਮਨਾਉਣ ਜਾ ਰਹੀ ਹੈ ਜਿਸ ਦੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਉਪਰੰਤ ਦੋ ਪੰਜਾਬੀ ਨਾਮਵਰ ਸਖਸ਼ੀਅਤਾਂ ਸ. ਨਵਦੀਪ ਸਿੰਘ ਸੂਰੀ, ਆਈ ਐਫ ਐਸ (ਰਿਟਾ.) ਸਾਬਕਾ ਅੰਬੈਸਡਰ, ਮਿਸਰ ਅਤੇ ਯੂ.ਏ.ਈ. (ਸਾਬਕਾ ਵਿਦਿਆਰਥੀ ਗੁਰੂ ਨਾਨਕ ਦੇਵ ਯੂਨੀਵਰਸਿਟੀ) ਅਤੇ ਡਾ. ਜੋਗੀਸ਼ਵਰ ਸਿੰਘ, ਆਈ.ਏ.ਐਸ. (ਰਿਟਾ.) ਸਾਬਕਾ ਮੈਨੇਜਿੰਗ ਡਾਇਰੈਕਟਰ, ਐਡਮੰਡ ਡੇ ਰੌਥਸਚਾਇਲਡ ਜਨੇਵਾ, ਸਵਿਟਜ਼ਰਲੈਂਡ ਵੱਲੋਂ ਆਪਣੇ ਅਕਾਦਮਿਕ ਭਾਸ਼ਣ ਆਨਲਾਈਨ ਦਿੱਤੇ ਜਾਣੇ ਹਨ। ਆਨਲਾਈਨ ਲਿੰਕ http://online.gndu.ac.in/foundationday51.html `ਤੇ ਜਾ ਕੇ ਸਿੱਧੇ ਇਨ੍ਹਾਂ ਸਥਾਪਨਾ ਦਿਵਸ ਸਮਾਰੋਹ ਦਾ ਹਿੱਸਾ ਬਣਿਆ ਜਾ ਸਕਦਾ ਹੈ।
ਕੋਵਿਡ-19 ਦੇ ਇਸ ਸਾਲ ਨੇ ਜਿਥੇ ਹਰੇਕ ਖੇਤਰ ਨੂੰ ਪ੍ਰਭਾਵਿਤ ਕੀਤਾ ਉਥੇ ਉਚੇਰੀ ਸਿਖਿਆ ਦਾ ਖੇਤਰ ਵੀ ਅਛੂਤਾ ਨਹੀਂ ਰਿਹਾ ਪਰ ਇਸ ਦੇ ਬਾਵਜੂਦ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸੁਚੱਜੀ ਅਗਵਾਈ ਕਰ ਰਹੇ ਵਾਈਸ ਚਾਂਸਲਰ ਪ੍ਰੋ. ਡਾ. ਜਸਪਾਲ ਸਿੰਘ ਸੰਧੂ ਵੱਲੋਂ ਕੁੱਝ ਅਜਿਹੇ ਜ਼ਿਕਰਯੋਗ ਫੈਸਲੇ ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਮੇਂ ਸਿਰ ਲਏ ਗਏ ਜਿਸ ਦੇ ਨਾਲ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਆਪਸੀ ਸੰਤੁਲਨ ਬਣਿਆ ਰਿਹਾ।
ਹਜਾਰਾਂ ਵਿਦਿਆਰਥੀਆਂ ਦੇ ਸੁਨਿਹਰੀ ਭਵਿੱਖ ਨੂੰ ਉਜਵਲ ਕਰਨ ਦੇ ਨਾਲ ਨਾਲ ਯੂਨੀਵਰਸਿਟੀ ਨੇ ਵੱਖ ਵੱਖ ਖੇਤਰਾਂ ਵਿਚ ਜ਼ਿਕਰਯੋਗ ਪ੍ਰਾਪਤੀਆਂ ਵੀ ਕੀਤੀਆਂ ਜਿਨ੍ਹਾਂ ਦੀ ਬਦੌਲਤ ਰਾਸ਼ਟਰੀ ਅੰਤਰਰਾਸ਼ਟਰੀ ਏਜੰਸੀਆਂ ਵੱਲੋਂ ਯੂਨੀਵਰਸਿਟੀ ਦੀ ਰੈਂਕਿੰਗ ਨੂੰ ਅਹਿਮ ਸਥਾਨ ਦਿੱਤਾ ਗਿਆ। ਨੈਸ਼ਨਲ ਇੰਸਟੀਚਿਊਟ ਰੈਂਕਿੰਗ ਫਰੇਮ 2020 ਵਿਚ ਸੈਂਟਰਲ, ਪਬਲਿਕ ਅਤੇ ਪ੍ਰਾਈਵੇਟ ਯੂਨੀਵਰਸਿਟੀਆਂ ਵਿਚੋਂ 51ਵੇਂ ਸਥਾਨ `ਤੇ ਹੈ ਉਥੇ ਸਟੇਟ ਫੰਡ ਪ੍ਰਾਪਤ ਕਰਨ ਵਾਲੀਆਂ ਯੂਨੀਵਰਸਿਟੀ ਵਿਚੋਂ 18ਵੇਂ ਸਥਾਨ `ਤੇ ਹੈ। ਇਸ ਤੋਂ ਇਲਾਵਾ ਉਤਰੀ ਭਾਰਤ ਦੇ ਟਾਪ-10 ਅਦਾਰਿਆਂ ਵਿਚੋਂ ਚੌਥਾ ਸਥਾਨ ਹਾਸਲ ਹੈ। ਹੋਰਨਾਂ ਏਜੰਸੀਆਂ ਵੱਲੋਂ ਯੂਨੀਵਰਸਿਟੀ ਨੂੰ ਦੇਸ਼ ਵਿਚੋਂ ਟਾਪ ਸਟੇਟ ਪਬਲਿਕ ਯੂਨੀਵਰਸਿਟੀ ਗਰਦਾਨਿਆ ਗਿਆ ਹੈ। ਇਸ ਨੂੰ 415 ਪਬਲਿਕ ਯੂਨੀਵਰਸਿਟੀਆਂ ਵਿਚੋਂ 17ਵਾਂ ਸਥਾਨ ਵੀ ਹਾਸਲ ਹੈ ਅਤੇ ਟਾਪ-10 ਪਬਲਿਕ ਸਟੇਟ ਬਹੁ ਅਨੁਸ਼ਾਸਨੀ ਯੂਨੀਵਰਸਿਟੀਆਂ ਵਿਚੋਂ ਸਤਵਾਂ ਸਥਾਨ ਹਾਸਲ ਹੈ। ਇਸ ਵਰ੍ਹੇ ਯੂਨੀਵਰਸਿਟੀ ਦੇ ਪੰਜ ਵਿਗਿਆਨੀਆਂ ਨੂੰ ਸਟੈਨਫੋਰਡ ਯੂਨੀਵਰਸਿਟੀ ਦੇ ਵਿਗਿਆਨੀਆਂ ਵੱਲੋਂ ਕਰਵਾਏ ਗਏ ਇੱਕ ਸੁਤੰਤਰ ਅਧਿਐਨ ਵਿੱਚ ਚੋਟੀ ਦੇ 2ਫੀਸਦੀ ਵਿਗਿਆਨੀਆਂ ਦੀ ਵਿਸ਼ਵ ਰੈਂਕਿੰਗ ਵਿੱਚ ਸੂਚੀਬੱਧ ਕੀਤਾ ਗਿਆ ਹੈ। ਯੂਨੀਵਰਸਿਟੀ ਵੱਖ ਵੱਖ ਖੋਜਾਂ ਵਿਚ ਪੇਟੈਂਟ ਕਰਵਾਉਣ ਵਾਲਿਆਂ ਵਿਚ ਵੀ ਮੋਹਰੀ ਰਹੀ ਹੈ।
ਯੂਨੀਵਰਸਿਟੀ ਵੱਲੋਂ ਖੋਜ, ਅਧਿਆਪਨ ਅਤੇ ਹੋਰ ਖੇਤਰਾਂ ਵਿਚ ਜ਼ਿਕਰਯੋਗ ਸਮਝੌਤਿਆਂ ਦਾ ਸਿਲਸਿਲਾ ਬੀਤੇ ਸਾਲ ਜਾਰੀ ਰੱਖਿਆ ਉਥੇ ਇਸ ਸਾਲ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਨਾਲ ਸਮਝੌਤਾ ਕਰਕੇ ਸਰਹੱਦੀ ਖੇਤਰ ਦੀਆਂ ਸੜਕਾਂ ਦੀ ਨੁਹਾਰ ਨੂੰ ਵੀ ਨਵੀਂ ਦਿਖ ਦੇਣ ਜਾ ਰਹੀ ਹੈ। ਯੂਨੀਵਰਸਿਟੀ ਨੇ ਸਪੋਰਟਸ ਅਥਾਰਟੀ ਆਫ ਇੰਡੀਆ ਨਾਲ ਹੋਏ ਸਮਝੌਤੇ ਤੋਂ ਇਲਾਵਾ ਹੋਰ ਮਹੱਤਵਪੂਰਨ ਸਮਝੌਤੇ ਵੀ ਕੀਤੇ ਹਨ।ਯੂਨੀਵਰਸਿਟੀ ਵੱਲੋਂ ਇਸ ਵਰੇ੍ਹ ਡਾਕਟਰ ਆਫ਼ ਸਾਇੰਸ, ਡਾਕਟਰ ਆਫ਼ ਲਿਟਰੇਚਰ ਅਤੇ ਡਾਕਟਰ ਆਫ਼ ਲਾਅਜ਼ ਦੀਆਂ ਡਿਗਰੀਆਂ ਦੇਣ ਦੇ ਫੈਸਲੇ ਤੋਂ ਇਲਾਵਾ ਵਾਤਾਵਰਣ ਵਿਗਿਆਨ ਵਿਚ ਮਿਆਰੀ ਖੋਜ ਕਰਨ ਵਾਲੇ ਖੋਜਾਰਥੀਆਂ/ਵਿਗਿਆਨੀਆਂ ਨੂੰ ਵੱਖ ਵੱਖ ਐਵਾਰਡ ਦੇਣ ਦਾ ਫੈਸਲਾ ਵੀ ਕੀਤਾ।
ਸਵੱਛ ਕੈਂਪਸ ਤਹਿਤ ਭਾਰਤ ਦੀਆਂ ਸਮੂਹ ਯੂਨੀਵਰਸਿਟੀਆਂ ਵਿਚੋਂ ਦੂਜਾ ਸਥਾਨ ਹਾਸਲ ਹੈ ਜਦੋਂਕਿ ਵੱਡੇ ਕੈਂਪਸ ਵਾਲੀਆਂ ਯੂਨੀਵਰਸਿਟੀਆਂ ਵਿਚੋਂ ਪਹਿਲਾ ਸਥਾਨ ਹਾਸਲ ਹੈ। ਯੂਨੀਵਰਸਿਟੀ ਨੇ ਮੌਜੂਦਾ ਹਲਾਤਾਂ `ਚ ਜਿਥੇ ਆਨਲਾਈਨ ਸਫਲਤਾ ਪੂਰਵਕ ਪ੍ਰੀਖਿਆਵਾਂ ਲੈ ਕੇ ਸਮੇਂ ਸਿਰ ਨਤੀਜੇ ਕੱਢੇ ਹਨ ਉਥੇ ਵੱਖ ਵੱਖ ਕੋਰਸਾਂ ਵਿਚ ਪੰਦਰਾਂ ਫੀਸਦੀ ਤਕ ਵਿਦਿਆਰਥੀਆਂ ਦੇ ਵੱਧ ਦਾਖਲੇ ਪ੍ਰਾਪਤ ਕਰਨ ਵਾਲੀ ਯੂਨੀਵਰਸਿਟੀ ਵੀ ਬਣੀ ਹੈ।
ਜ਼ਿਕਰਯੋਗ ਪ੍ਰਾਪਤੀਆਂ ਤੋਂ ਇਹ ਸਹਿਜੇ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਚੇਰੀ ਸਿਖਿਆ ਦੇ ਖੇਤਰ ਤੋਂ ਇਲਾਵਾ ਹੋਰ ਵੀ ਖੇਤਰਾਂ ਵਿਚ ਇਕ ਤੋਂ ਵੱਧ ਮੀਲ ਪੱਥਰ ਸਥਾਪਤ ਕਰ ਚੁੱਕੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਆਉਣ ਵਾਲੇ ਸਾਲਾਂ ਵਿਚ ਵਿਕਾਸ ਦੀਆਂ ਉਚਾਈਆਂ ਨੂੰ ਛੂਹਣ ਦੀ ਸਮਰੱਥਾ ਰੱਖਦੀ ਹੈ। ਸਰਬੱਤ ਦੇ ਭਲੇ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨੂੰ ਲੋਕਾਈ ਤਕ ਪਚਾਉਣ ਜਿਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਜਿਥੇ ਯਤਨ ਕਰਦੀ ਰਹੇਗੀ ਉਥੇ ਗਿਆਨ ਵਿਗਿਆਨ ਦੇ ਖੇਤਰ ਵਿਚ ਨਵੀਆਂ ਪੈੜਾਂ ਪਾਵੇਗੀ।