ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਚੌਥਾ ਫੈਕਲਟੀ ਇੰਡਕਸ਼ਨ ਪ੍ਰੋਗਰਾਮ ਸ਼ੁਰੂ

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਚੌਥਾ ਫੈਕਲਟੀ ਇੰਡਕਸ਼ਨ ਪ੍ਰੋਗਰਾਮ ਸ਼ੁਰੂ
ਸ਼ਾਰਟ-ਟਰਮ ਕੋਰਸ ਵੀ ਹੋਇਆ ਸਮਾਪਤ
ਅੰਮ੍ਰਿਤਸਰ 03 ਮਾਰਚ, 2021 – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਨੁੱਖੀ ਸਰੋਤ ਤੇ ਵਿਕਾਸ ਕੇਂਦਰ ਵੱਲੋਂ ਚੌਥੇ ਫੈਕਲਟੀ ਇੰਡਕਸ਼ਨ ਪ੍ਰੋਗਰਾਮ ਦਾ ਉਦਘਾਟਨ ਆਨਲਾਈਨ ਕੀਤਾ ਗਿਆ। ਚਾਰ ਹਫਤਿਆਂ ਦਾ ਇਹ ਪ੍ਰੋਗਰਾਮ 29 ਮਾਰਚ 2021 ਨੂੰ ਸਮਾਪਤ ਹੋਵੇਗਾ। ਕੋਰਸ ਵਿੱਚ ਦੇਸ ਦੇ ਕਈ ਰਾਜਾਂ ਦੇ ਸੱਠ ਤੋਂ ਵੱਧ ਅਧਿਆਪਕ ਭਾਗ ਲੈ ਰਹੇ ਹਨ।
ਕੋਰਸ ਦਾ ਉਦਘਾਟਨ ਡੀਨ ਅਕਾਦਮਿਕ ਮਾਮਲੇ ਪ੍ਰੋਫੈਸਰ ਐਸ.ਐਸ. ਬਹਿਲ ਨੇ ਕੀਤਾ। ਆਪਣੇ ਉਦਘਾਟਨੀ ਭਾਸ਼ਣ ਵਿੱਚ ਪ੍ਰੋਫੈਸਰ ਬਹਿਲ ਨੇ ਮਨੁੱਖੀ ਸਰੋਤ ਤੇ ਵਿਕਾਸ ਕੇਂਦਰ ਦੀ ਟੀਮ ਨੂੰ ਆਨਲਾਈਨ ਪ੍ਰੋਗਰਾਮਾਂ ਦੇ ਸੁਚਾਰੂ ਢੰਗ ਨਾਲ ਚਲਾਉਣ ਲਈ ਵਧਾਈ ਦਿੱਤੀ। ਪ੍ਰੋਫੈਸਰ ਬਹਿਲ ਨੇ ਸੁਝਾਅ ਦਿੱਤਾ ਕਿ ਨੌਜਵਾਨ ਅਧਿਆਪਕਾਂ ਨੂੰ ਉਨ੍ਹਾਂ ਦੇ ਖੇਤਰ ਵਿਚ ਹੋਏ ਵਿਕਾਸ ਅਤੇ ਨਵੀਨਤਾਵਾਂ ਤੋਂ ਜਾਣੂ ਕਰਵਾਉਣ ਦੀ ਲੋੜ ਹੈ। ਇਸ ਨਾਲ ਅਧਿਆਪਕਾਂ ਦਾ ਕਿੱਤਾਮੁਖੀ ਵਿਕਾਸ ਹੁੰਦਾ ਹੈ ਅਤੇ ਉਹ ਆਪਣੇ ਕਾਰਜ ਵਿਚ ਹੋਰ ਵੀ ਨਿਪੁੰਨ ਹੋ ਜਾਂਦੇ ਹਨ।
ਇਸ ਤੋਂ ਪਹਿਲਾਂ ਵਿਭਾਗ ਦੀ ਡਿਪਟੀ ਡਾਇਰੈਕਟਰ ਡਾ. ਰਾਜਬੀਰ ਭੱਟੀ ਨੇ ਮੁੱਖ ਮਹਿਮਾਨ ਅਤੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਕੇਂਦਰ ਦੇ ਡਾਇਰੈਕਟਰ ਪ੍ਰੋ. ਆਦਰਸ਼ਪਾਲ ਵਿਗ ਨੇ ਕੇਂਦਰ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਿਆਂ ਆਸ ਪ੍ਰਗਟਾਈ ਕਿ ਅਧਿਆਪਕਾ ਲਈ ਇਹ ਕੋਰਸ ਲਾਹੇਵੰਦ ਹੋਵੇਗਾ।
ਖੋਜ ਪਹੁੰਚ ਵਿਧੀ ਵਿਸ਼ੇ ਉਪਰ ਸ਼ਾਰਟ ਟਾਰਮ ਕੋਰਸ ਦੀ ਸਮਾਪਤੀ ਵੀ ਇਸ ਦੇ ਨਾਲ ਹੀ ਹੋਈ ਜਿਸ ਦੀ ਪ੍ਰਧਾਨਗੀ ਡਾਇਰੈਕਟਰ ਰੀਸਰਚ ਪ੍ਰੋ. ਰੇਣੂ ਭਾਰਦਵਾਜ ਨੇ ਕੀਤੀ। ਉਨਾਂ ਵਿਭਾਗ ਦੀ ਪ੍ਰਸੰਸਾਂ ਕਰਦਿਆਂ ਖੋਜ ਪਹੁੰਚਵਿਧੀ ਦੇ ਵੱਖ ਵੱਖ ਪਰਿਪੇਖ ਤੋਂ ਜਾਣੂ ਕਰਵਾਇਆ। ਕੋਰਸ ਕੋਆਰਡੀਨੇਟਰ ਪ੍ਰੋ. ਰਿਸ਼ੀ ਰਾਜ ਸ਼ਰਮਾ ਨੇ ਕੋਰਸ ਬਾਰੇ ਜਾਣਕਾਰੀ ਦਿੱਤੀ। ਕੋਰਸ ਉਪਰੰਤ ਖੋਜਾਰਥੀਆਂ ਨੇ ਆਪਣੇ ਤਜ਼ਰਬੇ ਸਾਂਝੇ ਕੀਤੇ।