ਗੁਰੂ ਨਾਨਕ ਦੇਵ ਯੂਨੀਵਰਸਿਟੀ ਕੋਵਿਡ ਤੋਂ ਬਾਅਦ ਉਚੇਰੀ ਸਿਖਿਆ `ਚ ਤਬਦੀਲੀਆਂ ਵਿਸ਼ੇ `ਤੇ ਅੰਤਰਰਾਸ਼ਟਰੀ ਵੈਬੀਨਾਰ ਦਾ ਆਯੋਜਨ

ਗੁਰੂ ਨਾਨਕ ਦੇਵ ਯੂਨੀਵਰਸਿਟੀ ਕੋਵਿਡ ਤੋਂ ਬਾਅਦ ਉਚੇਰੀ ਸਿਖਿਆ `ਚ ਤਬਦੀਲੀਆਂ ਵਿਸ਼ੇ `ਤੇ ਅੰਤਰਰਾਸ਼ਟਰੀ ਵੈਬੀਨਾਰ ਦਾ ਆਯੋਜਨ
ਅੰਮ੍ਰਿਤਸਰ, 20 ਨਵੰਬਰ, 2020: ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਨਟਰਨਲ ਕੁਆਲਟੀ ਐਸ਼ੋਰੈਂਸ ਸੈੱਲ ਵੱਲੋਂ ਯੂਨੀਵਰਸਿਟੀ ਮਨੁੱਖੀ ਸਰੋਤ ਤੇ ਵਿਕਾਸ ਕੇਂਦਰ ਦੇ ਸਹਿਯੋਗ ਨਾਲ ਕੋਵਿਡ ਤੋਂ ਬਾਅਦ ਉਚੇਰੀ ਸਿਖਿਆ `ਚ ਤਬਦੀਲੀਆਂ ਵਿਸ਼ੇ `ਤੇ ਇਕ ਅੰਤਰਰਾਸ਼ਟਰੀ ਵੈਬੀਨਾਰ ਦਾ ਆਯੋਜਨ ਕੀਤਾ ਗਿਆ। ਇਸ ਵਿਚ ਦੇਸ਼ ਵਿਦੇਸ਼ ਤੋਂ ਤਿੰਨ ਸੌ ਤੋਂ ਵੱਧ ਵਿਦਵਾਨਾਂ ਅਤੇ ਮਾਹਿਰਾਂ ਨੇ ਭਾਗ ਲਿਆ। ਇਸ ਮੌਕੇ ਕੋਵਿਡ ਤੋਂ ਬਾਅਦ ਉਚੇਰੀ ਸਿਖਿਆ ਨੂੰ ਦਰਪੇਸ਼ ਔਂਕੜਾਂ, ਨਵ ਨੀਤੀ ਨਿਰਮਾਣ, ਬਦਲਦੇ ਮਾਪਦੰਡ, ਆਰਥਿਕ ਅਤੇ ਨਵੀਆਂ ਧਾਰਨਾਵਾਂ ਬਾਰੇ ਖੁੱਲ੍ਹ ਕੇ ਚਰਚਾ ਕੀਤੀ ਗਈ।
ਵੈਬੀਨਾਰ ਦਾ ਉਦਘਾਟਨ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ, ਪ੍ਰੋ. ਸਰਬਜੋਤ ਸਿੰਘ ਬਹਿਲ ਨੇ ਕੀਤਾ। ਉਨ੍ਹਾਂ ਅਧਿਆਪਨ ਵਰਗ ਨੂੰ ਕਿਹਾ ਕਿ ਉਚੇਰੀ ਸਿਖਿਆ ਅੱਜ ਕਠਿਨ ਦੌਰ ਵਿਚੋਂ ਗੁਜਰ ਰਹੀ ਹੈ ਅਤੇ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸਾਨੂੰ ਮਿਲਿਆ ਜੁਲਿਆ ਪਾਠਕ੍ਰਮ ਅਪਨਾਉਣਾ ਪਵੇਗਾ ਅਤੇ ਪੜ੍ਹਾਉਣ ਵਿਚ ਵੀ ਹਾਲਾਤ ਨੂੰ ਧਿਆਨ ਵਿਚ ਰੱਖਦੇ ਹੋਏ ਤਬਦੀਲੀਆਂ ਕਰਨਗੀਆਂ ਪੈਣਗੀਆਂ। ਮਨੁੱਖੀ ਸਰੋਤ ਵਿਕਾਸ ਕੇਂਦਰ ਦੇ ਡਾਇਰੈਕਟਰ, ਪ੍ਰੋ. ਆਦਰਸ਼ਪਾਲ ਵਿਗ ਨੇ ਭਾਗ ਲੈਣ ਵਾਲ਼ਿਆਂ ਨੂੰ ਜੀ ਆਇਆਂ ਕਿਹਾ ਅਤੇ ਇਨਟਰਨਲ ਕੁਆਲਟੀ ਐਸ਼ੋਰੈਂਸ ਸੈੱਲ ਦੇ ਡਾਇਰੈਕਟਰ ਨੇ ਵੈਬੀਨਾਰ ਬਾਰੇ ਜਾਣਕਾਰੀ ਦਿੱਤੀ।
ਨੈਕ ਦੇ ਐਡਵਾਈਜ਼ਰ ਡਾ. ਜਗਨਾਥ ਪਾਟਿਲ ਨੇ ਇਸ ਮੌਕੇ ਆਪਣੇ ਵਿਚਾਰ ਪੇਸ਼ ਕਰਦਿਆਂ ਕੋਵਿਡ ਸਮੇਂ ਦੌਰਾਨ ਉਚੇਰੀ ਸਿਖਿਆ ਨਾਲ ਸਬੰਧਤ ਅੰਕੜੇ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਨੈਕ ਵੱਲੋਂ ਮੁਲਾਂਕਣ ਕਰਨ ਮੌਕੇ ਵੱਖ ਵੱਖ ਅਦਾਰਿਆਂ ਵੱਲੋਂ ਅਪਣਾਏ ਮਾਪਦੰਡਾਂ ਦਾ ਵੀ ਧਿਆਨ ਰੱਖਿਆ ਜਾਵੇਗਾ।
ਫਿਨਲੈਂਡ ਦੀ ਯਮਕ ਯੂਨੀਵਰਸਿਟੀ ਆਫ ਅਪਲਾਈਡ ਸਾਇੰਸਜ਼ ਦੇ ਸ਼੍ਰੀ ਹਰਸਿਲਾ ਮਿਤਾਈ ਨੇ ਫਿਨਲੈਂਡ ਵਿਚ ਇਸ ਮਹਾਂਮਾਰੀ ਦੌਰਾਨ ਅਪਣਾਏ ਗਏ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ। ਆਸਟਰੇਲੀਆ ਦੀ ਕਰਟਿਨ ਯੂਨੀਵਰਸਿਟੀ ਤੋਂ ਡਾ. ਰੇਖਾ ਕੌਲ ਨੇ `ਉਹ ਕੀਤਾ ਜਾਣਾ ਚਾਹੀਦਾ ਹੈ ਜਿਹੜਾ ਕਿ ਸਭ ਦੇ ਅਨੁਕੂਲ ਹੋਵੇ` ਵਿਸ਼ੇ `ਤੇ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਸਾਰੇ ਅਧਿਆਪਕਾਂ ਨੂੰ ਜੋ ਮੁਸ਼ਕਿਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹ ਸਭ ਨਾਲ ਸਾਂਝਾ ਕਰਨ ਤਾਂ ਕਿ ਮਿਲ ਜੁਲ ਕੇ ਹੱਲ ਲਭਿਆ ਜਾ ਸਕੇ। ਸਿਖਿਆ ਵਿਭਾਗ ਤੋਂ ਪ੍ਰੋ. ਅਮਿਤ ਕੌਟਸ ਨੇ ਟੈਕਨੀਕਲ ਸੈਸ਼ਨ ਦੌਰਾਨ ਸਿਖਿਆ ਲਈ ਮੌਜੂਦਾ ਦੌਰ ਵਿਚ ਮਿਲਿਆ ਜੁਲਿਆ ਪਾਠਕ੍ਰਮ ਅਤੇ ਤੌਰ ਤਰੀਕੇ ਅਪਨਾਉਣ ਦੀ ਸਲਾਹ ਦਿੱਤੀ। ਵੈਬੀਨਾਰ ਦੇ ਕੋਆਰਡੀਨੇਟਰ ਡਾ. ਰੇਖਾ ਹਾਂਡਾ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।