ਗੁਰਦਾਸਪੁਰ ਵਿਖੇ ਅਗਵਾ ਹੋਏ ਬੱਚਿਆਂ ਦੇ ਮਾਮਲੇ ‘ਚ ਨਵਾਂ ਮੋੜ

ਗੁਰਦਾਸਪੁਰ ਵਿਖੇ ਅਗਵਾ ਹੋਏ ਬੱਚਿਆਂ ਦੇ ਮਾਮਲੇ ‘ਚ ਨਵਾਂ ਮੋੜ
ਘਰੇਲੂ ਝਗੜੇ ਦੇ ਚੱਲਦੇ ਪਿਤਾ ਨੇ ਹੀ ਰਚੀ ਸਾਜਿਸ਼, ਮਾਂ ਨੇ ਲਾਏ ਇਲਜ਼ਾਮ
ਪੰਜਾਬ ਦੇ ਗੁਰਦਾਸਪੁਰ ਵਿਖੇ ਪਿੰਡ ਨੰਗਲ ‘ਤੇ ਪੁਰਾਣਾ ਸ਼ਾਨਾ ਵਿਖੇ ਵੀਰਵਾਰ ਸਵੇਰੇ ਦੋ ਅਗਵਾ ਹੋਏ ਬੱਚਿਆਂ ਨੇ ਨਵਾਂ ਮੋੜ ਲੈ ਲਿਆ। ਇਨਾਂ ਬੱਚਿਆਂ ਨੂੰ ਅਗਵਾ ਕਿਸੇ ਹੋਰ ਨੇ ਹੀ ਉਨਾਂ ਦੇ ਆਪਣੇ ਹੀ ਪਿਤਾ ਨੇ ਅਗਵਾ ਕੀਤਾ ਹੈ। ਇਹ ਗੰਭੀਰ ਇਲਜ਼ਾਮ ਬੱਚਿਆਂ ਦੀ ਮਾਂ ਨੇ ਆਪਣੇ ਪਤੀ ਤੇ ਲਾਏ ਹਨ। ਬੱਚਿਆਂ ਨੂੰ ਅਗਵਾ ਕਰਨ ਦਾ ਕਾਰਨ ਘਰੇਲੂ ਮਾਮਲਾ ਹੈ।
ਇਸ ਅਗਵਾਕਾਂਡ ਦਾ ਖੁਲਾਸਾ ਬੱਚਿਆਂ ਦੀ ਮਾਂ ਸੰਦੀਪ ਕੌਰ ਨੇ ਕਰਦਿਆਂ ਦੱਸਿਆ ਕਿ ਵੀਰਵਾਰ ਸਵੇਰੇ ਰੋਜ਼ ਦੀ ਤਰਾਂ ਆਪਣੇ ਪੁੱਤਰ ਮਨਜੋਤ ਸਿੰਘ (9) ‘ਤੇ ਮਨਵੀਰ ਸਿੰਘ (6) ਨੂੰ ਸਕੂਲ ਛੱਡਣ ਲਈ ਆਪਣੇ ਪਿੰਡ ਨੰਗਲ ਤੋਂ ਪੁਰਾਣਾ ਸ਼ਾਨਾਂ ਜਾ ਰਹੀ ਸੀ। ਇਸੇ ਦੌਰਾਨ ਰਸਤੇ ‘ਚ ਇਨੋਵਾ ਕਾਰ ਸਵਾਰ ਕੁਝ ਵਿਅਕਤੀਆਂ ਨੇ ਉਸ ਦਾ ਰਸਤਾ ਰੋਕ ਲਿਆ। ਉਕਤ ਵਿਅਕਤੀਆਂ ਨੇ ਪਹਿਲਾਂ ਤਾਂ ਉਸ ਦੀ ਕੁੱਟਮਾਰ ਕੀਤੀ ਅਤੇ ਫਿਰ ਉਸ ਦਾ ਪਤੀ ਮਲਕੀਤ ਸਿੰਘ ਆਪਣੇ ਸਾਥੀਆਂ ਨਾਲ ਮਿਲ ਕੇ ਦੋਵੇਂ ਬੱਚਿਆਂ ਨੂੰ ਜ਼ਬਰਦਸਤੀ ਖੋਹ ਕੇ ਫਰਾਰ ਹੋ ਗਿਆ। ਇਹ ਦਾਅਵਾ ਬੱਚਿਆਂ ਦੀ ਮਾਂ ਨੇ ਪੁਲਿਸ ਬਿਆਨਾਂ ਵਿੱਚ ਅਤੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕੀਤਾ ਹੈ। ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਤਾਂ ਜੋ ਬੱਚਿਆਂ ਨੂੰ ਸਹੀ ਸਲਾਮਤ ਹਾਸਿਲ ਕੀਤਾ ਜਾ ਸਕੇ।