ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਕੈਨੇਡਾ: ਅੰਤਰ-ਰਾਸ਼ਟਰੀ ਵਿਦਿਆਰਥੀਆਂ ਤੇ ਵਿਦੇਸ਼ੀ ਕਾਮਿਆਂ ਨੂੰ ਪੱਕਾ ਕਰਨ ਸਬੰਧੀ ਖ਼ਾਮੀਆਂ ਦੂਰ ਕਰਨ ਦੀ ਲੋੜ

ਕੈਨੇਡਾ: ਅੰਤਰ-ਰਾਸ਼ਟਰੀ ਵਿਦਿਆਰਥੀਆਂ ਤੇ ਵਿਦੇਸ਼ੀ ਕਾਮਿਆਂ ਨੂੰ ਪੱਕਾ ਕਰਨ ਸਬੰਧੀ ਖ਼ਾਮੀਆਂ ਦੂਰ ਕਰਨ ਦੀ ਲੋੜ

ਹਰਦਮ ਮਾਨ

ਸਰੀ, 20 ਅਪ੍ਰੈਲ 2021- ਕੈਨੇਡਾ ਸਰਕਾਰ ਵੱਲੋਂ ਪਿਛਲੇ ਦਿਨੀਂ ਅੰਤਰ-ਰਾਸ਼ਟਰੀ ਵਿਦਿਆਰਥੀਆਂ ਤੇ ਵਿਦੇਸ਼ੀ ਕਾਮਿਆਂ ਨੂੰ ਪੱਕਾ ਕਰਨ ਲਈ ਐਲਾਨੇ ਗਏ ਨਵੇਂ ਪ੍ਰੋਗਰਾਮ ਨੂੰ ਇੱਕ ਬਹੁਤ ਚੰਗਾ ਫ਼ੈਸਲਾ ਦਸਦਿਆਂ ਇਮੀਗਰੇਸ਼ਨ ਸੇਵਾਵਾਂ ਦੇ ਮਾਹਰ ਮਨਪ੍ਰੀਤ ਸੰਧੂ ਨੇ ਕਿਹਾ ਹੈ ਕਿ ਕਿੰਨਾ ਚੰਗਾ ਹੁੰਦਾ ਜੇਕਰ ਸਰਕਾਰ ਇਸ ਸਿਸਟਮ ਵਿਚਲੀਆਂ ਖ਼ਾਮੀਆਂ ਨੂੰ ਦੂਰ-ਅੰਦੇਸ਼ੀ ਨਾਲ਼ ਘੋਖ ਕੇ ਇਸ ਨੂੰ ਵਧੀਆ ਤਰੀਕੇ ਨਾਲ਼ ਲਾਗੂ ਕਰਦੀ ਅਤੇ ਲੋਕਾਂ ਦੀ ਇਉਂ ਖੱਜਲ-ਖੁਆਰੀ ਨਾ ਹੁੰਦੀ।

ਮਨਪ੍ਰੀਤ ਸੰਧੂ ਨੇ ਕਿਹਾ ਕਿ ਕੈਨੇਡਾ ਦੀ ਵਸੋਂ ਦਾ ਬਹੁਤਾ ਭਾਗ ਹੋਰਨਾਂ ਦੇਸ਼ਾਂ ਤੋਂ ਵੱਖੋ-ਵੱਖ ਤਰੀਕਿਆਂ ਨਾਲ਼ ਕੀਤੀ ਜਾਣ ਵਾਲ਼ੀ ਇੰਮੀਗ੍ਰੇਸ਼ਨ ਦਾ ਹੈ ਜਿਸ ਦੀ ਗਿਣਤੀ ਦਾ ਸਰਕਾਰ ਵੱਲੋਂ ਹਰੇਕ ਸਾਲ ਟੀਚਾ ਮਿੱਥਿਆ ਜਾਂਦਾ ਹੈ। ਕੈਨੇਡਾ ਸਰਕਾਰ ਨੇ ਆਉਣ ਵਾਲ਼ੇ ਤਿੰਨ ਸਾਲਾਂ ਲਈ ਹਰੇਕ ਸਾਲ ਚਾਰ ਲੱਖ ਤੋਂ ਵੱਧ ਲੋਕਾਂ ਨੂੰ ਪੱਕੇ ਕਰਨ ਦਾ ਟੀਚਾ ਰੱਖਿਆ ਹੈ। ਪਿਛਲੇ ਸਾਲ ਅਤੇ ਇਸ ਸਾਲ ਕੋਰੋਨਾ ਕਾਰਨ ਅੰਤਰ-ਰਾਸ਼ਟਰੀ ਪੱਧਰ ਤੇ ਬਹੁਤ ਆਵਾਜਾਈ ਨਾ ਹੋਣ ਕਾਰਨ ਮਿੱਥੇ ਟੀਚੇ ਮੁਤਾਬਿਕ ਬਹੁਤੇ ਲੋਕ ਆ ਨਹੀਂ ਸਕੇ। ਸਰਕਾਰ ਨੇ ਇੱਥੇ ਰਹਿ ਕੇ ਇੱਥੋਂ ਦੀ ਆਰਥਿਕਤਾ ‘ਚ ਹਿੱਸਾ ਪਾ ਰਹੇ ਵਿਦਿਆਰਥੀਆਂ ਤੇ ਕਾਮਿਆਂ ਨੂੰ ਪੱਕੇ ਹੋਣ ਦੇ ਕਾਨੂੰਨਾਂ ਵਿੱਚ ਢਿੱਲ ਦੇ ਕੇ ਪੱਕੇ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਪ੍ਰੋਗਰਾਮ ਤੋਂ ਦੋ-ਤਿੰਨ ਮਹੀਨੇ ਪਹਿਲਾਂ ਵੀ CEC ਰਾਹੀਂ ਇੱਥੇ ਕੰਮ ਕਰਨ ਦਾ ਘੱਟੋ-ਘੱਟ ਇੱਕ ਸਾਲ ਦਾ ਤਜਰਬਾ ਰੱਖਣ ਵਾਲ਼ਿਆਂ 27,000 ਲੋਕਾਂ ਨੂੰ ਸ਼ਰਤਾਂ ਢਿੱਲੀਆਂ ਕਰ ਕੇ ਪੱਕਾ ਕੀਤਾ ਗਿਆ ਹੈ । ਲੱਗਦਾ ਨਹੀਂ ਹੈ ਕਿ ਕੋਰੋਨਾ ਦੇ ਹਾਲਾਤ ਜਲਦ ਠੀਕ ਹੋਣਗੇ, ਇਸ ਲਈ ਪੂਰੀ ਸੰਭਾਵਨਾ ਹੈ ਕਿ ਸਰਕਾਰ ਆਪਣਾ ਇਮੀਗ੍ਰੇਸ਼ਨ ਦਾ ਟੀਚਾ ਪੂਰਾ ਕਰਨ ਲਈ ਇੱਥੇ ਰਹਿੰਦੇ ਅਤੇ ਮੁੱਢਲੀਆਂ ਸ਼ਰਤਾਂ ਪੂਰੀਆਂ ਕਰਨ ਵਾਲ਼ੇ ਸਾਰੇ ਲੋਕਾਂ ਨੂੰ ਹੀ ਹੌਲ਼ੀ-ਹੌਲ਼ੀ ਪੱਕਿਆਂ ਕਰ ਦੇਵੇ।

ਦੋ-ਤਿੰਨ ਦਿਨ ਪਹਿਲਾਂ ਸਰਕਾਰ ਨੇ ਜਨਵਰੀ 2017 ਤੋਂ ਬਾਅਦ ਪੜ੍ਹਾਈ ਖ਼ਤਮ ਕਰਨ ਵਾਲ਼ੇ ਵਿਦਿਆਰਥੀਆਂ ਤੇ ਜ਼ਰੂਰੀ ਸੇਵਾਵਾਂ ‘ਚ ਕੰਮ ਕਰਨ ਵਾਲ਼ੇ ਇੱਕ ਸਾਲ ਦੇ ਤਜ਼ਰਬੇ ਵਾਲ਼ੇ 90,000 ਲੋਕਾਂ ਨੂੰ ਪੱਕਿਆਂ ਕਰਨ ਦਾ ਫ਼ੈਸਲਾ ਕੀਤਾ ਹੈ। ਇਕਦਮ ਲਏ ਇਸ ਫ਼ੈਸਲੇ ਨਾਲ਼ ਸਾਰਿਆਂ ਵਿਚ ਹਫੜਾ-ਦਫੜੀ ਦਾ ਮਾਹੌਲ ਬਣ ਗਿਆ ਹੈ।

ਇਸ ਪ੍ਰੋਗਰਾਮ ਦੀਆਂ ਮੁੱਢਲੀਆਂ ਸ਼ਰਤਾਂ ਵਿੱਚ ਵਿਦਿਆਰਥੀਆਂ ਲਈ ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਜਾਨਣ ਲਈ CLB 5 ਅਤੇ ਕਾਮਿਆਂ ਲਈ CLB 4 ਦੀ ਸ਼ਰਤ ਰੱਖੀ ਹੈ। ਕਈ ਲੋਕਾਂ ਨੇ ਇਹ ਟੈਸਟ ਕਦੇ ਦਿੱਤਾ ਨਹੀਂ ਅਤੇ ਕਈਆਂ ਦਾ ਇਹ ਟੈਸਟ ਦੋ ਸਾਲ ਦੀ ਮਿਆਦ ਬਾਅਦ ਖ਼ਤਮ ਹੋ ਚੁੱਕਾ ਹੈ। ਇਹ ਐਲਾਨ ਹੁੰਦਿਆਂ ਹੀ ਆਈਲੈਟਸ ਤੇ ਸੈੱਲਪੈੱਪ ਦੇ ਟੈਸਟ ਬੁੱਕ ਕਰਵਾਉਣ ਵਾਲ਼ੀਆਂ ਸਾਰੀਆਂ ਵੈੱਬਸਾਈਟਸ ਜਾਮ ਹੋ ਗਈਆਂ। ਬਹੁਤੇ ਥਾਈਂ ਆਈਲੈਟਸ ਦਾ ਇਹ ਸਵਾ ਕੁ ਤਿੰਨ ਸੌ ਦਾ ਟੈਸਟ ਪੰਦਰਾਂ ਸੌ ਲੈ ਕੇ ਬੁੱਕ ਕਰਵਾਉਣ ਦੀ ਲੁੱਟ ਦੀਆਂ ਵੀ ਖ਼ਬਰਾਂ ਆਈਆਂ ਨੇ। ਸਮਝ ਨਹੀਂ ਆਈ ਕਿ 6-7 ਬੈਂਡ ਲੈ ਕੇ ਕੈਨੇਡਾ ਆਉਣ ਵਾਲ਼ੇ ਵਿਦਿਆਰਥੀਆਂ ਲਈ ਹੁਣ ਦੁਬਾਰਾ 4-5 ਬੈਂਡ ਲੈਣ ਦੀ ਸ਼ਰਤ ਲਾ ਕੇ ਸਰਕਾਰ ਨੇ ਕੀ ਕਰਵਾਉਣਾ ਹੈ ?

ਇਸ ਤੋਂ ਬਿਨਾ ਇਸ ਪ੍ਰੋਗਰਾਮ ਨੂੰ ਅਪਲਾਈ ਕਰਨ ਲਈ ਪੁਲਿਸ ਸਰਟੀਫਿਕੇਟ ਦੀ ਲੋੜ ਨੂੰ ਮਹਿਸੂਸ ਕਰਦੇ ਹੋਏ ਲੋਕਾਂ ਨੇ ਭਾਰਤੀ ਪਾਸਪੋਰਟ ਜਾਰੀ ਕਰਨ ਵਾਲ਼ੇ ਦਫਤਰ ਤੋਂ Police Clearance Certificate ਲੈਣ ਲਈ ਉਸ ਸਾਈਟ ਦਾ ਵੀ ਧੂੰਆਂ ਕੱਢ ਦਿੱਤਾ ਜੋ ਕਿ ਅਜੇ ਤੱਕ ਵੀ ਚੱਲ ਨਹੀਂ ਰਹੀ ਅਤੇ ਕੱਲ੍ਹ ਰਾਤ ਤੋਂ ਸੱਤ-ਅੱਠ ਸੌ ਬੰਦਾ ਉਸ ਦਫਤਰ ਦੇ ਮੂਹਰੇ ਲਾਈਨ ਲਗਾ ਕੇ ਖੜ੍ਹਾ ਹੈ।

ਇਸ ਤੋਂ ਵੀ ਜ਼ਿਆਦਾ ਅਫ਼ਰਾ-ਤਫਰੀ ਦਾ ਮਾਹੌਲ ਸ਼ਾਇਦ ਇਹ ਪ੍ਰੋਗਰਾਮ ਖੁੱਲ੍ਹਣ ਦੀ ਤਰੀਕ 5 ਮਈ ਨੂੰ ਹੋਵੇਗਾ ਜਦੋਂ ਲੱਖਾਂ ਲੋਕ ਇੱਕੋ ਸਮੇਂ ਅਪਲਾਈ ਕਰਨਗੇ। ਇਸ ਨਾਲ਼ ਸਿਸਟਮ ਕ੍ਰੈਸ਼ ਵੀ ਹੋ ਸਕਦਾ ਹੈ। ਭਾਵੇਂ ਇਸ ਸਿਸਟਮ ‘ਚ ਅਰਜ਼ੀਆਂ ਲੈਣ ਦੀ ਤਾਰੀਕ ਨਵੰਬਰ 5 ਤੱਕ ਹੈ ਪਰ ਅਰਜ਼ੀਆਂ ਲੈਣ ਦੀ ਗਿਣਤੀ ਸੀਮਤ ਹੋਣ ਕਰ ਕੇ ਹੋ ਸਕਦਾ ਹੈ ਕਿ ਇਹ ਦੋ-ਤਿੰਨ ਦਿਨਾਂ ਜਾਂ ਫਿਰ ਇੱਕੋ ਦਿਨ ਹੀ ‘ਚ ਭਰ ਜਾਣ। ਇਹ ਸੋਚ ਕੇ ਬਹੁਤੇ ਅਪਲਾਈ ਕਰਨ ਵਾਲ਼ੇ ਬੇਚੈਨ ਹਨ।

ਸਰਕਾਰ ਨੂੰ ਚਾਹੀਦਾ ਸੀ ਕਿ ਕਿਸੇ ਚੰਗੇ ਸਿਸਟਮ ਰਾਹੀਂ ਹੌਲ਼ੀ-ਹੌਲ਼ੀ ਸਭ ਨੂੰ ਤਰੀਕੇ ਨਾਲ਼ ਪੱਕਾ ਕੀਤਾ ਜਾਂਦਾ। ਇਹ ਕੰਮ ਕੈਨੇਡਾ ‘ਚ ਦਾਖਲ ਹੋਣ ਦੇ ਸਾਲ ਦੇ ਹਿਸਾਬ ਨਾਲ਼ ਫਾਈਲਾਂ ਲਾਉਣ ਨਾਲ਼ ਜਾਂ ਪਹਿਲਾਂ ਤੋਂ ਸਥਾਪਿਤ ਸਿਸਟਮ ‘ਚ ਲੋੜੀਂਦੇ ਪੁਆਇੰਟ ਜਾਂ ਹੋਰ ਸ਼ਰਤਾਂ ਹੌਲ਼ੀ-ਹੌਲ਼ੀ ਨਰਮ ਕਰ ਕੇ ਕੀਤਾ ਜਾ ਸਕਦਾ ਸੀ ਤਾਂ ਕਿ ਸਭ ਅਪਲਾਈ ਕਰਨ ਵਾਲ਼ੇ ਇਸ ਬੇਲੋੜੀ ਬੇਚੈਨੀ ਅਤੇ ਹਫੜਾ-ਦਫੜੀ ਤੋਂ ਬਚ ਸਕਦੇ ਅਤੇ ਉਨ੍ਹਾਂ ਨੂੰ ਇਹ ਸ਼ਰਤਾਂ ਸਹਿਜ ਮਤੇ ਪੂਰੀਆਂ ਕਰਨ ਲਈ ਕੁਝ ਸਮਾਂ ਮਿਲ ਜਾਂਦਾ। ਬਹੁਤੇ ਲੋਕ ਇਸ ਸਿਸਟਮ ਦੀਆਂ ਸ਼ਰਤਾਂ ਨੂੰ ਲੈ ਕੇ ਵੀ ਭੰਬਲਭੂਸੇ ਵਿਚ ਹਨ। ਕੁਝ ਬੇਚੈਨ ਹੋਏ ਲੋਕ ਕਿਸੇ ਵੀ ਤਰੀਕੇ ਨਾਲ ਆਪਣਾ ਨੰਬਰ ਲਵਾਉਣਾ ਚਾਹੁੰਦੇ ਹਨ ਪਰ ਹੋ ਸਕਦਾ ਹੈ ਕਿ ਬਹੁਤੇ ਲੋਕਾਂ ਨੂੰ ਅਜੇ ਹੋਰ ਇੰਤਜ਼ਾਰ ਕਰਨਾ ਪਵੇ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: