ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ‘ਤੇ ਗਤਕਾ ਖਿਡਾਰੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ , ਕੀਤੇ ਕਈ ਟੁੱਕੜੇ

ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ‘ਤੇ ਗਤਕਾ ਖਿਡਾਰੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ , ਕੀਤੇ ਕਈ ਟੁੱਕੜੇ
ਅੰਮ੍ਰਿਤਸਰ : ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ‘ਤੇ ਇਕ ਨੌਜਵਾਨ ਦਾ ਅਣਪਛਾਤੇ ਵਿਅਕਤੀਆਂ ਨੇ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ। ਮ੍ਰਿਤਕ ਨੌਜਵਾਨ ਦੀ ਪਛਾਣ (22)ਹਰਬੰਸ ਸਿੰਘ ਵਜੋਂ ਹੋਈ ਹੈ ,ਜੋ ਗਤਕਾ ਖਿਡਾਰੀ ਸੀ। ਹਰਬੰਸ ਸਿੰਘ ਆਪਣੇ ਜੀਜਾ ਜਗਤਾਰ ਸਿੰਘ ਦੇ ਘਰ ਆਪਣੇ 2 ਦੋਸਤਾਂ ਨਾਲ ਰਹਿ ਰਿਹਾ ਸੀ, ਜੋ ਵਾਰਦਾਤ ਦੇ ਬਾਅਦ ਤੋਂ ਹੀ ਗਾਇਬ ਹਨ।
ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦਾ ਜੀਜਾ ਜਗਤਾਰ ਸਿੰਘ ਕਥਾਵਾਚਕ ਹੈ। ਉਸ ਦੇ ਪਿਤਾ ਗੁਰਦੇਵ ਸਿੰਘ ਗੁਰਦੁਆਰਾ ਸ਼ਹੀਦਾਂ ਸਾਹਿਬ ‘ਚ ਡਿਊਟੀ ਕਰਦੇ ਹਨ। ਹਰਬੰਸ ਸਿੰਘ ਆਪਣੇ 2 ਦੋਸਤਾਂ ਨਾਲ ਘਰ ਵਾਲਿਆਂ ਨੂੰ ਇਹ ਕਹਿ ਕੇ ਆਪਣੇ ਜੀਜਾ ਦੇ ਘਰ ਰਹਿ ਰਿਹਾ ਸੀ ਕਿ ਉਹ ਸਪੇਅਰ ਪਾਰਟ ਦਾ ਕਾਰੋਬਾਰ ਸ਼ੁਰੂ ਕਰ ਰਿਹਾ ਹੈ। ਜਦੋਂ ਜਗਤਾਰ ਸਿੰਘ ਨੇ ਘਰ ਜਾ ਕੇ ਦੇਖਿਆ ਤਾਂ ਹਰਬੰਸ ਸਿੰਘ ਖ਼ੂਨ ਨਾਲ ਲੱਥਪੱਥ ਬਿਸਤਰੇ ‘ਤੇ ਵੱਢਿਆ ਪਿਆ ਸੀ।
ਦੱਸਿਆ ਜਾਂਦਾ ਹੈ ਕਿ ਹਰਬੰਸ ਸਿੰਘ ਨੂੰ ਇੰਨੀ ਬੇਰਹਿਮੀ ਨਾਲ ਮਾਰਿਆ ਗਿਆ ਕਿ ਉਸ ਦਾ ਦਿਮਾਗ ਕੱਢ ਕੇ ਦੂਜੇ ਬਿਸਤਰੇ ‘ਤੇ ਸੁੱਟਿਆ ਗਿਆ ਸੀ। ਉਸ ਦੇ ਚਿਹਰੇ ‘ਤੇ ਇੰਨੇ ਵਾਰ ਸਨ ਕਿ ਉਹ ਪਛਾਣ ਦੇ ਯੋਗ ਵੀ ਨਹੀਂ ਛੱਡਿਆ ਸੀ। ਓਥੇ ਕਮਰਾ ਪੂਰੀ ਤਰ੍ਹਾਂ ਖੂਨ ਨਾਲ ਲਿੱਬੜ ਗਿਆ ਸੀ।
ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਚੌਕੀ ਕੋਟਮਿੱਤ ਸਿੰਘ ਦੇ ਇੰਚਾਰਜ ਏ.ਐੱਸ.ਆਈ. ਜੋਗਿੰਦਰ ਸਿੰਘ ਪਰਮਾਰ ਪੁਲਿਸ ਪਾਰਟੀ ਨਾਲ ਮੌਕੇ ‘ਤੇ ਪਹੁੰਚੇ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਕੇ ਅਣਪਛਾਤੇ ਵਿਅਕਤੀਆਂ ਵਿਰੁੱਧ ਹੱਤਿਆ ਦਾ ਕੇਸ ਦਰਜ ਕਰ ਲਿਆ ਹੈ।