CBSE ਪ੍ਰੀਖਿਆ ਲਈ ਗ੍ਰਹਿ ਮੰਤਰਾਲੇ ਨੇ ਜਾਰੀ ਕੀਤੇ ਦਿਸ਼ਾ-ਨਿਰਦੇਸ਼, ਬਣਾਏ ਇਹ ਨਿਯਮ

CBSE ਪ੍ਰੀਖਿਆ ਲਈ ਗ੍ਰਹਿ ਮੰਤਰਾਲੇ ਨੇ ਜਾਰੀ ਕੀਤੇ ਦਿਸ਼ਾ-ਨਿਰਦੇਸ਼, ਬਣਾਏ ਇਹ ਨਿਯਮ
ਸੀਬੀਐਸਈ ਦੀ 10ਵੀਂ ਤੇ 12ਵੀਂ ਦੀਆਂ ਬਾਕੀ ਪ੍ਰੀਖਿਆਵਾਂ ਕਰਵਾਉਣ ਲਈ ਗ੍ਰਹਿ ਮੰਤਰਾਲੇ ਨੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਸਾਰੇ ਸਕੂਲਾਂ ਨੂੰ ਪ੍ਰੀਖਿਆ ਦੌਰਾਨ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦੀ ਪਾਲਣ ਕਰਨਾ ਲਾਜ਼ਮੀ ਹੈ। ਗ੍ਰਹਿ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪ੍ਰੀਖਿਆ ਕੇਂਦਰਾਂ ‘ਚ ਸਮਾਜਿਕ ਦੂਰੀਆਂ ਨੂੰ ਧਿਆਨ ‘ਚ ਰੱਖਦੇ ਹੋਏ ਪ੍ਰੀਖਿਆ ਹੋਵੇਗੀ।
ਪ੍ਰੀਖਿਆ ਕੇਂਦਰ ‘ਚ ਥਰਮਲ ਸਕ੍ਰੀਨਿੰਗ ਅਤੇ ਸੈਨੇਟਾਈਜ਼ਰ ਦਾ ਵੀ ਪ੍ਰਬੰਧ ਹੋਣਾ ਜ਼ਰੂਰੀ ਹੈ। ਕਿਸੇ ਵੀ ਕੰਟੇਨਮੈਂਟ ਜ਼ੋਨ ‘ਚ ਕੋਈ ਪ੍ਰੀਖਿਆ ਕੇਂਦਰ ਨਹੀਂ ਹੋਵੇਗਾ। ਪ੍ਰੀਖਿਆ ਕੇਂਦਰਾਂ ‘ਚ ਮੌਜੂਦ ਸਾਰੇ ਵਿਦਿਆਰਥੀਆਂ, ਅਧਿਆਪਕਾਂ ਅਤੇ ਹੋਰ ਸਟਾਫ਼ ਮੁਲਾਜ਼ਮਾਂ ਲਈ ਫੇਸ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ। ਇਸ ਤੋਂ ਇਲਾਵਾ ਮੰਤਰਾਲੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਵਿਦਿਆਰਥੀਆਂ ਨੂੰ ਪ੍ਰੀਖਿਆ ਕੇਂਦਰਾਂ ‘ਤੇ ਲਿਜਾਣ ਲਈ ਵਿਸ਼ੇਸ਼ ਬੱਸਾਂ ਚਲਾਈਆਂ ਜਾ ਸਕਦੀਆਂ ਹਨ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਕਿਹਾ ਕਿ 10ਵੀਂ ਤੇ 12ਵੀਂ ਦੀ ਬਾਕੀ ਬੋਰਡਾਂ ਦੀਆਂ ਪ੍ਰੀਖਿਆਵਾਂ ਕਰਵਾਉਣ ਲਈ ਲੌਕਡਾਊਨ ਨਿਯਮਾਂ ‘ਚ ਢਿੱਲ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਸਬੰਧ ‘ਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕੀਤਾ, “ਵਿਦਿਆਰਥੀਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ 10ਵੀਂ ਤੇ 12ਵੀਂ ਬੋਰਡ ਦੀਆਂ ਬਾਕੀ ਪ੍ਰੀਖਿਆਵਾਂ ਨੂੰ ਸਮਾਜਿਕ ਦੂਰੀ, ਫੇਸ ਮਾਸਕ ਵਰਗੀਆਂ ਸ਼ਰਤਾਂ ਨਾਲ ਕਰਵਾਉਣ ਲਈ ਲੌਕਡਾਊਨ ਦੇ ਨਿਯਮਾਂ ਵਿੱਚ ਕੁਝ ਢਿੱਲ ਦੇਣ ਦਾ ਫ਼ੈਸਲਾ ਕੀਤਾ ਗਿਆ।”
ਗ੍ਰਹਿ ਮੰਤਰਾਲਾ ਪਹਿਲਾਂ ਹੀ ਸਾਰੀਆਂ ਸੂਬਾ ਸਰਕਾਰਾਂ ਨੂੰ ਪ੍ਰੀਖਿਆਵਾਂ ਦੇ ਆਯੋਜਨ ਲਈ ਕੁਝ ਸ਼ਰਤਾਂ ਦੇ ਅਧਾਰ ‘ਤੇ ਲੌਕਡਾਊਨ ਨਿਯਮਾਂ ਤੋਂ ਛੋਟ ਦੇਣ ਦੀ ਸੂਚਨਾ ਦੇ ਚੁੱਕਾ ਹੈ।
ਇਹ ਪ੍ਰੀਖਿਆਵਾਂ 1 ਜੁਲਾਈ ਤੋਂ 15 ਜੁਲਾਈ ਵਿਚਕਾਰ ਲਈਆਂ ਜਾਣਗੀਆਂ। ਸੀਬੀਐਸਈ ਨੇ ਡੇਟਸ਼ੀਟ ਜਾਰੀ ਕਰਨ ਦੇ ਨਾਲ ਹੀ ਇਹ ਵੀ ਕਿਹਾ ਹੈ ਕਿ ਮਾਪੇ ਯਕੀਨੀ ਬਣਾਉਣ ਕਿ ਉਨ੍ਹਾਂ ਦਾ ਬੱਚਾ ਬੀਮਾਰ ਨਾ ਹੋਵੇ। ਉਮੀਦਵਾਰਾਂ ਨੂੰ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਲਾਜ਼ਮੀ ਤੌਰ ‘ਤੇ ਮਾਸਕ ਪਹਿਨ ਕੇ ਅਤੇ ਆਪਣਾ ਸੈਨੀਟਾਈਜ਼ਰ ਪ੍ਰੀਖਿਆ ਕੇਂਦਰ ‘ਚ ਲਿਆਉਣਾ ਪਵੇਗਾ।
ਸੀਬੀਐਸਈ ਨੇ ਪ੍ਰੀਖਿਆ ‘ਚ ਬੈਠਣ ਲਈ ਇਹ ਨਿਯਮ ਬਣਾਏ-
1. ਸਾਰੇ ਵਿਦਿਆਰਥੀਆਂ ਨੂੰ ਲਾਜ਼ਮੀ ਤੌਰ ‘ਤੇ ਇੱਕ ਪਾਰਦਰਸ਼ੀ ਬੋਤਲ ਵਿੱਚ ਆਪਣਾ ਖੁਦ ਦਾ ਸੈਨੇਟਾਈਜ਼ਰ ਲੈ ਕੇ ਜਾਣਾ ਹੋਵੇਗਾ।
2. ਸਾਰੇ ਵਿਦਿਆਰਥੀਆਂ ਨੂੰ ਆਪਣੇ ਨੱਕ ਤੇ ਮੂੰਹ ਨੂੰ ਇੱਕ ਮਾਸਕ ਜਾਂ ਕੱਪੜੇ ਨਾਲ ਢੱਕਣਾ ਹੋਵੇਗਾ।
3. ਸਾਰੇ ਵਿਦਿਆਰਥੀਆਂ ਨੂੰ ਸਰੀਰਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ।
4. ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਦੱਸਣਾ ਹੋਵੇਗਾ ਕਿ ਕੋਰੋਨਾ ਵਾਇਰਸ ਫੈਲਣ ਤੋਂ ਰੋਕਣ ਲਈ ਉਨ੍ਹਾਂ ਨੂੰ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ।
5. ਮਾਪਿਆਂ ਨੂੰ ਲਾਜ਼ਮੀ ਤੌਰ ‘ਤੇ ਇਹ ਸੁਨਿਸ਼ਚਿਤ ਕਰਨਾ ਹੋਵੇਗਾ ਕਿ ਉਨ੍ਹਾਂ ਦਾ ਬੱਚਾ ਬੀਮਾਰ ਨਹੀਂ ਹੈ।
6. ਵਿਦਿਆਰਥੀਆਂ ਨੂੰ ਪ੍ਰੀਖਿਆ ਦੇਣ ਸਮੇਂ ਸਾਰੀਆਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨੀ ਹੋਵੇਗੀ।
7. ਵਿਦਿਆਰਥੀਆਂ ਨੂੰ ਐਡਮਿਟ ਕਾਰਡ ‘ਚ ਲਿਖੀਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨੀ ਪਵੇਗੀ।
8. ਪ੍ਰੀਖਿਆ ਦਾ ਸਮਾਂ ਤੇ ਤਰੀਕ ਐਡਮਿਟ ਕਾਰਡ ‘ਚ ਲਿਖਿਆ ਹੋਵੇਗਾ।
9. ਉੱਤਰ ਕਿਤਾਬਾਂ ਸਵੇਰੇ 10 ਵਜੇ ਤੋਂ 10.15 ਵਿਚਕਾਰ ਵੰਡੀਆਂ ਜਾਣਗੀਆਂ।
10. ਪ੍ਰਸ਼ਨ ਪੱਤਰ ਸਵੇਰੇ 10.15 ਵਜੇ ਵੰਡੇ ਜਾਣਗੇ।
11. ਪੇਪਰ ਪੜ੍ਹਨ ਲਈ 15 ਮਿੰਟ ਦਾ ਸਮਾਂ ਹੋਵੇਗਾ। ਸਵੇਰੇ 10.15 ਵਜੇ ਤੋਂ ਸਵੇਰੇ 10.30 ਵਜੇ ਤਕ ਵਿਦਿਆਰਥੀਆਂ ਨੂੰ ਪ੍ਰਸ਼ਨ ਪੱਤਰ ਪੜ੍ਹਨਾ ਹੋਵੇਗਾ।
12. ਵਿਦਿਆਰਥੀ ਸਵੇਰੇ 10.30 ਵਜੇ ਤੋਂ ਸਵਾਲਾਂ ਦੇ ਉੱਤਰ ਲਿਖਣੇ ਸ਼ੁਰੂ ਕਰ ਦੇਣਗੇ।