15 ਮਾਰਚ ਜਨਮ ਦਿਨ ਤੇ ਵਿਸ਼ੇਸ਼: ਦਲਿਤ ਤੇ ਦੱਬੇ ਕੁਚਲੇ ਘੱਟ ਗਿਣਤੀ ਲੋਕਾਂ ਦੇ ਮਸੀਹਾ ਸਹਿਬ ਸ੍ਰੀ ਬਾਬੂ ਕਾਂਸ਼ੀ ਰਾਮ ਜੀ

15 ਮਾਰਚ ਜਨਮ ਦਿਨ ਤੇ ਵਿਸ਼ੇਸ਼: ਦਲਿਤ ਤੇ ਦੱਬੇ ਕੁਚਲੇ ਘੱਟ ਗਿਣਤੀ ਲੋਕਾਂ ਦੇ ਮਸੀਹਾ ਸਹਿਬ ਸ੍ਰੀ ਬਾਬੂ ਕਾਂਸ਼ੀ ਰਾਮ ਜੀ
ਸਹਿਬ ਸ੍ਰੀ ਕਾਂਸ਼ੀ ਰਾਮ ਜੀ ਰੋਪੜ ਜ਼ਿਲ੍ਹੇ ਦੇ ਪਿੰਡ, ਪਿਰਥੀਪੁਰ ਬੁੰਗਾ ਸਾਹਿਬ ਵਿਖੇ 15 ਮਾਰਚ 1934 ਨੂੰ ਆਪਣੇ ਨਾਨਕੇ ਪਿੰਡ ਜਨਮੇ ਸਾਹਿਬ ਕਾਂਸ਼ੀ ਰਾਮ; ਪੰਜਾਬ ਵਿੱਚ ਸ਼ੁਰੂ ਹੋਈ “ਬਹੁਜਨ” ਲਹਿਰ ਦੇ ਬਾਨੀ ਸਨ। ਉਨ੍ਹਾਂ ਦੀ ਮਾਤਾ ਦਾ ਨਾਮ ਬਿਸ਼ਨ ਕੌਰ ਅਤੇ ਪਿਤਾ ਦਾ ਨਾਮ ਸਰਦਾਰ ਹਰਿ ਸਿੰਘ ਸੀ, ਜੋ ਕਿ ਰੋਪੜ ਦੇ ਹੀ ਪਿੰਡ ਖੁਆਸਪੁਰ ਦੇ ਵਸਨੀਕ ਸਨ। ਰੋਪੜ ਤੋਂ ਬੀ ਐਸ ਸੀ ਕਰਕੇ ਉਹ ਸਰਕਾਰੀ ਨੌਕਰੀ ਵਾਸਤੇ ਪਹਿਲਾਂ ਦੇਹਰਾਦੂਨ ਫਿਰ ਪੂਨਾ, ਮਹਾਰਾਸ਼ਟਰ ਪੁੱਜੇ; ਜਿੱਥੇ ਡੀ ਆਰ ਡੀ ਓ (ਅਸਲਾ ਬਣਾਉਣ ਦਾ ਸਰਕਾਰੀ ਕਾਰਖ਼ਾਨਾ) ਵਿਖੇ ਬਤੌਰ ਵਿਗਿਆਨੀ ਕੰਮ ਕਰਨ ਲੱਗੇ। ਐਥੇ ਹੀ 1965 ਦੇ ਕਰੀਬ ਵਾਪਰੀ ਇੱਕ ਘਟਨਾ ਨੇ ਉਨ੍ਹਾਂ ਨੂੰ ਝੰਜੋੜ ਕੇ ਰੱਖ ਦਿੱਤਾ। ਬ੍ਰਾਹਮਣਵਾਦੀ ਅਫ਼ਸਰਾਂ ਨੇ ਮਹਾਤਮਾ ਬੁੱਧ ਅਤੇ ਬਾਬਾਸਾਹਿਬ ਅੰਬੇਡਕਰ ਦੀਆਂ ਛੁੱਟੀਆਂ ਬਗੈਰ ਕਿਸੇ ਕਾਰਨ ਰੱਦ ਕਰਤੀਆਂ। ਜਦੋਂ ਇਸ ਦੇ ਖ਼ਿਲਾਫ਼ ਰਾਜਸਥਾਨ ਦੇ ਦੀਨਾਂ ਭਾਨਾ ਨੇ ਆਵਾਜ਼ ਚੁੱਕੀ ਤਾਂ ਉਨ੍ਹਾਂ ਨੂੰ ਬਰਖ਼ਾਸਤ ਕਰ ਡਰਾਇਆ-ਧਮਕਾਇਆ ਗਿਆ। ਇਸ ਧੱਕੇਸ਼ਾਹੀ ਦੇ ਖ਼ਿਲਾਫ਼ ਸੰਘਰਸ਼ ਛਿੜ ਗਿਆ, ਸਾਹਿਬ ਕਾਂਸ਼ੀ ਰਾਮ ਨੇ ਇਸ ਦੀ ਅਗਵਾਈ ਕੀਤੀ ਅਤੇ ਅਦਾਲਤ ਵਿੱਚੋਂ ਜਿੱਤ ਪ੍ਰਾਪਤ ਕਰ ਦੋਵੇਂ ਛੁੱਟੀਆਂ ਬਹਾਲ ਕਰਵਾਈਆਂ। ਪਰ ਉਨ੍ਹਾਂ ਨੂੰ ਇਸ ਹਕੀਕਤ ਦਾ ਵੀ ਸਾਹਮਣਾ ਕਰਨਾ ਪਿਆ ਕਿ ਭਾਵੇਂ ਦੇਸ਼ ਆਜ਼ਾਦ ਹੋ ਚੁੱਕਿਆ ਸੀ ਅਤੇ ਸੰਵਿਧਾਨ ਵਿੱਚ ਸਬ ਨੂੰ ਬਰਾਬਰਤਾ ਦੇ ਅਧਿਕਾਰ ਮਿਲੇ ਪਰ ਜ਼ਮੀਨੀ ਹਾਲਾਤ ਕੁੱਝ ਹੋਰ ਹੀ ਸਨ। ਮਹਾਤਮਾ ਜੋਤੀਰਾਓ ਫੂਲੇ, ਛਤਰਪਤੀ ਸ਼ਾਹੂ ਜੀ ਮਹਾਰਾਜ, ਨਾਰਾਇਣਾ ਗੁਰੂ, ਪੇਰੀਆਰ ਰਾਮਾਸਵਾਮੀ ਨਾਇਕਰ ਅਤੇ ਬਾਬਾਸਾਹਿਬ ਅੰਬੇਡਕਰ ਦੇ ਜਾਤ-ਪਾਤ ਖ਼ਿਲਾਫ਼ ਕੀਤੇ ਲੰਬੇ ਸੰਘਰਸ਼ ਦੀ ਵੀ ਜਾਣਕਾਰੀ ਮਿਲੀ। ਉਨ੍ਹਾਂ ਵੀ ਆਪਣਾ ਪੂਰਾ ਜੀਵਨ ਭਾਰਤ ਵਿੱਚੋਂ ਜਾਤ-ਪਾਤ ਦੇ ਇਸ ਕੋਹੜ ਨੂੰ ਖ਼ਤਮ ਕਰਨ ਅਤੇ ਬਰਾਬਰਤਾ ਲਿਆਉਣ ਵਾਸਤੇ ਕੁਰਬਾਨ ਕਰਨ ਦਾ ਫ਼ੈਸਲਾ ਕੀਤਾ। ਕੁੱਝ ਸਾਲ ਮਹਾਰਾਸ਼ਟਰ ਵਿੱਚ ਬਾਬਾਸਾਹਿਬ ਦੀ ਬਣਾਈ ਰਿਪਬਲਿਕਨ ਪਾਰਟੀ ਆਫ ਇੰਡੀਆ ਨਾਲ ਕੰਮ ਕੀਤਾ। ਜਲਦ ਹੀ ਅਹਿਸਾਸ ਹੋਇਆ ਕਿ ਯੋਗ ਅਗਵਾਈ ਦੀ ਘਾਟ ਅਤੇ ਲੋਕਾਂ ਵਿੱਚ ਖ਼ਰਾਬ ਹੋ ਚੁੱਕੀ ਛਵੀ ਕਾਰਨ ਹੁਣ ਇਹ ਸਫਲ ਨਹੀਂ ਹੋ ਸਕੇਗੀ। 1975 ਦੇ ਕਰੀਬ, ਇਸੇ ਲਹਿਰ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰਨ ਲਈ ਉਨ੍ਹਾਂ ਉੱਤਰੀ ਭਾਰਤ ਦਾ ਰੁੱਖ ਕੀਤਾ। ਉਨ੍ਹਾਂ ਦੀ ਪਹਿਲੀ ਨਜ਼ਰ ਪੰਜਾਬ ਤੇ ਗਈ। ਐਥੇ ਪਹਿਲਾਂ ਹੀ 15ਵੀਂ ਸਦੀ ਤੋਂ ਸਿੱਖ ਗੁਰੂਆਂ ਅਤੇ ਫਿਰ 20ਵੀਂ ਸਦੀ ਦੀ ਸ਼ੁਰੂਆਤ ਵਿੱਚ “ਆਦਿ ਧਰਮ” ਲਹਿਰ ਵੱਲੋਂ ਜਾਤੀ ਵਿਤਕਰੇ ਖ਼ਿਲਾਫ਼ ਸੰਘਰਸ਼ ਹੋ ਚੁੱਕਿਆ ਸੀ। ਬਾਬਾਸਾਹਿਬ ਅੰਬੇਡਕਰ ਖ਼ੁਦ ਵੀ ਐਥੋਂ ਦੀਆਂ SC ਜਾਤਾਂ ਨਾਲ ਜੁੜੇ ਰਹੇ। ਪੂਰੇ ਦੇਸ਼ ਅੰਦਰ SC ਭਾਈਚਾਰੇ ਦੀ ਸਬਤੋਂ ਜ਼ਿਆਦਾ ਆਬਾਦੀ 40% ਦੇ ਕਰੀਬ ਪੰਜਾਬ ਵਿੱਚ ਸੀ। ਇਨ੍ਹਾਂ ਸਾਰੀਆਂ ਪਹਿਲੂਆਂ ਤੇ ਗ਼ੌਰ ਕਰਦੇ ਹੋਏ ਸਾਹਿਬ ਕਾਂਸ਼ੀ ਰਾਮ ਨੇ “ਬਹੁਜਨ ਸਮਾਜ” ਦੀ ਲਹਿਰ ਨੂੰ ਪੰਜਾਬ ਤੋਂ ਸ਼ੁਰੂ ਕਰਨ ਦਾ ਮਨ ਬਣਾਇਆ।
“ਬਹੁਜਨ ਸਮਾਜ” ਪਿੱਛੇ ਉਨ੍ਹਾਂ ਦੀ ਸੋਚ 6000 ਜਾਤਾਂ ਵਿੱਚ ਵੰਡੇ ਹੋਏ ਮੂਲਨਿਵਾਸੀ ਓ ਬੀ ਸੀ (ਪਛੜੀਆਂ ਜਾਤਾਂ – ਜੱਟ, ਲਬਾਣੇ, ਰਾਮਗੜ੍ਹੀਏ, ਸੈਣੀ, ਲੁਹਾਰ, ਕੁਮਿਹਾਰ, ਆਦਿ), SC(ਅਨੁਸੂਚਿਤ ਜਾਤਾਂ – ਵਾਲਮੀਕੀ, ਚਮਾਰ, ਕਬੀਰਪੰਥੀ, ਸੈਂਸੀ, ਬਾਜ਼ੀਗਰ, ਆਦਿ), ਐਸ ਟੀ (ਆਦਿਵਾਸੀ – ਪੰਜਾਬ ਵਿੱਚ ਵਸੋਂ ਨਹੀਂ) ਅਤੇ ਇਨ੍ਹਾਂ ਤੋਂ ਧਰਮ ਪਰਿਵਰਤਨ ਕਰ ਬਣੇ ਸਿੱਖ, ਮੁਸਲਮਾਨ, ਈਸਾਈ, ਲਿੰਗਾਯਤ, ਆਦਿ ਨੂੰ ਇੱਕਜੁੱਟ ਕਰਨਾ ਸੀ। ਕਿਉਂਕਿ ਇਨ੍ਹਾਂ ਦੀ ਆਬਾਦੀ ਦੇਸ਼ ਵਿੱਚ 85% ਦੇ ਕਰੀਬ ਹੈ, ਇਸ ਕਰਕੇ ਇਹ ਲੋਕ ਬਹੁਜਨ ਹਨ; ਯਾਨੀ ਕਿ ਬਹੁਗਿਣਤੀ। ਦੂਜੇ ਪਾਸੇ ਬ੍ਰਾਹਮਣ, ਬਾਣੀਆਂ, ਖੱਤਰੀ; ਜੋ ਕਿ ਆਪਣੇ ਆਪ ਨੂੰ ਹਿੰਦੂ ਦੇ ਨਾਂ ਹੇਠ ਬਹੁਗਿਣਤੀ ਦੱਸਦੇ ਹਨ, ਦਰਅਸਲ ਘੱਟਗਿਣਤੀਆਂ ਹਨ – ਜਿਨ੍ਹਾਂ ਦੀ ਆਬਾਦੀ 15% ਦੇ ਕਰੀਬ ਹੈ। ਸਾਹਿਬ ਕਾਂਸ਼ੀ ਰਾਮ ਨੇ ਪੂਰੇ ਦੇਸ਼ ਵਿੱਚ ਬਹੁਗਿਣਤੀ ਅਤੇ ਘੱਟਗਿਣਤੀ ਦੀ ਪਰਿਭਾਸ਼ਾ ਹੀ ਬਦਲ ਕੇ ਰੱਖ ਦਿੱਤੀ ਅਤੇ ਸਹੀ ਮਾਅਨਿਆਂ ਵਿੱਚ ਪਹਿਲੀ ਵਾਰ ਇਸ ਦੇ ਪਿੱਛੇ ਖੇਡੀ ਜਾ ਰਹੀ ਮਨੋਵਿਗਿਆਨਕ ਬ੍ਰਾਹਮਣਵਾਦੀ ਖੇਡ ਦਾ ਪਰਦਾਫਾਸ਼ ਕੀਤਾ। 1978 ਵਿੱਚ ਬਾਮ ਸੈਫ ,, ਐਸ ਸੀ ,ਐਸ ਟੀ ਓ ਬੀ ਸੀ ਦੇ ਸਰਕਾਰੀ ਮੁਲਾਜ਼ਮਾਂ ਦੀ ਜਥੇਬੰਦੀ), 1981 ਵਿੱਚ ਡੀ ਐਸ 4(ਦਲਿਤ ਸ਼ੋਸ਼ਿਤ ਸਮਾਜ ਸੰਘਰਸ਼ ਸੰਮਤੀ – ਸੰਘਰਸ਼ ਵਾਸਤੇ) ਅਤੇ 1984 ਵਿੱਚ ਬਹੁਜਨ ਸਮਾਜ ਪਾਰਟੀ ਦੀ ਨੀਂਹ ਰੱਖੀ।
ਕੁੱਝ ਹੀ ਵਰ੍ਹਿਆਂ ਵਿੱਚ ਇਸ ਨੇ ਪੰਜਾਬ ਅੰਦਰ ਇੱਕ ਵੱਡੀ ਲਹਿਰ ਦਾ ਰੂਪ ਧਾਰਨ ਕਰ ਲਿਆ। ਜਦੋਂ 1985 ਵਿੱਚ ਵਿਧਾਨ ਸਭਾ ਚੋਣਾਂ ਹੋਈਆਂ ਤਾਂ ਕਾਂਗਰਸ ਪਾਰਟੀ ਦੀਆਂ ਸੀਟਾਂ 1980 ਵਿੱਚ ਬਣੇ 63 ਐਮ ਐਲ ਏ ਤੋਂ ਘੱਟ ਕੇ 32 ਹੀ ਰਹਿ ਗਈਆਂ ਅਤੇ ਅਕਾਲੀ ਦਲ 37 ਤੋਂ ਵੱਧ ਕੇ 73 ਤੇ ਜਾ ਪੁੱਜਿਆ |ਕਾਂਗਰਸ ਸੱਤਾ ਤੋਂ ਬੇਦਖ਼ਲ ਹੋਈ ਅਤੇ ਅਕਾਲੀ ਸਰਕਾਰ ਬਣਾਉਣ ਵਿੱਚ ਕਾਮਯਾਬ ਰਹੇ। ਪਰ ਇਸ ਸਾਰੀ ਉਥਲ-ਪੁਥਲ ਦੇ ਪਿੱਛੇ, ਸਾਹਿਬ ਕਾਂਸ਼ੀ ਰਾਮ ਦੀ ਚਲਾਈ “ਬਹੁਜਨ ਲਹਿਰ” ਦਾ ਹੱਥ ਸੀ। ਉਨ੍ਹਾਂ ਦੇ ਉਮੀਦਵਾਰ ਖ਼ੁਦ ਤਾਂ ਨਹੀਂ ਜਿੱਤ ਸਕੇ ਪਰ ਐਨੀਆਂ ਵੋਟਾਂ ਲੈਣ ਵਿੱਚ ਜ਼ਰੂਰ ਕਾਮਯਾਬ ਰਹੇ ਕਿ ਕਾਂਗਰਸ ਪਾਰਟੀ ਦਾ ਸਫ਼ਾਇਆ ਹੋ ਗਿਆ। ਜਿਵੇਂ ਹੀ ਸਾਹਿਬ ਨੇ ਪਹਿਲਾ SC ਵਰਗ ਨੂੰ ਆਪਣੇ ਨਾਲ ਜੋੜਿਆ, ਇਸ 40% ਵੋਟ ਤੇ ਕਬਜ਼ਾ ਜਮਾਈ ਬੈਠੀ ਕਾਂਗਰਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। 1989 ਦੀਆਂ ਲੋਕ ਸਭਾ ਚੋਣਾਂ’ਚ ਫਿਲੌਰ ਦੀ ਸੀਟ ਤੋਂ ਉਨ੍ਹਾਂ ਦੇ ਉਮੀਦਵਾਰ ਹਰਭਜਨ ਲਾਖਾ ਜੇਤੂ ਕਰਾਰ ਹੋਏ ਅਤੇ ਪੰਜਾਬ ਵਿੱਚ ਪਹਿਲੀ ਸਿਆਸੀ ਜਿੱਤ, ਐਮ ਐਲ ਏ ਦੀ ਬਜਾਇ ਸਿੱਧੇ ਐਮ ਪੀ ਦੀ ਸੀਟ ਤੋਂ ਹੋਈ।
ਜਦ 1992 ਵਿੱਚ ਵਿਧਾਨ ਸਭਾ ਚੋਣਾਂ ਹੋਈਆਂ ਤਾਂ ਅਕਾਲੀ ਦਲ ਨੇ ਇਸ ਦਾ ਬਾਈਕਾਟ ਕੀਤਾ ਅਤੇ ਟੱਕਰ ਸਿੱਧੀ ਕਾਂਗਰਸ ਅਤੇ ਬਸਪਾ ਵਿਚਾਲੇ ਹੋਈ। ਉਨ੍ਹਾਂ ਦੇ 9 ਉਮੀਦਵਾਰ ਜੇਤੂ ਹੋਏ ਅਤੇ ਬਸਪਾ ਪੰਜਾਬ ਦੀ ਮੁੱਖ ਵਿਰੋਧੀ ਧਿਰ ਬਣੀ। 1996 ਦੀਆਂ ਲੋਕ ਸਭਾ ਚੋਣਾਂ ਵਿੱਚ ਅਕਾਲੀ ਦਲ ਨਾਲ ਸਮਝੌਤਾ ਹੋਇਆ ਅਤੇ ਸਾਹਿਬ ਕਾਂਸ਼ੀ ਰਾਮ ਖੁਦ ਹੁਸ਼ਿਆਰਪੁਰ ਤੋਂ, ਹਰਭਜਨ ਲਾਖਾ ਦੁਬਾਰਾ ਫਿਲੌਰ ਤੋਂ ਅਤੇ ਮੋਹਨ ਸਿੰਘ ਫਲਿਆਵਾਲਾ, ਫ਼ਿਰੋਜ਼ਪੁਰ ਤੋਂ ਕਾਮਯਾਬ ਹੋਏ। ਅਕਾਲੀ ਦਲ ਵੀ 8 ਸੀਟਾਂ ਤੇ ਜਿੱਤਿਆ ਅਤੇ ਕਾਂਗਰਸ ਪਾਰਟੀ ਫੇਰ ਹੱਥ ਮੱਲਦੀ ਰਹਿ ਗਈ। 1978 ਤੋਂ ਬਿਲਕੁਲ ਜ਼ਮੀਨੀ ਪੱਧਰ ਤੋਂ ਸ਼ੁਰੂ ਹੋਕੇ 1996 ਤੱਕ ਇਹ ਲਹਿਰ ਪੰਜਾਬ ਦੇ ਸਿਆਸੀ ਸਿਖਰ ਤੇ ਜਾ ਪੁੱਜੀ। 1996 ਦੇ ਨਤੀਜਿਆਂ ਨੇ ਸਾਫ਼ ਕਰਤਾ ਕਿ 1997 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਰਕਾਰ ਅਕਾਲੀ-ਬਸਪਾ ਗੱਠਜੋੜ ਦੀ ਹੀ ਬਣੇਗੀ। ਸਿੱਖਾਂ-ਪਛੜੀਆਂ ਜਾਤਾਂ-ਦਲਿਤਾਂ ਦੇ ਬਣ ਰਹੇ “ਬਹੁਜਨ ਸਮਾਜ” ਤੋਂ ਵਿਰੋਧੀ ਪਾਰਟੀਆਂ ਦੇ ਕੰਨ ਖੜੇ ਹੋ ਗਏ ਅਤੇ ਉਨ੍ਹਾਂ, ਇਸ ਨੂੰ ਤੋੜਨ ਵਾਸਤੇ ਪ੍ਰਕਾਸ਼ ਸਿੰਘ ਬਾਦਲ ਨੂੰ ਆਪਣੇ ਨਾਲ ਮਿਲਾ ਲਿਆ। ਇਸ ਭਾਈਚਾਰਕ ਸਾਂਝ ਦੇ ਹਕੂਮਤ ਬਣਾਉਣ ਦਾ ਇਤਿਹਾਸਕ ਮੌਕਾ ਹੱਥੋਂ ਖੁੱਸ ਗਿਆ ਅਤੇ ਸਿੱਖਾਂ ਦੀ ਅਗਵਾਈ ਕਰਨ ਵਾਲੇ ਅਕਾਲੀ ਦਲ ਦੇ ਮੁਖੀ ਨੇ ਆਪ ਹੀ ਬ੍ਰਾਹਮਣਵਾਦੀ ਲੋਕਾਂ ਨੂੰ ਪੰਜਾਬ ਦੀ ਸੱਤਾ ਵਿੱਚ ਭਾਈਵਾਲ ਬਣਾ ਲਿਆ। ਸਾਹਿਬ ਕਾਂਸ਼ੀ ਰਾਮ ਖ਼ੁਦ ਵੀ ਉੱਤਰ ਪ੍ਰਦੇਸ਼ ਵਿੱਚ ਚੱਲ ਰਹੀ ਸਿਆਸੀ ਸਰਗਰਮੀ ਕਰਕੇ ਪੰਜਾਬ ਨੂੰ ਸਮਾਂ ਨ ਦੇ ਸਕੇ। ਉਨ੍ਹਾਂ ਦੀ ਗੈਰ ਮੌਜੂਦਗੀ ਵਿੱਚ ਸੂਬੇ ਦੇ ਆਗੂ “ਬਹੁਜਨ ਸਮਾਜ” ਬਣਾਉਣ ਵਿੱਚ ਅਸਫਲ ਰਹੇ ਅਤੇ 1997 ਦੇ ਚੋਣ ਨਤੀਜਿਆਂ ਨੇ ਇਸ ਦੀ ਤਸਦੀਕ ਕਰ ਦਿੱਤੀ। 9 ਐਮ ਐਲ ਏ ਤੋਂ ਇਹ ਗਿਣਤੀ ਘੱਟ ਕੇ ਸਿਰਫ਼ 1 ਰਹੀ ਗਈ ਜੋ ਕਿ ਅੱਗੇ ਚੱਲਕੇ ਆਖ਼ਰੀ ਸਾਬਤ ਹੋਈ।
15 ਸਤੰਬਰ 2003 ਨੂੰ ਰੇਲ ਰਾਹੀਂ ਚੰਦਰਪੁਰ, ਮਹਾਰਾਸ਼ਟਰ ਤੋਂ ਹੈਦਰਾਬਾਦ ਜਾਂਦੀਆਂ ਸਾਹਿਬ ਕਾਂਸ਼ੀ ਰਾਮ ਨੂੰ ਸਿਰ ਦਾ ਦਰਦ ਹੋਇਆ। ਕੁੱਝ ਸਾਲ ਬਿਮਾਰ ਰਹਿਣ ਤੋਂ ਬਾਅਦ, 9 ਅਕਤੂਬਰ 2006 ਨੂੰ ਦੇਸ਼ ਦੇ ਕਰੋੜਾ ਬਹੁਜਨ ਸਮਾਜ ਦੇ ਲੋਕਾਂ ਅੰਦਰ ਸਵੈਮਾਨ ਨਾਲ ਜਿਊਣ ਦੀ ਅਲੱਖ ਜਗਾਉਣ ਵਾਲਾ ਇਹ ਯੁੱਗਪੁਰਸ਼ ਦੁਨੀਆ ਨੂੰ ਅਲਵਿਦਾ ਕਹਿ ਗਿਆ। ਉਨ੍ਹਾਂ ਦੀ “ਬਹੁਜਨ” ਲਹਿਰ ਨੇ ਪੰਜਾਬ ਨੂੰ ਸਿਆਸੀ ਤੌਰ ਤੇ ਹਲੂਣਾ ਦੇਣ ਦੇ ਨਾਲ ਹੀ ਧਾਰਮਿਕ, ਸਮਾਜਿਕ ਅਤੇ ਸਭਿਆਚਾਰਕ ਤੌਰ ਤੇ ਵੀ ਕਾਫ਼ੀ ਪ੍ਰਭਾਵਿਤ ਕੀਤਾ। “ਆਦਿ ਧਰਮ” ਤਹਿਰੀਕ ਦੌਰਾਨ ਐਸ ਸੀ ਜਾਤਾਂ ਦਾ ਸਾਰੇ ਹੀ ਧਰਮਾਂ ਨੂੰ ਮੰਨਣ ਵਾਲਿਆਂ ਨਾਲ ਸੰਘਰਸ਼ ਰਿਹਾ ਪਰ ਸਾਹਿਬ ਕਾਂਸ਼ੀ ਰਾਮ ਨੇ “ਬਹੁਜਨ ਸਮਾਜ” ਦੀ ਸੋਚ ਬਣਾਕੇ; ਸਿੱਖਾਂ, ਮੁਸਲਮਾਨਾਂ, ਈਸਾਈਆਂ ਨਾਲ ਸਾਂਝ ਪਾਈ ਅਤੇ ਸਿਰਫ਼ ਮਨੂ ਸਿਮ੍ਰਿਤੀ ਮੰਨਣ ਵਾਲੇ ਬ੍ਰਾਹਮਣਵਾਦੀ ਲੋਕਾਂ ਨਾਲ ਟੱਕਰ ਲਈ। ਜਲਸਿਆਂ ਦੌਰਾਨ ਉਨ੍ਹਾਂ ਕਈ ਵਾਰ, ਗੁਰੂ ਗੋਬਿੰਦ ਸਿੰਘ ਜੀ ਦੇ ਇਹ ਵਾਕ “ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ” ਦੁਹਰਾਏ। ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਦੇ ਜੀਵਨ ਨੂੰ ਹਿਲਾ ਕੇ ਰੱਖਤਾ। ਸਾਹਿਬ ਕਾਂਸ਼ੀ ਰਾਮ ਨੂੰ ਇਸ ਬਾਰੇ ਕਈ ਵਾਰ ਸਵਾਲ ਕੀਤੇ ਗਏ ਅਤੇ ਉਨ੍ਹਾਂ ਹਮੇਸ਼ਾ ਹੀ ਸਿੱਖਾਂ ਨਾਲ ਬ੍ਰਾਹਮਣਵਾਦੀ ਸਰਕਾਰਾਂ ਵੱਲੋਂ ਕੀਤੇ ਗਏ ਧੱਕੇ ਦੀ ਗੱਲ ਮੰਨੀ ਪਰ ਨਾਲ ਹੀ ਲੋਕਸ਼ਾਹੀ ਵਿੱਚ “ਬੈਲਟ” ਨੂੰ “ਬੁਲੇਟ” ਨਾਲੋਂ ਕੀਤੇ ਜ਼ਿਆਦਾ ਤਾਕਤਵਰ ਦੱਸਿਆ। ਉਨ੍ਹਾਂ ਬੈਲਟ ਦੇ ਦਮ ਤੇ ਹੀ ਕਾਂਗਰਸ ਨੂੰ ਪਹਿਲਾ 85 ਵਿੱਚ ਪੰਜਾਬ ਅਤੇ ਫਿਰ 89 ਵਿੱਚ ਦਿੱਲੀ ਤੋਂ ਚੱਲਦਾ ਕਰਤਾ ਸੀ। ਪਰ ਉਨ੍ਹਾਂ ਦਾ ਇਹ ਵੀ ਮੰਨਣਾ ਸੀ ਕਿ ਜੇਕਰ ਬ੍ਰਾਹਮਣਵਾਦੀ ਹਾਕਮ, ਉਨ੍ਹਾਂ ਦੀ ਬੈਲਟ ਨਾਲ ਰਾਜ ਬਦਲਣ ਦੀ ਕੋਸ਼ਿਸ਼ ਨੂੰ ਰੋਕਣ ਦਾ ਯਤਨ ਕਰਨਗੇ ਤਾਂ ਫਿਰ ਸਾਨੂੰ ਵੀ ਬੁਲੇਟ ਦਾ ਰਸਤਾ ਅਪਣਾਉਣਾ ਪੈ ਸਕਦਾ ਹੈ। ਫ਼ੌਜ ਵਿੱਚ 90% ਲੋਕ ਬਹੁਜਨ ਸਮਾਜ ਦੇ ਹਨ ਅਤੇ ਇਸ ਲਈ ਖ਼ਤਰਾ ਬ੍ਰਾਹਮਣਵਾਦੀ ਹੁਕਮਰਾਨਾਂ ਨੂੰ ਹੀ ਹੋਵੇਗਾ। ਅੱਜ ਅਸੀਂ ਮਾਣ ਨਾਲ ਕਹਿ ਸਕਦੇ ਹਾਂ ਕਿ ਸਾਹਿਬ ਕਾਂਸ਼ੀ ਰਾਮ ਪੰਜਾਬ ਦੇ ਉਨ੍ਹਾਂ ਗਿਣੇ-ਚੁਣੇ ਮਹਾਨ ਆਗੂਆਂ ਵਿਚੋਂ ਹਨ, ਜਿਨ੍ਹਾਂ ਦਾ ਜਨਮ ਦਿਹਾੜਾ ਅਤੇ ਮੌਤ ਦੀ ਵਰ੍ਹੇਗੰਢ ਸਿਰਫ਼ ਪੰਜਾਬ ਹੀ ਨਹੀਂ ਬਲਕਿ ਪੂਰੇ ਭਾਰਤ ਅਤੇ ਵਿਦੇਸ਼ਾਂ ਵਿੱਚ ਮਨਾਈ ਜਾਂਦੀ ਹੈ। ਉਨ੍ਹਾਂ ਦਾ ਇਹ ਨਾਰਾਂ, “21ਵੀਂ ਸਦੀ ਹਮਾਰੀ ਹੈ, ਅੱਬ ਬਹੁਜਨ ਕਿ ਬਾਰੀ ਹੈ” ਜਲਦ ਹੀ ਪੂਰਾ ਹੋਵੇਗਾ। 15 ਮਾਰਚ ਨੂੰ ਉਨ੍ਹਾਂ ਦੇ 86 ਵੇਂ ਜਨਮ ਦਿਹਾੜੇ, ਜਿਸ ਨੂੰ “ਬਹੁਜਨ ਸਮਾਜ ਦਿਵਸ” ਦੇ ਤੌਰ ਤੇ ਮਨਾਇਆ ਜਾਂਦਾ ਹੈ ਤੇ ਸਾਰੇ ਹੀ ਬਹੁਜਨ ਸਮਾਜ ਨੂੰ ਲੱਖ-ਲੱਖ ਵਧਾਈ।
ਤਰਸੇਮ ਸਿੰਘ ਫਰੰਡ
ਮਾਨਸਾ
99885 86107