ਰਾਜਸੀ ਲਾਹਾ ਲੈਣ ਲਈ ਪੰਜਾਬ ਨੂੰ ਨਸ਼ੇੜੀ ਕਹਿਣ ਵਾਲਿਆਂ ਨੂੰ ਲੋਕ ਕਦੇ ਮੁਆਫ ਨਹੀਂ ਕਰਨਗੇ : ਸ਼ਰਮਾ

ਰਾਜਸੀ ਲਾਹਾ ਲੈਣ ਲਈ ਪੰਜਾਬ ਨੂੰ ਨਸ਼ੇੜੀ ਕਹਿਣ ਵਾਲਿਆਂ ਨੂੰ ਲੋਕ ਕਦੇ ਮੁਆਫ ਨਹੀਂ ਕਰਨਗੇ : ਸ਼ਰਮਾ

29-36 (1) 29-36 (2)
ਐਸ.ਏ.ਐਸ. ਨਗਰ, 28 ਜੂਨ (ਧਰਮਵੀਰ ਨਾਗਪਾਲ) ਪੰਜਾਬ ਨੂੰ ਨਸੇੜੀ ਕਹਿਕੇ ਵਿਸ਼ਵ ਭਰ ਵਿਚ ਬਦਨਾਮ ਕਰਨ ਲਈ ਰਾਜਸੀ ਰੋਟੀਆਂ ਸੇਕਣ ਵਾਲਿਆਂ ਨੂੰ ਪੰਜਾਬ ਦੇ ਲੋਕ ਕਦੇ ਵੀ ਮੁਆਫ ਨਹੀਂ ਕਰਨਗੇ ਅਜਿਹੇ ਲੋਕਾਂ ਨੂੰ ਸਾਲ 2017 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਲੋਕ ਮੂੰਹ ਤੋੜਵਾਂ ਜਵਾਬ ਦੇਣਗੇ ਅਤੇ ਪੰਜਾਬ ਨੂੰ ਵਿਕਾਸ ਦੀਆਂ ਬੁਦੀਆਂ ਤੇ ਲਿਜਾਉਣ ਵਾਲੀ ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਸਰਕਾਰ ਨੂੰ ਮੁੜ ਸੱਤਾ ਸੌਪਣਗੇ । ਇਨਾਂ ਵਿਚਾਰਾਂ ਦਾ ਪ੍ਰਗਟਾਵਾ ਮੁੱਖ ਸੰਸਦੀ ਸਕੱਤਰ (ਉਦਯੋਗ ਤੇ ਵਣਜ) ਐਨ.ਕੇ. ਸ਼ਰਮਾ ਨੇ ਜ਼ਿਲਾ ਪ੍ਰੈੱਸ ਕਲੱਬ ਐਸ.ਏ.ਐਸ. ਨਗਰ (ਮੁਹਾਲੀ) ਵੱਲੋਂ ਇੱਥੋਂ ਦੇ ਫੇਜ਼-2 ਸਥਿਤ ਗਿਆਨ ਜਯੋਤੀ ਗਰੁੱਪ ਆਫ਼ ਇੰਸਟੀਚਿਊਟ ਦੇ ਆਡੀਟੋਰੀਅਮ ਵਿੱਚ ਆਯੋਜਿਤ ਪੱਤਰਕਾਰਾਂ ਦੇ ਫੋਟੋ ਸ਼ਨਾਖ਼ਤੀ ਕਾਰਡ ਵੰਡ ਅਤੇ ਪ੍ਰੈੱਸ ਸਟਿੱਕਰ ਰਿਲੀਜ ਸਮਾਰੋਹ ਨੂੰ ਸੰਬੋਧਨ ਕਰਦਿਆ ਕੀਤਾ।
ਸ੍ਰੀ ਐਨ.ਕੇ. ਸ਼ਰਮਾ ਨੇ ਕਿਹਾ ਕਿ ਪੰਜਾਬ ਵਿੱਚ ਆਪ ਅਤੇ ਕਾਂਗਰਸ ਦਾ ਕੋਈ ਵਜੂਦ ਨਹੀਂ ਹੈ ਅਤੇ ਦੋਵੇਂ ਪਾਰਟੀਆਂ ਆਪਣੀ ਹੋਂਦ ਬਚਾਉਣ ਲਈ ਲੋਕਾਂ ਨੂੰ ਗੁਮਰਾਹ ਕਰਕੇ ਸਿਆਸੀ ਰੋਟੀਆਂ ਸੇਕ ਰਹੀਆਂ ਹਨ। ਉਨਾਂ ਦੋਸ਼ ਲਾਇਆ ਕਿ ਪਾਰਟੀਆਂ ਪੰਜਾਬ ਵਿੱਚ ਨਸ਼ਿਆਂ ਦੀ ਤਸਕਰੀ ਦਾ ਝੂਠਾ ਰੌਲਾ ਪਾ ਕੇ ਨੌਜਵਾਨ ਪੀੜੀ ਬਦਨਾਮ ਕਰ ਰਹੀਆਂ ਹਨ। ਉਨਾਂ ਕਿਹਾ ਕਿ ਪਿਛੇ ਜਿਹੇ ਕਈ 12 ਹਜ਼ਾਰ ਵਿਅਕਤੀਆਂ ਦਾ ਡੋਪ ਟੈਸਟ ਕਰਵਾਇਆ ਗਿਆ ਸੀ ਲੇਕਿਨ ਇੱਕ ਵੀ ਵਿਅਕਤੀ ਦੀ ਨੈਗੇਟਿਵ ਰਿਪੋਰਟ ਨਹੀਂ ਆਈ। ਉਨਾਂ ਹੋਰ ਕਿਹਾ ਕਿ ਨਸ਼ਾ ਵਿਸ਼ਵ ਭਰ ਲਈ ਸਮੱਸਿਆ ਬਣਦੀ ਜਾ ਰਹੀ ਹੈ ਪ੍ਰੰਤੂ ਪੰਜਾਬ ਸਰਕਾਰ ਨੇ ਰਾਜ ਵਿਚ ਨਸ਼ਿਆਂ ਦੇ ਖਾਤਮੇ ਲਈ ਪ੍ਰਣ ਕੀਤਾ ਹੈ ਜਿਸ ਲਈ ਸਰਕਾਰ ਪੂਰੀ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਨਸ਼ੀਲੇ ਪਦਾਰਥਾਂ ਦੀ ਤਸਕਰੀ ਰੋਕਣ ਲਈ ਠੋਸ ਕਦਮ ਚੁੱਕੇ ਗਏ ਹਨ। ਇਸ ਸਬੰਧੀ ਪੁਲੀਸ ਦੀ ਕਾਰਗੁਜ਼ਾਰੀ ਵੀ ਸ਼ਲਾਘਾਯੋਗ ਰਹੀ ਹੈ। ਉਨਾਂ ਕਿਹਾ ਕਿ ਪੰਜਾਬ ਪੁਲੀਸ ਵਿੱਚ ਨਵੀਂ ਭਰਤੀ ਕਰਨ ਤੋਂ ਪਹਿਲਾਂ ਨੌਜਵਾਨਾਂ ਦਾ ਡੋਪ ਟੈਸਟ ਲਾਜ਼ਮੀ ਕੀਤਾ ਗਿਆ ਹੈ ਅਤੇ ਇਹ ਟੈਸਟ ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਕੀਤਾ ਜਾਵੇਗਾ।
ਸ੍ਰੀ ਸ਼ਰਮਾ ਨੇ ਕਿਹਾ ਕਿ ਬੁਨਿਆਦੀ ਢਾਂਚਾ ਵਿਕਸਤ ਕਰਨ ਲਈ ਕੀਤੇ ਪ੍ਰਬੰਧਾਂ ਲਈ ਦੇਸ਼ ਦਾ ਕੋਈ ਹੋਰ ਸੂਬਾ ਪੰਜਾਬ ਦਾ ਮੁਕਾਬਲਾ ਨਹੀਂ ਕਰ ਸਕਦਾ ਹੈ। ਕਿਸਾਨਾਂ ਨੂੰ ਮੁਫ਼ਤ ਬਿਜਲੀ-ਪਾਣੀ ਦੀ ਸਹੂਲਤ ਜਾਰੀ ਰੱਖਣ ਦੇ ਨਾਲ-ਨਾਲ ਵਪਾਰੀਆਂ ਨੂੰ ਵੀ ਸਿਰਫ਼ 4.99 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਮੁਹੱਈਆ ਕਰਵਾਈ ਜਾ ਰਹੀ ਹੈ। ਉਨਾਂ ਕਿਹਾ ਕਿ ਵਿਰੋਧੀ ਪਾਰਟੀਆਂ ਰੌਲਾ ਪਾ ਰਹੀਆਂ ਹਨ ਕਿ ਪੰਜਾਬ ’ਚੋਂ ਵੱਡੇ ਉਦਯੋਗ ਬਾਹਰਲੇ ਸੂਬਿਆਂ ਵਿੱਚ ਜਾ ਰਹੇ ਹਨ ਪਰ ਸੂਬਾ ਸਰਕਾਰ ਨੇ ਪੰਜਾਬ ਵਿੱਚ ਨਵੇਂ ਉਦਯੋਗ ਸਥਾਪਿਤ ਕਰਨ ਲਈ ਲਾਇਸੈਂਸ ਅਤੇ ਹੋਰ ਪ੍ਰਕਿਰਿਆਵਾਂ ਦੀ ਸਮਾਂ-ਸੀਮਾ ਨਿਸ਼ਚਿਤ ਕਰਕੇ ਸਨਅਤਕਾਰਾਂ ਨੂੰ ਵੱਡੀ ਰਾਹਤ ਦਿੱਤੀ ਹੈ ਅਤੇ ਹੁਣ ਨਿਵੇਸ਼ਕਾਰਾਂ ਲਈ ਪੰਜਾਬ ਪਸੰਦੀਦਾ ਸੂਬਾ ਬਣ ਗਿਆ ਹੈ । ਉਨਾਂ ਦੱਸਿਆ ਕਿ ਮੋਹਾਲੀ ਵਿਖੇ 1600 ਏਕੜ ਵਿਚ ਸਥਾਪਿਤ ਕੀਤੀ ਜਾ ਰਹੀ ਆਈ.ਟੀ ਵਿਚ ਆਉਣ ਵਾਲੇ ਸਮੇਂ ਵਿਚ 10 ਲੱਖ ਲੋਕਾਂ ਨੂੰ ਰੋਜ਼ਗਾਰ ਮਿਲੇਗਾ। ਉਨਾਂ ਕਿਹਾ ਕਿ ਰਾਜ ਵਿਚ ਇੰਸਪੈਕਟਰੀ ਰਾਜ ਖ਼ਤਮ ਕਰਨ ਦੇ ਨਾਲ-ਨਾਲ ਵਪਾਰੀਆਂ ਲਈ ਵੈਟ ਪ੍ਰਣਾਲੀ ਏਨੀ ਆਸਾਨ ਕਰ ਦਿੱਤੀ ਹੈ ਕਿ ਵਪਾਰੀ ਹੁਣ ਖ਼ੁਦ ਆਪਣੀ ਮਰਜ਼ੀ ਅਤੇ ਇਮਾਨਦਾਰੀ ਨਾਲ ਵੈਟ ਅਦਾ ਕਰ ਰਹੇ ਹਨ। ਉਨਾਂ ਦੱਸਿਆ ਕਿ ਇਸ ਵੇਲੇ ਸਰਕਾਰ ਨੂੰ ਵੈਟ ਤੋਂ 19 ਹਜ਼ਾਰ ਕਰੋੜ ਰੁਪਏ ਤੋਂ ਵੀ ਵੱਧ ਆਮਦਨ ਹੋ ਰਹੀ ਹੈ। ਉਨਾਂ ਇਸ ਮੌਕੇ ਮੋਹਾਲੀ ਜਿਲੇ ਦੇ ਸਮੁੱਚੀ ਪ੍ਰੈਸ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਜਿਲੇ ਦੇ ਪੱਤਰਕਾਰ ਆਪਣੀਆਂ ਸੇਵਾਵਾਂ ਬਾਖੂਬੀ ਅਤੇ ਨਿਰਪੱਖ ਹੋ ਕੇ ਨਿਭਾ ਰਹੇ ਹਨ। ਉਨਾਂ ਇਸ ਮੌਕੇ ਪੱਤਰਕਾਰਾਂ ਦੇ ਸ਼ਨਾਖਤੀ ਕਾਰਡ ਵੰਡਣ ਦੇ ਨਾਲ ਨਾਲ ਪ੍ਰੈਸ ਸਟਿੱਕਰ ਵੀ ਜਾਰੀ ਕੀਤਾ ਅਤੇ ਉਨਾਂ ਕਲੱਬ ਨੂੰ 2 ਲੱਖ ਰੁਪਏ ਦੀ ਗਰਾਂਟ ਆਪਣੇ ਅਖਤਿਆਰੀ ਫੰਡ ਵਿਚੋਂ ਦੇਣ ਦਾ ਐਲਾਨ ਵੀ ਕੀਤਾ। ਇਸ ਤੋਂ ਪਹਿਲਾਂ ਕਲੱਬ ਦੇ ਪ੍ਰਧਾਨ ਸ. ਦਰਸ਼ਨ ਸਿੰਘ ਸੋਢੀ ਨੇ ਸਮਾਗਮ ਵਿਚ ਸ਼ਾਮਲ ਸ਼ਖਸੀਅਤਾਂ ਨੂੰ ਜੀ ਆਇਆ ਆਖਿਆ ।
ਇਸ ਮੌਕੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਬੀਬੀ ਪਰਮਜੀਤ ਕੌਰ ਲਾਂਡਰਾਂ ਨੇ ਕਿਹਾ ਕਿ ਪੱਤਰਕਾਰੀ ਸਮਾਜ ਨੂੰ ਸੇਧ ਦੇਣ ਵਾਲਾ ਕਿੱਤਾ ਹੈ ਅਤੇ ਪ੍ਰੈਸ ਨੇ ਦੇਸ਼ ਦੀ ਅਜ਼ਾਦੀ ਤੋਂ ਲੈ ਕੇ ਹੁਣ ਤੱਕ ਮੋਹਰੀ ਭੂਮਿਕਾ ਨਿਭਾਈ ਹੈ ਉਨਾਂ ਕਿਹਾ ਕਿ ਪੀਲੀ ਪੱਤਰਕਾਰੀ ਨਾਲ ਇਸ ਕਿੱਤੇ ਵਿਚ ਵੀ ਗਿਰਾਵਟ ਆਈ ਹੈ ਜਿਸ ਦੀ ਪੜਚੋਲ ਹੋਣਾ ਜਰੂਰੀ ਹੈ। ਸਮਾਗਮ ਨੂੰ ਸੰਬੋਧਨ ਕਰਦਿਆਂ ਨਗਰ ਨਿਗਮ ਦੇ ਮੇਅਰ ਸ. ਕੁਲਵੰਤ ਸਿੰਘ ਨੇ ਕਿਹਾ ਕਿ ਖੋਜੀ ਪੱਤਰਕਾਰਤਾ ਖਤਮ ਹੁੰਦੀ ਜਾ ਰਹੀ ਹੈ ਉਨਾਂ ਕਿਹਾ ਕਿ ਪ੍ਰੈਸ ਨੂੰ ਤੱਥਾਂ ਦੇ ਅਧਾਰਿਤ ਹੀ ਖ਼ਬਰਾਂ ਪ੍ਰਕਾਸ਼ਿਤ ਕਰਵਾਉਣੀਆ ਚਾਹੀਦੀਆਂ ਹਨ ਅਤੇ ਲੋਕਾਂ ਵਿਚ ਉਨਾਂ ਦੇ ਅਧਿਕਾਰਾਂ ਅਤੇ ਫਰਜ਼ਾਂ ਦੇ ਨਾਲ ਟ੍ਰੈਫਿਕ ਨਿਯਮਾਂ ਪ੍ਰਤੀ ਵੀ ਲੋਕਾਂ ਨੂੰ ਜਾਗਰੂਕ ਕਰਨ ਲਈ ਮੋਹਰੀ ਭੁਮਿਕਾ ਨਿਭਾਉਣ ਦੀ ਲੋੜ ਹੈ। ਇਸ ਤੋਂ ਪਹਿਲਾਂ ਜਿਲਾ ਪੁਲਿਸ ਮੁੱਖੀ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਹਰੇਕ ਇਨਸਾਨ ਨੂੰ ਆਪਣੀ ਜ਼ਿੰਦਗੀ ਵਿਚ ਅਨੁਸ਼ਾਸਨ ਅਪਣਾਉਣ ਅਤੇ ਅਧਿਕਾਰਾਂ ਦੇ ਨਾਲ ਨਾਲ ਫਰਜ਼ਾਂ ਦੀ ਪਾਲਣਾ ਕਰਨ ਦੀ ਲੋੜ ਜ਼ੋਰ ਦਿੱਤਾ। ਜਿਸ ਨਾਲ ਸਮੁੱਚੇ ਸਮਾਜ ਨੂੰ ਲਾਭ ਹੋਵੇਗਾ। ਉਨਾਂ ਅਪਰਾਧਿਕ ਘਟਨਾਵਾਂ ’ਤੇ ਕਾਬੂ ਪਾਉਣ ਲਈ ਪੁਲੀਸ ਅਤੇ ਮੀਡੀਆਂ ਵਿੱਚ ਆਪਸੀ ਤਾਲਮੇਲ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਪ੍ਰੈੱਸ ਅਤੇ ਪੁਲੀਸ ਇੱਕ ਗੱਡੀ ਦੇ ਦੋ ਪਹੀਏ ਹਨ। ਅਮਨ ਸ਼ਾਂਤੀ ਅਤੇ ਅਪਰਾਧਿਕ ਵਾਰਦਾਤਾਂ ਨਾਲ ਨਜਿੱਠਣ ਲਈ ਮੀਡੀਆ ਨੂੰ ਉਸਾਰਨੂੰ ਭੂਮਿਕਾ ਨਿਭਾਉਣੀ ਚਾਹੀਦੀ ਹੈ। ਇਸ ਮੌਕੇ ਮੁੱਖ ਬੁਲਾਰਾ ਯੂਥ ਅਕਾਲੀ ਦਲ ਸ. ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਕਿਹਾ ਕਿ ਸਮਾਜ ਪ੍ਰੈਸ ਦਾ ਰੁੱਤਬਾ ਬਹੁਤ ਵੱਡਾ ਹੈ ਅਤੇ ਇਹ ਕੀਤਾ ਨਿਰੋਲ ਇਮਾਨਦਾਰੀ ਵਾਲਾ ਕੀਤਾ ਹੈ ਅਤੇ ਪ੍ਰੈਸ ਦੀ ਵੱਡੀ ਜਿੰਮੇਵਾਰੀ ਬਣਦੀ ਹੈ ਕਿ ਉਹ ਲੋਕਾਂ ਦੇ ਸਾਹਮਣੇ ਸਹੀ ਤੱਥ ਪੇਸ਼ ਕਰੇ। ਇਸ ਮੌਕੇ ਜਿਲਾ ਅਕਾਲੀ ਜਥਾ ਸ਼ਹਿਰੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਕਾਹਲੋਂ ਨੇ ਪ੍ਰੈਸ ਕਲੱਬ ਨੂੰ ਸਮਾਗਮ ਆਯੋਜਿਤ ਕਰਨ ਤੇ ਵਧਾਈ ਦਿੱਤੀ । ਇਸ ਮੌਕੇ ਕਲੱਬ ਦੇ ਚੇਅਰਮੈਨ ਸ੍ਰੀ ਕ੍ਰਿਸ਼ਨਪਾਲ ਸ਼ਰਮਾ ਨੇ ਕਲੱਬ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ । ਸਮਾਗਮ ਨੂੰ ਪੱਤਰਕਾਰ ਗੁਰਪ੍ਰੀਤ ਸਿੰਘ ਨਿਆਮੀਆਂ, ਕਰਮਜੀਤ ਸਿੰਘ ਚਿੱਲਾ ਅਤੇ ਰਵਿੰਦਰ ਵੈਸ਼ਨਵ ਨੇ ਵੀ ਸੰਬੋਧਨ ਕੀਤਾ।
ਸਮਾਗਮ ਵਿਚ ਸੀਨੀਅਰ ਡਿਪਟੀ ਮੇਅਰ ਸ੍ਰੀ ਰੀਸਵ ਜੈਨ, ਡਿਪਟੀ ਮੇਅਰ ਸ. ਮਨਜੀਤ ਸਿੰਘ ਸੇਠੀ, ਕੌਸਲਰ ਸ. ਕੁਲਜੀਤ ਸਿੰਘ ਬੇਦੀ, ਸ. ਗੁਰਮੁੱਖ ਸਿੰਘ ਸੋਹਲ, ਸੁਰਿੰਦਰ ਸਿੰਘ ਰੋਡਾ, ਕਮਲਜੀਤ ਸਿੰਘ ਰੂਬੀ, ਸ੍ਰੀ ਆਸ਼ੋਕ ਝਾ, ਸ੍ਰੀ ਬੋਬੀ ਕੰਬੋਜ਼, ਚੇਅਰਮੈਨ ਮਾਰਕੀਟ ਕਮੇਟੀ ਜਥੇਦਾਰ ਬਲਜੀਤ ਸਿੰਘ ਕੁੰਬੜਾ, ਗਿਆਨ ਜੋਯਤੀ ਦੇ ਡਾਇਰੈਕਟਰ ਸ. ਜੇ.ਐਸ.ਬੇਦੀ ਸਮੇਤ ਹੋਰ ਕੌਸਲਰ ਪੱਤਵੰਤੇ ਅਤੇ ਵੱਡੀ ਗਿਣਤੀ ਵਿਚ ਕਲੱਬ ਦੇ ਅਹੁਦੇਦਾਰ ਅਤੇ ਮੈਂਬਰ ਵੀ ਮੌਜੂਦ ਸਨ।

Share Button

Leave a Reply

Your email address will not be published. Required fields are marked *

%d bloggers like this: