ਮੁੱਖ ਮੰਤਰੀ ਵੱਲੋਂ ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਰਧਾਂਜਲੀ ਭੇਟ

ਮੁੱਖ ਮੰਤਰੀ ਵੱਲੋਂ ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਰਧਾਂਜਲੀ ਭੇਟ
ਸਾਡੇ ਮਹਾਨ ਸ਼ਹੀਦਾਂ ਦੀਆਂ ਅਦੁੱਤੀ ਕੁਰਬਾਨੀਆਂ ਨਾਲ ਸਬੰਧਤ ਯਾਦਗਾਰਾਂ ਭਵਿੱਖੀ ਪੀੜੀਆਂ ਲਈ ਚਾਨਣ ਮੁਨਾਰਾ ਸਾਬਤ ਹੋਣਗੀਆਂ-ਬਾਦਲ
ਚੱਪੜਚਿੜੀ ਵਿਖੇ ਲੇਜ਼ਰ ਸ਼ੋਅ ਰਾਹੀਂ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਤੇ ਫਿਲਾਸਫੀ ਨੂੰ ਦਰਸਾਇਆ

cm 2cm 1

ਚੱਪੜਚਿੜੀ (ਐਸ.ਏ.ਐਸ. ਨਗਰ), 25 ਜੂਨ (ਧਰਮਵੀਰ ਨਾਗਪਾਲ): ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਨ੍ਹਾਂ ਦੇ 300ਵੇਂ ਸ਼ਹੀਦੀ ਦਿਵਸ ‘ਤੇ ਸ਼ਰਧਾਂਜਲੀ ਭੇਟ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਜੰਗੀ ਯਾਦਗਾਰ ਸਮੇਤ ਸੂਬਾ ਭਰ ਵਿੱਚ ਬਣਾਈਆਂ ਹੋਰ ਯਾਦਗਾਰਾਂ ਭਵਿੱਖੀ ਪੀੜੀਆਂ ਲਈ ਚਾਨਣ ਮੁਨਾਰਾ ਸਾਬਤ ਹੋਣਗੀਆਂ ਅਤੇ ਇਹ ਉਨ੍ਹਾਂ ਨੂੰ ਸੂਬੇ ਦੀ ਸ਼ਾਨਦਾਰ ਸੱਭਿਆਚਾਰਕ ਵਿਰਾਸਤ ਬਾਰੇ ਜਾਣੂੰ ਕਰਵਾਉਣਗੀਆਂ।
ਅੱਜ ਇੱਥੇ ਜਨਤਕ ਇਕੱਠ ਨੂੰ ਸੰਬੋਧਨ ਕਰਦੇ ਹੋਏ ਸ. ਬਾਦਲ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਪਹਿਲਾ ਸਿੱਖ ਯੋਧਾ ਸੀ ਜਿਸ ਨੇ ਸੂਬਾ ਸਰਹਿੰਦ ਵਜ਼ੀਰ ਖਾਨ ਨੂੰ ਹਰਾ ਕੇ ਭਾਰਤ ਵਿੱਚ ਪਹਿਲੀ ਵਾਰ ਸਿੱਖ ਰਾਜ ਦੀ ਸਥਾਪਨਾ ਕੀਤੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਹਿਬਜ਼ਾਦਿਆਂ, ਮਾਤਾ ਗੁਜਰੀ ਅਤੇ ਹਜ਼ਾਰਾਂ ਸਿੱਖਾਂ ਅਤੇ ਹਿੰਦੂਆਂ ਦੇ ਕਤਲੇਆਮ ਦਾ ਬਦਲਾ ਲਿਆ। ਇਹ ਜ਼ਿਕਰਯੋਗ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ 1710 ਈਸਵੀ ਵਿੱਚ ਖਾਲਸਾ ਰਾਜ ਸਥਾਪਤ ਕੀਤਾ ਸੀ।
ਸ. ਬਾਦਲ ਨੇ ਕਿਹਾ ਕਿ ਸਿੱਖ ਦੁਨੀਆਂ ਭਰ ਵਿੱਚ ਇਤਿਹਾਸ ਦੀ ਰਚਨਾ ਕਰਨ ਲਈ ਜਾਣੇ ਜਾਂਦੇ ਹਨ ਪਰ ਬਦਕਿਸਮਤੀ ਦੀ ਗੱਲ ਇਹ ਹੈ ਕਿ ਉਹ ਇਸ ਅਮੀਰ ਇਤਿਹਾਸ ਨੂੰ ਸੰਭਾਲ ਨਹੀਂ ਸਕੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਆਪਣੇ ਪਿਛਲੇ 9 ਸਾਲਾਂ ਦੇ ਸ਼ਾਸਨ ਦੌਰਾਨ ਸੂਬੇ ਦੀ ਸਭਿਆਚਾਰਕ ਵਿਰਾਸਤ ਨੂੰ ਸੰਭਾਲਣ ਵਾਸਤੇ ਵਿਲੱਖਣ ਕਦਮ ਚੁੱਕੇ ਹਨ ਅਤੇ ਇੱਕ ਹਜ਼ਾਰ ਕਰੋੜ ਦੀ ਲਾਗਤ ਨਾਲ ਵਿਸ਼ਵ ਪੱਧਰੀ ਯਾਦਗਾਰਾਂ ਸਥਾਪਿਤ ਕੀਤੀਆਂ ਹਨ। ਸ. ਬਾਦਲ ਨੇ ਕਿਹਾ ਕਿ ਇਹ ਯਾਦਗਾਰਾਂ ਭਵਿੱਖੀ ਪੀੜPੀਆਂ ਲਈ ਚਾਨਣ ਮੁਨਾਰਾ ਸਾਬਤ ਹੋਣਗੀਆਂ। ਉਨ੍ਹਾਂ ਅੱਗੇ ਕਿਹਾ ਕਿ ਸਿੱਖ ਇਤਿਹਾਸ ਅਨੇਕਾਂ ਆਤਮ ਬਲਿਦਾਨ ਦੀਆਂ ਉਦਾਹਰਣਾਂ ਨਾਲ ਭਰਿਆ ਪਿਆ ਹੈ ਅਤੇ ਸੂਬਾ ਸਰਕਾਰ ਨੇ ਸਾਡੇ ਮਹਾਨ ਗੁਰੂਆਂ ਅਤੇ ਸ਼ਹੀਦਾਂ ਦੀ ਵਿਰਾਸਤ ਨੂੰ ਸੰਭਾਲਣ ਦਾ ਨਿਮਾਣਾ ਜਿਹਾ ਯਤਨ ਕੀਤਾ ਹੈ। ਮੁੱਖ ਮੰਤਰੀ ਨੇ ਸੂਬਾ ਸਰਕਾਰ ਵੱਲੋਂ ਬਣਾਈਆਂ ਗਈਆਂ ਯਾਦਗਾਰਾਂ ਵਿਰਾਸਤ-ਏ-ਖਾਲਸਾ, ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰ ਚੱਪੜਚਿੜੀ, ਛੋਟਾ ਅਤੇ ਵੱਡਾ ਘਲੂਘਾਰਾ ਯਾਦਗਾਰ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਬਣਾਈਆਂ ਜਾ ਰਹੀਆਂ ਯਾਦਗਾਰਾਂ ਜੰਗ-ਏ-ਆਜ਼ਾਦੀ ਯਾਦਗਾਰ, ਜੰਗੀ ਯਦਾਗਾਰ, ਭਗਵਾਨ ਵਾਲਮੀਕਿ ਯਾਦਗਾਰ, ਸ੍ਰੀ ਗੁਰੂ ਰਵੀਦਾਸ ਯਾਦਗਾਰ ਅਤੇ ਭਾਈ ਜੈਤਾ ਜੀ ਦੀ ਯਾਦਗਾਰ ਦਾ ਵੀ ਜ਼ਿਕਰ ਕੀਤਾ।
ਇਸ ਮੌਕੇ ਈਵੈਂਟ ਮੈਨੇਜਮੈਂਟ ਕੰਪਨੀ ਵਿਜ਼ਕਰਾਫਟ ਵੱਲੋਂ ਇਕ ਲੇਜ਼ਰ ਸ਼ੋਅ ਵੀ ਕਰਵਾਇਆ ਗਿਆ ਜਿਸ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ਤੇ ਦਰਸ਼ਨ ਨੂੰ ਦਰਸਾਇਆ ਗਿਆ। ਇਸ ਵਿੱਚ ਜਾਗੀਰਦਾਰੀ ਪ੍ਰਣਾਲੀ ਨੂੰ ਖਤਮ ਕਰਕੇ ਜ਼ਮੀਨ ਹੱਲ ਵਾਹਕਾਂ ਤੇ ਕਾਸ਼ਤਕਾਰਾਂ ਨੂੰ ਦੇਣ ਲਈ ਬਾਬਾ ਜੀ ਦੇ ਯੋਗਦਾਨ ਨੂੰ ਵੀ ਮੂਰਤੀਮਾਨ ਕੀਤਾ ਗਿਆ। ਇਸ ਤੋਂ ਇਲਾਵਾ ਬਾਬਾ ਬੰਦਾ ਸਿੰਘ ਬਹਾਦਰ ਜੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ‘ਤੇ ਜਾਰੀ ਕੀਤੀਆਂ ਮੋਹਰਾਂ ਤੇ ਸਿੱਕਿਆਂ ਦਾ ਵੀ ਜ਼ਿਕਰ ਕੀਤਾ ਗਿਆ।
ਇਸ ਮੌਕੇ ਸਭਿਆਚਾਰ ਮੰਤਰੀ ਸ. ਸੋਹਣ ਸਿੰਘ ਠੰਡਲ, ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਅਤੇ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹਾਜ਼ਰ ਹੋਰਨਾਂ ਵਿੱਚ ਰਾਜ ਸਭਾ ਮੈਂਬਰ ਸ. ਬਲਵਿੰਦਰ ਸਿੰਘ ਭੂੰਦੜ, ਚੇਅਰਮੈਨ ਪੰਜਾਬ ਐਗਰੋ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ, ਵਿੱਤ ਕਮਿਸ਼ਨਰ ਮਾਲ ਸ੍ਰੀ ਕੇ. ਬੀ. ਐਸ. ਸਿੱਧੂ, ਪ੍ਰਮੁੱਖ ਸਕੱਤਰ ਸਭਿਆਚਾਰ ਮਾਮਲੇ ਸ੍ਰੀਮਤੀ ਅੰਜਲੀ ਭਾਵੜਾ, ਵਿਸ਼ੇਸ਼ ਪ੍ਰਮੁੱਖ ਸਕੱਤਰ ਮੁੱਖ ਮੰਤਰੀ ਸ੍ਰੀ ਕੇ. ਜੇ. ਐਸ. ਚੀਮਾ, ਡਿਪਟੀ ਕਮਿਸ਼ਨਰ ਮੋਹਾਲੀ ਸ੍ਰੀ ਦਲਜੀਤ ਸਿੰਘ ਮਾਂਗਟ ਅਤੇ ਐਸ. ਐਸ. ਪੀ. ਸ੍ਰੀ. ਜੀ ਆਈ ਐਸ ਭੁੱਲਰ ਸ਼ਾਮਲ ਸਨ।

Share Button

Leave a Reply

Your email address will not be published. Required fields are marked *

%d bloggers like this: