ਪੰਜਾਬੀ ਸਭਿਆਚਾਰ ਅਕਾਦਮੀ, ਲੁਧਿਆਣਾ ਪਦਮਸ੍ਰੀ ਨੇਕ ਚੰਦ ਨੂੰ ਭਰਪੂਰ ਸ਼ਰਧਾਂਜਲੀ

ਪੰਜਾਬੀ ਸਭਿਆਚਾਰ ਅਕਾਦਮੀ, ਲੁਧਿਆਣਾ ਪਦਮਸ੍ਰੀ ਨੇਕ ਚੰਦ ਨੂੰ ਭਰਪੂਰ ਸ਼ਰਧਾਂਜਲੀ

14-21

ਲੁਧਿਆਣਾ, 13 ਜੂਨ (ਪ.ਪ.): ਪੰਜਾਬੀ ਸਭਿਆਚਾਰ ਅਕਾਦਮੀ, ਲੁਧਿਆਣਾ ਨੇ ਪੰਜਾਬੀ ਸਾਹਿੱਤ ਅਕਾਦਮੀ ਦੇ ਸਹਿਯੋਗ ਨਾਲ ਪਦਮਸ਼੍ਰੀ ਨੇਕ ਚੰਦ ਦੀ ਪਹਿਲੀ ਬਰਸੀ ਦੇ ਮੌਕੇ ਤੇ ਪੰਜਾਬੀ ਭਵਨ ਵਿਖੇ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਇਕ ਸੈਮੀਨਾਰ ਕਰਵਾਇਆ ਜਿਸ ਦੀ ਪ੍ਰਧਾਨਗੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਵਾਸੀ-ਚਾਂਸਲਰ ਡਾ. ਮਨਜੀਤ ਸਿੰਘ ਕੰਗ ਨੇ ਕੀਤੀ। ਸ੍ਰੀ ਮਲਕੀਅਤ ਸਿੰਘ ਔਲਖ ਨੇ ਇਸ ਮੌਕੇ ਤੇ ਨੇਕ ਚੰਦ ਦੀ ਪੰਜਾਬੀ ਸਭਿਆਚਾਰ ਨੂੰ ਦੇਣ ਦੇ ਵਿਸ਼ੇ ਤੇ ਆਪਣਾ ਖੋਜ-ਪੱਤਰ ਪੜਿ•ਆ।
ਸੂਝਵਾਨ ਸ੍ਰੋਤਿਆਂ ਦਾ ਸਵਾਗਤ ਕਰਦਿਆਂ, ਅਕਾਦਮੀ ਦੇ ਪ੍ਰਧਾਨ ਡਾ. ਸ.ਨ. ਸੇਵਕ ਨੇ ਇਸ ਸੰਸਥਾ ਦੀ 1994 ਤੋਂ ਸਥਾਪਤੀ ਤੋਂ ਬਾਅਦ ਉੱਘੀਆਂ ਪ੍ਰਾਪਤੀਆਂ ਤੇ ਚਾਨਣਾ ਪਾਇਆ। ਉਨ੍ਹਾਂ ਨੇਕ ਚੰਦ ਨੂੰ ਉਨ੍ਹਾਂ ਦੀਆਂ ਮਹਾਨ ਕਲਾ-ਕ੍ਰਿਤੀਆਂ ਲਈ ਭਰਪੂਰ ਸ਼ਰਧਾਂਜਲੀ ਦਿੱਤੀ ਅਤੇ ਉਨ੍ਹਾਂ ਦੁਆਰਾ ਨਿਰਮਿਤ ਕਈ ਸੈਂਕੜੇ ਮੂਰਤੀਆਂ ਵਿਚ ਪੰਜਾਬੀ ਸਭਿਆਚਾਰ ਦੇ ਵੱਖੋ-ਵੱਖ ਰੂਪਾਂ ਦੀਆਂ ਝਾਕੀਆ ਵੱਲ ਇਸ਼ਾਰਾ ਕੀਤਾ।
ਰੋਕ ਗਾਰਡਨ ਚੰਡੀਗੜ ਦੇ ਵੱਖਰੇ-ਵੱਖਰੇ ਭਾਗਾਂ ਦਾ ਵਿਸ਼ਲੇਸ਼ਣ ਕਰਦਿਆਂ ਸ੍ਰੀ ਮਲਕੀਅਤ ਸਿੰਘ ਔਲਖ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਪੰਜਾਬੀ ਸਭਿਆਚਾਰ ਦੇ ਕਈ ਪੱਖਾਂ ਦੇ ਦਰਸ਼ਨ ਹੁੰਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਨੇਕ ਚੰਦ ਦੀ ਮੂਰਤੀ-ਕਲਾ ਜਾਂ ਨਿਰਮਾਣ-ਕਲਾ ਬਾਰੇ ਕੋਈ ਬਾਕਾਇਦਾ ਸਿਖਲਾਈ ਨਹੀਂ ਸੀ ਲਈ। ਇਹ ਕਲਾ ਉਨ੍ਹਾਂ ਨੂੰ ਰੱਬੀ ਦੇਣ ਸੀ ਜਿਸ ਦੀ ਉਨ੍ਹਾਂ ਪੂਰੀ ਸੂਝ-ਬੂਝ ਨਾਲ ਵਰਤੋਂ ਕੀਤੀ। ਉਨ੍ਹਾਂ ਨੇ ਫ਼ਾਲਤੂ ਦੀਆਂ ਬੇਲੜੀਂਦੀਆਂ ਵਸਤਾਂ ਨੂੰ ਸੁਹਜ ਪ੍ਰਦਾਨ ਕੀਤਾ ਅਤੇ ਇਕ ਅਜਿਹਾ ਸੁਪਨ-ਸੰਸਾਰ ਸਜਾਇਆ ਜਿਸ ਵਿਚ ਕੋਈ ਵਿਰੋਧ ਭਾਵਨਾ ਨਹੀਂ ਸਗੋਂ ਪੂਰੀ ਸਦਭਾਵਨਾ ਦਾ ਵਾਤਾਵਰਣ ਹੈ। ਉਨ੍ਹਾਂ ਨੇ ਨੇਕ ਚੰਦ ਦੇ ਰਾਹ ਵਿਚ ਅਨੇਕਾਂ ਕਠਿਨਾਈਆਂ ਦਾ ਜ਼ਿਕਰ ਵੀ ਕੀਤਾ ਅਤੇ ਡਾ. ਮਹਿੰਦਰ ਸਿੰਘ ਰੰਧਾਵਾ ਦੇ ਰੋਲ ਦੀ ਬੜੀ ਸ਼ਲਾਘਾ ਕੀਤੀ ਜਿਨ੍ਹਾਂ ਦੇ ਸਹਿਯੋਗ ਤੇ ਹੌਸਲਾ-ਅਫ਼ਜ਼ਾਈ ਕਾਰਣ ਨੇਕ ਚੰਦ ਆਪਣੇ ਮਿਸ਼ਨ ਵਿੱਚ ਕਾਮਯਾਬ ਹੋ ਸਕਿਆ।
ਚਰਚਾ ਦਾ ਆਰੰਭ ਕਰਦਿਆਂ ਡਾ. ਜਗਤਾਰ ਸਿੰਘ ਧੀਮਾਨ ਨੇ ਦੱਸਿਆ ਕਿ ਪਦਮਸ਼੍ਰੀ ਨੇਕ ਚੰਦ ਇਕ ਪ੍ਰਤੀਬੱਧ ਕਲਾਕਾਰ ਸੀ ਜਿਸ ਦੀ ਸਿਰਜਣਾ ਮਨੁੱਖੀ ਵਿਰਸੇ ਦਾ ਇਕ ਸੁੰਦਰ ਪ੍ਰਮਾਣ ਹੈ। ਉਨ੍ਹਾਂ ਨੇ ਨੇਕ ਚੰਦ ਨੂੰ ਫ਼ਰਾਸ ਤੇ ਅਮਰੀਕਾ ਵਿਚ ਮਿਲੇ ਸਨਮਾਨਾਂ ਦਾ ਜ਼ਿਕਰ ਵੀ ਕੀਤਾ ਅਤੇ ਆਪਣੇ ਦੇਸ਼ਵਾਸੀਆਂ ਨੂੰ ਵੀ ਉਸ ਦੀ ਕਲਾ ਤੇ ਸਭਿਆਚਾਰ ਨੂੰ ਦੇਣ ਨੂੰ ਸਮਝਣ ਤੇ ਸਹੀ ਅਰਥਾਂ ਵਿਚ ਸਲਾਹੁਣ ਦੀ ਪ੍ਰੇਰਣਾ ਦਿੱਤੀ। ਡਾ. ਸੁਰਜੀਤ ਨੇ ਦੱਸਿਆ ਕਿ ਨੇਕ ਚੰਦ ਦੀ ਕਲਾ ਕਿਸੇ ਖ਼ਿੱਤੇ ਦੀਆਂ ਸੀਮਾ ਤੱਕ ਮਹਿਦੂਦ ਨਹੀਂ ਅਤੇ ਇਸ ਦੇ ਗੰਭੀਰ ਅਧਿਐਨ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਭਾਵੇਂ ਨੇਕ ਚੰਦ ਕੋਈ ਪ੍ਰੋਫ਼ੈਸ਼ਨਲ ਆਰਟਿਸਟ ਨਹੀਂ ਸਨ ਪਰ ਉਨ੍ਹਾਂ ਦੀ ਪ੍ਰਤਿਭਾ ਕਿਸੇ ਵੀ ਕਸਬੀ ਕਲਾਕਾਰ ਨਾਲੋਂ ਘੱਟ ਨਹੀਂ। ਇਨ੍ਹਾਂ ਵਿਦਵਾਨਾਂ ਤੋਂ ਇਲਾਵਾ ਪ੍ਰਿੰਸੀਪਲ ਪ੍ਰੇਮ ਸਿੰਘ ਬਜਾਜ, ਪ੍ਰੋਫ਼ੈਸਰ ਕਰਮਵੀਰ ਸਿੰਘ ਸੋਢੀ, ਡਾ. ਗੁਲਜਾਰ ਪੰਧੇਰ, ਜਸਵੀਰ ਝੱਜ, ਰੁਘਬੀਰ ਸਿੰਘ, ਜਨਮੇਜਾ ਸਿੰਘ ਜੌਹਲ, ਇੰਦਰਜੀਤਪਾਲ ਕੌਰ ਤੇ ਡਾ. ਕੁਲਵਿੰਦਰ ਕੌਰ ਮਿਨਹਾਸ ਨੇ ਵੀ ਚਰਚਾ ਵਿਚ ਹਿੱਸਾ ਪਾਇਆ।
ਸਮਾਗਮ ਦੇ ਪ੍ਰਧਾਨ, ਡਾ. ਮਨਜੀਤ ਸਿੰਘ ਕੰਗ ਨੇ ਨੇਕ ਚੰਦ ਦੇ ਰੌਕ ਗਾਰਡਨ ਨੂੰ ਇਕ ਅਜੂਬਾ ਆਖਿਆ ਜਿਸ ਵਿਚ ਪੰਜਾਬੀ ਸਭਿਆਚਾਰ ਹੀ ਨਹੀਂ, ਮਨੁੱਖੀ ਸਭਿਆਚਾਰ ਵਿਦਮਾਨ ਹੈ। ਉਨ੍ਹਾਂ ਲੰਦਨ ਤੋਂ ਛਪਦੇ ਇਕ ਕਲਾ ਸੰਬੰਧੀ ਪਰਚੇ ‘ਰਾਅ ਵਿਜ਼ਨ’ ਦਾ ਵੀ ਜ਼ਿਕਰ ਕੀਤਾ ਜਿਸ ਵਿਚ ਮਲਕੀਅਤ ਸਿੰਘ ਔਲਖ ਦਾ ਰੌਕ ਗਾਰਡਨ ਸੰਬੰਧੀ ਅੰਗਰੇਜ਼ੀ ਵਿੱਚ ਵੀ ਇਕ ਲੇਖ ਛਪਿਆ ਹੈ। ਉਨ੍ਹਾਂ ਨੇਕ ਚੰਦ ਨੂੰ ਭਰਪੂਰ ਸ਼ਰਧਾਂਜਲੀ ਪੇਸ਼ ਕੀਤੀ ਅਤੇ ਡਾ. ਮਹਿੰਦਰ ਸਿੰਘ ਰੰਧਾਵਾ ਦੀ ਬੜੀ ਸ਼ਲਾਘਾ ਕੀਤੀ ਜਿਨ੍ਹਾਂ ਦੀ ਹੌਸਲਾ-ਅਫ਼ਜ਼ਾਈ ਤੋਂ ਬਿਨਾ ਨੇਕ ਚੰਦ ਇਸ ਮਹਾਨ ਕਾਰਜ ਨੂੰ ਪੂਰਾ ਹੀ ਨਹੀਂ ਸੀ ਕਰ ਸਕਦਾ।

Share Button

Leave a Reply

Your email address will not be published. Required fields are marked *

%d bloggers like this: