ਚੋਰਾਂ ਦੀ ਮਾਂ ਕੋਠੀ ‘ਚ ਮੂੰਹ

ਚੋਰਾਂ ਦੀ ਮਾਂ ਕੋਠੀ ‘ਚ ਮੂੰਹ
ਅਣਅਧਿਕਾਰਿਤ ਡਾਕਟਰਾਂ ਤੇ ਕਾਰਵਾਈ ਕਰਨ ਦੀ ਥਾਂ ਸਿਹਤ ਵਿਭਾਗ ਦੇ ਰਿਹੈ ਸਹਿਯੋਗ

7-25

ਤਲਵੰਡੀ ਸਾਬੋ, 6 ਜੂਨ (ਗੁਰਜੰਟ ਸਿੰਘ ਨਥੇਹਾ)- ਇੱਕ ਪਾਸੇ ਜਿੱਥੇ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਦੀ ਘਾਟ ਪੈਦਾ ਕਰਕੇ ਲੋਕਾਂ ਦੇ ਬੁਨਿਆਦੀ ਹੱਕ ਸਸਤੀ ਤੇ ਯਕੀਨੀ ਸਿਹਤ ਸੁਰੱਖਿਆ ਤੋਂ ਪਾਸਾ ਵੱਟ ਕੇ ਝੋਲਾ ਛਾਪ ਅਤੇ ਪ੍ਰਾਈਵੇਟ ਡਾਕਟਰਾਂ ਦੇ ਰਹਿਮੋ-ਕਰਮ ਤੇ ਛੱਡਿਆ ਜਾ ਰਿਹਾ ਹੈ ਉੱਥੇ ਸਥਾਨਕ ਸਰਕਾਰੀ ਹਸਪਤਾਲ ਦੀ ਬੁੱਕਲ ਵਿੱਚ ਬੰਦ ਪਏ ਸਰਕਾਰੀ ਨਸ਼ਾ ਛੁਡਾਊ ਕੇਂਦਰ ਵਿੱਚ ਹੋ ਰਹੀਆਂ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀਆਂ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਹੁੰਦੀਆਂ ਮੀਟਿੰਗਾਂ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣਦੀਆਂ ਜਾ ਰਹੀਆਂ ਹਨ।
ਮੌਕੇ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਅੱਜ ਮਿਤੀ 6.6.16 ਨੂੰ ਉਕਤ ਐਸੋਸੀਏਸ਼ਨ ਦੀ ਇੱਕ ਮੀਟਿੰਗ ਸ. ਪ੍ਰਲਾਦ ਸਿੰਘ ਅਠਵਾਲ ਡੀ ਐਸ ਪੀ ਤਲਵੰਡੀ ਸਾਬੋ ਦੀ ਹਾਜ਼ਰੀ ਵਿੱਚ ਸਥਾਨਕ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਦੇ ਬਿਲਕੁੱਲ ਨਾਲ ਬਣੇ ਅਤੇ ਅੱਜਕੱਲ੍ਹ ਬੰਦ ਪਏ ਸਰਕਾਰੀ ਨਸ਼ਾ ਛੁਡਾਊ ਕੇਂਦਰ ਵਿੱਚ ਹੋਈ, ਜਿਸ ਵਿੱਚ ਪੰਜਾਬ ਪੁਲਿਸ ਵੱਲੋਂ ਸ਼ੁਰੂ ਕੀਤੀ ਗਈ ਨਸ਼ਾ ਵਿਰੋਧੀ ਮੁਹਿੰਮ ‘ਉੱਭਰਦਾ ਬਠਿੰਡਾ’ ਬਾਰੇ ਵਿਚਾਰਾਂ ਕਰਕੇ ਪੁਲਿਸ ਵੱਲੋਂ ਪਿੰਡਾਂ ਵਿੱਚ ਕੰਮ ਕਰਦੇ ਆਰ ਐੱਮ ਪੀ ਡਾਕਟਰਾਂ ਤੋਂ ਸਹਿਯੋਗ ਦੀ ਮੰਗ ਕੀਤੀ ਗਈ। ਚੋਰ ਦੀ ਮਾਂ ਕੋਠੀ ‘ਚ ਮੂੰਹ ਵਾਂਗ ਅੱਜ ਤੋਂ ਕੁੱਝ ਸਮਾਂ ਪਹਿਲਾਂ ਜਿੱਥੇ ਸਰਕਾਰੀ ਡਾਕਟਰਾਂ ਦੀਆਂ ਟੀਮਾਂ, ਐੱਸ ਐੱਸ ਓ, ਸੀ ਐੱਮ ਓ ਅਤੇ ਡਰੱਗਜ਼ ਇੰਸਪੈਕਟਰਾਂ ਵੱਲੋਂ ਪਿੰਡਾਂ ਵਿੱਚ ਛਾਪੇ ਮਾਰਕੇ ਅਣਅਧਿਕਾਰਿਤ ਤੌਰ ‘ਤੇ ਕੰਮ ਕਰਦੇ ਇਹਨਾਂ ਝੋਲਾ ਛਾਪ ਡਾਕਟਰਾਂ ਵਿਰੁੱਧ ਪਰਚੇ ਦਰਜ਼ ਕੀਤੇ ਜਾਂਦੇ ਸਨ ੳੱੇੁਥੇ ਉਹਨਾਂ ਹੀ ਅਣਅਧਿਕਾਰਿਤ ਡਾਕਟਰਾਂ ਤੋਂ ਸਹਿਯੋਗ ਮੰਗਣਾ ਸਿਹਤ ਮਹਿਕਮੇ ਅਤੇ ਪੁਲਿਸ ਵਿਭਾਗ ਦੀ ਕਾਰਗੁਜ਼ਾਰੀ ‘ਤੇ ਸਵਾਲੀਆ ਚਿੰਨ੍ਹ ਲਾ ਰਿਹਾ ਹੈ।
ਸਿਆਸੀ ਵਿਸ਼ਲੇਸ਼ਿਕਾਂ ਦਾ ਮੰਨਣਾ ਹੈ ਕਿ ਪਿੰਡਾਂ ਦੇ ਵਿੱਚ ਇਹਨਾਂ ਝੋਲਾ ਛਾਪ ਡਾਕਟਰਾਂ ਦਾ ਚੰਗਾ ਬੋਲਬਾਲਾ ਹੋਣ ਕਾਰਨ ਵੱਡਾ ਵੋਟ ਬੈਂਕ ਇਹਨਾਂ ਨਾਲ ਜੁੜਿਆ ਹੋਇਆ ਹੈ ਜਿਸ ਕਾਰਨ ਪੰਜਾਬ ਵਿੱਚ ਰਾਜ ਕਰਦੀ ਧਿਰ ਦੇ ਕਥਿਤ ਇਸ਼ਾਰੇ ‘ਤੇ ਸਿਹਤ ਵਿਭਾਗ ਅਤੇ ਪੁਲਿਸ ਪ੍ਰਸ਼ਾਸ਼ਨ ਅੱਖਾਂ ਬੰਦ ਕਰਕੇ ਅਤੇ ਕਾਨੂੰਨ ਨੂੰ ਛਿੱਕੇ ਟੰਗ ਕੇ ਉਕਤ ਐਸੋਸੀਏਸ਼ਨ ਨੂੰ “ਪਾਣੀ ਮੰਗੇ ਦੁੱਧ ਦਿੰਦੀਆਂ, ਜੱਗ ਜਿਉਣ ਵੱਡੀਆਂ ਭਰਜਾਈਆਂ” ਦੇ ਅਖਾਣ ਵਾਂਗ ਸਹਿਯੋਗ ਦੇ ਰਹੇ ਹਨ।
ਉਕਤ ਸਰਕਾਰੀ ਇਮਾਰਤ ‘ਚ ਹੋ ਰਹੀਆਂ ਮੀਟਿੰਗਾਂ ਦੇ ਸੰਬੰਧ ਵਿੱਚ ਜਦੋਂ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਡਾ. ਗੁਰਮੇਲ ਸਿੰਘ ਘਈ ਬਲਾਕ ਪ੍ਰਧਾਨ ਤਲਵੰਡੀ ਸਾਬੋ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਲਾਏ ਜਾਂਦੇ ਹਰ ਤਰ੍ਹਾਂ ਦੇ ਕੈਂਪਾਂ ਵਿੱਚ ਸਾਡੀ ਯੂਨੀਅਨ ਪੂਰਾ ਸਹਿਯੋਗ ਦਿੰਦੀ ਹੈ ਅਤੇ ਸਿਹਤ ਵਿਭਾਗ ਵੱਲੋਂ ਸਾਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ। ਅਸੀਂ ਇੱਥੇ ਮੀਟਿੰਗ ਕਰ ਲੈਨੇ ਹਾਂ ਤਾਂ ਸਾਡਾ ਖ਼ਰਚਾ ਬਚ ਜਾਂਦਾ ਹੈ।
ਉਕਤ ਗ਼ੈਰ ਸੰਵਿਧਾਨਿਕ ਤੌਰ ‘ਤੇ ਹੁੰਦੀਆਂ ਮੀਟਿੰਗਾਂ ਦੇ ਸੰਬੰਧ ਵਿੱਚ ਜਦੋਂ ਡਾਕਟਰ ਦਰਸ਼ਨ ਕੌਰ ਐਸ ਐਮ ਓ ਤਲਵੰਡੀ ਸਾਬੋ ਤੋਂ ਉਹਨਾਂ ਦਾ ਪੱਖ ਜਾਣਿਆ ਗਿਆ ਤਾਂ ਉਹਨਾਂ ਕਿਹਾ ਕਿ ਮੈਨੂੰ ਤਾਂ ਪਤਾ ਹੀ ਅੱਜ ਲੱਗਿਆ ਹੈ ਸਾਥੋਂ ਉਹਨਾਂ ਨੇ ਮੀਟਿੰਗ ਵਾਸਤੇ ਕੋਈ ਪ੍ਰਵਾਨਗੀ ਨਹੀਂ ਲਈ। ਮੈਂ ਸਾਡੇ ਕਲਾਸ ਫੋਰ ਨੂੰ ਕਹਿ ਦਿੱਤਾ ਹੈ ਕਿ ਜੇਕਰ ਅੱਜ ਤੋਂ ਬਾਅਦ ਇਹਨਾਂ ਨੂੰ ਮੀਟਿੰਗ ਕਰਨ ਲਈ ਚਾਬੀਆਂ ਦਿੱਤੀਆਂ ਤਾਂ ਤੇਰੇ ‘ਤੇ ਕਾਰਵਾਈ ਕਰਾਂਗੀ। ਇਸ ਤਰ੍ਹਾਂ ਇੱਕ ਚੌਥਾ ਦਰਜਾ ਕਰਮਚਾਰੀ ਨੂੰ ਕਾਰਵਾਈ ਦੀ ਧਮਕੀ ਦੇ ਕੇ ਵਿਭਾਗ ਦੇ ਅਸਲੀ ਚੋਰਾਂ ਨੂੰ ਅਣਦੇਖਿਆ ਕਰਨਾ ਕਿੰਨਾ ਕੁ ਸਹੀ ਹੈ। ਇਸ ਤਰ੍ਹਾਂ ਕਰਕੇ ਕਿਸ ਨਾਲ ਵਾਅਦਾ ਵਫਾ ਕੀਤਾ ਜਾ ਰਿਹਾ ਹੈ। ਇਸ ਦਾ ਅੰਦਾਜ਼ਾ ਲਾਉਣਾ ਮੁਸ਼ਕਿਲ ਨਹੀਂ ਹੈ।

Share Button

Leave a Reply

Your email address will not be published. Required fields are marked *

%d bloggers like this: