ਪਤੰਗਬਾਜ਼ੀ ਨਾ ਹੋਵੇ ਪੰਛੀਆਂ ‘ਤੇ ਹਾਵੀ

ਪਤੰਗਬਾਜ਼ੀ ਨਾ ਹੋਵੇ ਪੰਛੀਆਂ ‘ਤੇ ਹਾਵੀ

ਦੁਨੀਆਂ ਵਿੱਚ ਭਾਂਤ – ਭਾਂਤ ਦੇ ਇਨਸਾਨ ਵੱਸਦੇ ਹਨ ਅਤੇ ਉਨ੍ਹਾਂ ਦੇ ਮਨ ਪ੍ਰਚਾਵੇ ਤੇ ਸ਼ੌਕ ਵੀ ਤਰ੍ਹਾਂ – ਤਰ੍ਹਾਂ ਦੇ ਹਨ। ਸੌਂਕ ਹੋਣੇ ਵੀ ਚਾਹੀਦੇ ਹਨ ; ਕਿਉਂਕਿ ਸ਼ੌਂਕ ਹੀ ਜ਼ਿੰਦਗੀ ‘ਚੋਂ ਨੀਰਸਤਾ ਤੇ ਸਥਿਰਤਾ ਨੂੰ ਘਟਾਉਂਦੇ ਹਨ ਅਤੇ ਜ਼ਿੰਦਗੀ ਨੂੰ ਜਿਊਣ ਲਈ ਉਤਸ਼ਾਹਤ ਕਰਦੇ ਹਨ । ਇਹਨਾ ਸ਼ੌਕਾਂ ਵਿੱਚੋਂ ਹੀ ਇੱਕ ਮਸ਼ਹੂਰ ਤੇ ਜੋਸ਼ੀਲਾ ਸ਼ੌਕ ਹੈ : ਪਤੰਗਬਾਜ਼ੀ। ਦੇਸਾਂ -ਪ੍ਰਦੇਸਾਂ ਵਿੱਚ ਦੁਨੀਆਂ ” ਪਤੰਗਬਾਜ਼ੀ ” ਦੀ ਦੀਵਾਨੀ ਹੈ। ਬੱਚੇ , ਜਵਾਨ , ਨਵ – ਵਿਆਹੁਤਾ ਜੋੜੇ , ਕੁੜੀਆਂ ਭਾਵ ਹਰ ਉਮਰ ਵਰਗ ਦੇ ਲੋਕ ਪਤੰਗਬਾਜ਼ੀ ਨੂੰ ਇੱਕ ਦਿਲਕਸ਼ ਸ਼ੌਕ ਵਜੋਂ ਅਪਣਾਉਂਦੇ ਅਤੇ ਇਸ ਦਾ ਆਨੰਦ ਮਾਣ ਕੇ ਇਕ ਵੱਖਰੀ ਤਾਜ਼ਗੀ ਖੁਸ਼ੀ ਤੇ ਸਕੂਨ ਦੀ ਪ੍ਰਾਪਤੀ ਕਰਦੇ ਹਨ । ਪਰ ਕਈ ਵਾਰ ਸਾਡਾ ਮਨ ਪਰਚਾਵਾ ਸਾਡੀ ਖੁਸ਼ੀ ਜਾਣੇ – ਅਣਜਾਣੇ ਵਿੱਚ ਕਿਸੇ ਹੋਰ ਪ੍ਰਾਣੀ ਤੇ ਵਾਤਾਵਰਨ ਲਈ ਮੁਸ਼ਕਿਲ ਜਾਂ ਜੀਅ ਦਾ ਜੰਜਾਲ ਬਣ ਸਕਦੀ ਹੈ । ਇਹੀ ਸਥਿਤੀ ਕਈ ਵਾਰ ਪਤੰਗਬਾਜ਼ੀ ਕਰਨ ਸਮੇਂ ਵੀ ਪੈਦਾ ਹੋ ਜਾਂਦੀ ਹੈ ; ਕਿਉਂਕਿ ਪਤੰਗਬਾਜ਼ੀ ਲਈ ਵਰਤੋਂ ਵਿੱਚ ਲਿਆਂਦੀ ਡੋਰ ( ਧਾਗਾ ) ਜਾਂ ਚੀਨੀ ਡੋਰ ਪੰਛੀਆਂ ਲਈ ਵੱਡੀ ਸਮੱਸਿਆ ਖੜੀ ਕਰ ਦਿੰਦੀ ਹੈ । ਪੰਛੀ ਪਤੰਗਬਾਜ਼ੀ ਦੀ ਡੋਰ ਵਿੱਚ ਫਸ ਕੇ ਫੱਟੜ ਜ਼ਖਮੀ ਹੋ ਜਾਂਦੇ ਹਨ ਤੇ ਕਈ ਵਾਰ ਉਨ੍ਹਾਂ ਦੀ ਮੌਤ ਵੀ ਹੋ ਜਾਂਦੀ ਹੈ। ਜ਼ਖ਼ਮੀ ਪੰਛੀ ਵੀ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਕਈ ਵਾਰ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ। ਇਸ ਤਰ੍ਹਾਂ ਹੋਣ ਨਾਲ ਪੰਛੀ – ਪਰਿੰਦਿਆਂ ਦੇ ਘਟਣ ਨਾਲ ਉਨ੍ਹਾਂ ਦੀ ਹੋਂਦ ਵੀ ਖ਼ਤਰੇ ਵਿੱਚ ਪੈ ਸਕਦੀ ਹੈ ਅਤੇ ਕਈ ਪੰਛੀ ਪ੍ਰਜਾਤੀਆਂ ਲੁਪਤ ਹੋ ਸਕਦੀਆਂ ਹਨ । ਇਸ ਸਭ ਦਾ ਪ੍ਰਭਾਵ ਸਾਡੇ ਬੇਸ਼ – ਕੀਮਤੀ , ਵਡਮੁੱਲੇ , ਦਿਲਕਸ਼ ਤੇ ਹਰੇ -ਭਰੇ ਚਹਿ – ਚਹਾਉਦੇ ਵਾਤਾਵਰਨ ਉੱਤੇ ਵੀ ਪੈਂਦਾ ਹੈ ਅਤੇ ਇਸੇ ਤਹਿਤ ਕਈ ਕੁਦਰਤੀ ਪ੍ਰਕਿਰਿਆਵਾਂ ਪੌਦਿਆਂ ਦਾ ਵਾਧਾ, ਕੁਦਰਤੀ ਸੰਤੁਲਨ , ਸਾਡੀਆਂ ਫ਼ਸਲਾਂ , ਕੀੜੇ -ਮਕੌੜਿਆਂ ਦੀ ਹੋਂਦ ਤੇ ਸਾਰਾ ਕੁਦਰਤੀ ਵਰਤਾਰਾ ਪ੍ਰਭਾਵਿਤ ਹੋ ਕੇ ਮਾਨਵ ਜੀਵਨ ‘ਤੇ ਆਪਣਾ ਕਰੂਪ ਪ੍ਰਭਾਵ ਵੀ ਪਾਉਂਦਾ ਹੈ । ਮਾਹਿਰਾਂ ਦੇ ਅਨੁਸਾਰ ਚੀਨੀ ਡੋਰ ਵਿੱਚ ਕੱਚ ਦੀ ਵੀ ਵਰਤੋਂ ਕੀਤੀ ਹੋਈ ਹੁੰਦੀ ਹੈ , ਜੋ ਕਿ ਪੰਛੀ – ਪਰਿੰਦਿਆਂ ‘ਤੇ ਤਾਂ ਮਾਰੂ ਪ੍ਰਭਾਵ ਪਾਉਂਦੀ ਹੀ ਹੈ , ਜੇ ਕੋਈ ਸਕੂਟਰ ਮੋਟਰਸਾਈਕਲ ਸਵਾਰ ਇਸ ਦੀ ਚਪੇਟ ਵਿੱਚ ਆ ਜਾਵੇ ਤਾਂ ਉਹ ਵੀ ਦੁਸ਼ – ਪ੍ਰਭਾਵ ਅਧੀਨ ਅਾ ਜਾਂਦਾ ਹੈ ਅਤੇ ਕਈ ਵਾਰ ਸੜਕ ਹਾਦਸੇ ਜਾਂ ਹੋਰ ਘਟਨਾਵਾਂ ਵੀ ਵਾਪਰ ਸਕਦੀਆਂ ਹਨ । ਪੰਛੀਆਂ ਦੀਆਂ ਪਤੰਗਬਾਜ਼ੀ ਦੇ ਧਾਗੇ ਨਾਲ ਹੱਡੀਆਂ ਤੱਕ ਵੀ ਟੁੱਟ ਜਾਣ ਦੀ ਗੱਲ ਮਾਹਰ ਦੱਸਦੇ ਹਨ। ਸੋ ਸ਼ੌਕ ਜ਼ਰੂਰ ਰੱਖਣੇ ਤੇ ਪੂਰੇ ਕਰਨੇ ਅਤਿ ਜ਼ਰੂਰੀ ਹਨ , ਪਰ ਥੋੜ੍ਹਾ ਜਿਹਾ ਧਿਆਨ ਦੇਣ ਨਾਲ ਕਿਸੇ ਨੂੰ ਕਸ਼ਟ ਪਹੁੰਚਣ ਤੋਂ ਬਚਿਆ ਤੇ ਬਚਾਇਆ ਜਾ ਸਕਦਾ ਹੈ । ਇਹੋ ਸੱਚੀ ਸੁੱਚੀ ਮਾਨਵਤਾ ਹੈ ।ਹੋ ਸਕੇ ਤਾਂ ਸਧਾਰਨ ਧਾਗੇ ਦੀ ਵਰਤੋਂ ਕਰ ਲੈਣ ਚਾਹੀਦੀ ਹੈ ਅਤੇ ਪਤੰਗਬਾਜੀ ਤੋਂ ਬਾਅਦ ਵਰਤੋਂ ਵਿੱਚ ਲਿਆਂਦੀ ਡੋਰ ( ਧਾਗਾ ) ਇਕੱਠਾ ਕਰਕੇ ਰੱਖ ਲੈਣਾ ਜਾਂ ਨਸ਼ਟ ਕਰ ਦੇਣਾ ਚਾਹੀਦਾ ਹੈ ਅਤੇ ਜਿਸ ਡੋਰ ‘ਤੇ ਕੱਚ ਦੀ ਪਰਤ ਚੜ੍ਹੀ ਹੋਵੇ , ਉਹ ਪਤੰਗਬਾਜ਼ੀ ਦੀ ਵਰਤੋਂ ਵਿੱਚ ਲਿਆਉਣ ਤੋਂ ਵੀ ਬਚਿਆ ਜਾ ਸਕਦਾ ਹੈ । ਇਸਦੇ ਨਾਲ ਹੀ ਕੋਠਿਆਂ /ਛੱਤਾਂ ‘ਤੇ ਚੜ੍ਹ ਕੇ ਵੀ ਪਤੰਗਬਾਜ਼ੀ ਨਹੀਂ ਕਰਨੀ ਚਾਹੀਦੀ । ਆਪਣੇ ਨਾਲ -ਨਾਲ ਦੂਜਿਆਂ ਦਾ ਵੀ ਧਿਆਨ ਰੱਖਿਆ ਜਾਵੇ ਤਾਂ ਸੋਨੇ ‘ਤੇ ਸੁਹਾਗੇ ਵਾਲੀ ਗੱਲ ਹੋ ਸਕਦੀ ਹੈ ; ਕਿਉਂਕਿ ” ਜੀਓ ਅਤੇ ਜੀਉਣ ਦਿਓ ” ਵਿੱਚ ਹੀ ਸੱਚੀ ਮਾਨਵਤਾ , ਪ੍ਰਮਾਤਮਾ ਦੀ ਬੰਦਗੀ ਤੇ ਪਵਿੱਤਰਤਾ ਹੈ ।

ਮਾਸਟਰ ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ.
9478561356.

Share Button

Leave a Reply

Your email address will not be published. Required fields are marked *

%d bloggers like this: