ਇਮਾਨਦਾਰ ਔਰਤਾਂ ਦੀ ਇੱਕ ਛੋਟੀ ਜਿਹੀ ਪਰ ਸੱਚੀ ਕਹਾਣੀ

ਇਮਾਨਦਾਰ ਔਰਤਾਂ ਦੀ ਇੱਕ ਛੋਟੀ ਜਿਹੀ ਪਰ ਸੱਚੀ ਕਹਾਣੀ

ਕੁਝ ਹੀ ਦਿਨ ਪਹਿਲਾਂ ਦੀ ਗੱਲ ਹੈ | ਮੈਂ ਆਪਣੇ ਸਕੂਲ ਤੋਂ ਬਾਅਦ ਘਰ ਵਾਪਿਸ ਆ ਰਿਹਾ ਸੀ | ਰਾਸਤੇ ਵਿੱਚ ਮੈਂ ਦੋ ਗਰੀਬ ਔਰਤਾਂ ਪੋਸਟਰ ਵੇਚਦੇ ਦੇਖੀਆਂ | ਅਸਲ ਵਿੱਚ ਮੈਂ ਉਹੋ ਔਰਤਾਂ ਪਹਿਲਾਂ ਵੀ ਦੇਖੀਆਂ ਸਨ, ਅਤੇ ਮੇਰੀ ਨਿਗਾਹ ਉਹਨਾਂ ਪੋਸਟਰਾਂ ਤੇ ਥੋੜੀ ਬਹੁਤ ਪਈ ਸੀ | ਪਰ ਜਦੋਂ ਮੈਂ ਇਸ ਵਾਰ ਉਹਨਾਂ ਦੇ ਕੋਲੋਂ ਦੀ ਲੰਘਿਆ ਤਾਂ, ਮੇਰਾ ਮਨ ਪੋਸਟਰ ਖਰੀਦਣ ਤੇ ਹੋ ਗਿਆ |

ਮੈਂ ਕੁਝ ਪੋਸਟਰਾਂ ਤੇ ਨਿਗਾਹ ਮਾਰੀ, ਅਤੇ ਬਿਨਾ ਆਪਣੇ ਮਨ ਦੀ ਸਹਾਇਤਾ ਲਏ, ਇਹ ਮਹਿਸੂਸ ਕਰਨ ਲੱਗਿਆ ਕਿ ਕਿਸ ਪੋਸਟਰ ਤੇ ਮੇਰੀ ਟਿਊਨਿੰਗ ਹੋ ਜਾਂਦੀ ਹੈ | ਇੱਕ ਈਸਾ ਮਸੀਹ ਦੇ ਪੋਸਟਰ ਨੂੰ ਦੇਖ ਕੇ ਇੰਝ ਲੱਗਿਆ ਕਿ ਇੱਥੇ ਮੇਰਾ ਸ਼ਰੀਰ, ਮੇਰਾ ਮਨ, ਮੇਰੀ ਆਤਮਾ ਦੀ ਤਾਰ ਜੁੜ ਰਹੀ ਹੈ | ਫਿਰ ਇੱਕ ਦਮ ਮੈਨੂੰ ਧੁੰਦਲਾ ਜਿਹਾ ਯਾਦ ਆਇਆ ਕਿ ਜਦੋਂ ਮੈਂ ਪਿਛਲੀ ਵਾਰ ਇੱਥੋਂ ਲੰਘਿਆ ਸੀ ਤਾਂ ਇੱਕ ਗੌਤਮ ਬੁਧ ਦਾ ਪੋਸਟਰ ਵੀ ਮੈਨੂੰ ਛੂਹ ਗਿਆ ਸੀ |

ਪਰ ਮੈਂ ਜਲਦੀ ਜਲਦੀ ਵਿੱਚ ਉਥੋਂ ਲੰਘ ਗਿਆ ਸੀ | ਪਰ ਅੱਜ ਮੇਰੇ ਕੋਲ ਸਮਾਂ ਸੀ | ਮੈਂ ਕਿਹਾ ਮੈਨੂੰ ਇੱਕ ਈਸਾ ਦਾ ਅੱਤੇ ਇੱਕ ਗੌਤਮ ਬੁਧ ਜੀ ਦਾ ਪੋਸਟਰ ਦੇ ਦੋ| ਉਸ ਔਰਤ ਨੇ ਇੱਕ ਈਸਾ ਦਾ ਪੋਸਟਰ ਤਾਂ ਆਸਾਨੀ ਨਾਲ ਲਭ ਦਿੱਤਾ ਪਰ ਗੌਤਮ ਬੁਧ ਦਾ ਪੋਸਟਰ ਉਸਨੂੰ ਲਭ ਨਹੀਂ ਰਿਹਾ ਸੀ | ਉਸ ਔਰਤ ਨੇ ਕਿਹਾ, “ਅਸਲ ਵਿੱਚ ਇਥੇ ਹਿੰਦੁਆਂ, ਸਿਖਾਂ ਅਤੇ ਇਸਾਈਆਂ ਦੇ ਪੋਸਟਰ ਤਾਂ ਬਹੁਤ ਵਿੱਕ ਜਾਂਦੇ ਹਨ, ਪਰ ਬੋਧ ਧਰਮ ਦੇ ਲੋਕ ਇੱਥੇ ਬਹੁਤ ਹੀ ਘੱਟ ਹਨ |”

ਮੈਂ ਕੁਝ ਨਹੀਂ ਬੋਲਿਆ ਕਿਉਂਕਿ ਮੇਰਾ ਇਹਨਾਂ ਗੱਲਾਂ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਸੀ | ਜੇ ਮੈਂ ਕੁਝ ਕਹਿੰਦਾ ਤਾਂ ਉਹਨਾਂ ਨੂੰ ਮੇਰੀ ਸਮਝ ਆਉਣੀ ਵੀ ਨਹੀਂ ਸੀ| ਕਿਉਂਕਿ ਮੇਰਾ ਪੋਸਟਰ ਖਰੀਦਣ ਦਾ ਕੋਈ ਤਰਕ ਤੇ ਆਧਾਰ ਤੇ ਕੋਈ ਕਾਰਨ ਹੀ ਨਹੀਂ ਸੀ | ਕਿਉਂਕਿ ਨਾ ਹੀ ਬੋਧੀ ਸੀ ਅਤੇ ਨਾਂ ਹੀ ਇਸਾਈ | ਅੱਜੇ ਤੱਕ ਮੈਂ ਆਪਣੇ ਆਪ ਨੂੰ ਕਿਸੇ ਧਰਮ ਨਾਲ ਜੋੜਕੇ ਦੇਖਿਆ ਹੀ ਨਹੀਂ |

ਫਿਰ ਉਸ ਔਰਤ ਨੂੰ ਲਭਦੇ ਲਭਦੇ ਇੱਕ ਗੌਤਮ ਬੁਧ ਦਾ ਪੋਸਟਰ ਮਿਲ ਹੀ ਗਿਆ | ਪੋਸਟਰ ਥੋੜਾ ਪੁਰਾਣਾ ਸੀ | ਮੈਂ ਇੱਕ ਪੋਸਟਰ ਦਾ ਰੇਟ ਪੁਛਿਆ | ਉਸਨੇ ਕਿਹਾ 20 ਰੁਪਏ | ਮੈਂ ਚਾਲੀ ਰੁਪਏ ਕਢ ਕੇ ਦੇ ਦਿੱਤੇ | ਫਿਰ ਉਸ ਔਰਤ ਨੇ ਮੈਨੂੰ ਵਿੱਚੋਂ ਦਸ ਰੁਪਏ ਮੋੜ ਦਿੱਤੇ ਅਤੇ ਮੈਨੂੰ ਅਜਿਹੀ ਗੱਲ ਕਹੀ ਜਿਸ ਨੂੰ ਮੈਂ ਸੁਣਕੇ ਹੈਰਾਨ ਅਤੇ ਖੁਸ਼ ਹੋ ਗਿਆ | ਉਸ ਨੇ ਕਿਹਾ “ਗੌਤਮ ਬੁਧ ਦਾ ਪੋਸਟਰ ਪੁਰਾਣਾ ਸੀ, ਇਸ ਲਈ ਮੈਂ ਤੁਹਾਨੂੰ ਇਹ ਦੱਸ ਰੁਪਏ ਦਾ ਲਗਾਇਆ ਹੈ |”

ਮੈਂ ਕਿਹਾ ਚਲੋ ਤੁਸੀਂ ਉਹ ਪੋਸਟਰ ਵੀ ਵੀਹ ਰੁਪਏ ਦਾ ਹੀ ਲਗਾ ਲਓ ਕਿਉਂਕਿ ਜੇ ਤੁਸੀਂ ਵੀਹ ਰੁਪਏ ਦਾ ਵੀ ਲਗਾ ਲੈਂਦੇ ਤਾਂ ਮੈਂ ਹੱਸਕੇ ਦੇ ਦੇਣੇ ਸੀ | ਉਸ ਔਰਤ ਨੇ ਮਨਾ ਕਰ ਦਿੱਤਾ | ਫਿਰ ਮੈਂ ਕਿਹਾ ਮੈਨੂੰ ਤੁਹਾਡੀ ਇਮਾਨਦਾਰੀ ਬਹੁਤ ਚੰਗੀ ਲੱਗੀ, ਚਲੋ ਤੁਸੀਂ ਇਸੇ ਗੱਲ ਤੇ ਆਹ ਦਸ ਰੁਪਏ ਵੀ ਰੱਖ ਲਵੋ | ਉਸ ਔਰਤ ਨੇ ਫਿਰ ਮਨਾ ਕਰ ਦਿੱਤਾ ਅੱਤੇ ਪਿਆਰ ਨਾਲ ਕਿਹਾ, “ਅਸੀਂ ਇਮਾਨਦਾਰੀ ਦੇ ਅਸੂਲ ਤੇ ਹੀ ਚਲਦੇ ਹਾਂ ਅਤੇ ਜਿਹੋ ਜਿਹਾ ਸਮਾਨ ਵੇਚੀਏ ਉਨੇ ਹੀ ਪੈਸੇ ਲੈਂਦੇ ਹਾਂ |” ਇਹ ਸੁਣਦੇ ਮੇਰੇ ਮੂਹੋਂ ਆਪ ਮੁਹਾਰੇ ਨਿਕਲ ਗਿਆ “ਪ੍ਰਮਾਤਮਾ ਹਮੇਸ਼ਾ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਹੀ ਰਖੇਗਾ |”

ਅਮਨਪ੍ਰੀਤ ਸਿੰਘ

94655-54088

Share Button

Leave a Reply

Your email address will not be published. Required fields are marked *

%d bloggers like this: