ਫੱਤੂ ਦੀਆਂ ਧੀਆਂ

ਫੱਤੂ ਦੀਆਂ ਧੀਆਂ

ਘੁੱਗ ਵੱਸਦਾ ਪਿੰਡ ਸੀ ਫੱਤੋਮਾਜਰਾ। ਪਿੰਡ ਵਿਚ ਹਰ ਜਾਤ ਦੇ ਲੋਕ ਰਹਿੰਦੇ ਸਨ। ਜਾਤ ਪਾਤ ਤੋਂ ਉੱਪਰ ਉੱਠ ਕੇ ਇੱਕ ਦੂਜੇ ਦੇ ਦੁੱਖ ਸੁੱਖ ਸ਼ਾਮਲ ਹੁੰਦੇ। ਫੌਜਾ ਸਿੰਘ ਜੱਟਾਂ ਦਾ ਨੰਬਰਦਾਰ ਸੀ ਤੇ ਚੌਧਰੀ ਮੁਹੰਮਦ ਮੁਸਲਮਾਨ ਭਾਈਚਾਰੇ ਦਾ ਸੀ। ਫੱਤੂ ਵੀ ਮੁਸਲਮਾਨ ਭਾਈਚਾਰੇ ਨਾਲ ਸੰਬੰਧ ਰੱਖਦਾ ਸੀ। ਬਹੁਤ ਹੀ ਮਿਹਨਤੀ ਤੇ ਠੰਢੇ ਸੁਭਾਅ ਦਾ ਮਾਲਕ ਸੀ ਫੱਤੂ। ਫੱਤੂ ਪਿੰਡ ਦੇ ਹੀ ਕਸਤੂਰੀ ਮੱਲ ਦੀ ਜ਼ਮੀਨ ਹਿੱਸੇ ਤੇ ਲੈ ਕੇ ਖੇਤੀ ਕਰਦਾ ਸੀ। ਫੱਤੂ ਚਾਰ ਧੀਆਂ ਦਾ ਬਾਪ ਸੀ। ਇੱਕ ਦਿਨ ਆਥਣੇ ਦਿਨ ਢਲਣ ਵੇਲੇ ਫੱਤੂ ਮੋਢੇ ਉੱਤੇ ਹਲ਼ ਤੇ ਪੰਜਾਲੀ ਧਰ ਕੇ ਬਲਦਾਂ ਨੂੰ ਖੇਤਾਂ ਵੱਲ ਲਈ ਜਾਂਦਾ ਸੀ। ਖੇਤੋਂ ਘਰ ਵੱਲ ਆ ਰਹੇ ਫੌਜਾ ਸਿੰਘ ਨੂੰ ਫੱਤੂ ਮਿਲ ਗਿਆ। ਫੌਜਾ ਨੇ ਕਹੀ ਮੋਢੇ ਤੋਂ ਥੱਲੇ ਲਾਹ ਕੇ ਰੱਖਦਿਆਂ ਕਿਹਾ
“ਓ ਕਿਵੇਂ ਫੱਤੂ ਸਿਆ! ਹੁਣ ਤਾਂ ਲੋਕੀਂ ਖੇਤਾਂ ਤੋਂ ਘਰਾਂ ਨੂੰ ਪਰਤ ਰਹੇ ਨੇ ਤੇ ਤੂੰ ਦਿਨ ਛਿਪ ਦੇ ਆਹ ਹਲ਼ ਪੰਜਾਲੀ ਲੈ ਕੇ ਖੇਤਾਂ ਨੂੰ ਚੱਲਿਆ”।
“ਵਧੀਆ ਫੌਜਾ ਸਿਆ। ਓ ਗੱਲ ਤਾਂ ਤੇਰੀ ਠੀਕ ਆ…ਬਈ ਹੁਣ ਘਰਾਂ ਨੂੰ ਪਰਤਣ ਦਾ ਵੇਲਾ। ਮੈਂ ਤਾਂ ਪਸ਼ੂਆਂ ਲਈ ਕੱਖ ਕੰਢਾ ਬੀਜਣ ਚੱਲਿਆ। ਕਿੰਨੇ ਦਿਨ ਹੋ ਗਏ ਟਾਈਮ ਹੀ ਨਹੀਂ ਲੱਗਦਾ ਸੀ”। ਫੱਤੂ ਨੇ ਹਲ਼ ਨੂੰ ਮੋਢੇ ਤੋਂ ਲਾਹ ਕੇ ਥੱਲੇ ਧਰਤੀ ਤੇ ਰੱਖਦੇ ਹੋਏ ਆਖਿਆ।
“ਚੱਲ ਵਧੀਆ ਫੱਤੂ ਸਿਆ। ਜਦੋਂ ਟੈਮ ਲੱਗਦਾ ਕੰਮ ਨਿਬੇੜ ਲੈਣਾ ਚਾਹੀਦਾ ਹੈ। ਹਾਂ ਸੱਚ ਯਾਰ ਇਉਂ ਦੱਸ ਤੇਰੇ ਟੱਬਰ ਦਾ ਕੀ ਹਾਲ ਹੈ। ਧੀਆਂ ਪੜਨ ਲਾ ਦਿੱਤੀਆਂ ਨੇ ਜਾਂ ਨਹੀਂ”। ਫੌਜਾ ਨੇ ਕਹੀ ਮੋਢੇ ਤੇ ਧਰਦੇ ਹੋਏ ਆਖਿਆ।
“ਪਰਿਵਾਰ ਸਾਰਾ ਵਧੀਆ। ਕੁੜੀਆਂ ਪਿੰਡ ਵਾਲੀ ਮਸੀਤ ਵਿਚ ਲਾ ਦਿੱਤੀਆਂ ਨੇ ਮੌਲਵੀ ਕੋਲ ਪੜਨ। ਤੈਨੂੰ ਤਾਂ ਪਤਾ ਹੀ ਫੌਜਾ ਸਿਆ ਮੈਂ ਤਾਂ ਕੋਰਾ ਅਨਪੜ ਆ। ਚੱਲ ਕੁੜੀਆਂ ਦੋ ਅੱਖਰ ਪੜ ਜਾਣਗੀਆਂ ਸੁੱਖ ਜੋ ਜਾਊ ਗਾ”। ਅੱਗੋਂ ਫੱਤੂ ਨੇ ਜਵਾਬ ਦਿੰਦਿਆਂ ਕਿਹਾ।
ਫੱਤੂ ਦਾ ਵੱਡਾ ਭਾਈ ਕਾਲੂ ਆਪਣੇ ਟਾਂਗੇ ਤੇ ਮੰਡੀਓਂ ਸਵਾਰੀ ਲੈ ਕੇ ਪਿੰਡ ਵੱਲ ਨੂੰ ਆ ਰਿਹਾ ਸੀ। ਉਸ ਨੇ ਫੱਤੂ ਤੇ ਫੌਜੇ ਨੂੰ ਦੇਖ ਕੇ ਟਾਂਗਾ ਰੋਕ ਲਿਆ ਤੇ ਬੋਲਿਆ।
“ਨੰਬਰਦਾਰਾਂ ਸਸਰੀ ਕਾਲ। ਕਿਵੇਂ ਰਾਹ ਰੋਕੀ ਖੜੇ ਹੋ ਸੁੱਖ ਆ”।
“ਆਹੋ ਸੁੱਖ ਕਾਲੂ ਸਿਆ। ਇੱਥੇ ਕਿਹੜਾ ਜੰਗ ਲੱਗੀ ਆ। ਅਸੀਂ ਤਾਂ ਸੁਤੇ ਸੁਭਾਅ ਗੱਲਾਂ ਕਰਦੇ ਆ। ਤੂੰ ਦੱਸ ਕੋਈ ਚੁਆਨੀ ਆਨਾ ਬਣਿਆ ਜਾਂ ਫੇਰ ਮੰਦਾ ਹੀ ਰਿਹਾ”। ਫੌਜਾ ਸਿੰਘ ਨੇ ਕਾਲੂ ਦੀਆਂ ਗੱਲਾਂ ਦਾ ਜਵਾਬ ਦਿੰਦਿਆਂ ਕਿਹਾ।
“ਅੱਜ ਦਾ ਦਿਨ ਤਾਂ ਵਧੀਆ ਨੰਬਰਦਾਰਾ। ਪਿੰਡੋਂ ਮੰਡੀ ਜਾਂਦੇ ਹੋਏ ਦੋ ਸਵਾਰੀਆਂ ਮਿਲ ਗਈਆਂ ਸੀ ਤੇ ਹੁਣ ਇੱਕ ਆਉਂਦੇ ਹੋਏ ਮਿਲ ਗਈ। ਆਜਾ ਹੁਣ ਤੂੰ ਬਹਿ ਜਾ ਨੰਬਰਦਾਰਾ ਟਾਂਗੇ ਤੇ। ਤੈਨੂੰ ਘਰ ਛੱਡ ਦਿੰਨਾ”।
ਕਾਲੂ ਦੇ ਕਹਿਣ ਤੇ ਫੌਜਾ ਨੰਬਰਦਾਰ ਟਾਂਗੇ ਤੇ ਬੈਠ ਗਿਆ ਤੇ ਫੱਤੂ ਖੇਤਾਂ ਵੱਲ ਨੂੰ ਹੋ ਗਿਆ। ਨੇਰਾ ਹੋਣ ਤੋਂ ਪਹਿਲਾਂ ਪਹਿਲਾਂ ਫੱਤੂ ਨੇ ਜ਼ਮੀਨ ਨੂੰ ਵਾਹ ਦਿੱਤਾ ਸੀ। ਉਸ ਤੋਂ ਬਾਅਦ ਉਸ ਨੇ ਬਾਜਰਾ ਦਾ ਸਿੱਟਾ ਦੇ ਦਿੱਤਾ। ਹਲ਼ ਪੰਜਾਲੀ ਮੋਢੇ ਤੇ ਧਰੀ ਤੇ ਬਲਦਾਂ ਨੂੰ ਆਰ ਲਾ ਕੇ ਆਪਣੇ ਅੱਗੇ ਲਾ ਲਿਆ। ਫੱਤੂ ਦੀ ਘਰਵਾਲੀ ਨਿਆਮੀ ਤੇ ਉਸ ਦੀਆਂ ਧੀਆਂ ਉਸ ਨੂੰ ਉਡੀਕ ਰਹੀਆਂ ਸਨ। ਘਰਵਾਲੀ ਤੇ ਜਵਾਕਾਂ ਨੇ ਰੋਟੀ ਖਾ ਲਈ ਸੀ। ਬੱਸ ਫੱਤੂ ਹੀ ਰਹਿੰਦਾ ਸੀ। ਫੱਤੂ ਨੇ ਘਰ ਵੜਦਿਆਂ ਹੀ ਹਲ਼ ਪੰਜਾਲੀ ਨੂੰ ਵਿਹੜੇ ਵਿਚ ਰੱਖ ਦਿੱਤਾ ਤੇ ਬਲਦਾਂ ਨੂੰ ਖੁਰਲੀ ਨਾਲ ਬੰਨ ਦਿੱਤਾ। ਆਪ ਨਲਕੇ ਤੋਂ ਮੂੰਹ ਹੱਥ ਧੋ ਕੇ ਚੁੱਲੇ ਮੂਹਰੇ ਜਾ ਬੈਠਾ। ਨਿਆਮੀ ਨੇ ਰੋਟੀ ਪਾ ਕੇ ਦੇ ਦਿੱਤੀ। ਫੱਤੂ ਦੀ ਵੱਡੀ ਧੀ ਨੇ ਆਪਣੇ ਅੱਬਾ ਨੂੰ ਆਖਿਆ
“ਅੱਬੂ ਇਸ ਵਾਰ ਮੈਨੂੰ ਨਵਾਂ ਸੂਟ ਚਾਹੀਦਾ। ਨਾਲ ਹੀ ਦੂਜੀਆਂ ਕੁੜੀਆਂ ਨੇ ਵੀ ਕਹਿ ਦਿੱਤਾ ਕਿ ਅਸੀਂ ਵੀ ਨਵੇਂ ਕੱਪੜੇ ਲੈਣੇ ਆ”। ਰੋਟੀ ਤਾਂ ਖਾਣ ਲੈਣ ਦਿਉ ਕਰੋ। ਫੱਤੂ ਦੇ ਬੋਲਣ ਤੋਂ ਪਹਿਲਾਂ ਹੀ ਨਿਆਮੀ ਨੇ ਆਖਿਆ।
“ਕੋਈ ਨਾ ਲੈ ਦਿਉ ਗਾ ਨਵੇਂ ਸੂਟ। ਤੁਸੀਂ ਮੇਰੇ ਨਾਲ ਚੱਲਿਓ ਮੰਡੀ। ਜਿਹੜਾ ਕੁੱਝ ਚਾਹੀਦਾ ਹੋਇਆ ਲੈ ਲਿਉ”। ਫੱਤੂ ਨੇ ਰੋਟੀ ਦੀ ਬੁਰਕੀ ਅੰਦਰ ਲੰਘਾਉਂਦਿਆਂ ਆਖਿਆ।
ਕੁੜੀਆਂ ਤੇ ਮੂੰਹ ਤੇ ਖ਼ੁਸ਼ੀ ਆ ਗਈ। ਫੱਤੂ ਚਾਰੇ ਕੁੜੀਆਂ ਨੂੰ ਮੁੰਡਿਆਂ ਵਾਂਗ ਪਾਲ ਰਿਹਾ ਸੀ। ਉਸ ਨੇ ਕਦੇ ਰੋਸਾ ਨਹੀਂ ਕੀਤਾ ਸੀ ਕਿ ਉਸ ਦੇ ਘਰ ਮੁੰਡਾ ਕਿਉਂ ਨਹੀਂ ਹੋਇਆ। ਆਪਣੀ ਜਾਨ ਤੋਂ ਵੱਧ ਪਿਆਰ ਕਰਦਾ ਸੀ ਫੱਤੂ ਆਪਣੀਆਂ ਧੀਆਂ ਨੂੰ। ਮੂੰਹ ਵਿਚੋਂ ਬੋਲ ਨੀਂ ਡਿੱਗਣ ਦਿੰਦਾ ਸੀ ਤੇ ਪਹਿਲਾਂ ਹੀ ਰੀਝ ਪੂਰੀ ਕਰ ਦਿੰਦਾ ਸੀ। ਫੱਤੂ ਦੀ ਦਿਨ ਰਾਤ ਦੀ ਮਿਹਨਤ ਨੇ ਘਰ ਵਿਚ ਕਿਸੇ ਚੀਜ਼ ਦੀ ਤੋੜ ਨੀਂ ਆਉਣ ਦਿੱਤੀ ਸੀ। ਛੀ ਮਹੀਨਿਆਂ ਤੋਂ ਜਦੋਂ ਫ਼ਸਲ ਵੇਚ ਕੇ ਫੱਤੂ ਘਰ ਆਇਆ ਤਾਂ ਕੁੜਤੇ ਦਾ ਗੀਜਾ ਰੁਪਈਆਂ ਨਾਲ ਭਰਿਆ ਹੋਇਆ ਸੀ। ਆਪਣੇ ਭਾਈਚਾਰੇ ਵਿਚ ਫੱਤੂ ਦਾ ਵਧੀਆ ਰਸੂਖ਼ ਸੀ। ਚੌਧਰੀ ਮੁਹੰਮਦ ਵੀ ਉਸ ਨੂੰ ਪੁੱਛ ਕੇ ਫ਼ੈਸਲਾ ਕਰਦਾ। ਉਸ ਨੇ ਕਦੇ ਕਿਸੇ ਨਾਲ ਅਨਿਆਂ ਨੀਂ ਹੋਣ ਦਿੱਤਾ ਸੀ। ਕੁੱਝ ਕੁ ਮਹੀਨਿਆਂ ਬਾਅਦ ਮੁਲਕ ਅੰਦਰ ਮਾਹੌਲ ਖ਼ਰਾਬ ਹੋਣ ਦੀਆਂ ਖ਼ਬਰਾਂ ਆਉਣ ਲੱਗੀਆਂ। ਲੋਕ ਰੇਡੀਉ ਤੇ ਸਾਰਾ ਦਿਨ ਮੁਲਕ ਅੰਦਰ ਵਾਪਰ ਰਹੀਆਂ ਘਟਨਾਵਾਂ ਬਾਰੇ ਸੁਣਦੇ ਰਹਿੰਦੇ। ਹੌਲੀ ਹੌਲੀ ਖ਼ਰਾਬ ਮਾਹੌਲ ਦੀ ਅੱਗ ਦਾ ਸੇਕ ਪਿੰਡਾਂ ਤੱਕ ਆ ਪਹੁੰਚਿਆ। ਪਿੰਡਾਂ ਅੰਦਰ ਮਾਰ ਧਾੜ ਸ਼ੁਰੂ ਹੋ ਗਈ ਸੀ। ਮਰਨ ਵਾਲਿਆਂ ਵਿਚ ਹਰ ਭਾਈਚਾਰੇ ਦੇ ਲੋਕ ਸਨ। ਮੁਲਕ ਦਾ ਬਟਵਾਰਾ ਹੋਣ ਲੱਗਾ ਸੀ। ਲੋਕ ਪਿੰਡ ਛੱਡ ਕੇ ਜਾ ਰਹੇ ਸਨ। ਗੱਡਿਆਂ ਤੇ ਟਾਂਗਿਆਂ ਤੇ ਸਮਾਨ ਤੇ ਬਜ਼ੁਰਗ ਨੂੰ ਬੈਠਾ ਕੇ ਲੋਕ ਆਪਣੇ ਆਪਣੇ ਮੁਲਕ ਨੂੰ ਤੁਰ ਪਏ ਸਨ। ਫੱਤੋਮਾਜਰੇ ਪਿੰਡ ਵਿਚ ਭੀੜ ਨੇ ਹਮਲਾ ਬੋਲ ਦਿੱਤਾ ਸੀ। ਫੱਤੂ ਉਸ ਦਿਨ ਘਰ ਨਹੀਂ ਸੀ। ਉਹ ਖੇਤਾਂ ਵਿਚ ਕੰਮ ਕਰ ਰਿਹਾ ਸੀ। ਭੀੜ ਨੇ ਗਲੀਆਂ ਵਿਚ ਹੋਕਾ ਦਿੱਤਾ ਕਿ ਘਰ ਛੱਡ ਕੇ ਚਲੇ ਜਾਉ। ਜਿਹੜੇ ਕਾਹਲੀ ਕਾਹਲੀ ਘਰਾਂ ਚੋਂ ਨਿਕਲ ਗਏ। ਉਨਾਂ ਦੀ ਜਾਨ ਬੱਚ ਗਈ। ਜਿਨਾਂ ਨੇ ਘਰ ਨਹੀਂ ਛੱਡੇ ਉਨਾਂ ਘਰਾਂ ਨੂੰ ਭੀੜ ਨੇ ਅੱਗ ਲਗਾ ਦਿੱਤੀ। ਫੱਤੂ ਦੀ ਘਰਵਾਲੀ ਤੇ ਉਸ ਦੀਆਂ ਧੀਆਂ ਉਸ ਨੂੰ ਉਡੀਕ ਰਹੀਆਂ ਸਨ ਕਿ ਉਹ ਫੱਤੂ ਦੇ ਨਾਲ ਹੀ ਜਾਣਗੀਆਂ। ਪਰ ਫੱਤੂ ਅਜੇ ਆਇਆ ਨਹੀਂ ਸੀ ਖੇਤੋਂ। ਭੀੜ ਨੇ ਫੱਤੂ ਦੇ ਘਰ ਨੂੰ ਅੱਗ ਲਾ ਦਿੱਤੀ। ਨਿਆਮੀ ਤੇ ਫੱਤੂ ਦੀਆਂ ਧੀਆਂ ਅੱਗ ਵਿਚ ਮੱਚ ਕੇ ਮਰ ਗਈਆਂ। ਭੀੜ ਅਗਲੇ ਪਿੰਡ ਵੱਲ ਨੂੰ ਵੱਧ ਗਈ। ਆਥਣੇ ਜਦੋਂ ਫੱਤੂ ਆਇਆ ਤਾਂ ਦੇਖਿਆ ਕਿ ਪਿੰਡ ਦੇ ਕਈ ਘਰਾਂ ਨੂੰ ਅੱਗ ਦੇ ਹਵਾਲੇ ਕੀਤਾ ਪਿਆ ਸੀ। ਉਹ ਆਪਣੇ ਘਰ ਵੱਲ ਨੂੰ ਤੇਜ਼ੀ ਨਾਲ ਭੱਜਿਆ। ਜਾ ਕੇ ਦੇਖਿਆ ਤਾਂ ਘਰ ਸੁਆਹ ਬਣਿਆ ਪਿਆ ਸੀ। ਘਰਵਾਲੀ ਨਿਆਮੀ ਤੇ ਉਸ ਦੀਆਂ ਚਾਰੇ ਧੀਆਂ ਦੀਆਂ ਅੱਗ ਨਾਲ ਸੜੀਆਂ ਲੋਥਾਂ ਵੀ ਪਈਆਂ ਸਨ। ਫੱਤੂ ਨਿਆਮੀ ਅਤੇ ਧੀਆਂ ਦੇ ਸਿਰ ਬੁੱਕਲ ਵਿਚ ਰੱਖ ਕੇ ਉੱਚੀ ਉੱਚੀ ਧਾਹਾਂ ਮਾਰ ਕੇ ਰੋਣ ਲੱਗ ਪਿਆ। ਪੁੱਤਾਂ ਵਾਂਗੂੰ ਪਾਲੀਆਂ ਧੀਆਂ ਜਹਾਨੋਂ ਰੁਖਸ਼ਤ ਹੋ ਗਈਆਂ ਸਨ। ਫੱਤੂ ਨੂੰ ਜ਼ਿੰਦਗੀ ਦੇ ਆਖ਼ਰੀ ਸਾਹ ਤੱਕ ਬਟਵਾਰੇ ਦਾ ਦਰਦ ਤੜਫਾਉਂਦਾ ਰਿਹਾ।

ਬੇਅੰਤ ਸਿੰਘ ਬਾਜਵਾ
ਮੋ: 70878-00168

Share Button

Leave a Reply

Your email address will not be published. Required fields are marked *

%d bloggers like this: