ਨਿਰੰਕਾਰੀ ਡੇਰਾ ‘ਤੇ ਹਮਲੇ ਮਗਰੋਂ ਸਿੱਖ ਕਾਰਕੁਨਾਂ ਦੇ ਘਰ ਛਾਪੇ

ਨਿਰੰਕਾਰੀ ਡੇਰਾ ‘ਤੇ ਹਮਲੇ ਮਗਰੋਂ ਸਿੱਖ ਕਾਰਕੁਨਾਂ ਦੇ ਘਰ ਛਾਪੇ

ਰਾਜਾਸਾਂਸੀ ਦੇ ਪਿੰਡ ਅਦਲੀਵਾਲ ਵਿੱਚ ਨਿਰੰਕਾਰੀ ਭਵਨ ’ਤੇ ਹੋਏ ਗ੍ਰਨੇਡ ਹਮਲੇ ਦੀ ਮੁੱਢਲੀ ਜਾਂਚ ਬਾਅਦ ਹਮਲੇ ਵਿੱਚ ਸਥਾਨਕ ਨੌਜਵਾਨਾਂ ਦੀ ਸ਼ਮੂਲੀਅਤ ਦੀ ਸੰਭਾਵਨਾ ਜਤਾਈ ਗਈ ਸੀ। ਇਸ ਦੇ ਮੱਦੇਨਜ਼ਰ ਪੁਲਿਸ ਨੇ ਮੰਗਲਵਾਰ ਸਵੇਰੇ ਸਥਾਨਕ ਸਿੱਖ ਕਾਰਕੁਨਾਂ ਦੇ ਘਰਾਂ ‘ਤੇ ਛਾਪਾ ਮਾਰਿਆ। ਗਰਮ ਖਿਆਲੀ ਧਿਰਾਂ ਨੇ ਇਲਜ਼ਾਮ ਲਾਇਆ ਹੈ ਕਿ ਪੰਜਾਬ ਪੁਲਿਸ ਨੇ ਬਿਨਾ ਕੋਈ ਠੋਸ ਸਬੂਤ ਦੇ ਨੌਜਵਾਨਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਹੈ।

ਇਸ ਬਾਰੇ ਆਈਜੀ, ਬਾਰਡਰ ਰੇਂਜ, ਐਸਪੀਐਸ ਪਰਮਾਰ ਨੇ ਦੱਸਿਆ ਕਿ ਉਹ ਧਮਾਕੇ ਨਾਲ ਸਬੰਧਤ ਪੁੱਛਗਿੱਛ ਲਈ ਨੌਜਵਾਨਾਂ ਨੂੰ ਸੰਮਨ ਕਰਨ ਦੀ ਪ੍ਰਕਿਰਿਆ ਕਰ ਰਹੇ ਹਨ। ਹਾਸਲ ਜਾਣਕਾਰੀ ਮੁਤਾਬਕ ਦਲ ਖਾਲਸਾ ਦੇ ਮੈਂਬਰ ਗੁਰਜੰਟ ਸਿੰਘ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਇਸ ਤੋਂ ਇਲਾਵਾ ਪੁਲਿਸ ਨੇ ਪੰਜਾਬ ਦੇ ਸਿੱਖ ਯੂਥ ਦੇ ਪ੍ਰਧਾਨ ਪਰਮਜੀਤ ਸਿੰਘ ਮੰਡ ਦੇ ਘਰ ‘ਤੇ ਵੀ ਛਾਪਾ ਮਾਰਿਆ ਪਰ ਉਹ ਘਰ ਵਿੱਚ ਮੌਜੂਦ ਨਹੀਂ ਸੀ। ਪੁਲਿਸ ਉਸ ਦੇ ਪਰਿਵਾਰ ਨੂੰ ਕਹਿ ਕੇ ਗਈ ਹੈ ਕਿ ਉਹ ਤੁਰੰਤ ਪੁਲਿਸ ਥਾਣੇ ਵਿੱਚ ਰਿਪੋਰਟ ਕਰੇ। ਇਸ ਦੇ ਨਾਲ ਹੀ ਪੁਲਿਸ ਸਿੱਖ ਸਟੂਡੈਂਟਸ ਫੈਡਰੇਸ਼ਨ ਨਾਲ ਜੁੜੇ ਨੌਜਵਾਨ ਰਣਜੀਤ ਸਿੰਘ ਦਮਦਮੀ ਟਕਸਾਲ ਦੇ ਘਰ ਵੀ ਛਾਣਬੀਣ ਕਰਨ ਲਈ ਪਹੁੰਚੀ।

ਹਮਲੇ ਸਬੰਧੀ ਦੁੱਖ ਪ੍ਰਗਟਾਉਂਦਿਆਂ ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਬਿੱਟੂ ਨੇ ਕਿਹਾ ਕਿ ਪੁਲਿਸ ਬਗੈਰ ਪੁਖ਼ਤਾ ਸਬੂਤਾਂ ਦੇ ਸਿੱਖ ਨੌਜਵਾਨਾਂ ਨੂੰ ਤੰਗ ਕਰ ਰਹੀ ਹੈ। ਇਨ੍ਹਾਂ ਤੋਂ ਇਲਾਵਾ, ਪੁਲਿਸ ਨੇ ਇੱਕ ਹੋਰ ਸਿੱਖ ਕਾਰਕੁਨ ਪਰਮਜੀਤ ਸਿੰਘ ਅਕਾਲ ਨਾਲ ਵੀ ਸੰਪਰਕ ਕੀਤਾ ਸੀ ਪਰ ਸਿਹਤ ਖਰਾਬ ਹੋਣ ਕਰਕੇ ਉਸ ਨੂੰ ਬਾਅਦ ਵਿੱਚ ਥਾਣੇ ਵਿੱਚ ਰਿਪੋਰਟ ਕਰਨ ਲਈ ਕਿਹਾ ਗਿਆ ਹੈ।

ਬਿੱਟੂ ਨੇ ਕਿਹਾ ਕਿ ਪੁਲਿਸ ਤੇ ਜਾਂਚ ਏਜੰਸੀਆਂ ਨੂੰ ਬਿਨਾਂ ਕਿਸੇ ਪੱਖਪਾਤ ਦੇ ਹਮਲੇ ਦੀ ਜਾਂਚ ਕਰਨੀ ਚਾਹੀਦੀ ਹੈ। ਇਸ ਹਮਲੇ ਨੂੰ ਸਿਰਫ ਸਿੱਖਾਂ ਤੇ ਨਿਰੰਕਾਰੀਆਂ ਦੇ 1978 ਦੇ ਵਿਵਾਦ ਤੋਂ ਹੀ ਨਹੀਂ ਦੇਖਣਾ ਚਾਹੀਦਾ। ਉਨ੍ਹਾਂ ਨੇ ਸਾਰੀਆਂ ਪਾਰਟੀਆਂ ਦੇ ਨੇਤਾਵਾਂ ਨੂੰ ਜ਼ਿੰਮੇਵਾਰੀ ਨਾਲ ਕੰਮ ਕਰਨ ਤੇ ਇਲਜ਼ਾਮਾਂ ਤੋਂ ਬਚਣ ਦੀ ਅਪੀਲ ਕੀਤੀ। ਉਨ੍ਹਾਂ 80ਵੇਂ ਤੇ 90ਵਿਆਂ ਵਿੱਚ ਪੁਲਿਸ ਦੀ ਕਾਰਵਾਈ ਨਾਲ ਇਸ ਦੀ ਤੁਲਨਾ ਕੀਤੀ। ਉਨ੍ਹਾਂ ਕਿਹਾ ਕਿ ਪੁਲਿਸ ਦੀ ਪੁੱਛਗਿੱਛ ਨਾਲ ਕੋਈ ਸਮੱਸਿਆ ਨਹੀਂ, ਪਰ ਜਿਸ ਹਿਸਾਬ ਨਾਲ ਪੁਲਿਸ ਉਨ੍ਹਾਂ ਨਾਲ ਪੇਸ਼ ਆ ਰਹੀ ਹੈ, ਉਹ ਗ਼ਲਤ ਹੈ।

Share Button

Leave a Reply

Your email address will not be published. Required fields are marked *

%d bloggers like this: