ਪੀੜਤ 21 ਪਰਿਵਾਰਾਂ ਨੂੰ ਮੁਆਵਜ਼ਾ ਰਾਸ਼ੀ ਦੇ ਚੈਕ ਦਿੱਤੇ

ਪੀੜਤ 21 ਪਰਿਵਾਰਾਂ ਨੂੰ ਮੁਆਵਜ਼ਾ ਰਾਸ਼ੀ ਦੇ ਚੈਕ ਦਿੱਤੇ
ਸਰਕਾਰ ਹਰ ਪਰਿਵਾਰ ਦੇ ਮੁੜ ਵਸੇਬੇ ਲਈ ਵਚਨਬੱਧ: ਬ੍ਰਹਮ ਮਹਿੰਦਰਾ
ਪੀੜਤਾਂ ਦੇ ਵਾਰਸਾਂ ਵਿਚ ਵੰਡੀ ਗਈ ਹੈ ਮੁਆਵਜ਼ਾ ਰਾਸ਼ੀ: ਸਰਕਾਰੀਆ

ਅੰਮ੍ਰਿਤਸਰ, 22 ਅਕਤੂਬਰ 2018: ਰੇਲ ਹਾਦਸੇ ਦੇ ਪੀੜਤ ਪਰਿਵਾਰਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਐਲਾਨੀ ਗਈ ਮੁਆਵਜ਼ਾ ਰਾਸ਼ੀ, ਜਿਸ ਵਿਚ ਹਰੇਕ ਮ੍ਰਿਤਕ ਦੇ ਪਰਿਵਾਰ ਨੂੰ ਪੰਜ ਲੱਖ ਰੁਪਏ ਪੰਜਾਬ ਸਰਕਾਰ ਵੱਲੋਂ ਦਿੱਤੇ ਜਾਣੇ ਹਨ, ਦੇ ਪਹਿਲੇ ਗੇੜ ਵਿਚ ਅੱਜ 21 ਪਰਿਵਾਰਾਂ ਨੂੰ ਇਕ ਕਰੋੜ ਪੰਜ ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦੇ ਚੈਕ ਭੇਟ ਕਰ ਦਿੱਤੇ ਗਏ। ਸਰਕਟ ਹਾਊਸ ਵਿਖੇ ਮ੍ਰਿਤਕਾਂ ਦੇ ਵਾਰਸਾਂ ਨੂੰ ਬਹੁਤ ਹੀ ਗਮਗੀਨ ਮਾਹੌਲ ਵਿਚ ਚੈਕ ਭੇਟ ਕਰਨ ਦੀ ਰਸਮ ਸਿਹਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ, ਮਾਲ ਮੰਤਰੀ ਸ. ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਅਤੇ ਸਥਾਨਕ ਸਰਕਾਰਾਂ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਪ੍ਰਧਾਨ ਸ੍ਰੀ ਸੁਨੀਲ ਜਾਖੜ, ਵਿਧਾਇਕ ਸ੍ਰੀ ਸੁਨੀਲ ਦੱਤੀ ਅਤੇ ਹੋਰ ਅਧਿਕਾਰੀਆਂ ਦੀ ਹਾਜ਼ਰੀ ਵਿਚ ਕੀਤੀ।
ਇਸ ਮੌਕੇ ਸ੍ਰੀ ਮਹਿੰਦਰਾ ਨੇ ਦੱਸਿਆ ਕਿ ਮੁੱਖ ਮੰਤਰੀ ਚਾਹੇ ਆਪਣੇ ਸਰਕਾਰੀ ਦੌਰੇ ‘ਤੇ ਵਿਦੇਸ਼ ਹਨ, ਪਰ ਉਹ ਰੋਜ਼ ਕਈ-ਕਈ ਵਾਰ ਫੋਨ ਕਰਕੇ ਜ਼ਖਮੀਆਂ ਦੇ ਇਲਾਜ ਤੇ ਪਰਿਵਾਰਾਂ ਦੇ ਮੁੜ ਵਸੇਬੇ ਦੀ ਖਬਰ ਲੈ ਰਹੇ ਹਨ। ਉਨਾਂ ਦੱਸਿਆ ਕਿ ਜ਼ਖਮੀਆਂ ਨੂੰ ਹਸਤਪਾਲਾਂ ਵਿਚ ਭਰਤੀ ਕਰਵਾਉਣ ਤੋਂ ਬਾਅਦ ਜਿਲ੍ਹਾਂ ਪ੍ਰਸ਼ਾਸਨ ਨੇ ਮ੍ਰਿਤਕ ਮੈਂਬਰਾਂ ਦੇ ਪਰਿਵਾਰਾਂ ਦੀ ਸਾਰ ਲੈਣ ਦਾ ਕੰਮ ਸ਼ੁਰੂ ਕੀਤਾ ਹੈ ਅਤੇ ਲਗਾਤਾਰ ਦੋ ਦਿਨ ਇਸ ਕੰਮ ਵਿਚ ਲਗਾ ਕੇ ਅਧਿਕਾਰੀਆਂ ਵੱਲੋਂ 21 ਪੀੜਤਾਂ ਦੇ ਵਾਰਸਾਂ ਦੀ ਕਾਨੂੰਨੀ ਤੌਰ ‘ਤੇ ਸ਼ਨਾਖਤ ਕੀਤੀ ਗਈ ਸੀ, ਸੋ ਅਸੀਂ ਅੱਜ ਇੰਨਾ ਪਰਿਵਾਰਾਂ ਨੂੰ ਪ੍ਰਤੀ ਮ੍ਰਿਤਕ ਮੈਂਬਰ 5 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦੇ ਚੈਕ ਦਿੱਤੇ ਹਨ ਅਤੇ ਦੂਸਰੇ ਰਹਿੰਦੇ ਮੈਂਬਰਾਂ ਦੇ ਵਾਰਸਾਂ ਦੀ ਸ਼ਨਾਖਤ ਅਗਲੇ ਇਕ-ਦੋ ਦਿਨਾਂ ਵਿਚ ਕਰਕੇ ਉਨਾਂ ਨੂੰ ਵੀ ਚੈਕ ਦੇ ਦਿੱਤੇ ਜਾਣਗੇ। ਉਨਾਂ ਦੱਸਿਆ ਕਿ ਸਰਕਾਰ ਇੰਨਾਂ ਪਰਿਵਾਰਾਂ ਦੇ ਦੁੱਖ ਵਿਚ ਹਰ ਵੇਲੇ ਨਾਲ ਖ਼ੜੀ ਹੈ ਅਤੇ ਮੈਂ ਮੁੱਖ ਮੰਤਰੀ ਦੇ ਹੁਕਮਾਂ ‘ਤੇ ਅੰਮ੍ਰਿਤਸਰ ਰਹਿ ਕੇ ਇਸ ਕੰਮ ਨੂੰ ਵੇਖ ਰਿਹਾ ਹਾਂ।
ਮਾਲ ਮੰਤਰੀ ਸ. ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਨੇ ਦੱਸਿਆ ਕਿ ਵਾਰਸਾਂ ਦੀ ਗਿਣਤੀ ਦੇ ਹਿਸਾਬ ਨਾਲ ਪੈਸੇ ਦੀ ਵੰਡ ਬਰਾਬਰ ਹਿੱਸਿਆਂ ਵਿਚ ਕੀਤੀ ਗਈ ਹੈ, ਤਾਂ ਜੋ ਸਾਰੇ ਨਿਰਭਰ ਮੈਂਬਰਾਂ ਨੂੰ ਮੁਆਵਜ਼ਾ ਰਾਸ਼ੀ ਮਿਲ ਸਕੇ। ਉਨਾਂ ਆਸ ਪ੍ਰਗਟਾਈ ਕਿ ਛੇਤੀ ਹੀ ਬਾਕੀ ਪਰਿਵਾਰਾਂ ਨੂੰ ਵੀ ਮੁਆਵਾਜ਼ਾ ਰਾਸ਼ੀ ਭੇਟ ਕਰ ਦਿੱਤ ਜਾਵੇਗੀ। ਇਸ ਮੌਕੇ ਕਾਂਗਰਸ ਆਗੂ ਮਮਤਾ ਦੱਤਾ, ਐਸ ਡੀ ਐਮ ਸ੍ਰੀ ਵਿਕਾਸ ਹੀਰਾ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: