ਸੁਖਬੀਰ ਦੇ ਕਾਫਲੇ ਤੇ ਹਮਲਾ, ਅਕਾਲੀ ਦਲ ਨੇ ਕਾਂਗਰਸ ‘ਤੇ ਲਾਇਆ ਹਮਲੇ ਦਾ ਇਲਜ਼ਾਮ

ਸੁਖਬੀਰ ਦੇ ਕਾਫਲੇ ਤੇ ਹਮਲਾ, ਅਕਾਲੀ ਦਲ ਨੇ ਕਾਂਗਰਸ ‘ਤੇ ਲਾਇਆ ਹਮਲੇ ਦਾ ਇਲਜ਼ਾਮ

ਅਕਾਲੀ ਦਲ ਦੀ 7 ਅਕਤੂਬਰ ਨੂੰ ਪਟਿਆਲਾ ਰੈਲੀ ਨੂੰ ਸਫਲ ਬਣਾਉਣ ਲਈ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਰੋਜ਼ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਉਥੇ ਹੀ ਅੱਜ ਸੁਖਬੀਰ ਬਾਦਲ ਆਪਣੇ ਸੰਗਰੂਰ ਦੌਰੇ ‘ਤੇ ਸਨ ਜਿਥੇ ਉਨ੍ਹਾਂ ਦੇ ਵਿਰੋਧ ਵਿੱਚ ਪਹਿਲਾਂ ਤੋਂ ਪ੍ਰਦਰਸ਼ਨਕਾਰੀ ਕਾਲੀਆਂ ਝੰਡੀਆਂ ਫੜ ਉਡੀਕ ਕਰ ਰਹੇ ਸਨ। ਇੰਨਾ ਹੀ ਨਹੀਂ ਜਦੋਂ ਸੁਖਬੀਰ ਸੰਗਰੂਰ ਵੱਲ੍ਹ ਜਾ ਰਹੇ ਸਨ ਤਾਂ ਉਨ੍ਹਾਂ ਦੇ ਕਾਫਲੇ ‘ਤੇ ਵਿਰੋਧ ਕਰਨ ਵਾਲਿਆਂ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਨੇ ਇਸ ਹਮਲੇ ਨੂੰ ਨਾਕਾਮ ਕਰ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਹ ਸੁਖਬੀਰ ਨੂੰ ਕਿਸੇ ਵੀ ਗੁਰੂ ਘਰ ‘ਚ ਨਹੀਂ ਬੋਲਣ ਦੇਣਗੇ।

ਉਥੇ ਹੀ ਸ਼੍ਰੋਮਣੀ ਅਕਾਲੀ ਨੇ ਅੱਜ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਕਾਫਲੇ ਉੱਤੇ ਕੀਤੇ ਗਏ ਘਿਣਾਉਣੇ ਹਮਲੇ ਦੀ ਸਖ਼ਤ ਨਿਖੇਧੀ ਕੀਤੀ ਹੈ ਅਤੇ ਕਿਹਾ ਹੈ ਕਿ ਇਹ ਹਮਲਾ ਅਕਾਲੀ ਦਲ ਨੂੰ ਡਰਾਉਣ ਲਈ ਕਾਂਗਰਸ ਅਤੇ ਸੂਬਾ ਪੁਲਿਸ ਦੀ ਰਲੀ ਮਿਲੀ ਸਾਜ਼ਿਸ਼ ਹੈ ਜੋ ਕਿ ਪਾਰਟੀ ਦੀ 7 ਅਕਤੂਬਰ ਵਾਲੀ ਪਟਿਆਲਾ ਰੈਲੀ ਵਿਚ ਰੁਕਾਵਟ ਪਾਉਣ ਦੇ ਮੰਤਵ ਨਾਲ ਕਰਵਾਇਆ ਗਿਆ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਵਿੱਤ ਮੰਤਰੀ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਅਤੇ ਪਾਰਟੀ ਦੇ ਜਨਰਲ ਸਕੱਤਰ ਪ੍ਰਕਾਸ਼ ਚੰਦ ਗਰਗ ਅਤੇ ਸੰਗਰੂਰ ਦੇ ਜ਼ਿਲ ਪ੍ਰਧਾਨ ਇਕਬਾਲ ਸਿੰਘ ਝੂੰਦਾਂ ਨੇ ਕਿਹਾ ਕਿ ਇਹ ਹਮਲਾ ਸਾਬਿਤ ਕਰਦਾ ਹੈ ਕਿ ਕਾਂਗਰਸ ਪਾਰਟੀ ਅਕਾਲੀ ਦਲ ਦੁਆਰਾ ਖੜ ਕੀਤੇ ਲੋਕ ਅੰਦੋਲਨ ਨੂੰ ਰੋਕਣ ਲਈ ਕਿੰਨੀ ਬੇਵਸ ਹੋ ਗਈ ਹੈ, ਜਿਹੜਾ ਹੁਣ ਕਾਂਗਰਸ ਪਾਰਟੀ ਦੀ ਕਾਰਗੁਜ਼ਾਰੀ ਦੀ ਪੋਲ ਖੋਲ ਰਿਹਾ ਹੈ ਕਿ  ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿਚ ਇਸ ਦੀ ਕਾਰਗੁਜ਼ਾਰੀ ਬਿਲਕੁੱਲ ਜ਼ੀਰੋ ਹੈ।

ਸਰਦਾਰ ਪਰਮਿੰਦਰ ਢੀਂਡਸਾ ਨੇ ਕਿਹਾ ਕਿ ਸੰਗਰੂਰ ਵਿਖੇ ਅਕਾਲੀ ਦਲ ਦੇ ਪ੍ਰਧਾਨ ਉੱਤੇ ਇੱਕ ਮੀਟਿੰਗ ਦੌਰਾਨ ਕੀਤਾ ਗਿਆ ਇਹ ਹਮਲਾ ਪੂਰੀ ਤਰ ਯੋਜਨਾਬੱਧ ਸੀ, ਜਿਸ ਨੂੰ ਸੂਬੇ ਦੀ ਪੁਲਿਸ ਦੀ ਮੱਦਦ ਨਾਲ ਸਿਰੇ ਚਾੜਿਆ ਗਿਆ। ਉਹਨਾਂ ਕਿਹਾ ਕਿ ਸੜਕਾਂ ਉੱਤੇ ਖੜ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਪੁਲਿਸ ਨਾਲੋਂ ਕਿਤੇ ਘੱਟ ਸੀ, ਪਰ ਇਸ ਦੇ ਬਾਵਜੂਦ ਪੁਲਿਸ ਨੇ  ਉਹਨਾਂ ਨੂੰ ਅਕਾਲੀ ਦਲ ਦੇ ਪ੍ਰਧਾਨ ਦੇ ਕਾਫ਼ਲੇ ਉੱਤੇ ਹਮਲਾ ਕਰਨ ਤੋਂ ਨਹੀਂ ਰੋਕਿਆ।

ਸਰਦਾਰ ਢੀਂਡਸਾ ਨੇ ਕਿਹਾ ਕਿ ਇਹ  ਹਮਲਾ ਅਬੋਹਰ ਅਤੇ ਫਰੀਦਕੋਟ ਵਿਖੇ ਅਕਾਲੀ ਦਲ ਦੀਆਂ ਰੈਲੀਆਂ ਦੀ ਕਾਮਯਾਬੀ ਦਾ ਸਿੱਧਾ ਪ੍ਰਤੀਕਰਮ ਹੈ। ਉਹਨਾਂ ਕਿਹਾ ਕਿ ਪਹਿਲਾਂ ਕਾਂਗਰਸ ਨੇ ਐਲਾਨ ਕੀਤਾ ਸੀ ਕਿ ਉਹ ਅਕਾਲੀ ਦਲ ਨੂੰ ਪਿੰਡਾਂ ਵਿਚ ਨਹੀਂ ਵੜਣ ਦੇਵੇਗੀ। ਜਦੋਂ ਪਾਰਟੀ ਦੇ ਇੱਕ ਤੋਂ ਬਾਅਦ ਦੂਜੀ ਵੱਡੀ ਕਾਮਯਾਬ ਰੈਲੀ ਕੀਤੀ ਤਾਂ ਕਾਂਗਰਸ ਘਬਰਾ ਗਈ ਅਤੇ ਇਸ ਨੇ ਅਕਾਲੀ ਦਲ ਖਿਲਾਫ ਸਾਜ਼ਿਸ਼ਾਂ ਰਚਣੀਆਂ ਸ਼ੁਰੂ ਕਰ ਦਿੱਤੀਆਂ। ਇਸ ਨੇ ਫਰੀਦਕੋਟ ਵਾਲੀ ਰੈਲੀ ਵਿਚ ਵੀ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ ਸੀ ਅਤੇ ਹੁਣ ਇਸ ਨੇ ਉਹੀ ਹਥਕੰਡਾ ਸੰਗਰੂਰ ਵਿਚ ਇਸਤੇਮਾਲ ਕੀਤਾ ਹੈ।

ਇਹ ਟਿੱਪਣੀ ਕਰਦਿਆਂ ਕਿ ਅਕਾਲੀ ਦਲ ਅਜਿਹੀਆਂ ਕਾਇਰਾਨਾ ਕਾਰਵਾਈਆਂ ਤੋਂ ਨਹੀਂ ਡਰੇਗਾ, ਅਕਾਲੀ ਆਗੂਆਂ ਨੇ ਕਿਹਾ ਕਿ ਪਾਰਟੀ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਲਈ ਕੰਮ ਕਰਨਾ ਜਾਰੀ ਰੱਖੇਗੀ। ਉਹਨਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਦੇ ਪ੍ਰਧਾਨ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਉਹ ਪੰਜਾਬ ਦੇ ਅਮਨ ਅਤੇ ਸ਼ਾਂਤੀ ਦੀ ਰਾਖੀ ਲਈ ਵੱਡੀ ਤੋਂ ਵੱਡੀ ਕੁਰਬਾਨੀ ਦੇਣ ਲਈ ਤਿਆਰ ਹਨ। ਇਸ ਹਮਲੇ ਨੇ ਸਾਡੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕੀਤਾ ਹੈ। ਅਸੀ  ਸੱਚ ਦੀ ਰਾਖੀ ਅਤੇ ਕਾਂਗਰਸ ਪਾਰਟੀ ਦੇ ਝੂਠਾਂ ਦਾ ਪਰਦਾਫਾਸ਼ ਲਈ ਵਚਨਬੱਧ ਹਾਂ। ਅਸੀਂ ‘ਸਰਬਤ ਦਾ ਭਲਾ’ ਸਿਧਾਂਤ ਵਿਚ ਯਕੀਨ ਰੱਖਣ ਵਾਲੇ ਅਤੇ ਪੰਜਾਬ ਦੇ ਅਮਨ ਅਤੇ ਸ਼ਾਂਤੀ ਦੀ ਰਾਖੀ ਕਰਨ ਦੇ ਚਾਹਵਾਨ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ 7 ਅਕਤੂਬਰ ਨੂੰ ਪਟਿਆਲਾ ਰੈਲੀ ਵਿਚ ਸ਼ਾਮਿਲ ਹੋ ਕੇ ਕਾਂਗਰਸ ਨੂੰ ਇਸ ਹਮਲੇ ਦਾ ਕਰਾਰਾ ਜੁਆਬ ਦੇਣ।

Share Button

Leave a Reply

Your email address will not be published. Required fields are marked *

%d bloggers like this: