ਸਿੱਖ ਹਿੱਤਾਂ ਲਈ ਸ਼੍ਰੋਮਣੀ ਕਮੇਟੀ ਦੀ ਆਜ਼ਾਦੀ ਜ਼ਰੂਰੀ : ਰਵੀਇੰਦਰ ਸਿੰਘ

ਸਿੱਖ ਹਿੱਤਾਂ ਲਈ ਸ਼੍ਰੋਮਣੀ ਕਮੇਟੀ ਦੀ ਆਜ਼ਾਦੀ ਜ਼ਰੂਰੀ : ਰਵੀਇੰਦਰ ਸਿੰਘ

need for freedom of sgpc for sikh interests  raviinder singh

ਅਖੰਡ ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਨੇ ਕਿਹਾ ਕਿ ਹਾਲੇ ਤੱਕ ਪੰਜਾਬ ਵਿਚ ਪਿਛਲੇ 10 ਸਾਲਾਂ ਵਾਲਾ ਸਿਸਟਮ ਹੀ ਕੰਮ ਕਰ ਰਿਹਾ ਹੈ। ਇਸੇ ਕਰਕੇ ਚਾਹੁੰਦੇ ਹੋਏ ਵੀ ਨਸ਼ਿਆਂ ਨੂੰ ਠੱਲ੍ਹ ਨਹੀਂ ਪੈ ਰਹੀ। ਪੁਲਸ ਪ੍ਰਸ਼ਾਸਨ ਵਿਚ ਵੱਡੀ ਪੱਧਰ ‘ਤੇ ਤਬਦੀਲੀਆਂ ਦੀ ਲੋੜ ਹੈ ਕਿਉਂਕਿ ਆਮ ਲੋਕਾਂ ਦੀ ਖੱਜਲ-ਖੁਆਰੀ ਨਿਰੰਤਰ ਜਾਰੀ ਹੈ। ਉਨ੍ਹਾਂ ਕਿਹਾ ਕਿ ਪੁਲਸ ਪ੍ਰਸ਼ਾਸਨ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਸੱਚ ਸਾਹਮਣੇ ਆ ਜਾਣ ਦੇ ਬਾਵਜੂਦ ਵੀ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਹੀ ਸਿਵਲ ਪ੍ਰਸ਼ਾਸਨ ਵੀ ਪਿਛਲੇ 10 ਸਾਲਾਂ ਦੀ ਜਕੜ ਵਿਚੋਂ ਬਾਹਰ ਨਹੀਂ ਨਿਕਲ ਸਕਿਆ।
ਅੱਜ ਇਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਖੰਡ ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਨੇ ਕਿਹਾ ਕਿ ਸਿੱਖ ਕੌਮ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਵਕਤ ਸਿਆਸੀ ਗੁਲਾਮੀ ਦੀਆਂ ਜ਼ੰਜੀਰਾਂ ਵਿਚ ਜਕੜੀ ਹੋਈ ਹੈ, ਜਿਸ ਨੂੰ ਆਜ਼ਾਦ ਕਰਾਉਣਾ ਹੀ ਸਮੇਂ ਦੀ ਅਹਿਮ ਲੋੜ ਹੈ। ਉਨ੍ਹਾਂ ਕਿਹਾ ਕਿ ਜੇਕਰ ਸ਼੍ਰੋਮਣੀ ਕਮੇਟੀ ਸਿਆਸਤ ਦੀ ਗੁਲਾਮ ਨਾ ਹੁੰਦੀ ਤਾਂ ਸਿੱਖਾਂ ਨੂੰ ਸ਼ਹਾਦਤਾਂ ਤੇ ਧਰਨੇ ਆਦਿ ਨਾ ਦੇਣੇ ਪੈਂਦੇ, ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਬੇਅਦਬੀ ਵੀ ਨਾ ਹੁੰਦੀ ਤੇ ਦੋਸ਼ੀ ਵੀ ਕਟਹਿਰੇ ਵਿਚ ਖੜ੍ਹੇ ਹੁੰਦੇ। ਇਸੇ ਕਰਕੇ ਹੀ ਤਖਤਾਂ ਦੇ ਜਥੇਦਾਰ ਵੀ ਸਿਆਸੀ ਗੁਲਾਮੀ ਦਾ ਸੰਤਾਪ ਹੰਢਾ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਖ ਵਿਰੋਧੀ ਤਾਕਤਾਂ ਦੀਆਂ ਚੰਦ ਵੋਟਾਂ ਖਾਤਰ ਉਨ੍ਹਾਂ ਨੇ ਸਿੱਖਾਂ ਦੀ ਸਿਰਮੌਰ ਸੰਸਥਾ ਨੂੰ ਦਾਅ ‘ਤੇ ਲਾ ਦਿੱਤਾ। ਬਾਦਲ ਦਲ ਨੇ ਸਿੱਖ ਵਿਰੋਧੀ ਤਾਕਤਾਂ ਦਾ ਟਾਕਰਾ ਕਰਨ ਅਤੇ ਸਿੱਖ ਹਿੱਤਾਂ ‘ਤੇ ਪਹਿਰਾ ਦੇਣ ਦੀ ਬਜਾਏ ਉਨ੍ਹਾਂ ਤਾਕਤਾਂ ਕੋਲ ਹੀ ਇਸ ਮਹਾਨ ਸੰਸਥਾ ਨੂੰ ਗਿਰਵੀ ਰੱਖ ਦਿੱਤਾ।
ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਾਲੇ ਅਤੇ ਉਨ੍ਹਾਂ ਨੂੰ ਸ਼ਹਿ ਦੇਣ ਵਾਲੇ ਕਿਸ ਤਰ੍ਹਾਂ ਨੰਗੇ ਹੋ ਰਹੇ ਹਨ ਤੇ ਹੁਣ ਇਹ ਗੱਲ ਵੀ ਕਿਸੇ ਤੋਂ ਲੁਕੀ-ਛੁਪੀ ਨਹੀਂ ਕਿ ਕੌਣ ਕਿੰਨਾ ਦੋਸ਼ੀ ਹੈ। ਉਨ੍ਹਾਂ ਕਿਹਾ ਕਿ ਪੰਥ ਦੇ ਵਡੇਰੇ ਹਿੱਤਾਂ ਖਾਤਰ ਹਰ ਸਿੱਖ ਦਾ ਫਰਜ਼ ਬਣਦਾ ਹੈ ਕਿ ਉਹ ਇਸ ਵਕਾਰੀ ਸੰਸਥਾ ਨੂੰ ਬਚਾਉਣ ਲਈ ਆਪਣਾ-ਆਪਣਾ ਬਣਦਾ ਯੋਗਦਾਨ ਪਾਉਣ। ਇਸ ਮੌਕੇ ਰਵੀਇੰਦਰ ਸਿੰਘ ਨੇ ਕਿਸਾਨ ਹਿੱਤਾਂ ਦੀ ਵੀ ਗੱਲ ਕਰਦਿਆਂ ਕਿਹਾ ਕਿ ਇਸ ਵੇਲੇ ਪੰਜਾਬ ਦੀ ਕਿਸਾਨੀ ਨੂੰ ਵੀ ਬਚਾਉਣ ਦੀ ਸਖਤ ਲੋੜ ਹੈ।
ਇਸ ਮੌਕੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਹਰਬੰਸ ਸਿੰਘ ਮੰਝਪੁਰ, ਭਰਪੂਰ ਸਿੰਘ ਧਾਂਦਰਾ, ਬੂਟਾ ਸਿੰਘ ਰਣਸੀਂਹਕੇ, ਤੇਜਾ ਸਿੰਘ ਅਕਲੀਆ, ਬਲਬੀਰ ਸਿੰਘ ਗਿੱਲ, ਜੋਰਾ ਸਿੰਘ ਚੱਪੜਚਿੜੀ, ਪ੍ਰਿਥਪਾਲ ਸਿੰਘ ਬਡਵਾਲ, ਹਰਜਿੰਦਰ ਸਿੰਘ ਰੋਡੇ, ਜਗਤਾਰ ਸਿੰਘ ਸਹਾਰਨ ਮਾਜਰਾ, ਜਤਿੰਦਰ ਸਿੰਘ ਗੋਲਡੀ, ਹਰਬੰਸ ਸਿੰਘ ਕੰਦੋਲਾ, ਹਰਦੀਪ ਸਿੰਘ ਡੋਡ, ਦਵਿੰਦਰ ਸਿੰਘ ਸੇਖੋਂ, ਹਰਜਿੰਦਰ ਸਿੰਘ ਮਾਂਗਟ, ਪ੍ਰਗਟ ਸਿੰਘ ਭੋਡੀਪੁਰ ਪ੍ਰਧਾਨ ਦਸਤਾਰ ਫੈਡਰੇਸ਼ਨ, ਦਲੇਰ ਸਿੰਘ ਡੋਟ ਪ੍ਰਧਾਨ ਯੂਥ ਫੈਡਰੇਸ਼ਨ-1920, ਨਵਜੋਤ ਸਿੰਘ ਸਿੱਧੂ ਪ੍ਰਧਾਨ ਯੂਥ ਅਖੰਡ ਅਕਾਲੀ ਦਲ, ਜਥੇਦਾਰ ਭੋਲਾ ਸਿੰਘ, ਮਹਿੰਦਰ ਪਾਲ ਸਿੰਘ ਬਿਨਾਕਾ, ਸੁਖਬੀਰ ਸਿੰਘ, ਤਜਿੰਦਰ ਸਿੰਘ ਪੰਨੂ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: