ਦੀਨ ਹੇਤ ਮਿਟਣ ਵਾਲਾ ਸ਼ਹੀਦ ਊਧਮ ਸਿੰਘ

ਦੀਨ ਹੇਤ ਮਿਟਣ ਵਾਲਾ ਸ਼ਹੀਦ ਊਧਮ ਸਿੰਘ

ਦਸ ਅਪ੍ਰੈਲ, 1919 ਨੂੰ ਰਿਵੋਲਟ ਐਕਟ ਤਹਿਤ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ ਕੁਝ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਨ੍ਹਾਂ ਆਗੂਆਂ ਵਿੱਚ ਸੱਤਿਆ ਪਾਲ ਅਤੇ ਸੈਫੁਦੀਨ ਕਿਚਲੂ ਸ਼ਾਮਿਲ ਸਨ। ਇਨ੍ਹਾਂ ਗ੍ਰਿਫਤਾਰੀਆਂ ਦਾ ਵਿਰੋਧ ਕਰਨ ਲਈ ਜਲ੍ਹਿਆਂਵਾਲਾ ਬਾਗ਼, ਅੰਮ੍ਰਿਤਸਰ ਵਿੱਚ 13 ਅਪ੍ਰੈਲ, 1919 ਨੂੰ ਕੋਈ ਵੀਹ ਕੁ ਹਜ਼ਾਰ ਲੋਕ ਇਕੱਠੇ ਹੋਏ ਸਨ। ਇਕੱਠ ਸ਼ਾਂਤਮਈ ਸੀ। ਅੰਬਰੋਂ ਅੱਗ ਵਰ੍ਹਾਉਂਦੀ ਗਰਮੀ ਵਿੱਚ ਲੋਕ ਅਮਨ ਅਮਾਨ ਨਾਲ ਬੈਠੇ ਹੋਏ ਆਪਣੇ ਆਗੂਆਂ ਦੇ ਵਿਚਾਰਾਂ ਨੂੰ ਸੁਣ ਰਹੇ ਸਨ। ਇਸ ਇਕੱਠ ਵਿੱਚ ਹਾਜ਼ਿਰ ਲੋਕਾਂ ਨੂੰ ਕੁਝ ਨੌਜ਼ਵਾਨ ਪਾਣੀ ਪਿਲਾਉਣ ਦੀ ਸੇਵਾ ਕਰ ਰਹੇ ਸਨ। ਕੋਈ ਭੜਕਾਹਟ ਨਹੀਂ ਸੀ। ਅਚਨਚੇਤ ਬਸਤੀਵਾਦੀ ਅੰਗ੍ਰੇਜ਼ੀ ਹਕੂਮਤ ਦੀ ਫੌਜ ਦਾ ਜਨਰਲ ਡਾਇਰ ਆਪਣੇ ਹਥਿਆਰਬੰਦ ਫੌਜੀਆਂ ਦੀ ਟੁਕੜੀ ਨਾਲ ਬਾਗ਼ ਵਿੱਚ ਦਾਖਿਲ ਹੁੰਦਾ ਹੈ। ਬਾਗ਼ ਦਾ ਮੁੱਖ ਦਰਵਾਜ਼ਾ ਬੰਦ ਕਰ ਦਿੰਦਾ ਹੈ। ਬਾਗ਼ ‘ਚੋਂ ਬਾਹਰ ਨਿਕਲਣ ਲਈ ਸਿਰਫ ਇੱਕ ਛੋਟੀ ਜਿਹੀ ਖਿੜਕੀ ਰਹਿ ਜਾਂਦੀ ਹੈ ਜਿਸ ਵਿੱਚੋਂ ਦੀ ਇੱਕ ਸਮੇਂ ਸਿਰਫ ਇੱਕ ਵਿਅਕਤੀ ਹੀ ਨਿਕਲ ਸਕਦਾ ਹੈ। ਜਨਰਲ ਡਾਇਰ ਨੇ ਬਾਗ਼ ਅੰਦਰ ਵੜਦਿਆਂ ਹੀ ਆਪਣੇ ਫੌਜੀਆਂ ਨੂੰ ਹਥਿਾਆਰ ਤਾਣ ਕੇ ਪੁਜੀਸ਼ਨਾਂ ਲੈਣ ਦਾ ਹੁਕਮ ਦਿੱਤਾ। ਫਿਰ ਅੱਖ ਝਪਕਦਿਆਂ ਹੀ ਫਾਇਰ ਦਾ ਹੁਕਮ ਦੇ ਦਿੱਤਾ। ਉਸ ਹਥਿਆਰਬੰਦ ਫੌਜੀ ਦਸਤੇ ਨੇ ਨਿਹੱਥੇ ਅਤੇ ਸ਼ਾਂਤਮਈ ਬੈਠੇ ਅੰਦੋਲਨਕਾਰੀਆਂ ਉੇਤੇ ਗੋਲੀਆਂ ਦਾ ਮੀਂਹ ਵਰ੍ਹਾਅ ਦਿੱਤਾ। ਹਰ ਪਾਸੇ ਚੀਖਾਂ ਹੀ ਚੀਖਾਂ ਸੁਣਾਈ ਪੈਂਦੀਆਂ ਸਨ। ਲਾਸ਼ਾਂ ਹੀ ਲਾਸ਼ਾਂ ਖਿਲਰੀਆਂ ਪਈਆਂ ਸਨ। ਕੁਝ ਲੋਕ ਕੰਧਾਂ ਟੱਪ ਕੇ ਅਤੇ ਕੁਝ ਉਸ ਛੋਟੀ ਜਿਹੀ ਖਿੜਕੀ ਰਾਹੀਂ ਜ਼ਾਨ ਬਚਾ ਕੇ ਬਾਹਰ ਨਿਕਲਣ ਵਿੱਚ ਕਾਮਯਾਬ ਹੋ ਗਏ ਸਨ। ਅੰਦੋਲਨਕਾਰੀਆਂ ਨੂੰ ਪਾਣੀ ਪਿਲਾਉਣ ਵਾਲੇ ਕੁਝ ਨੌਜ਼ਵਾਨ ਵੀ ਕਿਸੇ ਤਰ੍ਹਾਂ ਇਸ ਖੂੰਨੀ ਤਸ਼ੱਦਦ ਵਿੱਚੋਂ ਬਚ ਕੇ ਬਾਹਰ ਨਿਕਲਣ ਵਿੱਚ ਕਾਮਯਾਬ ਹੋ ਗਏ ਸਨ। ਇਨ੍ਹਾਂ ਨੌਜ਼ਵਾਨਾਂ ਵਿੱਚ ਇੱਕ ਊਧਮ ਸਿੰਘ ਦੇ ਨਾਂ ਦਾ ਨੌਜ਼ਵਾਨ ਵੀ ਸੀ। ਉਸ ਨੇ ਇਹ ਸਾਰਾ ਖੂੰਨੀ ਸਾਕਾ ਆਪਣੀਆਂ ਅੱਖਾਂ ਨਾਲ ਵੇਖਿਆ ਸੀ। ਉਸ ਦੇ ਮਨ ਵਿੱਚ ਸਹਿਮ ਅਤੇ ਗੁੱਸਾ ਸੀ। ਊਧਮ ਸਿੰਘ ਨੂੰ ਇਸ ਖੂੰਨੀ ਸਾਕੇ ਦੀ ਵਾਰ ਵਾਰ ਯਾਦ ਆਉਂਦੀ ਸੀ। ਉਸਦਾ ਮਨ ਅੰਗ੍ਰੇਜ਼ੀ ਹਕੂਮਤ ਵਿਰੁੱਧ ਗੁੱਸੇ ਨਾਲ ਭਰ ਜਾਂਦਾ ਸੀ। ਇਸ ਗੁੱਸੇ ਨੇ ਉਸਨੂੰ ਇਨਕਲਾਬੀ ਬਣਾ ਦਿੱਤਾ।

ਊਧਮ ਸਿੰਘ ਦਾ ਜਨਮ 26 ਦਸੰਬਰ 1899 ਨੂੰ ਸੁਨਾਮ ਵਿਖੇ ਪਿਤਾ ਸ: ਟਹਿਲ ਸਿੰਘ ਕੰਬੋਜ ਦੇ ਘਰ ਹੋਇਆ। ਉਸਦਾ ਬਚਪਨ ‘ਚ ਨਾਂ ਸ਼ੇਰ ਸਿੰਘ ਰੱਖਿਆ ਗਿਆ ਸੀ। ਪਿਤਾ ਟਹਿਲ ਸਿੰਘ ਉਸ ਸਮੇਂ ਨੇੜਲੇ ਪਿੰਡ ਉਪਲੀ ਵਿਖੇ ਰੇਲਵੇ ਫਾਟਕ ਉਤੇ ਚੌਕੀਦਾਰ ਵਜੋਂ ਨੌਕਰੀ ਕਰਦਾ ਸੀ। ਊਧਮ ਸਿੰਘ ਦੀ ਉਸ ਵੇਲੇ ਉਮਰ ਕੋਈ 5-6 ਸਾਲ ਦੀ ਸੀ ਕਿ ਉਸਦੇ ਸਿਰ ਤੋਂ ਮਾਤਾ-ਪਿਤਾ ਦਾ ਸਾਇਆ ਉਠ ਗਿਆ। ਉਸਦਾ ਇੱਕ ਵੱਡਾ ਭਰਾ ਸੀ, ਜਿਸਦਾ ਨਾਂ ਮੁਕਤਾ ਸਿੰਘ ਸੀ। ਕਿਸੇ ਨੇ ਦੋਹਾਂ ਭਰਾਵਾਂ ਨੂੰ ਅੰਮ੍ਰਿਤਸਰ ਦੇ ਕੇਂਦਰੀ ਖਾਲਸਾ ਅਨਾਥ ਆਸ਼ਰਮ ਵਿੱਚ 24 ਅਕਤੂਬਰ 1907 ਨੂੰ ਭਰਤੀ ਕਰਵਾ ਦਿੱਤਾ। ਆਸ਼ਰਮ ਵਿੱਚ ਦੋਹਾਂ ਭਰਾਵਾਂ ਨੂੰ ਸਿੱਖ ਸਜਾਇਆ ਗਿਆ। ਉਨ੍ਹਾਂ ਦੇ ਨਾਂ ਬਦਲ ਕੇ ਸ਼ੇਰ ਸਿੰਘ ਤੋਂ ਊਧਮ ਸਿੰਘ ਅਤੇ ਮੁਕਤਾ ਸਿੰਘ ਤੋਂ ਸਾਧੂ ਸਿੰਘ ਰੱਖ ਦਿੱਤੇ ਗਏ। ਸੰਨ 1917 ਵਿੱਚ ਸਾਧੂ ਸਿੰਘ ਵੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਅਤੇ ਊਧਮ ਸਿੰਘ ਪਰਿਵਾਰ ਵਿੱਚ ਇਕੱਲਾ ਹੀ ਰਹਿ ਗਿਆ।

ਸੰਨ 1918 ਵਿੱਚ ਦਸਵੀਂ ਜਮਾਤ ਪਾਸ ਕਰਨ ਉਪ੍ਰੰਤ ਊਧਮ ਸਿੰਘ ਆਸ਼ਰਮ ਨੂੰ ਛੱਡ ਕੇ ਅਫਰੀਕਾ ਚਲਾ ਗਿਆ। ਉਥੇ ਕੁਝ ਦੇਰ ਰਹਿਣ ਤੋਂ ਬਾਅਦ ਉਹ ਅਮਰੀਕਾ ਚਲਾ ਗਿਆ। ਉਥੇ ਉਹ ਬੱਬਰ ਅਕਕਾਲੀਆਂ ਦੀਆਂ ਸਰਗਰਮੀਆਂ ਤੋਂ ਬੜਾ ਪ੍ਰਭਾਵਤ ਹੋਇਆ ਅਤੇ ਸੰਨ 1924 ਵਿੱਚ ਉਹ ਗਦਰ ਪਾਰਟੀ ਵਿੱਚ ਸ਼ਾਮਿਲ ਹੋ ਗਿਆ। ਉਹ ਭਗਤ ਸਿੰਘ ਅਤੇ ਉਸਦੇ ਇਨਕਲਾਬੀ ਗਰੁੱਪ ਤੋਂ ਬੜਾ ਪ੍ਰਭਾਵਤ ਸੀ। ਸੰਨ 1927 ਵਿੱਚ ਉਹ ਕੁਝ ਪਸਤੌਲ ਅਤੇ ਅਸਲਾ ਛੁਪਾ ਕੇ ਲੈ ਕੇ ਵਾਪਿਸ ਭਾਰਤ ਆ ਗਿਆ, ਪਰ ਅੰਮ੍ਰਿਤਸਰ ਵਿੱਚ ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ। ਉਸ ਉਤੇ ਗ਼ੈਰ ਲਸੰਸੀ ਅਸਲਾ ਰੱਖਣ ਦਾ ਕੇਸ ਬਣ ਗਿਆ। ਉਸਨੂੰ ਪੰਜ ਸਾਲ ਦੀ ਜ੍ਹੇਲ ਹੋ ਗਈ। ਸੰਨ 1931 ਵਿੱਚ ਉਸਦੀ ਜ੍ਹੇਲ ਤੋਂ ਰਿਹਾਈ ਹੋਈ, ਪਰ ਪੰਜਾਬ ਦੀ ਪੁਲਿਸ ਵੱਲੋਂ ਉਸਦੀਆਂ ਸਰਗਰਮੀਆਂ ਉਤੇ ਨਿਰੰਤਰ ਨਜ਼ਰ ਰੱਖੀ ਜਾ ਰਹੀ ਸੀ। ਉਹ ਪੰਜਾਬ ਤੋਂ ਕਸ਼ਮੀਰ ਵੱਲ ਚਲਾ ਗਿਆ ਅਤੇ ਇੰਝ ਪੁਲਿਸ ਤੋਂ ਬਚਦਾ ਹੋਇਆ ਉਹ ਜਰਮਨ ਪੁੱਜਣ ਵਿੱਚ ਕਾਮਯਾਬ ਹੋ ਗਿਆ। ਸੰਨ 1934 ਵਿੱਚ ਉਹ ਲੰਦਨ ਪਹੁੰਚ ਗਿਆ। ਉਥੇ ਉਸਨੂੰ ਮੋਟਰ ਮਕੈਨਿਕ ਦੀ ਨੌਕਰੀ ਮਿਲ ਗਈ। ਇਥੇ ਉਹ ਜਲ੍ਹਿਆਂਵਾਲੇ ਬਾਗ਼ ਦੇ ਖੂੰਨੀ ਸਾਕੇ ਦਾ ਬਦਲਾ ਲੈਣ ਦੀਆਂ ਯੋਜਨਾਵਾਂ ਬਣਾਉਣ ਲੱਗਾ। ਉਹ ਜਨਰਲ ਡਾਇਰ ਨੂੰ ਮਾਰਨਾ ਚਾਹੁੰਦਾ ਸੀ, ਪਰ ਜਦੋਂ ਉਹ ਕੈਦ ਦੀ ਸਜਾ ਭੁਗਤ ਰਿਹਾ ਸੀ ਤਾਂ ਉਸ ਸਮੇਂ ਜਨਰਲ ਡਾਇਰ ਨੂੰ ਲਗਾਤਾਰ ਦਿਲ ਦੇ ਕੁਝ ਦੌਰੇ ਪਏ ਅਤੇ ਉਸਦੀ ਮੌਤ ਹੋ ਗਈ ਸੀ। ਇਸੇ ਦੌਰਾਨ ਹੀ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਲਾਹੌਰ ਸਾਜਿਸ਼ ਕੇਸ ਤਹਿਤ ਫਾਂਸੀ ਦਿੱਤੀ ਗਈ ਸੀ। ਇਸ ਘਟਨਾ ਨੇ ਊਧਮ ਸਿੰਘ ਦੇ ਦਿਲ ਉਤੇ ਹੋਰ ਵੀ ਗਹਿਰਾ ਅਸਰ ਕੀਤਾ। ਹੁਣ ਉਹ ਜਲ੍ਹਿਆਂਵਾਲੇ ਬਾਗ਼ ਦੇ ਖੂੰਨੀ ਕਾਂਡ ਦਾ ਜਿੰਮੇਵਾਰ ਉਸ ਵੇਲੇ ਦੇ ਪੰਜਾਬ ਦੇ ਲੈਫਟੀਨੈਂਟ ਗਵਰਨਰ ਮਾਈਕਲ ਓਡਵਾਇਰ ਨੂੰ ਠਹਿਰਾਉਣ ਲੱਗਾ, ਕਿਉਂਕਿ ਉਸਨੇ ਹੀ ਉਥੇ ਫੌਜੀ ਦਸਤੇ ਨੂੰ ਭੇਜਣ ਦੀ ਮਨਜ਼ੂਰੀ ਦਿੱਤੀ ਸੀ।

ਮਾਈਕਲ ਓਡਵਾਇਰ ਨੂੰ ਮਾਰਨਾ

ਲੰਦਨ ਵਿੱਚ ਰਹਿੰਦਿਆਂ ਇੱਕ ਦਿਨ ਉਸਨੂੰ ਪਤਾ ਲੱਗਾ ਕਿ 13 ਮਾਰਚ 1940 ਨੂੰ ਲੰਦਨ ਦੇ ਕੈਕਸਟਨ ਹਾਲ ਵਿੱਚ ਈਸਟ ਇੰਡੀਆ ਐਸੋਸੀਏਸ਼ਨ ਵੱਲੋਂ ਰਾਇਲ ਸੈਂਟਰਲ ਏਸ਼ੀਅਨ ਸੁਸਾਇਟੀ ਨਾਲ ਮਿਲ ਕੇ ਇੱਕ ਸਮਾਗਮ ਕੀਤਾ ਜਾ ਰਿਹਾ ਹੈ। ਉਸ ਸਮਾਗਮ ਨੂੰ ਮਾਈਕਲ ਓਡਵਾਇਰ ਨੇ ਸੰਬੋਧਨ ਕਰਨਾ ਸੀ। ਮਾਈਕਲ ਓਡਵਾਇਰ ਜਲ੍ਹਿਆਂਵਾਲੇ ਬਾਗ਼ ਦੀ ਕਾਰਵਾਈ ਨੂੰ ਅਕਸਰ ਸਹੀ ਅਤੇ ਸਮੇਂ ਸਿਰ ਕੀਤੀ ਗਈ ਕਾਰਵਾਈ ਕਰਾਰ ਦਿੰਦਾ ਸੀ। ਉਹ ਜਿੱਥੇ ਵੀ ਕਿਸੇ ਸਮਾਗਮ ਵਿੱਚ ਬੋਲਦਾ ਸੀ, ਉਥੇ ਇਸ ਕਾਰਵਾਈ ਦਾ ਜਿਕਰ ਜ਼ਰੂਰ ਕਰਦਾ ਹੁੰਦਾ ਸੀ। ਊਧਮ ਸਿੰਘ ਲਈ ਆਪਣਾ ਮਿਸ਼ਨ ਪੂਰਾ ਕਰਨ ਵਾਸਤੇ ਇਹ ਸੁਨਹਿਰੀ ਮੌਕਾ ਸੀ।

ਉਸ ਸਮਾਗਮ ਵਾਲੇ ਦਿਨ ਊਧਮ ਸਿੰਘ ਇੱਕ ਪਸਤੌਲ ਗੋਲੀਆਂ ਨਾਲ ਭਰ ਕੇੇ ਛੁਪਾ ਕੇ ਅੰਦਰ ਚਲਾ ਗਿਆ। ਜਿਉਂ ਹੀ ਮਾਈਕਲ ਓਡਵਾਇਰ ਨੇ ਆਪਣੀ ਬਹਾਦਰੀ ਦੀ ਉਹ ਦਾਸਤਾਨ ਸੁਣਾਈ, ਊਧਮ ਸਿੰਘ ਨੇ ਆਪਣੇ ਪਸਤੌਲ ਵਿੱਚੋਂ ਪੰਜ ਗੋਲੀਆਂ ਦਾਗ ਦਿੱਤੀਆਂ। ਦੋ ਗੋਲੀਆਂ ਉਡਵਾਇਰ ਦੇ ਲੱਗੀਆਂ। ਇੱਕ ਗੋਲੀ 75 ਸਾਲਾ ਮਾਈਕਲ ਓਡਵਾਇਰ ਦੇ ਸੱਜੇ ਫੇਫੜੇ ਅਤੇ ਦਿਲ ਨੂੰ ਚੀਰ ਗਈ ਅਤੇ ਦੂਸਰੀ ਉਸਦੇ ਦੋਹਾਂ ਗੁਰਦਿਆਂ ਨੂੰ ਵਿੰਨ੍ਹ ਗਈ। ਓਡਵਾਇਰ ਜ਼ਮੀਨ ਉਤੇ ਡਿਗ ਪਿਆ ਅਤੇ ਮੌਤ ਨੂੰ ਪਿਆਰਾ ਹੋ ਗਿਆ। ਦੂਸਰੀਆਂ ਤਿੰਨ ਗੋਲੀਆਂ ਹੋਰ ਜਿਹੜੇ ਲੋਕਾਂ ਨੂੰ ਲੱਗੀਆਂ ਉਨ੍ਹਾਂ ਵਿੱਚ ਲਾਰਡ ਜੈਟਲੈਂਡ ਸ਼ਾਮਿਲ ਸੀ। ਜੈਟਲੈਂਡ ਉਸ ਸਮਾਗਮ ਦੀ ਪ੍ਰਧਾਨਗੀ ਕਰ ਰਿਹਾ ਸੀ। ਹਾਲ ਵਿੱਚ ਅਫਰਾ-ਤਫੜੀ ਮਚ ਗਈ। ਲੋਕ ਜਾਨ ਬਚਾਉਣ ਲਈ ਇਧਰ ਉਧਰ ਦੌੜਨ ਲੱਗੇ। ਇਸ ਹਾਲਤ ਵਿੱਚ ਭੀੜ ਵਿੱਚ ਸ਼ਾਮਿਲ ਹੋ ਕੇ ਊਧਮ ਸਿੰਘ ਉਥੋਂ ਬਚ ਕੇ ਨਿਕਲ ਸਕਦਾ ਸੀ। ਉਹ ਉਥੋਂ ਨਹੀਂ ਦੌੜਿਆ, ਸਗੋਂ ਉਚੀ ਉਚੀ ਕਹਿੰਦਾ ਰਿਹਾ, “ਮੇਰੇ ਦੇਸ਼ ਵੱਲੋਂ ਮੇਰੇ ਜਿੰਮੇਂ ਲੱਗੀ ਡਿਉਟੀ ਮੈਂ ਪੂਰੀ ਕਰ ਲਈ ਹੈ।“

ਊਧਮ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਸ ਉਤੇ ਮਾਈਕਲ ਓਡਵਾਇਰ ਨੁੰ ਕਤਲ ਕਰਨ ਦਾ ਕੇਸ ਬਣਿਆ। ਪਹਿਲੀ ਅਪ੍ਰੈਲ 1940 ਨੂੰ ਊਧਮ ਸਿੰਘ ਉਤੇ ਪਲਿਸ ਵੱਲੋਂ ਦੋਸ਼ ਆਇਦ ਕੀਤੇ ਗਏ ਅਤੇ 4 ਜੂਨ 1940 ਨੂੰ ਉਸਨੂੰ ਓਲਡ ਬੈਲੇ ਦੀ ਅਦਾਲਤ ਵਿੱਚ ਜੱਜ ਅਟਕਿੰਸਨ ਸਾਹਮਣੈ ਪੇਸ਼ ਕੀਤਾ ਗਿਆ। ਜੱਜ ਨੇ ਉਸਨੂੰ ਫਾਂਸੀ ਦੀ ਸਜਾ ਸੁਣਾਈ। 31 ਜੁਲਾਈ 1940 ਨੂੰ ਊਧਮ ਸਿੰਘ ਨੂੰ ਲੰਦਨ ਦੀ ਪੈਂਟਨਵਿਲ ਜ੍ਹੇਲ ਵਿੱਚ ਫਾਂਸੀ ਦਿੱਤੀ ਗਈ।

ਜਦੋਂ ਮੁਕਦਮੇ ਦੀ ਕਾਰਵਾਈ ਦੌਰਾਨ ਊਧਮ ਸਿੰਘ ਤੋਂ ਪੁੱਛਿਆ ਗਿਆ ਕਿ ਉਸਨੇ ਅਜਿਹਾ ਕਿਉਂ ਕੀਤਾ ਹੈ ਤਾਂ ਉਸਨੇ ਜਵਾਬ ਦਿੱਤਾ ;

“ਮੈਨੂੰ ਉਸ ਨਾਲ ਗੁੱੱਸਾ ਸੀ। ਉਹ ਇਸ ਕਾਰਵਾਈ ਦਾ ਹੱਕਦਾਰ ਸੀ। ਉਹ ਅਸਲੀ ਦੋਸ਼ੀ ਸੀ। ਉਸਨੇ ਸਾਡੇ ਲੋਕਾਂ ਦੀ ਆਤਮਾਂ ਨੂੰ ਚੂਰ ਚੂਰ ਕਰਨਾ ਚਾਹਿਆ ਸੀ। ਮੈਂ ਖੁਸ਼ ਹਾਂ ਕਿ ਮੈਂ ਆਪਣੀ ਜਿੰਮੇਵਾਰੀ ਪੂਰੀ ਕੀਤੀ ਹੈ। ਮੈਂ ਮੌਤ ਤੋਂ ਡਰਦਾ ਨਹੀਂ। ਮੈਂ ਆਪਣੇ ਦੇਸ਼ ਦੀ ਖ਼ਾਤਿਰ ਮਰਾਂਗਾ। ਮੈਂ ਬ੍ਰਤਾਨਵੀ ਹਕੂਮਤ ਹੇਠ ਆਪਣੇ ਲੋਕਾਂ ਨੂੰ ਭੁੱਖ ਨਾਲ ਘੁਲਦੇ ਵੇਖਿਆ ਹੈ। ਮੈਂ ਇਸਦੀ ਵਿਰੋਧਤਾ ਕੀਤੀ ਹੈ। ਇਹ ਮੇਰਾ ਫਰਜ਼ ਸੀ ਜੋ ਮੈਂ ਨਿਭਾਇਆ ਹੈ। ਆਪਣੀ ਮਾਤਭੂਮੀ ਦੀ ਸਲਾਮਤੀ ਲਈ ਮਰਨ ਨਾਲੋਂ ਮੇਰੇ ਵਾਸਤੇ ਹੋਰ ਕਿਹੜਾ ਵੱਡਾ ਤੋਹਫਾ ਹੋ ਸਕਦਾ ਹੈ।“

ਫਾਂਸੀ ਦੇ ਤਖਤੇ ਉਤੇ ਚੜ੍ਹਨ ਵੇਲੇ ਊਧਮ ਸਿੰਘ ਨੇ ਮੰਗ ਕੀਤੀ ਕਿ ਉਸਦੀਆਂ ਅਸਥੀਆਂ ਭਾਰਤ ਭੇਜੀਆਂ ਜਾਣ। ਪਰ ਬਸਤੀਵਾਦੀ ਅੰਗ੍ਰੇਜ਼ ਹਕੂਮਤ ਨੇ ਇਸਨੂੰ ਆਪਣਾ ਕੋਈ ਫਰਜ਼ ਨਾ ਸਮਝਦਿਆਂ ਇਸ ਉਤੇ ਕੋਈ ਅਮਲ ਨਾ ਕੀਤਾ। 70ਵਿਆਂ ਦੇ ਦਹਾਕੇ ਵਿੱਚ ਵਿਧਾਇਕ ਸਾਧੂ ਸਿੰਘ ਥਿੰਦ ਦੀ ਮੰਗ ਉਤੇ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਊਧਮ ਸਿੰਘ ਦੀਆ ਅਸਥੀਆਂ ਭਾਰਤ ਲਿਆਉਣ ਦੀ ਮੰਗ ਕੀਤੀ। ਕੇਂਦਰ ਸਰਕਾਰ ਨੇ ਅੱਗੋਂ ਇੰਗਲੈਂਡ ਦੀ ਸਰਕਾਰ ਕੋਲ ਇਹ ਮੰਗ ਰੱਖੀ। ਸੰਨ 1974 ਵਿੱਚ ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ ਇੰਗਲੈਂਡ ਤੋਂ ਭਾਰਤ ਲਿਆਂਦੀਆਂ ਗਈਆਂ। ਵਿਧਾਇਕ ਸਾਧੂ ਸਿੰਘ ਇੰਗਲੈਂਡ ਤੋਂ ਇਹ ਅਸਥੀਆਂ ਲੈ ਕੇ ਜਦ ਭਾਰਤ ਪੁੱਜਾ ਤਾਂ ਉਸਤੋਂ ਇਹ ਅਸਥੀਆਂ ਉਸ ਵੇਲੇ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ, ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼ੰਕਰ ਦਿਆਲ ਸ਼ਰਮਾ ਅਤੇ ਪੰਜਾਬ ਦੇ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਨੇ ਪ੍ਰਾਪਤ ਕੀਤੀਆਂ। ਫਿਰ ਇਹ ਅਸਥੀਆਂ ਊਧਮ ਸਿੰਘ ਦੇ ਜਨਮ ਅਸਥਾਨ ਪਿੰਡ ਸੁਨਾਮ ਵਿਖੇ ਲਿਆ ਕੇ ਇਨ੍ਹਾਂ ਦਾ ਅੰਤਮ ਸੰਸਕਾਰ ਕਰਦਿਆਂ ਸਤਿਲੁਜ ਦਰਿਆ ਵਿੱਚ ਜਲ ਪ੍ਰਵਾਹ ਕੀਤੀਆਂ ਗਈਆਂ।

ਸੰਤੋਖ ਸਿੰਘ ਸੰਧੂ

+64-220-710-935

Share Button

Leave a Reply

Your email address will not be published. Required fields are marked *

%d bloggers like this: