ਭਾਰਤੀ ਰਾਜਨੀਤੀ ਵਿੱਚਲੇ ਆਪੋ-ਆਪਣੇ ਸੱਚ!

ਭਾਰਤੀ ਰਾਜਨੀਤੀ ਵਿੱਚਲੇ ਆਪੋ-ਆਪਣੇ ਸੱਚ!

ਇੱਕ ਪਾਸੇ ਦੇਸ਼ ਵਿੱਚ ਸੂਚਨਾ ਤੇ ਸੰਚਾਰ ਦੇ ਖੇਤ੍ਰ ਵਿੱਚ ਆ ਰਹੀ ‘ਕਥਤ’ ਕ੍ਰਾਂਤੀ ਦੇ ਚਰਚੇ ਜ਼ੋਰ-ਸ਼ੋਰ ਨਾਲ ਹੋ ਰਹੇ ਹਨ ਅਤੇ ਦੂਸਰੇ ਪਾਸੇ ਇਸ ਦੇਸ਼ ਦੇ ਵਾਸੀ ਅੱਧੇ-ਅਧੂਰੇ ਸੱਚ ਨੂੰ ਹੀ ਪੂਰਣ ਸੱਚ ਮੰਨ, ਉਸੇ ਵਿੱਚ ਭਟਕਦਿਆਂ ਰਹਿਣ ਨੂੰ ਦੇਸ਼ ਦੀ ਹੋਣੀ ਸਮਝ ਬੈਠੇ ਹਨ। ਇਤਨਾ ਹੀ ਨਹੀਂ ਹਰ ਕੋਈ ਇਹ ਵੇਖ ਰਿਹਾ ਹੈ ਕਿ ਇੱਥੇ ਤਾਂ ਹਰ ਇੱਕ ਆਪਣੇ ਹੀ ‘ਸੱਚ’ ਨੂੰ ਦੂਸਰਿਆਂ ਪੁਰ ਠੋਸਣ ਲਈ ਤਰਲੋ-ਮੱਛੀ ਹੋ ਰਿਹਾ ਹੈ, ਪਰ ਦੁਸਰੇ ਦੇ ਸੱਚ ਨੂੰ, ਭਾਵੇਂ ਉਹ ਪੂਰਾ ਹੀ ਸੱਚ ਕਿਉਂ ਨਾ ਹੋਵੇ, ਸੱਚ ਮੰਨਣ ਲਈ ਤਿਆਰ ਨਹੀਂ। ਇਨ੍ਹਾਂ ਹਾਲਾਤ ਦੇ ਸੰਬੰਧ ਵਿੱਚ ਚਰਚਾ ਕਰਦਿਆਂ ਕਿਸੇ ਨੇ ਕਿਹਾ ਕਿ ਸੋਸ਼ਲ ਮੀਡੀਆ ਹੋਵੇ ਜਾਂ ਮੁੱਖਧਾਰਾ ਦਾ ਮੀਡੀਆ, ਬਹੁਤਾ ਕਰਕੇ ਲੋਕਾਂ ਦੇ ਆਪੋ-ਆਪਣੇ ਹੀ ਸੱਚ ਹੁੰਦੇ ਹਨ। ਕੁਝ ਸੱਚ ਤਾਂ ਉਸੇ ਤਰ੍ਹਾਂ ਦੇ ਹੁੰਦੇ ਹਨ, ਜਿਵੇਂ ਕਿ ਇੱਕ ਪੁਰਾਣੀ ਕਹਾਣੀ ਅਨੁਸਾਰ ‘ਅਨ੍ਹਿਆਂ ਲਈ ਹਾਥੀ’ ਸੀ। ਕਿਸੇ ਵੀ ਘਟਨਾ ਦਾ ਕੋਈ ਪੱਖ ਲੈ ਲਉ, ਹਰ ਕੋਈ ਉਸਨੂੰ ਆਪਣੇ ਹੀ ਨਜ਼ਰੱਈਏ ਨਾਲ ਪੇਸ਼ ਕਰਦਾ ਵਿਖਾਈ ਦੇਵੇਗਾ ਹੈ। ਇਸਦੇ ਬਾਵਜੂਦ ਇਹ ਮੰਨਿਆ ਜਾਂਦਾ ਹੈ ਕਿ ਵਿਵੇਕਸ਼ੀਲ ਲੋਕੀ ਅਸਲੀ ਸੱਚ ਤਲਾਸ਼ ਕਰ ਹੀ ਲੈਂਦੇ ਹਨ। ਪ੍ਰੰਤੂ ਅਜਿਹਾ ਤਾਂ ਹੀ ਸੰਭਵ ਹੁੰਦਾ ਹੈ, ਜੇ ਕਿਸੇ ਵੀ ਪੱਖ ਨੂੰ ਪੇਸ਼ ਕਰਦਿਆਂ ਉਸਦਾ ਸ੍ਰੋਤ ਦਸਿਆ ਜਾਏ। ਪ੍ਰੰਤੂ ਇਸ ਦੇਸ਼ ਵਿੱਚ ਇਹ ਗਲ ਬਦਕਿਸਮਤੀ ਦੀ ਹੈ ਕਿ ਅੱਧੇ-ਅਧੂਰੇ ਸੱਚ ਦੇ ਇਸ ਦੌਰ ਵਿੱਚ ਸ੍ਰੋਤ ਜਾਂ ਤਾਂ ਦਸੇ ਨਹੀਂ ਜਾਂਦੇ ਜਾਂ ਫਿਰ ਗ਼ਲਤ ਦਸ ਦਿੱਤੇ ਜਾਂਦੇ ਹਨ। ਇਸ ਹਾਲਤ ਵਿੱਚ ਕਈ ਲੋਕੀ ਸੁਆਲ ਉਠਾਂਦੇ ਹਨ ਕਿ ਕੀ ਇਹ ਮੰਨ ਲਿਆ ਜਾਏ ਕਿ ਪੂਰੇ ਸੱਚ ਨੂੰ ਛੁਪਾਣ ਤੇ ਆਪਣੇ ਹਿਤ ਵਿੱਚ ਆਪੋ-ਆਪਣੀ ‘ਹਕੀਕਤ’ ਪੇਸ਼ ਕਰਨ ਦਾ ਦੌਰ ਆ ਗਿਆ ਹੈ। ਸ਼ਾਇਦ ਇਹੀ ਕਾਰਣ ਹੈ ਕਿ ਘੱਟ ਪੜ੍ਹਿਆ ਲਿਖਿਆ ਵਰਗ ਅਵਿਸ਼ਵਾਸ ਵਿੱਚ ਜ਼ਿੰਦਗੀ ਗੁਜ਼ਾਰਨ ਤੇ ਮਜਬੂਰ ਹੋ ਰਿਹਾ ਹੈ। ਹਰ ਦੂਸਰੇ ਪੜ੍ਹੇ-ਲਿਖੇ ਵਿਅਕਤੀ ਦਾ ਭਰੋਸਾ ਪਹਿਲੇ ਦੀਆਂ ਨਜ਼ਰਾਂ ਵਿੱਚ ਘਟ ਗਿਆ ਹੈ। ਸੁਆਲ ਉਠਦਾ ਹੈ ਕਿ ਕੀ ਇਸ ਅਵਿਸ਼ਵਾਸ ਦੇ ਮਾਹੌਲ ਵਿੱਚ ਦੇਸ਼ ਅੱਗੇ ਵੱਧ ਸਕੇੇਗਾ? ਦੇਸ਼ ਦਾ ਇੱਕ ਵਰਗ, ਜੋ ਸਾਰੇ ਝੰਝਟਾਂ ਤੋਂ ਦੂਰ ਹੈ, ਉਸਨੂੰ ਵਿਸ਼ਵਾਸ ਹੈ ਕਿ ਦੇਸ਼ ਦਾ ਇੱਕ ਵੱਡਾ ਵਰਗ, ਜਿਸਨੂੰ ਅੱਧ-ਪੜ੍ਹਿਆ ਜਾਂ ਅਨਪੜ੍ਹ ਮੰਨਿਆ ਜਾਂਦਾ ਹੈ, ਦੇਸ਼ ਵਿੱਚ ਹੋ ਰਹੀ ਉਥਲ-ਪੁਥਲ ਦੇ ਬਾਵਜੂਦ ਇਸ ਕੁਚੱਕਰ, ਅਰਧ-ਸੱਚ ਤੇ ਅਵਿਸ਼ਵਾਸ ਦੇ ਪੀੜਤ ਸਮਾਜ ਦੀ ਤੁਲਨਾ ਤੋਂ ਬਹੁਤ ਦੂਰ ਹੈ, ਉਹੀ ਦੇਸ਼ ਅਤੇ ਸਮਾਜ ਲਈ ਉਮੀਦ ਦੀ ਕਿਰਣ ਹੋ ਸਕਦਾ ਹੈ।
ਭਾਰਤ ਅਤੇ ਭਾਰਤ ਮਾਤਾ : ਦੇਸ਼ ਦੇ ਕਈ ਹਿਸਿਆਂ ਵਿੱਚ ‘ਭਾਰਤ ਮਾਤਾ ਦੀ ਜੈ’ ਨੂੰ ਲੈ ਕੇ ਅਖੋਤੀ ‘ਦੇਸ਼ ਭਗਤਾਂ ਅਤੇ ਦੇਸ਼ਧ੍ਰੋਹੀਆਂ’ ਵਿਚ ਇੱਕ ਨਾ ਮੁਕੱਣ ਵਾਲੀ ਬਹਿਸ ਚਲਣ ਦੇ ਨਾਲ ਹੀ, ਦੋਹਾਂ ਵਿੱਚ ਇੱਕ ਨਾ ਮੁਕਣ ਵਾਲੇ ਟਕਰਾਉ ਦਾ ਵਾਤਾਵਰਣ ਵੀ ਬਣਦਾ ਚਲਿਆ ਆ ਰਿਹਾ ਹੈ। ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਵਰਗੇ ਕਿਸੇ ਸਮੇਂ ਇਥੋਂ ਤੱਕ ਕਹਿਣ ਤੇ ਤੁਲ ਬੈਠੇ ਸਨ ਕਿ ਜਿਨ੍ਹਾਂ ਨੂੰ ‘ਭਾਰਤ ਮਾਤਾ ਦੀ ਜੈ’ ਅਤੇ ‘ਵੰਦੇ ਮਾਤਰਮ’ ਕਹਿਣ ਪੁਰ ਇਤਰਾਜ਼ ਹੈ, ਉਨ੍ਹਾਂ ਨੂੰ ਭਾਰਤ ਵਿੱਚ ਰਹਿਣ ਦਾ ਕੋਈ ਹੱਕ ਨਹੀਂ। ਇਸੇ ਤਰ੍ਹਾਂ ਕਸ਼ਮੀਰ ਦੇ ਸਾਬਕਾ ਮੁਖ ਮੰਤਰੀ ਉਮਰ ਅਬਦੁਲਾ ਨੇ ਭਾਜਪਾ ਨੇਤਾਵਾਂ ਨੂੰ ਕਿਹਾ ਕਿ ਜੇ ਉਨ੍ਹਾਂ ਦੀ ਇਹੀ ਸੋਚ ਹੈ ਤਾਂ ਉਹ ਉਸ ਮਹਿਬੂਬਾ ਮੁਫਤੀ ਪਾਸੋਂ ‘ਭਾਰਤ ਮਾਤਾ ਦੀ ਜੈ’ ਅਖਵਾ ਕੇ ਦਸਣ, ਜਿਸ ਨਾਲ ਸਾਂਝ ਪਾ ਉਨ੍ਹਾਂ ਲਗਭਗ ਤਿੰਨ ਸਾਲ ਜੰਮੂ-ਕਸਮੀਰ ਵਿੱਚ ਸਰਕਾਰ ਬਣਾਈ ਰਖੀ ਸੀ। ਅਜਿਹੇ ਹਾਲਾਤ ਦੀ ਵਿਆਖਿਆ ਕਰਦਿਆਂ ਇੱਕ ਟਿੱਪਣੀਕਾਰ ਨੇ ਲਿਖਿਆ ਕਿ ‘ਭਾਰਤ’ ਇੱਕ ਸੱਚਾਈ ਹੈ ਤੇ ‘ਭਾਰਤ ਮਾਤਾ’ ਇੱਕ ਕਲਪਨਾ! ਇਹ ਕਲਪਨਾ ਇੱਕ ਅਜਿਹੇ ਦੇਸ਼ ਦੀ ਹੈ, ਜਿਸ ਵਿੱਚ ਕੋਈ ਰੋਗ-ਸੋਗ, ਦੁੱਖ-ਮਾਤਮ, ਝਗੜੇ-ਫਸਾਦ ਨਾ ਹੋਣ। ਅਜਿਹੀ ‘ਭਾਰਤ ਮਾਤਾ’ ਲਈ ਹਰ ਕਿਸੇ ਦੇ ਮੂੰਹੋਂ ਅਪਣੇ-ਆਪ ਹੀ ‘ਜੈ’ ਨਿਕਲੇਗੀ, ਪਰ ਇਸਦੇ ਲਈ ਜ਼ਰੂਰੀ ਹੈ ਕਿ ਅਸੀਂ ਇਸ ਭਾਰਤ ਨੂੰ ‘ਭਾਰਤ ਮਾਤਾ’ ਦੇ ਆਦਰਸ਼ਾਂ ਦੇ ਅਨੁਰੂਪ ਢਾਲੀਏ। ਉਸ ਟਿੱਪਣੀਕਾਰ ਦੇ ਸ਼ਬਦਾਂ ਵਿੱਚ ਅਜਿਹਾ ਤਾਂ ਹੀ ਸੰਭਵ ਹੋਵੇਗਾ, ਜਦੋਂ ਅਸੀਂ ਧਾਰਮਕ ਦਵੈਸ਼ ਦੀ ਭਾਵਨਾ ਤੋਂ ਉਪਰ ਉਠਾਂਗੇ। ਉਨ੍ਹਾਂ ਅਸੰਤੋਸ਼ਾਂ ਨੂੰ ਪਚਾਣ ਦੀ ਕੌਸ਼ਿਸ਼ ਕਰਾਂਗੇ, ਜੋ ਭਾਰਤ ਅੰਦਰ ਪੈਦਾ ਹੋ ਰਹੇ ਹਨ। ਸਾਡਾ ਅਸਲੀ ਸੰਕਟ ਇਹ ਹੈ ਕਿ ‘ਭਾਰਤ ਮਾਤਾ’ ਦਾ ਨਾਂ ਲੈਣ ਵਾਲਿਆਂ ਦਾ ਇੱਕ ਵੱਡਾ ਵਰਗ, ਜਿਵੇਂ ਹਰ ਕਿਸੇ ਦੀ ਪ੍ਰੀਖਿਆ ਲੈਣ ਤੇ ਤੁਲਿਆ ਹੋਇਆ ਹੈ। ਉਹ ‘ਭਾਰਤ ਮਾਤਾ’ ਨੂੰ ਇੱਕ ਨਾਹਰੇ ਦੇ ਰੂਪ ਨੂੰ ਇੱਕ ਅਜਿਹੀ ਲਾਠੀ ਵਿੱਚ ਬਦਲਣਾ ਚਾਹੁੰਦਾ ਹੈ, ਜਿਸ ਨਾਲ ਉਸ ਵਲੋਂ ਉਨ੍ਹਾਂ ਲੋਕਾਂ ਨੂੰ ਕੁਟਾਪਾ ਚਾੜ੍ਹਿਆ ਜਾ ਸਕੇ, ਜੋ ਭਾਰਤੀ ਰਾਸ਼ਟਰ ਦੇ ਅਲਗ-ਅਲਗ ਤੱਤਾਂ ਵਿਰੁਧ ਅਸੰਤੋਸ਼ ਪ੍ਰਗਟ ਕਰਦੇ ਹਨ। ਅਸਲ ਵਿੱਚ ‘ਭਾਰਤ’ ਨੂੰ ‘ਭਾਰਤ ਮਾਤਾ’ ਦਾ ਬਦਲ ਬਨਾਣਾ, ਉਸਦਾ ਬੇਟਾ ਬਣ, ਉਸ ਪੂਰੀ ਜ਼ਮੀਨ ਨੂੰ ਹਥਿਆਣ ਦੀ ਕੌਸ਼ਿਸ਼ ਕਰਨਾ ਹੈ, ਜਿਸ ਪੁਰ ਬਹੁਤ ਸਾਰੇ ਲੋਕਾਂ ਦਾ ਹੱਕ ਹੈ। ਜੇ ਕੁਝ ਲੋਕੀ ਇਹ ਮਹਿਸੂਸ ਕਰਦੇ ਹਨ ਕਿ ‘ਭਾਰਤ ਮਾਤਾ ਦੀ ਜੈ’ ਦੇ ਪਰਦੇ ਪਿਛੇ ਅਸਲੀ ਭਾਰਤ ਪੁਰ ਕਬਜ਼ਾ ਕਰਨ ਦੀ ਕੌਸ਼ਿਸ਼ ਹੋ ਰਹੀ ਹੈ, ਤਾਂ ਉਨ੍ਹਾਂ ਨੂੰ ਵਿਰੋਧ ਕਰਨ ਦਾ ਹੱਕ ਹੋ ਸਕਦਾ ਹੈ। … ਪ੍ਰੰਤੂ ਜਦੋਂ ਇੱਕ ਨਾਹਰੇ ਨੂੰ ਦੇਸ਼ ਪ੍ਰੇਮ ਦੀ ਇੱਕਲੌਤੀ ਕਸੌਟੀ ਬਣਾ ਦਿੱਤਾ ਜਾਏ, ਤਾਂ ਕਈ ਲੋਕੀ ਅਸਾਨੀ ਨਾਲ ਦੇਸ਼ ਭਗਤੀ ਦਾ ਸਰਟੀਫਿਕੇਟ ਵੰਡਣ ਅਤੇ ਹਾਸਲ ਕਰਨ ਲਗ ਪੈਣਗੇ!
ਅੱਜ ਦੀ ਦੇਸ਼ ਭਗਤੀ ਦੇ ਮਾਪ-ਦੰਡ : ਦੇਸ਼ ਭਗਤੀ ਅਤੇ ਦੇਸ਼ਧ੍ਰੋਹ ਦੇ ਮੁੱਦਿਆਂ ਨੂੰ ਲੈ ਕੇ ਦੇਸ਼ ਭਰ ਵਿੱਚ ਚਲ ਰਹੀ ਬਹਿਸ ਦੌਰਾਨ ਇੱਕ ਬੁਧੀਜੀਵੀ ਨੇ ਇਸ ਚਰਚਾ ਪੁਰ ਵਿਅੰਗ ਕਰਦਿਆਂ ਕਿਹਾ ਕਿ ਹੋਣਾ ਤਾਂ ਇਹ ਚਾਹੀਦਾ ਸੀ ਕਿ ਜਿਵੇਂ ਗਰੀਬਾਂ ਦੀ ਸਰਕਾਰ ਆਉਣ ਨਾਲ ਗਰੀਬਾਂ ਦੀ ਗਿਣਤੀ ਵੱਧਦੀ ਜਾਂਦੀ ਹੈ, ਉਸੇ ਤਰ੍ਹਾਂ ਦੇਸ਼ ਭਗਤਾਂ ਦੀ ਸਰਕਾਰ ਆਉਣ ਨਾਲ ਦੇਸ਼ ਭਗਤਾਂ ਦੀ ਗਿਣਤੀ ਵੀ ਵੱਧਦੀ ਜਾਂਦੀ। ਪ੍ਰੰਤੂ ਇਥੇ ਤਾਂ ਉਲਟਾ ਹੁੰਦਾ ਨਜ਼ਰ ਆ ਰਿਹਾ ਹੈ। ਦੇਸ਼ਧ੍ਰੋਹੀਆਂ ਦੀ ਗਿਣਤੀ ਵੱਧਦੀ ਅਤੇ ਉਨ੍ਹਾਂ ਦੇ ਮੁਕਾਬਲੇ ਦੇਸ਼ ਭਗਤਾਂ ਦੀ ਗਿਣਤੀ ਘਟਦੀ ਚਲੀ ਜਾ ਰਹੀ ਹੈ। ਇਉਂ ਜਾਪਦਾ ਹੈ ਜਿਵੇਂ ਦੇਸ਼ ਭਗਤ ਗਿਣੇ-ਚੁਣੇ ਰਹਿ ਗਏ ਹਨ, ਜਦਕਿ ਪਹਿਲਾਂ ਦੇਸ਼ਧ੍ਰੋਹੀ ਗਿਣੇ-ਚੁਣੇ ਹੁੰਦੇ ਸਨ। ਉਹ, ਜੋ ਦੇਸ਼ ਵਿਰੁਧ ਜਾਸੂਸੀ ਕਰਦਾ ਸੀ, ਉਹੀ ਦੇਸ਼ਧ੍ਰੋਹੀ ਹੁੰਦਾ ਸੀ। ਬਾਕੀ ਕਿਸਾਨ, ਮਜ਼ਦੂਰ, ਵਰਕਰ, ਬੁਧੀਜੀਵੀ, ਅਧਿਆਪਕ ਅਤੇ ਵਿਦਿਆਰਥੀ ਆਦਿ ਸਾਰੇ ਦੇਸ਼ ਭਗਤ ਹੁੰਦੇ ਸਨ। ਟੈਕਸ ਚੋਰੀ ਕਰਨ ਵਾਲਿਆਂ, ਬਲੈਕ-ਮਾਰਕੀਟੀਆਂ, ਮੁਨਾਫਾ-ਖੋਰਾਂ, ਜ਼ਖੀਰੇਬਾਜ਼ਾਂ ਤਕ ਨੂੰ ਵੀ ਕਦੀ ਦੇਸ਼ਧ੍ਰੋਹੀ ਨਹੀਂ ਸੀ ਕਿਹਾ ਗਿਆ। ਇਥੋਂ ਤੱਕ ਕਿ ਝਗੜੇ-ਫਸਾਦ ਕਰਨ ਕਰਵਾਣ ਵਾਲਿਆਂ ਅਤੇ ਮਾਫੀਆ ਨੂੰ ਵੀ ਦੇਸ਼ਧ੍ਰੋਹੀ ਨਹੀਂ ਸੀ ਕਿਹਾ ਜਾਂਦਾ। ਉਸ ਸਮੇਂ ਨਾ ਤਾਂ ਦੇਸ਼ ਭਗਤੀ ਲਈ ਕੋਈ ਸ਼ਰਤ ਹੁੰਦੀ ਸੀ ਤੇ ਨਾ ਹੀ ਕੋਈ ਯੋਗਤਾ। ਬੁਧੀਜੀਵੀਆਂ ਅਨੁਸਾਰ, ਪ੍ਰੰਤੂ ਹੁਣ ਤਾਂ ਮਾਪ-ਦੰਡ ਸਖਤ ਹੋ ਗਏ ਹਨ। ਜਿਵੇਂ ਸਬਸਿਡੀ ਸਾਰਿਆਂ ਲਈ ਨਹੀਂ, ਉਸੇ ਤਰ੍ਹਾਂ ਦੇਸ਼ ਭਗਤੀ ਵੀ ਸਾਰਿਆਂ ਲਈ ਨਹੀਂ ਹੋ ਸਕਦੀ। ਦੇਸ਼ ਭਗਤੀ ਕੋਈ ਇਨਸਾਫ ਨਹੀਂ, ਜੋ ਸਾਰਿਆਂ ਨੂੰ ਹੀ ਮਿਲਣਾ ਜ਼ਰੂਰੀ ਹੋਵੇ। ਦੇਸ਼ ਭਗਤੀ ਮੌਲਿਕ ਅਧਿਕਾਰ ਵੀ ਨਹੀਂ ਕਿ ਸਾਰੇ ਹੀ ਉੁਸ ਪੁਰ ਆਪਣਾ ਦਾਅਵਾ ਕਰਨ ਲਗ ਪੈਣ। ਹੁਣ ਦੇਖਣਾ ਪਵੇਗਾ ਕਿ ਸਰਕਾਰ ਪ੍ਰਤੀ ਤੁਹਾਡੀ ਸੋਚ ਕੀ ਹੈ? ਇਹ ਵੀ ਸੋਚਣਾ ਪਵੇਗਾ ਕਿ ਤੁਸੀਂ ਨਾਹਰਾ ਕਿਹੜਾ ਲਾਂਦੇ ਹੋ?
…ਅਤੇ ਅੰਤ ਵਿੱਚ : ਅੱਜਕਲ ਦੇਸ਼ ਭਗਤੀ ਕੁਝ-ਕੁਝ ਉਹੋ ਜਿਹੀ ਹੋ ਗਈ ਹੈ, ਜਿਵੇਂ ਰੋਜ਼ਗਾਰ ਪ੍ਰਾਪਤ ਕਰਨ ਵਾਲੇ ਘਟ ਹੁੰਦੇ ਹਨ ਅਤੇ ਬੇਰੁਜ਼ਗਾਰ ਬਹੁਤੇ, ਉਸੇ ਤਰ੍ਹਾਂ ਇਧਰ ਦੇਸ਼ ਭਗਤ ਘਟ ਹੋ ਗਏ ਹਨ ਅਤੇ ਦੇਸ਼ਧ੍ਰੋਹੀਆਂ ਦੀ ਗਿਣਤੀ ਵੱਧ ਗਈ ਹੈ।ਜਿਵੇਂ ਰੇਲ ਦੇ ਡੱਬੇ ਵਿੱਚ ਚੜ੍ਹਨ ਵਿੱਚ ਕਾਮਯਾਬ ਹੋਣ ਵਾਲੇ, ਡੱਬੇ ਦੇ ਸਾਰੇ ਦਰਵਾਜ਼ੇ-ਖਿੜਕੀਆਂ ਬੰਦ ਕਰ ਲੈਂਦੇ ਹਨ, ਤਾਂ ਜੋ ਹੋਰ ਕੋਈ ਅੰਦਰ ਦਾਖਲ ਨਾ ਹੋ ਸਕੇ, ਉਸੇ ਤਰ੍ਹਾਂ ‘ਦੇਸ਼ ਭਗਤੀ’ ਡੱਬੇ ਦੇ ਅੰਦਰ ਵਾਲਿਆਂ ਨੇ ਡੱਬੇ ਦੇ ਸਾਰੇ ਖਿੜਕੀਆਂ-ਦਰਵਾਜ਼ੇ ਬੰਦ ਕਰ ਲਏ ਨੇ। ਜਿਸ ਕਾਰਣ ਹੁਣ ਇਸ ਡੱਬੇ ਵਿੱਚ ਦਾਖਲ ਹੋਣਾ ਬਹੁਤ ਮੁਸਕਲ ਹੋ ਗਿਆ ਹੈ।

ਜਸਵੰਤ ਸਿੰਘ ‘ਅਜੀਤ’
+ 91 95 82 71 98 90
jaswantsinghajit@gmail.com

Share Button

Leave a Reply

Your email address will not be published. Required fields are marked *

%d bloggers like this: