ਮਨੁੱਖ, ਮੋਬਾਈਲ ਅਤੇ ਸੋਸ਼ਲ ਮੀਡੀਆ

ਮਨੁੱਖ, ਮੋਬਾਈਲ ਅਤੇ ਸੋਸ਼ਲ ਮੀਡੀਆ

ਆਦਿਕਾਲ ਤੋਂ ਹੀਂ ਮਨੁੱਖ ਜ਼ਮਾਨੇ ਦੇ ਨਾਲ ਬਦਲਦਾ ਆਇਆ ਹੈ। ਬਦਲਾਓ ਬ੍ਰਹਿਮੰਡ ਦੀ ਅਟੱਲ ਸੱਚਾਈ ਹੈ ਅਤੇ ਇਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਇਸ ਲਈ ਮਨੁੱਖੀ ਜੀਵਨ ਵਿੱਚ ਵੀ ਸਮੇਂ ਦੇ ਅਨੁਸਾਰ ਤਬਦੀਲੀ ਹੁੰਦੀ ਰਹਿੰਦੀ ਹੈ, ਉਂਝ ਇਹ ਤਬਦੀਲੀ ਕੁਦਰਤੀ ਵੀ ਹੈ ਅਤੇ ਲਾਜ਼ਮੀ ਵੀ ਹੈ। ਸਿਆਣਿਆਂ ਦਾ ਕਥਨ ਹੈ ਕਿ ‘ਇੱਕ ਥਾਂ ਤੇ ਬਹੁਤੀ ਦੇਰ ਤੱਕ ਖੜ੍ਹਾ ਪਾਣੀ ਵੀ ਖ਼ਰਾਬ ਹੋ ਜਾਂਦਾ ਹੈ।’ ਤਬਦੀਲੀ ਸੰਸਾਰ ਦਾ ਨਿਯਮ ਹੈ, ਇਸ ਗੱਲ ਨੂੰ ਅਧਿਆਤਮਕ ਜਗਤ ਵਿੱਚ ਵੀ ਸਵੀਕਾਰ ਕੀਤਾ ਜਾਂਦਾ ਹੈ। ਤਬਦੀਲੀ ਤੋਂ ਬਿਨਾਂ ਮਨੁੱਖ ਅਤੇ ਕੁਦਰਤ ਦੀ ਤਰੱਕੀ ਸੰਭਵ ਨਹੀਂ ਹੈ। ਬਦਲਾਓ ਨਾਲ ਜਿੱਥੇ ਅੱਗੇ ਵੱਧਣ ਦਾ ਜਜ਼ਬਾ ਪੈਦਾ ਹੁੰਦਾ ਹੈ ਉੱਥੇ ਮਿਹਨਤ ਕਰਨ ਦਾ ਸਬਕ ਵੀ ਮਿਲਦਾ ਹੈ। ਇਸ ਸਬਕ ਰਾਹੀਂ ਮਨੁੱਖ ਆਪਣੇ ਜੀਵਨ ਨੂੰ ਹੋਰ ਸੁਖਾਲਾ ਬਣਾ ਸਕਦਾ ਹੈ। ਤਰੱਕੀ ਦਾ ਤਗ਼ਮਾ, ਪਰਿਵਰਤਨ ਦੇ ਰਸਤੇ ਵਿੱਚੋਂ ਲੰਘ ਦੇ ਪ੍ਰਾਪਤ ਹੁੰਦਾ ਹੈ।
ਖ਼ੈਰ, ਇਹ ਵੱਖਰਾ ਵਿਸ਼ਾ ਹੈ। ਸਾਡੇ ਲੇਖ ਦਾ ਵਿਸ਼ਾ ਮਨੁੱਖ, ਮੋਬਾਈਲ, ਇੰਟਰਨੈੱਟ ਅਤੇ ਸੋਸ਼ਲ ਮੀਡੀਆ ਨਾਲ ਜੁੜਿਆ ਹੋਇਆ ਹੈ। ਇਸ ਲਈ ਲੇਖ ਦੀ ਸੰਖੇਪਤਾ ਨੂੰ ਦੇਖਦਿਆਂ ਅਸੀਂ ਕੇਵਲ ਮਨੁੱਖ, ਇੰਟਰਨੈੱਟ ਅਤੇ ਸੋਸ਼ਲ ਮੀਡੀਆ ਦੇ ਬਾਰੇ ਹੀ ਵਿਚਾਰ- ਚਰਚਾ ਕਰਾਂਗੇ ਤਾਂ ਕਿ ਲੇਖ ਨੂੰ ਸਹੀ ਆਕਾਰ ਵਿੱਚ ਸਮਾਪਤ ਕੀਤਾ ਜਾ ਸਕੇ।
ਅੱਜਕਲ੍ਹ ਇੰਟਰਨੈੱਟ ਦਾ ਜ਼ਮਾਨਾ ਹੈ। ਹਰ ਮਨੁੱਖ ਸੋਸ਼ਲ ਮੀਡੀਆ ਰਾਹੀਂ ਸਮੁੱਚੀ ਦੁਨੀਆਂ ਨਾਲ ਜੁੜਿਆ ਹੋਇਆ ਹੈ। ਸਿਆਣਿਆਂ ਦਾ ਅਖਾਣ ਹੈ ਕਿ ‘ਕਿਸੇ ਚੀਜ਼ ਦੇ ਜੇਕਰ ਲਾਭ ਹਨ ਤਾਂ ਨੁਕਸਾਨ ਵੀ ਜ਼ਰੂਰ ਹੋਣਗੇ’ ਠੀਕ ਉਸੇ ਤਰ੍ਹਾਂ ਇੰਟਰਨੈੱਟ ਨੇ ਜਿੱਥੇ ਅਜੋਕੇ ਮਨੁੱਖ ਨੂੰ ਪੂਰੇ ਵਿਸ਼ਵ ਨਾਲ ਜੋੜ ਦਿੱਤਾ ਹੈ ਉੱਥੇ ਮਨੁੱਖ ਨੂੰ ਇਕੱਲਿਆਂ ਵੀ ਕਰਕੇ ਰੱਖ ਦਿੱਤਾ ਹੈ। ਮਨੁੱਖ, ਮਨੁੱਖ ਨਾਲੋਂ ਵੱਖ ਹੋ ਗਿਆ ਹੈ। ਸਮਾਜਕ ਜੀਵਨ ਖ਼ਤਮ ਹੁੰਦਾ ਜਾ ਰਿਹਾ ਹੈ। ਹਰ ਬੰਦਾ ਕਲਪਣਾ ਦੇ ਸੰਸਾਰ ਵਿੱਚ ਗੁਆਚਿਆ ਹੋਇਆ ਰਹਿੰਦਾ ਹੈ। ਕਿਸੇ ਕੋਲ ਦੂਜੇ ਲੋਕਾਂ ਕੋਲ ਬੈਠ ਕੇ ਆਪਣੇ ਦੁੱਖ- ਸੁੱਖ ਸਾਂਝੇ ਕਰਨ ਦਾ ਵਕਤ ਨਹੀਂ ਹੈ। ਆਪਸੀ ਪ੍ਰੇਮ- ਪਿਆਰ ਲਗਭਗ ਬੀਤੇ ਜ਼ਮਾਨੇ ਦੀਆਂ ਗੱਲਾਂ ਹੋ ਕੇ ਰਹਿ ਗਈਆਂ ਹਨ।
ਅੱਜ ਦੇ ਸਮੇਂ ਇਹ ਸੋਚ ਕੇ ਬੜੀ ਹੈਰਾਨੀ ਹੁੰਦੀ ਹੈ ਕਿ ਇੰਟਰਨੈੱਟ, ਮੋਬਾਈਲ ਅਤੇ ਸੋਸ਼ਲ ਮੀਡੀਆ ਤੋਂ ਬਿਨਾਂ ਮਨੁੱਖੀ ਜੀਵਨ ਦੀ ਕਲਪਣਾ ਵੀ ਨਹੀਂ ਕੀਤੀ ਜਾ ਸਕਦੀ। ਅੱਜਕਲ੍ਹ ਤਾਂ ਅਜਿਹਾ ਦੌਰ ਚੱਲ ਰਿਹਾ ਹੈ ਕਿ ਬੰਦਾ ਰੋਟੀ ਤੋਂ ਬਿਨਾਂ ਗੁਜ਼ਾਰਾ ਕਰ ਸਕਦਾ ਹੈ ਪਰ, ਇੰਟਰਨੈੱਟ ਅਤੇ ਮੋਬਾਈਲ ਤੋਂ ਇੱਕ ਦਿਨ ਵੀ ਕੱਢਣਾ ਮਰਨ ਦੇ ਤੁਲ ਹੋ ਜਾਂਦਾ ਹੈ। ਇੰਟਰਨੈੱਟ ਅਤੇ ਸੋਸ਼ਲ ਮੀਡੀਆ ਮਨੁੱਖ ਦੀਆਂ ਮੁੱਢਲੀਆਂ ਜਰੂਰਤਾਂ ਵਿੱਚ ਸ਼ਾਮਲ ਹੋ ਗਿਆ ਹੈ। ਅੱਜ ਤੋਂ ਵੀਹ- ਪੱਚੀ ਸਾਲ ਪਹਿਲਾਂ ਮਨੁੱਖ ਦੀਆਂ ਮੁੱਢਲੀਆਂ ਜਰੂਰਤਾਂ ਕੁਝ ਹੋਰ ਸਨ ਪਰ, ਅੱਜ ਕੁਝ ਹੋਰ ਹਨ। ਇਹ ਮਨੁੱਖੀ ਜੀਵਨ ਦੇ ਮਸ਼ੀਨੀ ਯੁਗ ਵਿੱਚ ਪ੍ਰਵੇਸ਼ ਕਰਨ ਦਾ ਇਸ਼ਾਰਾ ਹੈ। ਮਨੁੱਖ, ਮਸ਼ੀਨੀ ਜੀਵਨ ਬਤੀਤ ਕਰ ਰਿਹਾ ਹੈ। ਕੋਮਲ ਸੰਵੇਦਨਾਵਾਂ ਖ਼ਤਮ ਹੋ ਚੁਕੀਆ ਹਨ ਅਤੇ ਇਹਨਾਂ ਦੀ ਅਜੋਕੇ ਸਮਾਜ ਵਿੱਚ ਕੋਈ ਥਾਂ ਨਹੀਂ ਰਹੀ। ਇਹ ਬਹੁਤ ਮੰਦਭਾਗਾ ਰੁਝਾਨ ਹੈ, ਪਰ ਇਸ ਨੂੰ ਸਵੀਕਾਰ ਕਰਨ ਤੋਂ ਬਿਨਾਂ ਹੋਰ ਕੋਈ ਚਾਰਾ ਵੀ ਨਹੀਂ ਹੈ। ਇਸ ਵਰਤਾਰੇ ਤੋਂ ਮੁੱਖ ਮੋੜਣਾ, ਕਬੂਤਰ ਦੇ ਬਿੱਲੀ ਨੂੰ ਦੇਖ ਕੇ ਅੱਖਾਂ ਮੀਟਣ ਵਾਲੀ ਗੱਲ ਹੋਵੇਗੀ।
ਖ਼ੈਰ, ਅੱਜਕਲ੍ਹ ਪੈਸੇ ਦੇ ਲੈਣ- ਦੇਣ ਤੋਂ ਇਲਾਵਾ ਰੇਲਗੱਡੀ ਦਾ ਟਿਕਟ ਬੁੱਕ ਕਰਨ ਲਈ, ਹੋਟਲਾਂ ਦਾ ਬਿੱਲ ਅਦਾ ਕਰਨ ਲਈ, ਪੈਟਰੋਲ ਭਰਵਾਉਣ ਲਈ, ਹਵਾਈ ਜਹਾਜ਼ ਦੀ ਟਿਕਟ ਲੈਣ ਲਈ ਅਤੇ ਹੋਰ ਬਹੁਤ ਸਾਰੇ ਅਜਿਹੇ ਕਾਰਜ ਕਰਨ ਲਈ ਮੋਬਾਈਲ ਅਤੇ ਇੰਟਰਨੈੱਟ ਦੀ ਲੋੜ ਹੁੰਦੀ ਹੈ। ਇਸ ਲਈ ਇੰਟਰਨੈੱਟ ਮਨੁੱਖ ਦੀਆਂ ਮੁੱਢਲੀਆਂ ਜਰੂਰਤਾਂ ਵਿੱਚ ਸ਼ਾਮਲ ਹੋ ਗਿਆ ਹੈ। ਯਕੀਨਨ, ਹਰ ਮਨੁੱਖ ਨੂੰ ਜ਼ਮਾਨੇ ਦੇ ਨਾਲ ਤੁਰਨ ਦਾ ਹੁਨਰ ਹੋਣਾ ਚਾਹੀਦਾ ਹੈ ਨਹੀਂ ਤਾਂ ਜ਼ਮਾਨਾ ਅੱਗੇ ਲੰਘ ਜਾਵੇਗਾ ਅਤੇ ਮਨੁੱਖ ਪਿਛਾਂਹ। ਇਸ ਲਈ ਹਰ ਮਨੁੱਖ ਮੋਬਾਈਲ ਅਤੇ ਇੰਟਰਨੈੱਟ ਨਾਲ ਜੁੜਿਆ ਹੋਇਆ ਹੈ।
ਅੱਜ ਦੇ ਸਮੇਂ ਤਿੰਨ ਸਾਲ ਦੇ ਜੁਆਕ ਤੋਂ ਲੈ ਕੇ ਅੱਸੀ ਸਾਲ ਦੇ ਵਡੇਰੇ ਤੱਕ ਦੇ ਲੋਕ, ਇੰਟਰਨੈੱਟ ਅਤੇ ਮੋਬਾਈਲ ਨਾਲ ਆਪਣੇ ਸਮੇਂ ਨੂੰ ‘ਸਾਰਥਕ’ ਕਰਦੇ ਆਮ ਹੀਂ ਨਜ਼ਰੀਂ ਪੈਂਦੇ ਹਨ। ਘਰ ਵਿੱਚ ਕੋਈ ਦੁੱਖ- ਤਕਲੀਫ਼ ਤੋਂ ਲੈ ਕੇ ਵਿਆਹ- ਸ਼ਾਦੀ, ਮਰਨ- ਜੰਮਣ, ਜਨਮਦਿਨ ਅਤੇ ਤਿਉਹਾਰ ਆਦਿਕ ਦੀਆਂ ਗਤੀਵਿਧੀਆਂ ਨੂੰ ਸੋਸ਼ਲ ਮੀਡੀਆ ਤੇ ਅਪਲੋਡ ਕਰਨ ਤੋਂ ਬਿਨਾਂ ਸੰਪੂਰਨ ਨਹੀਂ ਮੰਨਿਆਂ ਜਾਂਦਾ।
ਰਾਗੀ ਸਿੰਘ ਕੀਰਤਨ ਕਰਦਿਆਂ ਲਾਈਵ ਹੁੰਦੇ ਹਨ। ਪਾਠੀ ਸਿੰਘ ਗੁਰੂਘਰ ਵਿੱਚ ਪਾਠ ਕਰਦਿਆਂ ਅਕਸਰ ਹੀ ਫੇਸਬੁਕ ਤੇ ਲਾਈਵ ਹੁੰਦੇ ਹਨ। ਕਈ ਬੰਦੇ ਤਾਂ ਗੱਡੀ ਚਲਾਉਂਦਿਆਂ, ਜੂਸ ਪੀਂਦਿਆਂ, ਨੱਚਦਿਆਂ, ਹੱਸਦਿਆਂ, ਗਾਉਂਦਿਆਂ ਅਤੇ ਮੁਰਦੇ ਨੂੰ ਅਗਨ ਭੇਟ ਕਰਦਿਆਂ ਦੇ ਪ੍ਰਤੱਖ ਦਰਸ਼ਨ ਵੀ ਕਰਵਾ ਦਿੰਦੇ ਹਨ। ਇੱਥੇ ਇਕੱਲੀ ਫੇਸਬੁਕ ਦੀ ਗੱਲ ਨਹੀਂ ਕੀਤੀ ਜਾ ਰਹੀ ਬਲਕਿ ਹੋਰ ਸੋਸ਼ਲ ਸਾਈਟਾਂ ਉੱਪਰ ਹਰ ਰੋਜ਼ ਸੈਂਕੜੇ ਸੰਦੇਸ਼ ਆਉਂਦੇ ਹਨ ਜਿਨ੍ਹਾਂ ਦਾ ਮਨੁੱਖੀ ਜੀਵਨ ਵਿੱਚ ਕੋਈ ਲਾਭ ਨਹੀਂ ਹੁੰਦਾ। ਹਜ਼ਾਰਾਂ ਲੋਕ ਸਵੇਰੇ ‘ਸ਼ੁਭ ਸਵੇਰ’ ਅਤੇ ਰਾਤ ਨੂੰ ‘ਸ਼ੁਭ ਰਾਤ’ ਵਾਲੇ ਸੰਦੇਸ਼ ਭੇਜ ਕੇ ਆਪਣੇ ਅਤੇ ਆਪਣੇ ਸੁਭਚਿੰਤਕਾਂ ਦੇ ਕੀਮਤੀ ਵਕਤ ਨੂੰ ਖ਼ਰਾਬ ਕਰਦੇ ਹਨ ਜਿਵੇਂ ਇਹਨਾਂ ਦੀ ਦੁਆ ਨਾਲ ਹੀ ਰਾਤ ਸ਼ੁਭ ਨਿਕਲਣੀ ਹੋਵੇ। ਇਹ ਸਭ ਵਕਤ ਦੀ ਬਰਬਾਦੀ ਤੋਂ ਇਲਾਵਾ ਹੋ ਕੁਝ ਨਹੀਂ ਹੈ। ਪਰ, ਭਾਰਤੀ ਲੋਕਾਂ ਨੂੰ ਇਸ ਗੱਲ ਨਾਲ ਕੋਈ ਲੈਣਾ- ਦੇਣਾ ਨਹੀਂ ਹੈ। ਉਹ ਤਾਂ ਮੁਫ਼ਤ ਦੀਆਂ ਸਾਈਟਾਂ ਨੂੰ ਆਪਣੇ ਮਨੋਰੰਜਨ ਲਈ ਵਰਤ ਕੇ ਆਪਣੇ ਸਮੇਂ ਅਤੇ ਪੈਸੇ ਨੂੰ ਅਜਾਈਂ ਹੀ ਗੁਆ ਬੈਠਦੇ ਹਨ।
ਸੋਸ਼ਲ ਮੀਡੀਆ ਤੇ ਸਭ ਤੋਂ ਵੱਧ ਵਰਤੀ ਜਾਣ ਵਾਲੀ ਸੋਸ਼ਲ ਸਾਈਟ ‘ਵਟਸਐਪ’ ਤੇ ਬਹੁਤ ਸਾਰੇ ਲੋਕਾਂ ਨੇ ਗਰੁੱਪ ਬਣਾਏ ਹੋਏ ਹਨ। ਇਸ ਵਿੱਚ ਹਰ ਰੋਜ਼ ਹਜ਼ਾਰਾਂ ਵਾਧੂ ਦੇ ਸੰਦੇਸ਼ ਲੋਕਾਂ ਨੂੰ ਭੇਜੇ ਜਾਂਦੇ ਹਨ, ਜਿਨ੍ਹਾਂ ਦਾ ਮਨੁੱਖੀ ਜੀਵਨ ਵਿੱਚ ਕਿਤੇ ਕੋਈ ਮਹੱਤਵ ਨਹੀਂ ਹੁੰਦਾ ਪਰ, ਲੋਕ ਇਹ ‘ਉੱਪਰਾਲਾ’ ਕਰੀ ਜਾਂਦੇ ਹਨ। ਸਿਆਣਿਆਂ ਦਾ ਕਹਿਣਾ ਹੈ ਕਿ ਮੁਫ਼ਤ ਵਿੱਚ ਮਿਲਣ ਵਾਲੀ ਚੀਜ਼ ਦੀ ਕੋਈ ਕਦਰ ਨਹੀਂ ਹੁੰਦੀ। ਸੋਸ਼ਲ ਮੀਡੀਆ ਤੇ ਵਾਧੂ ਦੇ ਕੰਮਾਂ ਦੁਆਰਾ ਇਹ ਗੱਲ ਬਿਲਕੁਲ ਸੱਚ ਜਾਪਦੀ ਹੈ। ਲੋਕਾਂ ਨੇ ਮੁਫ਼ਤ ਦੀਆਂ ਸੋਸ਼ਲ ਸਾਈਟਾਂ ਨੂੰ ਵਾਧੂ ਦੇ ਕੰਮਾਂ ਲਈ ਵਰਤਣਾ ਸ਼ੁਰੂ ਕਰ ਦਿੱਤਾ ਹੈ ਜਿਸ ਨਾਲ ਜਿੱਥੇ ਵਕਤ ਖ਼ਰਾਬ ਹੁੰਦਾ ਹੈ ਉੱਥੇ ਪੈਸਾ ਵੀ ਖ਼ਰਾਬ ਹੁੰਦਾ ਹੈ।
ਇੰਟਰਨੈੱਟ ਉੱਪਰ ਬਹੁਤ ਸਾਰੀਆਂ ਗਿਆਨ ਭਰਪੂਰ ਸਾਈਟਾਂ ਵੀ ਉਪਲਬੱਧ ਹਨ ਪਰ ਬਹੁਤ ਘੱਟ ਲੋਕ/ ਵਿਦਿਆਰਥੀ ਇਹਨਾਂ ਸਾਈਟਾਂ ਦੀ ਸਾਮੱਗਰੀ ਨੂੰ ਪੜ੍ਹਦੇ ਜਾਂ ਦੇਖਦੇ ਹਨ। ਸਕੂਲਾਂ/ ਕਾਲਜਾਂ ਦੇ ਵਿਦਿਆਰਥੀਆਂ ਲਈ ਲਾਹੇਵੰਦ ਪਾਠ ਮੌਜੂਦ ਹਨ ਜਿਨ੍ਹਾਂ ਨੂੰ ਪੜ੍ਹ ਕੇ ਇਮਤਿਹਾਨਾਂ ਵਿੱਚ ਪਾਸ ਹੋਇਆ ਜਾ ਸਕਦਾ ਹੈ ਪਰ, ਬਹੁਤੇ ਲੋਕ ਸੋਸ਼ਲ ਮੀਡੀਆ ਤੇ ਆਪਣੇ ਵਕਤ ਨੂੰ ਬਰਬਾਦ ਹੀ ਕਰ ਦਿੰਦੇ ਹਨ ਪਰ, ਇਹਨਾਂ ਗਿਆਨ ਭਰਪੂਰ ਸਾਈਟਾਂ ਨੂੰ ਕਦੇ ਖੋਲਿਆ ਹੀ ਨਹੀਂ ਜਾਂਦਾ।
ਇੰਟਰਨੈੱਟ ਦੇ ਮਾਧਿਅਮ ਦੁਆਰਾ ਸਾਹਿਤ ਦੀਆਂ ਵੱਡਮੁੱਲੀਆਂ ਪੁਸਤਕਾਂ ਵੀ ਪੜ੍ਹੀਆਂ ਜਾ ਸਕਦੀਆਂ ਹਨ ਅਤੇ ਗੀਤ- ਸੰਗੀਤ ਆਦਿ ਦੀ ਜਾਣਕਾਰੀ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ ਪਰ ਇਹਨਾਂ ਕੰਮਾਂ ਉੱਪਰ ਅਜੋਕੀ ਪੀੜ੍ਹੀ ਆਪਣੇ ਮੋਬਾਈਲ ਦੇ ਇੰਟਰਨੈੱਟ ਨੂੰ ਨਹੀਂ ਵਰਤਦੀ ਬਲਕਿ ਫੇਸਬੁਕ ਤੇ ਲਾਈਵ ਹੋ ਕੇ ਗੱਡੀ ਚਲਾਉਣ ਦੀ ਸਪੀਡ ਨੂੰ ਪੇਸ਼ ਕਰਦੀ ਦੇਖੀ ਜਾ ਸਕਦੀ ਹੈ। ਇੰਟਰਨੈੱਟ ਦੇ ਮਾਧਿਅਮ ਦੁਆਰਾ ਬਹੁਤ ਸਾਰੀਆਂ ਚੀਜ਼ਾਂ ਨੂੰ ਸਿੱਖਣ ਦਾ ਚੰਗਾ ਮੌਕਾ ਹੁੰਦਾ ਹੈ। ਅੰਗਰੇਜ਼ੀ ਸਿੱਖੀ ਜਾ ਸਕਦੀ ਹੈ, ਸਿਲਾਈ- ਕਢਾਈ, ਸੰਗੀਤ, ਪੇਂਟਿੰਗ, ਦੂਜੀਆਂ ਭਾਸ਼ਾਵਾਂ ਦਾ ਗਿਆਨ, ਸਾਹਿਤ ਦੀਆਂ ਪੁਸਤਕਾਂ, ਰੁਜ਼ਗਾਰ ਦੇ ਮੌਕੇ, ਮੋਬਾਈਲ ਰਿਪੇਅਰ ਆਦਿ ਅਨੇਕਾਂ ਕੰਮਾਂ ਨੂੰ ਇੰਟਰਨੈੱਟ ਦੇ ਮਾਧਿਅਮ ਦੁਆਰਾ ਸਿੱਖਿਆ ਜਾ ਸਕਦਾ ਹੈ ਪਰ, ਲੋਕਾਂ ਦਾ ਰੁਝਾਨ ਤਾਂ ਵਟਸਐਪ ਅਤੇ ਫੇਸਬੁਕ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਹੈ।
ਮੋਬਾਈਲ ਕ੍ਰਾਂਤੀ ਨੇ ਮਨੁੱਖ ਦੇ ਮੂਲ ਸਰੋਕਾਰ ਹੀ ਬਦਲ ਕੇ ਰੱਖ ਦਿੱਤੇ ਹਨ। ਨੈਤਿਕ ਕਦਰਾਂ- ਕੀਮਤਾਂ ਨੂੰ ਛਿੱਕੇ ਟੰਗਿਆ ਜਾ ਰਿਹਾ ਹੈ ਅਤੇ ਨੈਤਿਕਤਾ ਅਲੋਪ ਹੁੰਦੀ ਜਾ ਰਹੀ ਹੈ। ਹਰ ਰੋਜ਼ ਸੜਕਾਂ ਉੱਪਰ ਵਾਪਰਦੀਆਂ ਘਟਨਾਵਾਂ ਨੂੰ ਵੀਡੀਓ ਰਾਹੀਂ ਸੋਸ਼ਲ ਮੀਡੀਆ ਉੱਪਰ ਅਪਲੋਡ ਕੀਤਾ ਜਾਂਦਾ ਹੈ। ਨਹਿਰ ਵਿੱਚ ਡੁੱਬ ਰਹੇ ਕਿਸੇ ਮਨੁੱਖ ਨੂੰ ਬਚਾਉਣ ਲਈ ਕੋਈ ਬੰਦਾ ਅੱਗੇ ਨਹੀਂ ਆਉਂਦਾ ਪਰ ਵੀਡੀਓ ਬਣਾਉਣ ਵਿੱਚ ਹਰ ਕੋਈ ਮਸ਼ਗੂਲ ਹੁੰਦਾ ਹੈ। ਹਰ ਰੋਜ਼ ਲੜਾਈ- ਝਗੜੇ ਦੀਆਂ ਸੈਂਕੜੇ ਵੀਡੀਓ ਅਸੀਂ ਆਪਣੇ ਮੋਬਾਈਲ ਫ਼ੋਨ ਵਿੱਚ ਦੇਖ ਸਕਦੇ ਹਾਂ।
ਅਖ਼ਬਾਰਾਂ, ਮੈਗਜ਼ੀਨਾਂ ਅਤੇ ਸਰਵੇਖਣ ਪ੍ਰੱਤਿਕਾਵਾਂ ਵਿੱਚ ਇਹ ਪੜ੍ਹ ਕਿ ਬੜਾ ਅਫ਼ਸੋਸ ਹੁੰਦਾ ਹੈ ਕਿ ਅਜੋਕਾ ਮਨੁੱਖ ਇੱਕਲਾਪੇ ਦਾ ਸ਼ਿਕਾਰ ਹੁੰਦਾ ਜਾ ਰਿਹਾ ਹੈ। ਇਸ ਇੱਕਲਾਪੇ ਦੀ ਵਜ੍ਹਾ ਕਰਕੇ ਹਜ਼ਾਰਾਂ ਲੋਕ ਆਤਮਹੱਤਿਆ ਵਰਗੇ ਕਦਮ ਵੀ ਚੁੱਕ ਲੈਂਦੇ ਹਨ। ਮਨੁੱਖ ਨੂੰ ਮਾਨਸਿਕ ਰੋਗਾਂ ਨੇ ਘੇਰ ਲਿਆ ਹੈ। ਕੋਈ ਵੀ ਬੰਦਾ ਆਪਣੇ ਮਨ ਦੀ ਪੀੜ੍ਹਾਂ ਨੂੰ ਜਾਹਿਰ ਨਹੀਂ ਕਰਦਾ ਬਲਕਿ ਆਪਣੇ ਹੀ ਸੰਸਾਰ ਵਿੱਚ ਗੁਆਚਿਆ ਰਹਿੰਦਾ ਹੈ। ਇਸ ਲਈ ਅੱਜਕਲ੍ਹ ਖੁਦਕੁਸ਼ੀਆਂ ਦਾ ਰੁਝਾਨ ਵੱਧਦਾ ਹੀ ਜਾ ਰਿਹਾ ਹੈ। ਇਹ ਬਹੁਤ ਮੰਦਭਾਗਾ ਰੁਝਾਨ ਹੈ। ਵਿਦਵਾਨਾਂ ਦਾ ਕਥਨ ਹੈ ਕਿ ਖੁਸ਼ੀ ਵੰਡਣ ਨਾਲ ਵੱਧ ਜਾਂਦੀ ਹੈ ਅਤੇ ਦੁੱਖ ਵੰਡਨ ਨਾਲ ਘੱਟ ਜਾਂਦਾ ਹੈ। ਪਰ, ਅਜੋਕਾ ਮਨੁੱਖ ਨਾ ਤਾਂ ਆਪਣੀ ਖੁਸ਼ੀ ਕਿਸੇ ਨਾਲ ਜਾਹਿਰ ਕਰਦਾ ਹੈ ਅਤੇ ਨਾ ਹੀ ਦੁੱਖ। ਉਹ ਤਾਂ ਇੰਟਰਨੈੱਟ ਦੀ ਕਲਪਿੱਤ ਦੁਨੀਆਂ ਵਿੱਚ ਮਸਤ ਰਹਿੰਦਾ ਹੈ। ਮਨੁੱਖ ਕੋਲ ਆਪਣੇ ਮਨੋਭਾਵਾਂ ਦੇ ਪ੍ਰਗਟਾਵੇ ਦਾ ਇੱਕੋ ਹੀ ਮਾਧਿਅਮ ਹੈ ਅਤੇ ਉਹ ਹੈ ਸੋਸ਼ਲ ਮੀਡੀਆ। ਇਸ ਮਾਧਿਅਮ ਰਾਹੀਂ ਉਹ ਸਮੁੱਚੇ ਸੰਸਾਰ ਨਾਲ ਜੁੜਨ ਦਾ ਉੱਪਰਾਲਾ ਕਰਦਾ ਰਹਿੰਦਾ ਹੈ। ਇਸ ਉੱਪਰਾਲੇ ਵਿੱਚ ਉਹ ਇੰਨਾ ਮਸਤ ਹੋ ਜਾਂਦਾ ਹੈ ਕਿ ਆਪਣੇ ਆਲੇ- ਦੁਆਲੇ ਦੀ ਹਕੀਕਤ ਤੋਂ ਅਵੇਸਲਾ ਹੋ ਜਾਂਦਾ ਹੈ। ਇਸ ਅਵੇਸਲੇਪਣ ਦੇ ਕਰਕੇ ਮਨੁੱਖ ਇੱਕਲਾਪੇ ਦਾ ਸ਼ਿਕਾਰ ਹੋ ਜਾਂਦਾ ਹੈ ਅਤੇ ਇਹ ਇੱਕਲਾਪਾ ਆਖ਼ਰ ਨੂੰ ਆਤਮਹੱਤਿਆ ਵਰਗੀ ਦੁਰਘਟਨਾ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ।
ਅੱਜਕਲ੍ਹ ਹਰ ਮਨੁੱਖ ਆਪਣੇ ਹੀ ਕਲਪਿੱਤ ਸੰਸਾਰ ਵਿੱਚ ਗੁਆਚਿਆ ਹੋਇਆ ਹੈ ਕਿਸੇ ਨੂੰ ਆਪਣੇ ਆਸ- ਪਾਸ ਹੁੰਦੀ ਹਲਚੱਲ ਦੀ ਰਤਾ ਭਰ ਵੀ ਪਰਵਾਹ ਨਹੀਂ ਹੁੰਦੀ। ਬੱਸ, ਰੇਲ ਵਿੱਚ ਬੈਠਾ ਮੁਸਾਫ਼ਰ ਆਪਣੇ ਨਾਲ ਦੀ ਸੀਟ ਤੇ ਬੈਠੇ ਸਖ਼ਸ਼ ਨੂੰ ਬੁਲਾ ਕੇ ਵੀ ਖੁਸ਼ ਨਹੀਂ। ਇੱਕੋ ਸੀਟ ਤੇ ਬੈਠੇ ਦੋ ਸਖ਼ਸ਼ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਬਿਨਾਂ ਬੋਲੇ ਹੀ ਸੰਪਰੂਨ ਕਰਕੇ ਸਹਿਜਤਾ ਨਾਲ ਹੇਠਾਂ ਉਤਰ ਜਾਂਦੇ ਹਨ ਕਿਉਂਕਿ ਦੋਵੇਂ ਹੀਂ ਆਪਣੇ ਮੋਬਾਈਲਾਂ ਵਿੱਚ ਮਸ਼ਗੂਲ ਸਨ।
ਅੱਜਕਲ੍ਹ ਐਸਾ ਦੌਰ ਚੱਲ ਰਿਹਾ ਹੈ ਕਿ ਸਾਡੇ ਘਰਾਂ ਵਿੱਚ ਵੀ ਕੋਈ ਆਪਸ ਵਿੱਚ ਬੈਠ ਕੇ ਗੱਲਾਂ- ਬਾਤਾਂ ਨਹੀਂ ਕਰਦਾ ਬਲਕਿ ਹਰ ਸਖ਼ਸ਼ ਆਪਣੇ ਮੋਬਾਈਲ ਵਿੱਚ ਮਸਤ ਹੁੰਦਾ ਹੈ। ਘਰ ਦੇ ਵੱਡੇ- ਵਡੇਰੇ ਆਪਣੇ ਪੁੱਤ- ਪੋਤਰਿਆਂ ਤੋਂ ਗੱਲਾਂ- ਬਾਤਾਂ ਦੀ ਆਸ ਕਰਦੇ ਹਨ ਪਰ ਇੰਟਰਨੈੱਟ ਨੇ ਅਜਿਹਾ ਜਾਲ਼ ਵਿਛਾਇਆ ਹੈ ਕਿ ਹਰ ਸਖ਼ਸ਼ ਇਸ ਵਿੱਚ ਕੈਦ ਹੋ ਕੇ ਰਹਿ ਗਿਆ ਹੈ। ਕਿਸੇ ਕੋਲ ਵੀ ਦੂਜੇ ਦਾ ਦੁੱਖ- ਸੁੱਖ ਸੁਣਨ ਦਾ ਵਕਤ ਨਹੀਂ ਹੈ। ਹਰ ਮਨੁੱਖ ਕਲਪਣਾ ਦੀ ਦੁਨੀਆਂ ਵਿੱਚ ਖੁਸ਼ ਹੁੰਦਾ ਹੈ, ਮਸਤ ਹੁੰਦਾ ਹੈ।
ਮਨੁੱਖ ਦੇ ਇੰਟਰਨੈੱਟ ਦੀ ਦੁਨੀਆਂ ਵਿੱਚ ਗੁਆਚ ਜਾਣ ਦਾ ਸਭ ਤੋਂ ਵੱਧ ਲਾਭ ਮੋਬਾਈਲ ਕੰਪਨੀਆਂ ਅਤੇ ਨੈੱਟਵਰਕ ਕੰਪਨੀਆਂ ਪ੍ਰਾਪਤ ਕਰਦੀਆਂ ਹਨ। ਅੱਜ ਦੇ ਦੌਰ ਵਿੱਚ ਹਰ ਮਨੁੱਖ ਕੋਲ ਮਹਿੰਗਾ ਮੋਬਾਈਲ ਹੈ ਅਤੇ ਵਧੀਆ ਕੰਪਨੀ ਦਾ ਇੰਟਰਨੈੱਟ ਮੌਜੂਦ ਹੈ। ਮੋਬਾਈਲ ਕੰਪਨੀਆਂ ਦਾ ਹਰ ਰੋਜ਼ ਕਰੋੜਾਂ ਰੁਪਏ ਦਾ ਵਿਉਪਾਰ ਹੁੰਦਾ ਹੈ ਅਤੇ ਹਰ ਰੋਜ਼ ਕਰੋੜਾਂ ਰੁਪਏ ਦੇ ਇੰਟਰਨੈੱਟ ਰੀਚਾਰਜ ਰਾਹੀਂ ਕੰਪਨੀਆਂ ਮਾਲਾਮਾਲ ਹੋ ਰਹੀਆਂ ਹਨ। ਹਰ ਕੰਪਨੀ ਆਪਣੇ ਗ੍ਰਾਹਕਾਂ ਨੂੰ ਮਨ- ਭਾਉਂਦੇ ਆਫ਼ਰ ਦੇ ਰਹੀਆਂ ਹਨ ਤਾਂ ਕਿ ਜਾਲ ਵਿੱਚ ਫਸੀ ਮੱਛੀ ਨੂੰ ਬਾਹਰ ਨਾ ਨਿਕਲਣ ਦਿੱਤਾ ਜਾਵੇ। ਪਰ, ਮਨੁੱਖ ਅਵੇਸਲੇ ਸ਼ਿਕਾਰ ਵਾਂਗ ਇਹਨਾਂ ਦੇ ਜ਼ਾਲ ਵਿੱਚ ਫੱਸਿਆ ਹੋਇਆ ਹੈ। ਮਨੁੱਖ ਜਿੱਥੇ ਆਰਥਿਕ ਲੁੱਟ ਦਾ ਸ਼ਿਕਾਰ ਹੋ ਰਿਹਾ ਹੈ ਉੱਥੇ ਮਾਨਸਿਕ ਰੂਪ ਵਿੱਚ ਵੀ ਇਹਨਾਂ ਦਾ ਗੁਲਾਮ ਬਣਦਾ ਜਾ ਰਿਹਾ ਹੈ। ਸਮਾਜਕ ਜੀਵਨ ਖ਼ਤਮ ਹੋ ਗਿਆ ਹੈ ਜਾਂ ਫਿਰ ਖ਼ਤਮ ਹੋਣ ਦੇ ਕੰਢੇ ‘ਤੇ ਹੈ।
ਸੋਸ਼ਲ ਮੀਡੀਆ ਉੱਪਰ ਪਿਛਲੇ ਸਾਲ ਇੱਕ ਖ਼ਬਰ ਆਈ ਸੀ ਕਿ ਇੱਕ ਨੌਜਵਾਨ ਨੇ ਮਹਿੰਗਾ ਮੋਬਾਈਲ ਲੈਣ ਲਈ ਆਪਣੀ ਕਿਡਨੀ ਵੇਚਣੀ ਲਾ ਦਿੱਤੀ ਸੀ। ਕੈਸਾ ਜ਼ਮਾਨਾ ਆ ਗਿਆ ਹੈ?, ਮਨੁੱਖ ਇੰਟਰਨੈੱਟ ਦੀ ਦੁਨੀਆਂ ਵਿੱਚ ਦਾਖ਼ਲ ਹੋਣ ਲਈ ਆਪਣੇ ਸਰੀਰ ਨੂੰ ਵੀਂ ਵੇਚਣ ਲਈ ਤਿਆਰ ਹੋ ਗਿਆ ਹੈ। ਇਹ ਬਹੁਤ ਮੰਦਭਾਗਾ ਰੁਝਾਨ ਹੈ ਅਤੇ ਇਹ ਰੁਝਾਨ ਪਤਾ ਨਹੀਂ ਕਿੱਥੇ ਜਾ ਕੇ ਰੁਕੇਗਾ? ਇਹ ਤਾਂ ਭਵਿੱਖ ਦੀ ਕੁੱਖ ਵਿੱਚ ਹੈ। ਪਰ, ਹਾਲ ਦੀ ਘੜੀ ਵਿੱਚ ਇੰਟਰਨੈੱਟ ਦੀ ਤੇਜ ਸਪੀਡ ਨੇ ਮਨੁੱਖ ਨੂੰ ਆਪਣੇ ਚੋਗਿਰਦੇ ਵਿੱਚ ਰਹਿਣ ਲਈ ਮਜ਼ਬੂਰ ਕਰ ਦਿੱਤਾ ਹੈ ਅਤੇ ਆਪਣਾ ਗੁਲਾਮ ਬਣਾ ਕੇ ਰੱਖ ਲਿਆ ਹੈ। ਮਨੁੱਖ ਨੂੰ ਆਪਣੇ ਮੋਬਾਈਲ ਦੀ ਟੱਚ ਉੱਪਰ ਪੂਰੀ ਦੁਨੀਆਂ ਤੁਰੀ ਫਿਰਦੀ ਨਜ਼ਰ ਆਉਂਦੀ ਹੈ। ਇਸ ਮੋਬਾਈਲ ਅਤੇ ਇੰਟਰਨੈੱਟ ਰਾਹੀਂ ਸੰਸਾਰ ਦੀ ਕਿਸੇ ਵੀ ਨੁੱਕਰ ਵਿੱਚ ਬੈਠੇ ਮਨੁੱਖ ਨਾਲ ਰਾਬਤਾ ਕਾਇਮ ਕੀਤਾ ਜਾ ਸਕਦਾ ਹੈ। ਪਰ, ਮਨੁੱਖ ਨਾਲੋਂ ਮਨੁੱਖ ਦਾ ਰੂਹਾਨੀ ਰਿਸ਼ਤਾ ਟੁੱਟਦਾ ਜਾ ਰਿਹਾ ਹੈ। ਮਨੁੱਖ ਇਕੱਲਾ ਅਤੇ ਲਾਚਾਰ ਹੋ ਕੇ ਰਹਿ ਗਿਆ ਹੈ। ਇਸ ਦਾ ਮੂਲ ਕਾਰਨ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਦਾ ਹੱਦੋਂ ਵੱਧ ਇਸੇਤਮਾਲ ਹੈ। ਇੱਕ ਹੱਦ ਤੱਕ ਇਹ ਸਹੁਲਤ ਵਰਦਾਨ ਹੈ ਪਰ ਹੱਦੋਂ ਵੱਧ ਇਸੇਤਮਾਲ ਸਰਾਪ ਬਣ ਜਾਂਦਾ ਹੈ। ਇਹ ਗੱਲ ਸੌ ਫ਼ੀਸਦੀ ਸੱਚ ਹੈ ਕਿ ਅੱਜ ਦੇ ਸਮੇਂ ਸੋਸ਼ਲ ਮੀਡੀਆ ਸਰਾਪ ਦਾ ਰੂਪ ਧਾਰਨ ਕਰ ਗਿਆ ਹੈ। ਸੋਸ਼ਲ ਮੀਡੀਆ ਨੇ ਮਨੁੱਖ ਦੇ ਜੀਵਨ ਦਾ ਕੀਮਤੀ ਵਕਤ ਗੁਆ ਦਿੱਤਾ ਹੈ ਅਤੇ ਕੀਮਤੀ ਰਿਸ਼ਤੇ- ਨਾਤਿਆਂ ਨੂੰ ਤੋੜ ਕੇ ਰੱਖ ਦਿੱਤਾ ਹੈ।
ਮਨੁੱਖ ਕੋਲ ਅਜੇ ਵੀ ਸਮਾਂ ਹੈ ਇਹਨਾਂ ਵਾਧੂ ਦੇ ਕੰਮਾਂ ਨੂੰ ਤਿਆਗ ਕੇ ਸੋਸ਼ਲ ਮੀਡੀਆ ਦਾ ਸਾਰਥਕ ਪ੍ਰਯੋਗ ਕਰਕੇ ਮਨੁੱਖੀ ਜੀਵਨ ਨੂੰ ਸੁਖਾਲਾ ਬਣਾਇਆ ਜਾ ਸਕਦਾ ਹੈ, ਨਹੀਂ ਤਾਂ ਇਹ ਰੁਝਾਨ ਬਹੁਤ ਭਿਆਨਕ ਸਿੱਟੇ ਲੈ ਕੇ ਮਨੁੱਖ ਦੇ ਜੀਵਨ ਨੂੰ ਨਰਕ ਵਿੱਚ ਤਬਦੀਲ ਕਰ ਦੇਵੇਗਾ। ਉਸ ਵੇਲੇ ਸਾਡੇ ਹੱਥ ਪਛਤਾਵੇ ਤੋਂ ਸਿਵਾਏ ਕੁਝ ਨਹੀਂ ਆਵੇਗਾ। ਮਨੁੱਖ ਨੂੰ ਆਪਣੇ ਵਕਤ ਦੀ ਅਹਿਮੀਅਤ ਦਾ ਖਿਆਲ ਕਰਨਾ ਚਾਹੀਦਾ ਹੈ। ਆਪਣੇ ਆਲੇ- ਦੁਆਲੇ ਅਤੇ ਸਮਾਜ ਪ੍ਰਤੀ ਆਪਣੇ ਫ਼ਰਜ਼ਾਂ ਨੂੰ ਸਮਝਣਾ ਚਾਹੀਦਾ ਹੈ। ਸੋਸ਼ਲ ਮੀਡੀਆ ਦਾ ਸਾਰਥਕ ਪ੍ਰਯੋਗ ਕਰਨਾ ਚਾਹੀਦਾ ਹੈ। ਮੋਬਾਈਲ ਅਤੇ ਇੰਟਰਨੈੱਟ ਦਾ ਪ੍ਰਯੋਗ ਸੀਮਤ ਵਕਤ ਅਤੇ ਸੀਮਤ ਪੈਸੇ ਰਾਹੀਂ ਕਰਨਾ ਚਾਹੀਦਾ ਹੈ ਤਾਂ ਸਰੀਰਕ ਅਤੇ ਮਾਨਕਿਸ ਪ੍ਰੇਸ਼ਾਨੀ ਤੋਂ ਛੁੱਟਕਾਰਾ ਮਿਲ ਸਕੇ ਅਤੇ ਮਨੁੱਖ, ਸਹੀ ਅਰਥਾਂ ਵਿੱਚ ਮਨੁੱਖ ਹੋਣ ਤੇ ਫ਼ਰਜ਼ ਨਿਭਾ ਸਕੇ। ਸਮਾਜ ਵਿੱਚ ਆਪਣੀ ਹੋਂਦ ਦਾ ਅਹਿਸਾਸ ਕਰਵਾ ਸਕੇ ਅਤੇ ਸਮਾਜ ਵਿੱਚ ਰਹਿੰਦੇ ਦੂਜੇ ਲੋਕਾਂ ਲਈ ਰਾਹ- ਦਸੇਰਾ ਬਣ ਸਕੇ। ਪਰ ਇਹ ਹੁੰਦਾ ਕਦੋਂ ਹੈ?, ਇਹ ਅਜੇ ਭਵਿੱਖ ਦੀ ਕੁੱਖ ਵਿੱਚ ਹੈ।

ਡਾ. ਨਿਸ਼ਾਨ ਸਿੰਘ ਰਾਠੌਰ
# 1054/1, ਵਾ. ਨੰ. 15- ਏ
ਭਗਵਾਨ ਨਗਰ ਕਾਲੌਨੀ
ਪਿੱਪਲੀ, ਕੁਰੂਕਸ਼ੇਤਰ
75892- 33437

Share Button

Leave a Reply

Your email address will not be published. Required fields are marked *

%d bloggers like this: