ਇਨ੍ਹਾਂ ਇਲਾਕਿਆਂ ‘ਚ ਪਾਵਰਕਾਮ ਨੇ ਚੁੱਪ ਚੁਪੀਤੇ ਲਾਏ ਮੋਟਰਾਂ ਦੇ 4000 ਮੀਟਰ

ਇਨ੍ਹਾਂ ਇਲਾਕਿਆਂ ‘ਚ ਪਾਵਰਕਾਮ ਨੇ ਚੁੱਪ ਚੁਪੀਤੇ ਲਾਏ ਮੋਟਰਾਂ ਦੇ 4000 ਮੀਟਰ

ਪਾਵਰਕੌਮ ਨੇ ਮਾਲਵਾ ਖੇਤਰ ਵਿੱਚ ਚਾਰ ਹਜ਼ਾਰ ਖੇਤੀ ਮੋਟਰਾਂ ’ਤੇ ਬਿਜਲੀ ਮੀਟਰ ਲਾ ਦਿੱਤੇ ਹਨ, ਜਿਨ੍ਹਾਂ ਦਾ ਪਹਿਲੇ ਪੜਾਅ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ। ਪਾਵਰਕੌਮ ਦੇ ਪੱਛਮੀ ਜ਼ੋਨ ਵਿੱਚ ਸੈਂਕੜੇ ਫੀਡਰ ਪੈਂਦੇ ਹਨ, ਜਿਨ੍ਹਾਂ ਵਿੱਚੋਂ ਖੇਤੀ ਫੀਡਰਾਂ ਦੀ ਸ਼ਨਾਖ਼ਤ ਕੀਤੀ ਗਈ ਸੀ।

ਪੱਛਮੀ ਜ਼ੋਨ ਵਿੱਚੋਂ 19 ਖੇਤੀ ਫੀਡਰਾਂ ਦੀ ਮੁੱਢਲੇ ਪੜਾਅ ’ਤੇ ਸ਼ਨਾਖ਼ਤ ਕੀਤੀ ਗਈ ਹੈ, ਜਿਨ੍ਹਾਂ ਵਿੱਚ 4075 ਬਿਜਲੀ ਮੋਟਰਾਂ ’ਤੇ ਮੀਟਰ ਲਾਏ ਗਏ ਹਨ। ਇਨ੍ਹਾਂ ਫੀਡਰਾਂ ਵਿੱਚ 66 ਕੇ.ਵੀ., 220 ਕੇ.ਵੀ. ਅਤੇ 132 ਕੇ.ਵੀ. ਦੇ ਗਰਿੱਡ ਹਨ। ਪਾਵਰਕੌਮ ਨੇ ਚੁੱਪ-ਚੁਪੀਤੇ ਅਜਿਹੇ ਪਿੰਡਾਂ ਵਿੱਚ ਮੋਟਰਾਂ ’ਤੇ ਮੀਟਰ ਲਾਏ ਹਨ, ਜਿਨ੍ਹਾਂ ਪਿੰਡਾਂ ਵਿੱਚ ਕਿਸਾਨ ਯੂਨੀਅਨ ਦਾ ਬਹੁਤਾ ਜ਼ੋਰ ਨਹੀਂ ਹੈ। ਵੇਰਵਿਆਂ ਅਨੁਸਾਰ ਜ਼ਿਲ੍ਹਾ ਬਠਿੰਡਾ, ਫ਼ਰੀਦਕੋਟ, ਫ਼ਿਰੋਜ਼ਪੁਰ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਖੇਤੀਬਾੜੀ ਫੀਡਰਾਂ ਉੱਤੇ 100 ਪ੍ਰਤੀਸ਼ਤ ਮੀਟਰ ਲਾਏ ਜਾਣ ਦਾ ਕੰਮ ਮੁਕੰਮਲ ਹੋ ਗਿਆ ਹੈ।

ਪੱਛਮੀ ਜ਼ੋਨ ਦੇ ਮੁੱਖ ਇੰਜਨੀਅਰ ਆਰ.ਕੇ. ਜਿੰਦਲ ਦਾ ਕਹਿਣਾ ਹੈ ਕਿ ਪੱਛਮੀ ਜ਼ੋਨ ਵਿੱਚ 21 ਡਿਵੀਜ਼ਨਾਂ ਪੈਂਦੀਆਂ ਹਨ ਅਤੇ ਹਰ ਡਿਵੀਜ਼ਨ ਵਿੱਚੋਂ ਕਰੀਬ ਇੱਕ ਖੇਤੀ ਫੀਡਰ ਦੀ ਚੋਣ ਕੀਤੀ ਗਈ ਸੀ, ਜਿੱਥੇ ਮੋਟਰਾਂ ’ਤੇ ਮੀਟਰ ਲਾਏ ਗਏ ਹਨ। ਸੂਤਰ ਦੱਸਦੇ ਹਨ ਕਿ ਹੁਣ ਦੂਸਰੇ ਪੜਾਅ ’ਤੇ ਹੋਰ ਖੇਤੀ ਫੀਡਰਾਂ ਦੀ ਸ਼ਨਾਖ਼ਤ ਕੀਤੀ ਜਾਣੀ ਹੈ। ਇਹ ਵੀ ਪਤਾ ਲੱਗਿਆ ਹੈ ਕਿ ਮਾਝੇ ਅਤੇ ਦੋਆਬੇ ਵਿੱਚ ਜ਼ਿਆਦਾ ਮੋਟਰਾਂ ’ਤੇ ਮੀਟਰ ਲਾਏ ਗਏ ਹਨ।

ਮਾਲਵਾ ਖ਼ਿੱਤੇ ਵਿੱਚ ਕਿਸਾਨ ਧਿਰਾਂ ਦਾ ਵਧੇਰੇ ਦਬਾਅ ਹੈ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਹੈ ਕਿ ਨਿੱਜੀਕਰਨ ਦੀ ਨੀਤੀ ਦਾ ਇਹ ਮੁੱਢਲਾ ਕਦਮ ਚੁੱਕਿਆ ਗਿਆ ਹੈ। ਉਨ੍ਹਾਂ ਆਖਿਆ ਕਿ ਸਰਕਾਰ ਆਖ ਰਹੀ ਹੈ ਕਿ ਤਕਨੀਕੀ ਘਾਟਿਆਂ ਨੂੰ ਜਾਂਚਣ ਲਈ ਮੀਟਰ ਲਾਏ ਜਾ ਰਹੇ ਹਨ ਜਦੋਂਕਿ ਸਰਕਾਰ ਮੋਟਰਾਂ ’ਤੇ ਬਿੱਲ ਲਾਏ ਜਾਣ ਲਈ ਰਾਹ ਪੱਧਰਾ ਕਰ ਰਹੀ ਹੈ। ਉਨ੍ਹਾਂ ਨੂੰ ਜਿੱਥੇ ਵੀ ਮੀਟਰ ਲਾਏ ਜਾਣ ਦਾ ਪਤਾ ਲੱਗੇਗਾ, ਉੱਥੇ ਵਿਰੋਧ ਕੀਤਾ ਜਾਵੇਗਾ।

ਉਨ੍ਹਾਂ ਕਿਸਾਨਾਂ ਨੂੰ ਵੀ ਸੁਚੇਤ ਰਹਿਣ ਲਈ ਆਖਿਆ ਹੈ। ਊਰਜਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਅੱਜ ਪਿੰਡ ਦਿਆਲਪੁਰਾ ਭਾਈਕਾ ਵਿੱਚ ਆਖਿਆ ਕਿ ਖੇਤੀ ਫੀਡਰਾਂ ’ਤੇ ਲਾਏ ਮੀਟਰਾਂ ਦਾ ਕਿਸਾਨਾਂ ਨੂੰ ਕੋਈ ਬਿੱਲ ਨਹੀਂ ਆਵੇਗਾ ਅਤੇ ਸਰਕਾਰ ਕਿਸਾਨਾਂ ਨੂੰ ਮੁਫ਼ਤ ਬਿਜਲੀ ਦੀ ਸਹੂਲਤ ਦੇਣ ਲਈ ਵਚਨਬੱਧ ਹੈ। ਉਨ੍ਹਾਂ ਆਖਿਆ ਕਿ ਬਿਜਲੀ ਦੇ ਸੰਚਾਲਨ ਅਤੇ ਵੰਡ ਦੌਰਾਨ ਪੈਂਦੇ ਘਾਟਿਆਂ ਨੂੰ ਮਾਪਣ ਲਈ ਇਹ ਮੀਟਰ ਲਾਏ ਜਾ ਰਹੇ ਹਨ।

ਊਰਜਾ ਮੰਤਰੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਕੰਮ ਵਿੱਚ ਪਾਵਰਕੌਮ ਮੁਲਾਜ਼ਮਾਂ ਦਾ ਸਾਥ ਦੇਣ। ਉਨ੍ਹਾਂ ਆਖਿਆ ਕਿ ਇਸ ਮਾਮਲੇ ’ਤੇ ਵਿਰੋਧੀ ਧਿਰਾਂ ਵੱਲੋਂ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ, ਜਿਸ ਵਿੱਚ ਕੋਈ ਸੱਚਾਈ ਨਹੀਂ ਹੈ।

Share Button

Leave a Reply

Your email address will not be published. Required fields are marked *

%d bloggers like this: