ਗੁਰਜੰਟ ਸਿੰਘ ਆਸਟ੍ਰੇਲੀਆ ਪ੍ਰਤੀ ਝੂਠੇ ਕੇਸਾਂ ਦੀ ਨਿਰਪੱਖ ਜਾਂਚ ਹੋਵੇ : ਬਾਬਾ ਹਰਨਾਮ ਸਿੰਘ ਖ਼ਾਲਸਾ

ਗੁਰਜੰਟ ਸਿੰਘ ਆਸਟ੍ਰੇਲੀਆ ਪ੍ਰਤੀ ਝੂਠੇ ਕੇਸਾਂ ਦੀ ਨਿਰਪੱਖ ਜਾਂਚ ਹੋਵੇ : ਬਾਬਾ ਹਰਨਾਮ ਸਿੰਘ ਖ਼ਾਲਸਾ
ਪੰਜਾਬ ਪੁਲੀਸ ਅਤੇ ਐਨ ਆਏ ਏ ਵੱਲੋਂ ਸਿਖ ਨੌਜਵਾਨਾਂ ਨੂੰ ਆਏ ਦਿਨ ਨਿਸ਼ਾਨਾ ਬਣਾਉਣਾ ਮੰਦਭਾਗਾ

ਅੰਮ੍ਰਿਤਸਰ 19 ਮਈ (ਸਰਚਾਂਦ ਸਿੰਘ): ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਵਿਦੇਸ਼ਾਂ ‘ਚ ਸਿਖਿਆ ਹਾਸਲ ਕਰਨ ਗਏ ਅਤੇ ਰੋਜੀ ਰੋਟੀ ਲਈ ਸਖ਼ਤ ਮਿਹਨਤ ਕਰ ਰਹੇ ਪੰਜਾਬੀ ਅਤੇ ਸਿਖ ਨੌਜਵਾਨਾਂ ਨੂੰ ਪੰਜਾਬ ਪੁਲੀਸ ਅਤੇ ਨੈਸ਼ਨਲ ਇਨਵੈਸਟੀਕੇਸ਼ਨ ਏਜੰਸੀ ( ਐਨ ਆਈ ਏ) ਵੱਲੋਂ ਨਿਸ਼ਾਨਾ ਬਣਾਏ ਜਾਣ ‘ਤੇ ਸਖ਼ਤ ਰੋਸ ਦਾ ਪ੍ਰਗਟਾਵਾ ਕੀਤਾ ਹੈ।
ਉਨ੍ਹਾਂ ਆਸਟ੍ਰੇਲੀਆ ਦੇ ਯੂਨੀਵਰਸਿਟੀ ਆਫ਼ ਸਾਊਥ ਆਸਟ੍ਰੇਲੀਆ ਤੋਂ ਮਾਸਟਰ ਆਫ਼ ਮੈਨੇਜਮੈਂਟ ਦੀ ਡਿਗਰੀ ਹਾਸਲ ਕਰਨ ਉਪਰੰਤ ਉੱਥੇ ਓਵਰ ਡਰਾਈਵਰ ਵਜੋਂ ਟੈਕਸੀ ਚਲਾ ਕੇ ਰੋਜੀ ਰੋਟੀ ਕਮਾ ਰਹੇ ਗੁਰਜੰਟ ਸਿੰਘ ਵਾਸੀ ਬਹਿਲੋਲ ਪੁਰ ਜ਼ਿਲ੍ਹਾ ਲੁਧਿਆਣਾ ‘ਤੇ ਐਨ ਆਈ ਏ ਵੱਲੋਂ ਝੂਠੇ ਕੇਸਾਂ ਵਿਚ ਫਸਾਉਣ ਦੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਉਕਤ ਸਿਖ ਨੌਜਵਾਨਾਂ ਨੂੰ ਇਨਸਾਫ਼ ਦਿਵਾਉਣ ਲਈ ਉਨ੍ਹਾਂ ਦੇ ਕੇਸਾਂ ‘ਚ ਨਿੱਜੀ ਦਿਲਚਸਪੀ ਲੈਂਦਿਆਂ ਕਿਸੇ ਨਿਰਪੱਖ ਏਜੰਸੀ ਤੋਂ ਜਾਂਚ ਪੜਤਾਲ ਕਰਾਵਾ ਕੇ ਇਨਸਾਫ਼ ਦਿਵਾਉਣ ਦੀ ਮੰਗ ਕੀਤੀ ਹੈ।

ਦਮਦਮੀ ਟਕਸਾਲ ਦੇ ਮੁਖੀ ਨੇ ਕਿਹਾ ਕਿ ਪੰਜਾਬ ਪੁਲਿਸ ਅਤੇ ਐਨ ਆਈ ਏ ਵੱਲੋਂ ਪੰਜਾਬ ਵਿਚ ਹੋਈਆਂ ਟਾਰਗੈਟ ਕਿਲਿੰਗਜ ਦੇ ਤਿੰਨ ਮਾਮਲਿਆਂ ਗੁਰਜੰਟ ਸਿੰਘ ਬਹਿਲੋਲ ਪੁਰ ਦਾ ਨਾਮ ਵੀ ਸ਼ਾਮਿਲ ਕਰਦਿਆਂ ਉਸ ਨੂੰ ਝੂਠੇ ਕੇਸਾਂ ਵਿਚ ਫਸਾਇਆ ਜਾ ਰਿਹਾ ਹੈ। ਜਿਨ੍ਹਾਂ ‘ਚ ਪਹਿਲਾਂ ਹੀ ਬਰਤਾਨਵੀ ਨਾਗਰਿਕ ਨਿਰਦੋਸ਼ ਨੌਜਵਾਨ ਜਗਤਾਰ ਸਿੰਘ ਜੱਗੀ ਜੌਹਲ ਸਮੇਤ ਹੋਰਨਾਂ ਨੌਜਵਾਨਾਂ ਨੂੰ ਪੁਲੀਸ ਗ੍ਰਿਫ਼ਤਾਰ ਕਰ ਚੁਕੀ ਹੈ। ਉਕਤ ਸਿੱਖ ਨੌਜਵਾਨਾਂ ਨੂੰ ਜਬਰੀ ਨਿਸ਼ਾਨਾ ਬਣਾ ਕੇ ਝੂਠੇ ਕੇਸ ਵਿਚ ਫਸਾਉਂਦਿਆਂ ਅਣਮਨੁੱਖੀ ਤਸ਼ੱਦਦ ਕੀਤਾ ਗਿਆ। ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਟੈਕਸੀ ਚਲਾ ਕੇ ਰੋਜੀ ਰੋਟੀ ਕਮਾ ਰਹੇ ਗੁਰਜੰਟ ਸਿੰਘ ‘ਤੇ ਕਤਲਾਂ ‘ਚ ਫੰਡਿੰਗ ਕਰਨ ਦਾ ਦੋਸ਼ ਲਾਇਆ ਗਿਆ। ਇਕ ਨਿਰਦੋਸ਼ ‘ਤੇ ਹਰ ਚਾਰਜਸ਼ੀਟ ਨਾਲ 302 ਸਣੇ 15 – 15 ਚਾਰਜ ਲਗਾਉਂਦਿਆਂ ਐਨ ਆਈ ਏ ਸਪੈਸ਼ਲ ਕੋਰਟ ਮੋਹਾਲੀ ਵਿਖੇ ਚਾਰਜਸ਼ੀਟ ਦਾਖਲ ਕਰ ਦਿਤਾ ਗਿਆ। ਉਸ ਨੌਜਵਾਨ ਨੂੰ ਫ਼ਰੀਦਕੋਟ ਪੁਲੀਸ ਵੱਲੋਂ ਬੀਤੇ ਦਿਨੀਂ ਕੁੱਝ ਅਸਲੇ ਸਮੇਤ ਗ੍ਰਿਫ਼ਤਾਰ ਕੀਤੇ ਗਏ ਉਨ੍ਹਾਂ ਦੋ ਨੌਜਵਾਨਾਂ ਨਾਲ ਵੀ ਜੋੜਿਆ ਗਿਆ ਜਿਨ੍ਹਾਂ ਨਾਲ ਉਸ ਦਾ ਕੋਈ ਸੰਬੰਧ ਹੀ ਨਹੀਂ। ਉਨ੍ਹਾਂ ਗੁਰਜੰਟ ਸਿੰਘ ਨੂੰ ਕਿਸੇ ਸਿਆਸੀ ਸਾਜ਼ਿਸ਼ ਤਹਿਤ ਫਸਾਏ ਜਾ ਰਹੇ ਹੋਣ ਦਾ ਖ਼ਦਸ਼ਾ ਪ੍ਰਗਟ ਕੀਤਾ। ਕਿਹਾ ਕਿ ਉਕਤ ਨੌਜਵਾਨ ਇੰਟਰਨੈਸ਼ਨਲ ਸਿਖ ਫੈਡਰੇਸ਼ਨ ਦੇ ਨਾਮ ਹੇਠ ਜਥੇਬੰਦੀ ਚਲਾ ਰਿਹਾ ਹੈ ਅਤੇ ਸਿਖੀ ਸਿਧਾਂਤਾਂ ਨੂੰ ਢਾਅ ਲਾਉਣ ‘ਚ ਲਗੇ ਅਨਸਰਾਂ ਅਤੇ ਲੱਚਰ ਗਾਇਕੀ ਦਾ ਵਿਰੁੱਧ ਕਰਦਿਆਂ ਇਸ ਨੂੰ ਉਤਸ਼ਾਹਿਤ ਕਰਨ ਵਾਲਿਆਂ ਨੂੰ ਸੋਸ਼ਲ ਮੀਡੀਆ ‘ਤੇ ਨਸ਼ਰ ਕਰਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਗੁਰਜੰਟ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਾਲੀ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਕਟਹਿਰੇ ‘ਚ ਖੜਾ ਕਰਨ ਲਈ ਉਤਾਵਲਾ ਹੈ ਅਤੇ ਉਸ ਵੱਲੋਂ ਸੀ ਬੀ ਆਈ ਦੀ ਸਿੱਟ ਨੂੰ ਬਰਗਾੜੀ ਕਾਂਡ ਸੰਬੰਧੀ ਜਾਂਚ ‘ਚ ਸ਼ਾਮਿਲ ਕਰਨ ਲਈ ਪੱਤਰ ਦਿਤਾ ਜਾ ਚੁਕਾ ਹੈ। ਅਤੇ ਹੁਣ ਉਸ ਵੱਲੋਂ ਅਸਲ ਦੋਸ਼ੀਆਂ ਦੀ ਸ਼ਨਾਖ਼ਤ ਲਈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ‘ਚ ਉਕਤ ਸੰਬੰਧੀ ਕੇਸ ਦਾਖਲ ਕੀਤਾ ਜਾਣਾ ਹੈ। ਉਨ੍ਹਾਂ ਖ਼ਦਸ਼ਾ ਜ਼ਾਹਿਰ ਕੀਤਾ ਕਿ ਗੁਰਜੰਟ ਸਿੰਘ ਨੂੰ ਬਰਗਾੜੀ ਕਾਂਡ ਸੰਬੰਧੀ ਹਾਈ ਕੋਰਟ ਜਾਣ ਅਤੇ ਲੱਚਰ ਗਾਇਕੀ ਦਾ ਵਿਰੋਧ ਕਰਨ ਤੋਂ ਰੋਕਣ ਲਈ ਸਾਜ਼ਿਸ਼ ਤਹਿਤ ਝੂਠੇ ਕੇਸ ਪਾ ਦਿਤੇ ਗਏ ਹਨ। ਉਨ੍ਹਾਂ ਕਿਹਾ ਕਿ ਝੂਠੇ ਕੇਸਾਂ ਕਾਰਨ ਗੁਰਜੰਟ ਸਿੰਘ ਦੇ ਪਰਿਵਾਰ ਵਾਲਿਆਂ ਨੂੰ ਗਹਿਰੀ ਚਿੰਤਾ ਸਤਾ ਰਹੀ ਹੈ।ਉਨ੍ਹਾਂ ਸਰਕਾਰ ਨੂੰ ਉਕਤ ਕੇਸਾਂ ਦੀ ਨਿਰਪੱਖ ਜਾਂਚ ਕਰਵਾ ਕੇ ਨਿਰਦੋਸ਼ ਸਿਖ ਨੌਜਵਾਨਾਂ ਨੂੰ ਇਨਸਾਫ਼ ਦਿਵਾਉਣ ਦੀ ਅਪੀਲ ਕੀਤੀ ਹੈ। ਦਮਦਮੀ ਟਕਸਾਲ ਦੇ ਮੁਖੀ ਨੇ ਨਿਰਦੋਸ਼ ਸਿਖ ਨੌਜਵਾਨਾਂ ਨੂੰ ਇਨਸਾਫ਼ ਦਿਵਾਉਣ ਲਈ ਸ਼੍ਰੋਮਣੀ ਕਮੇਟੀ, ਸਿਖ ਜਥੇਬੰਦੀਆਂ ਅਤੇ ਸਮੂਹ ਸੰਗਤ ਨੂੰ ਅਗੇ ਆਉਣ ਦਾ ਸਦਾ ਦਿਤਾ ਹੈ। ਇਸ ਮੌਕੇ ਸਿੰਘ ਸਾਹਿਬ ਭਾਈ ਜਸਬੀਰ ਸਿੰਘ ਖ਼ਾਲਸਾ, ਭਾਈ ਅਜਾਇਬ ਸਿੰਘ ਅਭਿਆਸੀ, ਗਿਆਨੀ ਸਾਹਿਬ ਸਿੰਘ, ਭਾਈ ਗੁਰਮੁਖ ਸਿੰਘ ਰੋਡੇ ਅਤੇ ਪ੍ਰੋ: ਸਰਚਾਂਦ ਸਿੰਘ ਆਦਿ ਮੌਜੂਦ ਸਨ।

Share Button

Leave a Reply

Your email address will not be published. Required fields are marked *

%d bloggers like this: