‘ਸੁਲਤਾਨ-ਉਲ-ਕੌਮ’ ਸ: ਜੱਸਾ ਸਿੰਘ ਆਹਲੂਵਾਲੀਆ

‘ਸੁਲਤਾਨ-ਉਲ-ਕੌਮ’ ਸ: ਜੱਸਾ ਸਿੰਘ ਆਹਲੂਵਾਲੀਆ

ਸ: ਜੱਸਾ ਸਿੰਘ ਆਹਲੂਵਾਲੀਆ ਦਾ ਜਨਮ ੩ ਮਈ ੧੭੧੮ ਨੂੰ ਜ਼ਿਲਾ ਲਾਹੌਰ ਦੇ ਪਿੰਡ ‘ਆਹਲੂ’ ਵਿਖੇ ਸ: ਬੱਦਰ ਸਿੰਘ ਦੇ ਘਰ ਹੋਇਆ।ਆਪ ਦੇ ਮਾਤਾ ਜੀ ਬਹੁਤ ਧਾਰਮਿਕ ਖ਼ਿਆਲਾਂ ਦੇ ਸਨ।ਆਪ ਦੀ ਉਮਰ ਸਿਰਫ਼ ਚਾਰ ਕੁ ਸਾਲ ਦੀ ਸੀ ਜਦੋਂ ਪਿਤਾ ਜੀ ਅਕਾਲ ਚਲਾਣਾ ਕਰ ਗਏ।ਇਹ ਉਹ ਸਮਾਂ ਸੀ ਜਦੋਂ ਸਿੱਖ ਲਗਾਤਾਰ ਮੁਗਲ ਰਾਜਸੀ ਹਕੂਮਤ ਨਾਲ ਟੱਕਰ ਲੈ ਰਹੇ ਸਨ।ਆਪ ਦੇ ਮਾਤਾ ਜੀ ਆਪ ਨੂੰ ਨਾਲ ਲੈ ਕੇ ਮਾਤਾ ਸੁੰਦਰੀ ਜੀ ਕੋਲ ਦਿੱਲੀ ਆ ਗਏ।ਲੱਗਭੱਗ ਸੱਤ ਵਰ੍ਹੇ ਜੱਸਾ ਸਿੰਘ ਆਪਣੀ ਮਾਂ ਨਾਲ ਮਾਤਾ ਸੁੰਦਰੀ ਦੀ ਸੇਵਾ ਵਿੱਚ ਦਿੱਲੀ ਰਹੇ।ਇੱਥੇ ਆਪ ਨੇ ਸਿੱਖੀ ਨਾਲ ਸਬੰਧਿਤ ਬਹੁਤ ਸਾਰੀਆਂ ਧਾਰਮਿਕ ਤੇ ਇਤਿਹਾਸਕ ਪੁਸਤਕਾਂ ਪੜੀਆਂ ਅਤੇ ਫ਼ਾਰਸੀ ਵੀ ਸਿੱਖੀ।ਫਿਰ ਆਪਣੇ ਮਾਮਾ, ਸ: ਬਾਘ ਸਿੰਘ ਹੱਲੋਵਾਲੀਏ ਨਾਲ ਜਲੰਧਰ ਆ ਗਏ।ਮਾਤਾ ਸੁੰਦਰੀ ਜੀ ਨੇ ਵਿਦਾਇਗੀ ਵੇਲੇ ਜੱਸਾ ਸਿੰਘ ਨੂੰ ਇੱਕ ਤਲਵਾਰ, ਇੱਕ ਗੁਰਜ, ਢਾਲ, ਕਮਾਨ, ਤੀਰਾਂ ਦਾ ਭ’ਥਾ, ਅਤੇ ਇੱਕ ਚਾਂਦੀ ਦੀ ਚੋਭ ਨਿਸ਼ਾਨੀ ਵਜੋਂ ਬਖ਼ਸ਼ ਕੇ ਅਸੀਸ ਦਿੱਤੀ ਸੀ ਕਿ ਤੇਰੇ ਅਤੇ ਤੇਰੀ ਸੰਤਾਨ ਅੱਗੇ ਚੋਬਦਾਰ ਚੱਲਿਆ ਕਰਨਗੇ।
ਇੱਕ ਵਾਰ ਗੁਰਪੁਰਬ ਦੇ ਮੌਕੇ ਤੇ ਜੱਸਾ ਸਿੰਘ ਤੇ ਉਸਦੀ ਮਾਤਾ ਅਤੇ ਮਾਮਾ ਬਾਘ ਸਿੰਘ ਨਵਾਬ ਕਪੂਰ ਸਿੰਘ ਕੋਲ ਆਏ।ਨਵਾਬ ਸਾਹਿਬ ਜੱਸਾ ਸਿੰਘ ਦੀ ਡੀਲ ਡੌਲ, ਵਿਦਵਤਾ, ਸੀਲ ਸੁਭਾਅ, ਨਿਡਰਤਾ, ਗੁਰਬਾਣੀ ਪ੍ਰੇਮ ਤੋਂ ਏਨੇ ਪ੍ਰਭਾਵਿਤ ਹੋਏ ਕਿ ਜੱਸਾ ਸਿੰਘ ਨੂੰ ਆਪਣਾ ‘ਧਰਮ ਪੁੱਤਰ’ ਬਣਾ ਲਿਆ।ਇਸ ਤਰਾਂ ਨਵਾਬ ਕਪੂਰ ਸਿੰਘ ਦੀ ਛੱਤਰ ਛਾਇਆ ਹੇਠ ਜੱਸਾ ਸਿੰਘ ਦਾ ਰਾਜਨੀਤਿਕ ਜੀਵਨ ਸ਼ੁਰੂ ਹੁੰਦਾ ਹੈ।ਆਪ ਨੂੰ ਹਰ ਤਰਾਂ ਦੀ ਸ਼ਾਸਤਰ ਵਿੱਦਿਆ ਵਿੱਚ ਨਿਪੁੰਨ ਕਰਕੇ ਨਵਾਬ ਸਾਹਿਬ ਆਪਣੇ ਨਾਲ ਲੜਾਈਆਂ ਵਿੱਚ ਲਿਜਾਣ ਲੱਗੇ।੧੭੩੯ ਨੂੰ ਨਾਦਰ ਸ਼ਾਹ ਦਾ ਹਮਲਾ ਹੁੰਦਾ ਹੈ।ਨਵਾਬ ਕਪੂਰ ਸਿੰਘ ਦੀ ਅਗਵਾਈ ਵਿੱਚ ਜੱਸਾ ਸਿੰਘ ਨੇ ਨਾਦਰ ਦੀਆਂ ਫੌਜਾਂ ਨੂੰ ਖੂਬ ਹੱਥ ਦਿਖਾਏ।੧੭੪੩ ਵਿੱਚ ਜੱਸਾ ਸਿੰਘ ਨੇ ਰਾਵੀ ਦੇ ਕਿਨਾਰੇ ਡੱਲੇਵਾਲ ਦਾ ਕਿਲਾ ਬਣਵਾਇਆ। ‘ਜ਼ਕਰੀਆ ਖਾਨ’ ਦੀ ਮੌਤ ਤੋਂ ਬਾਅਦ ‘ਜਾਹੀਆ ਖਾਨ’ ਨੇ ਲਖਪਤ ਰਾਇ ਨੂੰ ਨਾਲ ਲੈ ਕੇ ਸਿੰਘਾਂ ਤੇ ਜ਼ੁਲਮ ਢਾਉਣੇ ਸ਼ੁਰੂ ਕਰ ਦਿੱਤੇ।ਲਖਪਤ ਰਾਇ ਜਾਹੀਆ ਖਾਨ ਦੇ ਹੁਕਮ ਨਾਲ ਤਕੜੀ ਫੌਜ ਲੈ ਕੇ ਕਾਹਨੂੰਵਾਨ ਦੇ ਛੰਭ ਵਿੱਚ ੧੫੦੦੦ ਦੀ ਗਿਣਤੀ ਵਿੱਚ ਟਿਕੇ ਹੋਏ ਸਿੰਘਾਂ ਨੂੰ ਜਾ ਪਿਆ।ਸਿੱਖ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਸੀ ਜਦੋਂ ਏਨੀ ਵੱਡੀ ਗਿਣਤੀ ਵਿੱਚ ਸਿੰਘ ਸ਼ਹੀਦ ਹੋਏ ਹੋਣ।ਇਸ ਲੜਾਈ ਨੂੰ ‘ਛੋਟਾ ਘੱਲੂਘਾਰਾ’ ਕਿਹਾ ਜਾਂਦਾ ਹੈ।ਇਸ ਲੜਾਈ ਵਿੱਚ ਜੱਸਾ ਸਿੰਘ ਦੇ ਪ’ਟ ਤੇ ਗੋਲ਼ੀ ਲੱਗੀ ਸੀ।੧੭੪੭ਵਿੱਚ ਨਾਦਰ ਸ਼ਾਹ ਦੇ ਕਤਲ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਅਫ਼ਗਾਨਸਿਤਾਨ ਦਾ ਬਾਦਸ਼ਾਹ ਬਣਦਾ ਹੈ।ਅਬਦਾਲੀ ਦੇ ਹਮਲੇ ਬਾਰੇ ਸੁਣ ਕੇ ਨਵਾਬ ਕਪੂਰ ਸਿੰਘ ਜੀ ਨੇ ‘ਸਰਬੱਤ ਖ਼ਾਲਸਾ’ ਦਾ ਇਕੱਠ ਬੁਲਾ ਕੇ ‘ਦਲ ਖ਼ਾਲਸਾ’ ਬਣਾਇਆ ਅਤੇ ਜੱਥੇਦਾਰੀ ਸ: ਜੱਸਾ ਸਿੰਘ ਆਹਲੂਵਾਲੀਆ ਨੂੰ ਸੌਂਪੀ।ਗੁਰੂ ਗੋਬਿੰਦ ਸਿੰਘ ਸਾਹਿਬ ਦਾ ਗੁਰਜ ਅਤੇ ਕਿਰਪਾਨ ਜੋ ਨਵਾਬ ਕਪੂਰ ਸਿੰਘ ਸਦਾ ਆਪਣੇ ਨਾਲ ਰ’ਖਦੇ ਸਨ, ਅੱਜ ਤੋਂ ਸ: ਜੱਸਾ ਸਿੰਘ ਨੂੰ ਸੌਂਪ ਦਿੱਤੀਆਂ।
ਅਹਿਮਦ ਸ਼ਾਹ ਅਬਦਾਲੀ ੧੦ ਜਨਵਰੀ ੧੭੪੮ ਨੂੰ ਰਾਵੀ ਪਾਰ ਕਰਕੇ ਲਾਹੌਰ ਵੱਲ ਵਧਦਾ ਹੈ ਅਤੇ ਲਾਹੌਰ ‘ਤੇ ਮੁਕੰਮਲ ਕਬਜ਼ਾ ਕਰ ਲੈਂਦਾ ਹੈ।ਅਬਦਾਲੀ ਫਰਵਰੀ ੧੭੪੮ ਨੂੰ ਲਾਹੌਰ ਤੋਂ ਦਿੱਲੀ ਕੂਚ ਕਰਦਾ ਹੈ।ਇਸ ਦੌਰਾਨ ਅਹਿਮਦ ਸ਼ਾਹ ਦੀਆਂ ਫੌਜਾਂ ਦੀ ਸਿੰਘਾਂ ਨਾਲ ਕਈ ਵਾਰ ਝੜਪ ਹੁੰਦੀ ਹੈ।ਅਪ੍ਰੈਲ ੧੭੪੮ ਵਿੱਚ ਮੀਰ ਮੰਨੂ ਲਾਹੌਰ ਦਾ ਹਾਕਮ ਬਣਿਆਂ।ਸ਼ਾਹ ਨਿਵਾਜ਼ ਮੁਲਤਾਨ ‘ਤੇ ਕਬਜ਼ਾ ਕਰ ਲੈਣ ਤੋਂ ਬਾਅਦ ਲਾਹੌਰ ਵੱਲ ਵਧਦਾ ਆ ਰਿਹਾ ਸੀ।ਦੀਵਾਨ ਕੌੜਾ ਮੱਲ ਨੇ ਮੁਲਤਾਨ ਫ਼ਤਿਹ ਕਰਨ ਲਈ ਸ: ਜੱਸਾ ਸਿੰਘ ਤੋਂ ਮੱਦਦ ਮੰਗੀ।ਸ: ਜੱਸਾ ਸਿੰਘ ਦੀ ਕਮਾਨ ਹੇਠ ਦਸ ਹਜ਼ਾਰ ਸਿੰਘਾਂ ਦੇ ਦਲ ਨੇ ਮੁਲਤਾਨ ਵ’ਲ ਚਾਲੇ ਪਾ ਦਿੱਤੇ।’ਦੋਰਾਣਾ ਲੰਗਾਣਾ’ ਪਿੰਡਾਂ ਕੋਲ ਦੋਹਾਂ ਪਾਸਿਆਂ ਦੀਆਂ ਫੌਜਾਂ ਵਿਚਕਾਰ ਘਮਸਾਨ ਦੀ ਲੜਾਈ ਹੋਈ।ਸ: ਜੱਸਾ ਸਿੰਘ ਦੀ ਸਹਾਇਤਾ ਨਾਲ ਦੀਵਾਨ ਕੌੜਾ ਮੱਲ ਮੁਲਤਾਨ ਦਾ ਸੂਬੇਦਾਰ ਬਣ ਗਿਆ।ਇਸ ਫ਼ਤਿਹ ਦੀ ਖੁਸ਼ੀ ਵਿੱਚ ਦੀਵਾਨ ਕੌੜਾ ਮੱਲ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਆ ਕੇ ਗਿਆਰਾਂ ਹਜ਼ਾਰ ਰੁਪਏ ਭੇਂਟ ਕੀਤੇ ਅਤੇ ਸ: ਜੱਸਾ ਸਿੰਘ ਨੇ ਦੀਵਾਨ ਕੌੜਾ ਮੱਲ ਤੋਂ ਗੁਰਦੁਆਰਾ ‘ਬਾਲ ਲੀਲਾ’ ਨਨਕਾਣਾ ਸਾਹਿਬ ਬਣਵਾਇਆ ਅਤੇ ਬਹੁਤ ਸਾਰੇ ਇਤਿਹਾਸਕ ਗੁਰਦੁਆਰਿਆਂ ਦੀ ਮੁਰੰਮਤ ਕਰਵਾਈ।
ਮੀਰ ਮੰਨੂੰ ਅਬਦਾਲੀ ਦੀ ਅਧੀਨਤਾ ਵਿੱਚ ਸਿੱਖਾਂ ‘ਤੇ ਫਿਰ ਤੋਂ ਜ਼ੁਲਮ ਕਰਨ ਲੱਗਾ।ਨਵੰਬਰ ੧੭੫੩ ਈਸਵੀ ਨੂੰ ‘ਮਲਕਪੁਰ’ ਪਿੰਡ ਦੇ ਪਾਸ ਸਿੰਘਾਂ ਦੇ ਠਹਿਰੇ ਹੋਣ ਦੀ ਖ਼ਬਰ ਮੀਰ ਮੰਨੂੰ ਨੂੰ ਮਿਲੀ ਤਾਂ ਉਸ ਨੇ ਤੁਰੰਤ ਖੇਤ ਨੂੰ ਘੇਰਾ ਪਾ ਲਿਆ।ਇਸ ਵਿੱਚ ਬਹੁਤ ਬਿਰਧ, ਬੱਚੇ ਅਤੇ ਬੀਬੀਆਂ ਸਨ।ਸਿੰਘਾਂ ਨੇ ਖੇਤ ਦੇ ਅੰਦਰੋਂ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।ਅਚਾਨਕ ਗੋਲ਼ੀਆਂ ਦੀ ਅਵਾਜ਼ ਤੋਂ ਤ੍ਰਹਿ ਕੇ ਮੀਰ ਮੰਨੂੰ ਦਾ ਘੋੜਾ ਬੁੇਕਾਬੂ ਹੋ ਕੇ ਭੱਜ ਨਿਕਲਿਆ।ਮੀਰ ਮੰਨੂੰ ਘੋੜੇ ਤੋਂ ਡਿੱਗ ਪਿਆ ਪਰ ਉਸਦਾ ਇੱਕ ਪੈਰ ਰਕਾਬ ਵਿੱਚ ਫਸਿਆ ਰਹਿ ਗਿਆ।ਘੋੜਾ ਮੀਰ ਮੰਨੂੰ ਨੂੰ ਘੜੀਸਦਾ ਦੂਰ ਤੱਕ ਲੈ ਗਿਆ।ਮੀਰ ਮੰਨੂੰ ਬੇਹੋਸ਼ ਹੋ ਗਿਆ।ਤੀਸਰੇ ਦਿਨ ੪ ਨਵੰਬਰ ੧੭੫੩ ਨੂੰ ਮੀਰ ਮੰਨੂੰ ਦੀ ਮੌਤ ਹੋ ਗਈ।ਮੀਰ ਮੰਨੂੰ ਦੀ ਮੌਤ ਤੋਂ ਬਾਅਦ ਜੱਸਾ ਸਿੰਘ ਨੇ ਪੰਜਾਬ ਦੇ ਕਈ ਪਿੰਡਾਂ ਅਤੇ ਸ਼ਹਿਰਾਂ ਤੇ ਅਧਿਕਾਰ ਕਰਕੇ ਉੱਥੇ ‘ਰਾਖੀ ਪ੍ਰਬੰਧ’ ਕਾਇਮ ਕੀਤਾ।
੭ ਅਕਤੂਬਰ ੧੭੫੩ ਨੂੰ ਨਵਾਬ ਕਪੂਰ ਸਿੰਘ ਨੇ ਸਵਾਸ ਤਿਆਗਣ ਤੋਂ ਪਹਿਲਾਂ ਸ: ਜੱਸਾ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਫੌਲਾਦੀ ਚੋਬ ਦੇ ਕੇ ਪੰਥ ਦੀ ਸੇਵਾ ਕਰਨ ਦਾ ਬਚਨ ਲਿਆ।’ਦਲ ਖ਼ਾਲਸਾ’ ਨੇ ਸ: ਜੱਸਾ ਸਿੰਘ ਨੂੰ ਹਰ ਤਰਾਂ ਨਾਲ ਯੋਗ ਜਾਣ ਕੇ ਖ਼ਾਲਸੇ ਦਾ ਧਾਰਮਿਕ ਅਤੇ ਰਾਜਸੀ ਜ’ਥੇਦਾਰ ਥਾਪਿਆ ਅਤੇ ਕਪੂਰ ਸਿੰਘ ਜੀ ਵਾਲਾ ‘ਨਵਾਬ’ ਦਾ ਖ਼ਿਤਾਬ ਸ: ਜੱਸਾ ਸਿੰਘ ਆਹਲੂਵਾਲੀਆ ਨੂੰ ਸੌਂਪ ਦਿੱਤਾ।੧੭੫੪ ਈ: ਵਿੱਚ ਜੱਸਾ ਸਿੰਘ ਨੇ ਚੜਤ ਸਿੰਘ ਨਾਲ ਮਿਲ ਕੇ ਲਾਹੌਰ ‘ਤੇ ਹਮਲਾ ਕੀਤਾ।੧੭੫੪ ਵਿੱਚ ਹੀ ਜੱਸਾ ਸਿੰਘ ਨੇ ਅੰਮ੍ਰਿਤਸਰ ਨੂੰ ਘੇਰਾ ਪਾਈ ਬੈਠੀ ਲਾਹੌਰ ਦੀ ਫੌਜ ਨੂੰ ਖਦੇੜ ਦਿੱਤਾ।੧੭੫੭ ਵਿਵਿੱਚ ਸ: ਜੱਸਾ ਸਿੰਘ ਨੇ ਕਰਤਾਰਪੁਰ ਨੂੰ ਲੱਟ ਕੇ ਜਾ ਰਹੇ ਤੈਮੂਰ ਸ਼ਾਹ ‘ਤੇ ਹਮਲਾ ਕੀਤਾ ਤੇ ਉਸਦਾ ਕਾਫ਼ੀ ਨੁਕਸਾਨ ਕੀਤਾ।
ਤੈਮੂਰ ਸ਼ਾਹ ਵੱਲੋਂ ਅਦੀਨਾ ਬੇਗ ਨੂੰ ਦੁਆਬੇ ਦੀ ਗਵਰਨਰੀ ਤੋਂ ਹਟਾ ਕੇ ਉਸਦੇ ਵਿਰੁੱਧ ਮੁਰਾਦ ਖਾਂ ਅਤੇ ਬੁਲੰਦ ਖਾਂ ਨੂੰ ਭੇਜਿਆ ਗਿਆ ਤਾਂ ਉਸਨੇ ਸੋਢੀ ਵਡਭਾਗ ਸਿੰਘ ਅਤੇ ਸ: ਜੱਸਾ ਸਿੰਘ ਆਹਲੂਵਾਲੀਆ ਨੂੰ ਮੱਦਦ ਲਈ ਬੇਨਤੀ ਕੀਤੀ।ਸ: ਜੱਸਾ ਸਿੰਘ ਨੇ ਦੁਰਾਨੀਆਂ ਨੂੰ ਹੁਸ਼ਿਆਰਪੁਰ ਦੇ ਨੇੜੇ ਹਾਰ ਦਿੱਤੀ।ਅਦੀਨਾ ਬੇਗ ਨੇ ਧੰਨਵਾਦ ਵਜੋਂ ੧੦੦੦ ਰੁਪਏ ‘ਗੁਰੂ ਗ੍ਰੰਥ ਸਾਹਿਬ ਅੱਗੇ ਭੇਂਟ ਕਰਕੇ ਮੱਥਾ ਟੇਕਿਆ ਗਿਆ ਅਤੇ ਜਲੰਧਰ ਦੁਆਬ ਦੀ ਰਾਖੀ ਵਜੋਂ ਸਵਾ ਲੱਖ ਰੁਪਈਆ ਜੱਸਾ ਸਿੰਘ ਨੂੰ ਭੇਂਟ ਕੀਤਾ ਗਿਆ।ਮਾਰਚ ੧੭੫੮ ਵਿੱਚ ਸ: ਜੱਸਾ ਸਿੰਘ, ਅਦੀਨਾ ਬੇਗ ਅਤੇ ਮਰਾਠਾ ਸ: ਰਘੁਨਾਥ ਰਾਉ ਨੇ ਮਿਲ ਕੇ ਸਰਹਿੰਦ ਤੇ ਹਮਲਾ ਕੀਤਾ।ਸਰਹਿੰਦ ਫ਼ਤਿਹ ਕਰਨ ਤੋਂ ਬਾਅਦ ਸਿੰਘਾਂ ਨੇ ਲਾਹੌਰ ਤੇ ਹਮਲਾ ਕਰਕੇ ਅਦੀਨਾ ਬੇਗ ਨੂੰ ਲਾਹੌਰ ਦਾ ਗਵਰਨਰ ਬਣਾਉਣ ਵਿੱਚ ਸਾਥ ਦਿੱਤਾ।ਪਾਣੀਪੱਤ ਦੀ ਤੀਜੀ ਲੜਾਈ ਵਿੱਚ ਅਬਦਾਲੀ ਮਰਹੱਟਿਆਂ ਨਾਲ ਉਲਝਿਆ ਹੋਇਆ ਸੀ।ਸ: ਜੱਸਾ ਸਿੰਘ ਨੇ ਪੰਜਾਬ ਵਿੱਚ ਆਪਣੀਆਂ ਸਰਗਰਮੀਆਂ ਹੋਰ ਤੇਜ ਕਰ ਦਿੱਤੀਆਂ।ਆਪ ਦੀ ਅਗਵਾਈ ਵਿੱਚ ‘ਦਲ ਖਾਲਸਾ’ ਨੇ ਮਾਲਵਾ ਅਤੇ ਮਾਝੇ ਦਾ ਬਹੁਤ ਸਾਰੇ ਖੇਤਰਾਂ ‘ਤੇ ਆਪਣਾ ਅਧਿਕਾਰ ਜਮਾ ਲਿਆ।੧੭੬੨ ਵਿੱਚ ਅਬਦਾਲੀ ਮਰਹੱਟਿਆਂ ਨੂੰ ਪਾਣੀਪੱਤ ਦੇ ਮੈਦਾਨ ਵਿੱਚ ਹਾਰ ਦੇ ਕੇ ੨੨੦੦ ਹਿੰਦੂ ਔਰਤਾਂ ਨੂੰ ਬੰਦੀ ਬਣਾ ਕੇ ਆਪਣੇ ਨਾਲ ਅਫ਼ਗਾਨਿਸਤਾਨ ਲਿਜਾ ਰਿਹਾ ਸੀ ਤਾਂ ਸ: ਜੱਸਾ ਸਿੰਘ ਨੇ ਗੋਇੰਦਵਾਲ ਦੇ ਨੇੜੇ ਅਬਦਾਲੀ ਦੀਆਂ ਫੌਜਾਂ ਤੇ ਹਮਲਾ ਕਰਕੇ ਇਹਨਾਂ ਬੰਦੀ ਔਰਤਾਂ ਨੂੰ ਛੁਡਵਾਇਆ ਅਤੇ ਘਰੋ ਘਰ ਪਹੁੰਚਾਇਆ।ਸ: ਜੱਸਾ ਸਿੰਘ ਦੀ ਇਸ ਬਹਾਦਰੀ ਅਤੇ ਔਰਤਾਂ ਪ੍ਰਤੀ ਹਮਦਰਦੀ ਨੇ ਉਹਨਾਂ ਨੂੰ ਸਾਰੇ ਦੇਸ਼ ਵਿੱਚ ਉਜਾਗਰ ਕਰ ਦਿੱਤਾ ਅਤੇ ਲੋਕ ਆਪ ਨੂੰ ‘ਬੰਦੀਛੋੜ ਬਾਦਸ਼ਾਹ’ ਕਰਕੇ ਵੀ ਜਾਨਣ ਲੱਗੇ।ਅਕਤੂਬਰ ੧੭੬੧ ਵਿੱਚ ਖਾਲਸਾ ਫੌਜਾਂ ਨੇ ਲਾਹੌਰ ਦਾ ਕਿਲਾ ਅਫ਼ਗਾਨਾਂ ਤੋਂ ਜਿੱਤ ਕੇ ਸ: ਜੱਸਾ ਸਿੰਘ ਆਹਲੂਵਾਲੀਆ ਨੂੰ ਲਾਹੌਰ ਦਾ ‘ਰਾਜਾ’ ਐਲਾਨ ਦਿੱਤਾ।ਇਹ ਦਲ ਖਾਲਸਾ ਦੀ ਪਹਿਲੀ ਇਤਿਹਾਸਕ ਜਿੱਤ ਸੀ।ਦਲ ਖਾਲਸਾ ਨੇ ਸ: ਜੱਸਾ ਸਿੰਘ ਨੂੰ ‘ਸੁਲਤਾਨੁਉੱਲੁਕੌਮ’ ਦਾ ਖ਼ਿਤਾਬ ਪ੍ਰਦਾਨ ਕੀਤਾ
ਲਹੌਰ ‘ਤੇ ਸਿੰਘਾਂ ਦੇ ਕਬਜ਼ੇ ਬਾਰੇ ਸੁਣ ਕੇ ਅਬਦਾਲੀ ਨੇ ਸਿੱਖਾਂ ਨੂੰ ਖ਼ਤਮ ਕਰਨ ਲਈ ਛੇਵਾਂ ਹਮਲਾ ਕੀਤਾ।ਅਬਦਾਲੀ ਅਤੇ ਉਸਦੇ ਜਰਨੈਲ ਤੇਜੀ ਨਾਲ ਲਹੌਰ ਵੱਲ ਵਧੇ ਅਤੇ ਡੇਢ ਲੱਖ ਫੌਜ ਨਾਲ ੨੫੦ ਮੀਲ ਦੀ ਦੂਰੀ ੩੬ ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਕਰਦਾ ਹੋਇਆ ਮਲੇਰਕੋਟਲੇ ਦੇ ਕੁੱਪ ਪਿੰਡ ਵਿੱਚ ਸਿੰਘਾਂ ਉੱਪਰ ਝਪਟ ਪਿਆ।ਸਿੰਘਾਂ ਨੂੰ ਇਸ ਹਮਲੇ ਅਤੇ ਦੁਸ਼ਮਣ ਫੌਜ ਦੀ ਏਨੀ ਵੱਡੀ ਗਿਣਤੀ ਦਾ ਪਤਾ ਨਹੀਂ ਸੀ।ਸਿੰਘਾਂ ਨਾਲ ਤੀਹ ਜ਼ਹਾਰ ਦੀ ਵਹੀਰ ਸੀ ਜਿਸ ਵਿੱਚ ਵੱਡੀ ਗਿਣਤੀ ਔਰਤਾਂ ਬੱਚਿਆਂ ਅਤੇ ਬਜ਼ੁਰਗਾਂ ਦੀ ਸੀ।ਇਸ ਲੜਾਈ ਵਿੱਚ ਪੱਚੀ ਹਜ਼ਾਰ ਦੇ ਕਰੀਬ ਸਿੰਘ ਸ਼ਹੀਦ ਹੋਏ ਸਨ। ਇਸ ਲੜਾਈ ਨੂੰ ਪੰਥ ਵਿੱਚ ‘ਵੱਡਾ ਘੱਲੂਘਾਰਾ’ ਦਾ ਨਾਂ ਨਾਲ ਜਾਣਿਆਂ ਜਾਂਦਾ ਹੈ।ਸ: ਜੱਸਾ ਸਿੰਘ ਦੇ ਸਰੀਰ ਤੇ ੨੨ ਫੱਟ ਲੱਗੇ।ਵਾਪਸੀ ‘ਤੇ ਅਬਦਾਲੀ ਨੇ ਹਰਿਮੰਦਰ ਸਾਹਿਬ ਨੂੰ ਬਾਰੂਦ ਨਾਲ ਉਡਾ ਦਿੱਤਾ।ਸਿੰਘਾਂ ਨੇ ਹਿੰਮਤ ਨਹੀਂ ਹਾਰੀ ਅਤੇ ਅਬਦਾਲੀ ਅਜੇ ਲਹੌਰ ਹੀ ਸੀ ਕਿ ਸ: ਜੱਸਾ ਸਿੰਘ ਦੀ ਅਗਵਾਈ ਹੇਠ ੧੭ ਮਈ ੧੭੬੨ ਨੂੰ ਸਰਹਿੰਦ ਤੇ ਹਮਲਾ ਕਰਕੇ ਜੈਨ ਖਾਂ ਤੋਂ ਨਜ਼ਰਾਨਾ ਵਸੂਲਿਆ।ਆਹਲੂਵਾਲੀਏ ਸਰਦਾਰ ਨੇ ਰਾਮਗੜ੍ਹੀਆ, ਸ਼ੱਕਰਚੁੱਕੀਆ ਤੇ ਭੰਗੀ ਸਰਦਾਰਾਂ ਨੂੰ ਨਾਲ ਲੈ ਕੇ ਕੁਰਾਲੀ ਤੇ ਮੁਰਿੰਡਾ ਦੇ ਇਲਾਕਿਆਂ ਉੱਪਰ ਵੀ ਸਫ਼ਲ ਹਮਲੇ ਕੀਤੇ।੧੭੬੪ ਨੂੰ ਦਲ ਖਾਲਸਾ ਨੇ ਸਰਹਿੰਦ ‘ਤੇ ਹਮਲਾ ਕਰਕੇ ਉੱਥੋਂ ਦੇ ਫੌਜਦਾਰ ਜ਼ੈਨ ਖਾਂ ਨੂੰ ਮਾਰ ਮੁਕਾਇਆ।੧੭ ਅਪ੍ਰੈਲ ੧੭੬੫ ਈ: ਨੂੰ ਸਿੰਘਾਂ ਨੇ ਲਾਹੌਰ ਤੇ ਮੁੜ ਤੋਂ ਆਪਣਾ ਅਧਿਕਾਰ ਜਮਾ ਲਿਆ।੧੭੬੫ੁ੬੬ ਵਿੱਚ ਦਰਬਾਰ ਸਾਹਿਬ ਦੀ ਅਧੂਰੀ ਪਈ ਸੇਵਾ ਸ: ਜੱਸਾ ਸਿੰਘ ਨੇ ਆਪਣੀ ਦੇਖ ਰੇਖ ਵਿੱਚ ਕਰਵਾਈ।੧੭੭੭ ਈ. ਨੂੰ ਜੱਸਾ ਸਿੰਘ ਨੇ ਕਪੂਰਥਲੇ ਦੇ ਹਾਕਮ ‘ਰਾਇ ਇਬਰਾਹਿਮ ਭੱਟੀ’ ਨੂੰ ਹਰਾ ਕੇ ਕਪੂਰਥਲੇ ਨੂੰ ਆਪਣੀ ਰਾਜਧਾਨੀ ਬਣਾਇਆ।ਸ: ਜੱਸਾ ਸਿੰਘ ਦੀ ਸਖਸ਼ੀਅਤ ਵਿੱਚ ਇਹ ਬਹੁਤ ਵ’ਡਾ ਗੁਣ ਸੀ ਕਿ ਉਹ ਲੋੜ ਪੈਣ ‘ਤੇ ਹਮੇਸ਼ਾ ਦੂਜੇ ਸਿੰਘ ਸਰਦਾਰਾਂ ਦੀ ਸਹਾਇਤਾ ਕਰਨ ਲਈ ਤਿਆਰ ਰਹਿੰਦੇ ਸਨ।੧੭੭੯ ਵਿੱਚ ਬਿਰਧ ਹੋਣ ਤੇ ਵੀ ਪਟਿਆਲਾ ਦੇ ਰਾਜਾ ਅਮਰ ਸਿੰਘ ਦੀ ਉਸ ਵੇਲੇ ਸਹਾਇਤਾ ਕੀਤੀ ਜਦੋਂ ਉਸ ਉੱਤੇ ਦਿੱਲੀ ਦੇ ਸਮਰਾਟ ਸ਼ਾਹ ਆਲਮ ਦੇ ਵਜੀਰ ਅਬਦੁੱਲ ਅਹਾਦ ਨੇ ਹਮਲਾ ਕੀਤਾ।ਮਾਰਚ ੧੭੮੩ ਵਿੱਚ ਸ: ਜੱਸਾ ਸਿੰਘ ਆਹਲੂਵਾਲੀਆ ਅਤੇ ਸ: ਬਘੇਲ ਸਿੰਘ ਦੀ ਕਮਾਨ ਹੇਠ ਸਿੰਘਾਂ ਨੇ ਦਿੱਲੀ ਉਸ ਜਗਾ ਜਾ ਕੇ ਛਾਉਣੀ ਪਾਈ ਜਿਸ ਨੂੰ ਹੁਣ ਤੀਸ ਹਜਾਰੀ ਕੋਰਟ ਕਿਹਾ ਜਾਂਦਾ ਹੈ।ਸਿੰਘਾਂ ਨੇ ੧੧ ਮਾਰਚ ੧੭੮੩ ਨੂੰ ਦਿੱਲੀ ਦੇ ਲਾਲ ਕਿਲੇ ਉੱਪਰ ਕੇਸਰੀ ਨਿਸ਼ਾਨ ਝੁਲਾਇਆ।ਉਮਰ ਦੇ ਅਖੀਰਲੇ ਸਮੇਂ ਆਪ ਨੇ ਮੁਹਿੰਮਾਂ ਵਿੱਚ ਜਾਣਾ ਘੱਟ ਕਰ ਦਿੱਤਾ।ਆਪ ਜੀ ਆਪਣਾ ਜ਼ਿਆਦਾ ਸਮਾਂ ਦਰਬਾਰ ਸਾਹਿਬ ਵਿੱਚ ਗੁਜ਼ਾਰਦੇ ਸਨ।
ਮਹਾਨ ਜੇਤੂ ਜਰਨੈਲ ‘ਸੁਲਤਾਨ-ਉਲ-ਕੌਮ’ ਸ: ਜੱਸਾ ਸਿੰਘ ਆਹਲੂਵਾਲੀਆ ਚਾਲੀ ਸਾਲ ਨਿਰੰਤਰ ਸਿੱਖ ਕੌਮ ਦੀ ਅਗਵਾਈ ਕਰਕੇ ੨੦ ਅਕਤੂਬਰ ੧੭੮੩ ਨੂੰ ਅਕਾਲ ਚਲਾਣਾ ਕਰ ਗਏ ਸਨ।ਆਪ ਨੇ ਏਸ਼ੀਆ ਦੇ ਜੇਤੂ ਜਰਨੈਲ ਅਹਿਮਦ ਸ਼ਾਹ ਅਬਦਾਲੀ ਨਾਲ ਸਿੱਧੀ ਟੱਕਰ ਲਈ।ਆਪ ਦੀ ਤਲਵਾਰ ਦੀ ਧਾਂਕ ਕਾਬਲ ਤੱਕ ਪੈਂਦੀ ਸੀ।ਭਾਰਤ ਸਰਕਾਰ ਨੇ ਇਸ ਮਹਾਨ ਯੋਧੇ ਦੀ ਯਾਦ ਵਿੱਚ ੧੯੮੫ ਨੂੰ ਡਾਕ ਟਿਕਟ ਜਾਰੀ ਕੀਤੀ ਸੀ।ਇਸ ਮਹਾਨ ਯੋਧੇ ਜਰਨੈਲ ਦੀ ਤੀਸਰੀ ਜਨਮ ਸ਼ਬਾਬਦੀ ਸਾਰੀ ਸਿੱਖ ਕੌਮ ਮਨਾ ਰਹੀ ਹੈ ਪਰ ਅਜੇ ਵੀ ਇਹ ਇਸ ਮਹਾਨ ਜਰਨੈਲ ਦੀ ਸਖਸ਼ੀਅਤ ਅਤੇ ਸੰਸਾਰ ਭਰ ਵਿੱਚ ਉਸਦੇ ਸਥਾਨ ਬਾਰੇ ਨੌਜਵਾਨ ਪੀੜੀ ਨੂੰ ਬਹੁਤ ਕੁਝ ਦੱਸਣ ਜਾਨਣ ਦੀ ਲੋੜ ਹੈ ਤਾਂ ਕਿ ਅਸੀਂ ਆਪਣੇ ਵਿਰਸੇ ਦੇ ਮਹਾਂ ਨਾਇਕਾਂ ਦੇ ਥੋੜੇ ਬਹੁਤੇ ਗੁਣ ਆਪਣੇ ਅੰਦਰ ਧਾਰਨ ਕਰ ਸਕੀਏ।

ਸਵਰਨਦੀਪ ਸਿੰਘ ਨੂਰ
ਪਿੰਡ-ਜੋਧਪੁਰ ਰੋਮਾਣਾ
ਜ਼ਿਲਾ-ਬਠਿੰਡਾ।
75891-19192

Share Button

Leave a Reply

Your email address will not be published. Required fields are marked *

%d bloggers like this: