ਦਸਤਾਰ ਸਿੱਖੀ ਦਾ ਅਨਿੱਖੜਵਾਂ ਅੰਗ, ਅਕਾਲੀ ਦਲ ਸੁਪਰੀਮ ਕੋਰਟ ’ਚ ਦੇਵੇਗਾ ਜਵਾਬ: ਸੁਖਬੀਰ ਬਾਦਲ

ਦਸਤਾਰ ਸਿੱਖੀ ਦਾ ਅਨਿੱਖੜਵਾਂ ਅੰਗ, ਅਕਾਲੀ ਦਲ ਸੁਪਰੀਮ ਕੋਰਟ ’ਚ ਦੇਵੇਗਾ ਜਵਾਬ: ਸੁਖਬੀਰ ਬਾਦਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਦਸਤਾਰ ਸਿੱਖੀ ਦਾ ਅਨਿੱਖੜਵਾਂ ਅੰਗ ਹੈ ਅਤੇ ਇਸ ਮੁੱਦੇ ਉੱਤੇ ਸੁਪਰੀਮ ਕੋਰਟ ਵੱਲੋਂ ਉਠਾਏ ਸਵਾਲ ਨੂੰ ਪਾਰਟੀ ਕੇਂਦਰ ਸਰਕਾਰ ਕੋਲ ਲੈ ਕੇ ਜਾਵੇਗੀ ਤਾਂ ਕਿ ਇਸ ਮੁੱਦੇ ਦਾ ਹਮੇਸ਼ਾਂ ਲਈ ਨਿਬੇੜਾ ਹੋ ਜਾਵੇ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇੱਕ ਸਿਦਕੀ ਸਿੱਖ ਵਜੋਂ ਉਹਨਾਂ ਨੂੰ ਇਹ ਜਾਣ ਕੇ ਬਹੁਤ ਹੀ ਵੱਡੀ ਚੋਟ ਲੱਗੀ ਹੈ ਕਿ ਉੱਚ ਅਦਾਲਤ ਵੱਲੋਂ ਸਿੱਖ ਧਰਮ ਵਿਚ ਦਸਤਾਰ ਦੀ ਅਹਿਮੀਅਤ ਬਾਰੇ ਸੁਆਲ ਕੀਤਾ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਮੇਰਾ ਇਹ ਪੱਕਾ ਭਰੋਸਾ ਹੈ ਕਿ ਭਾਰਤ ਆਪਣੇ ਲੋਕਾਂ ਦੇ ਧਾਰਮਿਕ ਵਿਸ਼ਵਾਸ਼ਾਂ ਦੀ ਰਾਖੀ ਲਈ ਵਚਨਬੱਧ ਹੈ। ਸੰਵਿਧਾਨ ਵੀ ਆਰਟੀਕਲ 25 ਤਹਿਤ ਸਾਡੇ ਧਾਰਮਿਕ ਅਧਿਕਾਰਾਂ ਦੀ ਰਾਖੀ ਕਰਦਾ ਹੈ। ਅਸੀਂ ਇਸ ਮਸਲੇ ਨੂੰ ਕੇਂਦਰ ਸਰਕਾਰ ਕੋਲ ਲੈ ਕੇ ਜਾਵਾਂਗੇ ਅਤੇ ਇਸ ਨੂੰ ਸਾਡਾ ਕੇਸ ਪ੍ਰਭਾਵਸ਼ਾਲੀ ਢੰਗ ਨਾਲ ਸੁਪਰੀਮ ਕੋਰਟ ਅੱਗੇ ਪੇਸ਼ ਕਰਨ ਲਈ ਕਹਾਂਗੇ। ਮੈਨੂੰ ਭਰੋਸਾ ਹੈ ਕਿ ਉੱਚ ਅਦਾਲਤ ਹਰ ਕੀਮਤ ਉੱਤੇ ਸਾਡੇ ਧਾਰਮਿਕ ਵਿਸ਼ਵਾਸ਼ਾਂ ਦੀ ਰਾਖੀ ਨੂੰ ਯਕੀਨੀ ਬਣਾਏਗੀ।
ਇੱਕ ਸਥਾਨਕ ਸਾਇਕਲ ਸੰਸਥਾ ਵੱਲੋਂ ਚੈਂਪੀਅਨਸ਼ਿਪ ਵਿਚ ਭਾਗ ਲੈਣ ਲਈ ਸਿਰ ਉੱਤੇ ਹੈਲਮਟ ਪਹਿਨਣ ਦੇ ਲਾਜ਼ਮੀ ਨਿਯਮ ਨੂੰ ਚੁਣੌਤੀ ਦੇਣ ਵਾਲੇ ਸਾਇਕਲ ਚਾਲਕ ਜਗਦੀਸ਼ ਸਿੰਘ ਪੁਰੀ ਦੇ ਹਾਲੀਆ ਕੇਸ ਬਾਰੇ ਬੋਲਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਜਿਹੇ ਨਿਯਮਾਂ ਨੂੰ ਤੁਰੰਤ ਖ਼ਤਮ ਕੀਤੇ ਜਾਣ ਦੀ ਲੋੜ ਹੈ। ਉਹਨਾਂ ਕਿਹਾ ਕਿ ਸਾਡੇ ਧਾਰਮਿਕ ਅਧਿਕਾਰ ਪਵਿੱਤਰ ਹਨ। ਕਿਸੇ ਨੂੰ ਵੀ ਉਹਨਾਂ ਵਿਚ ਦਖ਼ਲ ਦੇਣ ਦੀ ਆਗਿਆ ਨਹੀਂ ਦਿੱਤੀ ਜਾਣੀ ਚਾਹੀਦੀ। ਸੰਵਿਧਾਨ ਅਨੁਸਾਰ ਸਿੱਖਾਂ ਨੂੰ ਆਪਣੇ ਧਰਮ ਦੀ ਪਾਲਣਾ ਕਰਨ ਦੀ ਮੁਕੰਮਲ ਅਜ਼ਾਦੀ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਉੱਚ ਅਦਾਲਤ ਦੇ ਸੂਝਵਾਨ ਜੱਜਾਂ ਨੂੰ ਸਿੱਖ ਮਰਿਆਦਾ ਨੂੰ ਧਿਆਨ ਵਿਚ ਲਿਆਉਣਾ ਚਾਹੀਦਾ ਹੈ, ਜਿਹੜੀ ਦੱਸਦੀ ਹੈ ਕਿ ਦਸ ਤਾਰ ਪਾਉਣਾ ਸਿੱਖ ਧਰਮ ਅਤੇ ਸੱਭਿਆਚਾਰ ਦਾ ਇੱਕ ਜਰੂਰੀ ਅੰਗ ਹੈ।
ਉਹਨਾਂ ਕਿਹਾ ਕਿ ਦਸਤਾਰ ਅਤੇ ਚਾਰ ਹੋਰ ਧਾਰਮਿਕ ਚਿੰਨ੍ਹ ਸਾਨੂੰ ਖਾਲਸਾ ਪੰਥ ਦੀ ਸਿਰਜਣਾ ਕਰਨ ਵਾਲੇ ਸਾਡੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਿੱਤੇ ਗਏ ਸਨ। ਸਾਰੇ ਜਾਣਦੇ ਹਨ ਕਿ ਇਸ ਤੋਂ ਬਾਅਦ ਕਿਸ ਤਰ੍ਹਾਂ ਭਾਰਤ ਦਾ ਇਤਿਹਾਸ ਬਦਲ ਗਿਆ ਸੀ। ਕਿਵੇਂ ਸਿੱਖਾਂ ਦੀ ਥੋੜ੍ਹੀ ਜਿਹੀ ਗਿਣਤੀ ਨੇ ਅੱਤਿਆਚਾਰ ਖ਼ਿਲਾਫ ਲੜਦਿਆਂ ਮੁਗਲ ਸਾਮਰਾਜ ਨੂੰ ਹਿਲਾ ਦਿੱਤਾ ਸੀ। ਇਹ ਚਾਹੇ ਆਜ਼ਾਦੀ ਲਈ ਲੜੀ ਗਈ ਸਾਰਾਗੜ੍ਹੀ ਦੀ ਲੜਾਈ ਹੋਵੇ ਜਾਂ ਸਾਡੇ ਦੇਸ਼ ਦੀ ਪ੍ਰਭੂਸੱਤਾ ਦੀ ਰਾਖੀ ਵਾਸਤੇ ਲੜੀ ਗਈ ਕੋਈ ਲੜਾਈ ਹੋਵੇ, ਸਿੱਖਾਂ ਨੇ ਹਮੇਸ਼ਾਂ ਆਪਣੇ ਧਰਮ ਅਤੇ ਦੇਸ਼ ਦੀ ਰਾਖੀ ਲਈ ਆਪਣਾ ਖੂਨ ਵਹਾਇਆ ਹੈ। ਇਹ ਸਭ ਲੜਾਈਆਂ ਉਹਨਾਂ ਨੇ ਬਿਨਾਂ ਹੈਲਮਟ ਪਾਏ ਲੜੀਆਂ ਸਨ। ਮੈਨੂੰ ਸਮਝ ਨਹੀਂ ਆਉਂਦੀ ਕਿ ਹੁਣ ਇੱਕ ਸਾਇਕਲ ਮੁਕਾਬਲੇ ਲਈ ਉਹਨਾਂ ਨੂੰ ਦਸਤਾਰਾਂ ਉਤਾਰ ਕੇ ਹੈਲਮਟ ਪਹਿਨਣ ਲਈ ਕਿਉਂ ਕਿਹਾ ਜਾਣਾ ਚਾਹੀਦਾ ਹੈ।
ਇਹ ਟਿੱਪਣੀ ਕਰਦਿਆਂ ਕਿ ਵਾਰ ਵਾਰ ਇਹ ਸੁਆਲ ਕਰਕੇ ਕਿ ਕੀ ਇੱਕ ਸਿੱਖ ਲਈ ਦਸਤਾਰ ਪਹਿਨਣਾ ਲਾਜ਼ਮੀ ਹੈ, ਸਿੱਖਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰੀ ਜਾ ਰਹੀ ਹੈ, ਸਰਦਾਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਕੇਂਦਰ ਸਰਕਾਰ ਨੂੰ ਇਸ ਮੁੱਦੇ ਦਾ ਪੱਕੇ ਤੌਰ ਤੇ ਨਿਬੇੜਾ ਕਰਨ ਦੀ ਅਪੀਲ ਕਰੇਗਾ ਤਾਂ ਕਿ ਸਿੱਖਾਂ ਨੂੰ ਵਾਰ ਵਾਰ ਤੰਗ ਨਾ ਕੀਤਾ ਜਾਵੇ।
ਉਹਨਾਂ ਕਿਹਾ ਕਿ ਇੱਕ ਆਜ਼ਾਦ ਭਾਰਤ ਅੰਦਰ, ਜਿੱਥੇ ਇੱਕ ਸਿੱਖ ਪ੍ਰਧਾਨ ਮੰਤਰੀ ਰਿਹਾ ਹੋਵੇ, ਚੀਫ ਜਸਟਿਸ ਰਿਹਾ ਹੋਵੇ ਅਤੇ ਫੌਜ ਦੇ ਮੁਖੀ ਰਹੇ ਹੋਣ, ਉੱਥੇ ਕਿਸੇ ਵੀ ਸਿੱਖ ਨੂੰ ਅਜਿਹਾ ਸੁਆਲ ਨਹੀਂ ਪੁੱਛਿਆ ਜਾਣਾ ਚਾਹੀਦਾ। ਅਜਿਹਾ ਵਾਰ ਵਾਰ ਕਰਨਾ ਸਾਡੀਆਂ ਧਾਰਮਿਕ ਭਾਵਨਾਵਾਂ ਅਤੇ ਇਤਿਹਾਸਕ ਰਵਾਇਤਾਂ ਬਾਰੇ ਸਮਝ ਦੀ ਘਾਟ ਨੂੰ ਦਰਸਾਉਂਦਾ ਹੈ।

Share Button

Leave a Reply

Your email address will not be published. Required fields are marked *

%d bloggers like this: