ਨਵਤੇਜ ਚੀਮਾ ਵੀ ਨਾਰਾਜ਼, ਕਿਹਾ ਕੈਪਟਨ ਤੇ ਕਾਂਗਰਸ ਨੇ ਇਮਾਨਦਾਰੀ ਤੇ ਵਫ਼ਾਦਾਰੀ ਦਾ ਮੁੱਲ ਨਹੀਂ ਪਾਇਆ

ਨਵਤੇਜ ਚੀਮਾ ਵੀ ਨਾਰਾਜ਼, ਕਿਹਾ ਕੈਪਟਨ ਤੇ ਕਾਂਗਰਸ ਨੇ ਇਮਾਨਦਾਰੀ ਤੇ ਵਫ਼ਾਦਾਰੀ ਦਾ ਮੁੱਲ ਨਹੀਂ ਪਾਇਆ

ਪੰਜਾਬ ਵਿਚ ਕਾਂਗਰਸ ਕੈਬਨਿਟ ਦੇ ਵਿਸਤਾਰ ਤੋਂ ਬਾਅਦ ਬਗਾਵਤਾਂ, ਰੋਸਿਆਂ ਅਤੇ ਨਾਰਾਜ਼ਗੀਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਟਾਂਡਾ ਉੜਮੁੜ ਦੇ ਵਿਧਾਇਕ ਸ: ਸੰਗਤ ਸਿੰਘ ਗਿਲਜੀਆਂ ਤੋਂ ਬਾਅਦ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਸ: ਨਵਤੇਜ ਸਿੰਘ ਚੀਮਾ ਵੀ ਨਾਰਾਜ਼ ਨਜ਼ਰ ਹੀ ਨਹੀਂ ਆ ਰਹੇ ਸਗੋਂ ਉਨ੍ਹਾਂ ਨੇ ਆਪਣੀ ਨਾਰਾਜ਼ਗੀ ਖੁਲ੍ਹ ਕੇ ਜ਼ਾਹਿਰ ਕੀਤੀ ਹੈ ਹਾਲਾਂਕਿ ਅਜੇ ਉਨ੍ਹਾਂ ਭਵਿੱਖ ਦੀ ਰਣਨੀਤੀ ਬਾਰੇ ਚੁੱਪ ਵੱਟੀ ਹੋਈ ਹੈ।
ਵਰਨਣਯੋਗ ਹੈ ਕਿ ਰਾਜ ਅੰਦਰ ਕੈਬਨਿਟ ਵਿਸਤਾਰ ਦੇ ਵਿਰੋਧ ਦਾ ਮੁੱਢ ਬੰਨ੍ਹਦਿਆਂ ਬੀਤੇ ਕਲ੍ਹ ਕੈਬਨਿਟ ਵਿਸਤਾਰ ਲਈ ਵਿਧਾਇਕਾਂ ਦੀ ਸੂਚੀ ਜਾਰੀ ਹੋਣ ਮਗਰੋਂ ਸ: ਗਿਲਜੀਆਂ ਨੇ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਅਤੇ ਕੁਲਹਿੰਦ ਕਾਂਗਰਸ ਦੇ ਮੈਂਬਰ ਵਜੋਂ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਸੀ।
ਇਸੇ ਦੌਰ ਵਿਚ ਅੱਜ ‘ਯੈੱਸ ਪੰਜਾਬ’ ਨਾਲ ਗੱਲ ਕਰਦਿਆਂ ਸ: ਨਵਤੇਜ ਸਿੰਘ ਚੀਮਾ ਨੇ ਇਸ ਗੱਲ ’ਤੇ ਅਫਸੋਸ ਜ਼ਾਹਿਰ ਕੀਤਾ ਕਿ ਮੰਤਰੀ ਮੰਡਲ ਵਿਚ ਸ਼ਮੂਲੀਅਤ ਲਈ ਇਮਾਨਦਾਰੀ, ਵਫ਼ਾਦਾਰੀ, ਮਿਹਨਤ, ਸੀਨੀਆਰਤਾ, ਤਜਰਬੇ ਅਤੇ ਖ਼ਾਸ ਤੌਰ ’ਤੇ ਅਕਾਲੀਆਂ ਦੇ ਗੜ੍ਹ ਤੋੜ ਕੇ ਵਿਧਾਨ ਸਭਾ ਵਿਚ ਪਹੁੰਚਣ ਵਾਲੇ ਆਗੂਆਂ ਨੂੰ ਵੀ ਦਰਕਿਨਾਰ ਕਰਨਾ ਪਾਰਟੀ ਲਈ ਕੋਈ ਚੰਗਾ ਸੰਕੇਤ ਨਹੀਂ ਹੈ। ਉਹਨਾਂ ਕਿਹਾ ਕਿ ਉਨ੍ਹਾਂ ਦੇ ਹਲਕੇ ਦੇ ਲੋਕ ਮਹਿਸੂਸ ਕਰਦੇ ਹਨ ਕਿ ਇਸ ਤਰ੍ਹਾਂ ਪਾਰਟੀ ਲਈ ਇਮਾਨਦਾਰੀ ਅਤੇ ਵਫ਼ਾਦਾਰੀ ਦੇ ਜਜ਼ਬੇ ਨੂੰ ਹੀ ਸੱਟ ਵੱਜੇਗੀ।
ਸ: ਨਵਤੇਜ ਸਿੰਘ ਚੀਮਾ ਨੇ ਕਿਹਾ ਕਿ ਉਨ੍ਹਾਂ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਦਾ ਮੁੱਲ ਨਹੀਂ ਪਾਇਆ ਗਿਆ ਜਦਕਿ ਨਾ ਕੇਵਲ ਪਾਰਟੀ ਸਗੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਵੀ ਉਹ ਉਸ ਵੇਲੇ ਖੜ੍ਹੇ ਸਨ ਜਦ ਸਾਰੇ ਦੁਆਬੇ ਵਿਚੋਂ ਉਹਨਾਂ ਦੇ ਨਾਲੋਂ ਵਧੇਰੇ ਨੇਤਾ ਕਿਨਾਰਾ ਕਰ ਗਏ ਸਨ।
ਸ: ਚੀਮਾ ਨੇ ਕਿਹਾ ਕਿ ਉਹ ਇਸ ਗੱਲ ਤੋਂ ਵੀ ਹੈਰਾਨ ਹਨ ਕਿ ਜਿੱਥੇ ਸੁਲਤਾਨਪੁਰ ਲੋਧੀ ਜਿਹੇ ਅਹਿਮ ਹਲਕੇ ਦੇ ਨੁਮਾਇੰਦੇ ਨੂੰ ਸਾਰੀਆਂ ਯੋਗਤਾਵਾਂ ਪੂਰੀਆਂ ਕਰਨ ਦੇ ਬਾਵਜੂਦ ਨੁਮਾਇੰਦਗੀ ਨਾ ਦੇਣ ਦਾ ਫ਼ੈਸਲਾ ਕੀਤਾ ਗਿਆ ਉੱਥੇ ਸਮੁੱਚੇ ਦੁਆਬੇ ਨੂੰ ਹੀ ‘ਇਗਨੋਰ’ ਕਰਨ ਦਾ ਫ਼ੈਸਲਾ ਲਿਆ ਗਿਆ। ਜ਼ਿਕਰਯੋਗ ਹੈ ਕਿ ਦੁਆਬੇ ਦੇ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ਜ਼ਿਲਿ੍ਹਆਂ ਵਿਚੋਂ ਕੇਵਲ ਹੁਸ਼ਿਆਰਪੁਰ ਦੇ ਸ੍ਰੀ ਸੁੰਦਰ ਸ਼ਿਆਮ ਅਰੋੜਾ ਨੂੰ ਹੀ ਵਜ਼ਾਰਤ ਵਿਚ ਸ਼ਾਮਿਲ ਕੀਤਾ ਜਾ ਰਿਹਾ ਹੈ।
ਕਾਂਗਰਸ ਵਿਧਾਇਕ ਨੇ ਇਸ ਗੱਲ ’ਤੇ ਵੀ ਨਾਰਾਜ਼ਗੀ ਦਾ ਪ੍ਰਗਟਾਵਾ ਕੀਤਾ ਕਿ ਉਨ੍ਹਾਂ ਦੇ ਨੌਜਵਾਨ ਕੋਟੇ ਵਿਚ ਹੋਣ, ਸਮੇਂ ਦੀ ਲੀਡਰਸ਼ਿਪ ਅਤੇ ਪਾਰਟੀ ਦੇ ਨਾਲ ਖੜ੍ਹਣ ਤੋਂ ਇਲਾਵਾ ਉਨ੍ਹਾਂ ਦੇ ਅੱਤਵਾਦ ਨਾਲ ਲੜਦੇ ਜੂਝਦੇ ਰਹੇ ਪਰਿਵਾਰ ਤੋਂ ਹੋਣ ਦੇ ਸਾਰੇ ਦਾਅਵਿਆਂ ਨੂੰ ਦਰਕਿਨਾਰ ਕੀਤਾ ਗਿਆ ਹੈ।
ਆਪਣੀ ਅਗਲੀ ਰਣਨੀਤੀ ਬਾਰੇ ਅਜੇ ਪੱਤੇ ਖੋਲ੍ਹਣ ਤੋਂ ਟਾਲਾ ਵੱਟਦਿਆਂ ਸ: ਚੀਮਾ ਨੇ ਕਿਹਾ ‘ਅਜੇ ਇੰਤਜ਼ਾਰ ਕਰੋ।’ ਉਂਜ ਉਨ੍ਹਾਂ ਇਹ ਸਪਸ਼ਟ ਕੀਤਾ ਕਿ ਹਲਕੇ ਦੇ ਲੋਕਾਂ ਅਤੇ ਉਨ੍ਹਾਂ ਦੇ ਸਮਰਥਕਾਂ ਵਿਚ ਨਾਰਾਜ਼ਗੀ ਨੂੰ ਵੇਖ਼ਦਿਆਂ ਆਗਾਮੀ ਲੋਕ ਸਭਾ ਚੋਣਾਂ ਵਿਚ ਆਪਣੇ ਸਮਰਥਕਾਂ ਨੂੰ ਪਾਰਟੀ ਦੇ ਹੱਕ ਵਿਚ ਤੋਰਣਾ ਉਨ੍ਹਾਂ ਲਈ ਸੌਖ਼ਾ ਨਹੀਂ ਹੋਵੇਗਾ ਕਿਉਂਕਿ ਵਰਕਰਾਂ ਵਿਚ ਨਿਰਾਸ਼ਾ ਦਾ ਆਲਮ ਹੈ।
ਵਰਨਣਯੋਗ ਹੈ ਕਿ ਸ: ਚੀਮਾ ਨੇ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਨੇਤਾ ਅਤੇ ਟਕਸਾਲੀ ਅਕਾਲੀ ਆਗੂ ਅਤੇ ਵਿੱਤ ਮੰਤਰੀ ਬੀਬੀ ਉਪਿੰਦਰਜੀਤ ਕੌਰ ਦੇ ਹਲਕੇ ਸੁਲਤਾਨਪੁਰ ਲੋਧੀ ’ਚ ਉਨ੍ਹਾਂ ਸਾਹਮਣੇ ਤਿੰਨ ਚੋਣਾਂ ਲੜੀਆਂ। ਉਹ ਕੇਵਲ ਪਹਿਲੀ ਵਾਰ ਬੀਬੀ ਉਪਿੰਦਰਜੀਤ ਕੌਰ ਤੋਂ ਹਾਰੇ ਪਰ ਉਸਤੋਂ ਬਾਅਦ 2012 ਅਤੇ 2017 ਵਿਚ ਉਨ੍ਹਾਂ ਆਪਣਾ ਜੇਤੂ ਪਰਚਮ ਲਹਿਰਾਉਣਾ ਜਾਰੀ ਰੱਖਿਆ। ਸੁਲਤਾਨਪੁਰ ਲੋਧੀ ਕੱਟੜ ਅਕਾਲੀ ਹਲਕਾ ਅਤੇ ਅਕਾਲੀ ਦਲ ਦਾ ਗੜ੍ਹ ਮੰਨਿਆਂ ਜਾਂਦਾ ਸੀ ਪਰ ਸ: ਚੀਮਾ ਇੱਥੇ ਕਾਂਗਰਸ ਦੇ ਪੈਰ ਲਾਉਣ ਵਿਚ ਸਫ਼ਲ ਰਹੇ ਹਾਲਾਂਕਿ ਪਿਛਲੇ 10 ਸਾਲ ਰਾਜ ਵਿਚ ਸਰਕਾਰ ਵੀ ਅਕਾਲੀ-ਭਾਜਪਾ ਗਠਜੋੜ ਦੀ ਰਹੀ। ਸ: ਚੀਮਾ ਸਭ ਤੋਂ ਛੋਟੀ ਉਮਰ ਦੇ ਜ਼ਿਲ੍ਹਾ ਪ੍ਰਧਾਨ ਵੀ ਰਹੇ। ਉਹ ਕਪੂਰਥਲਾ ਜ਼ਿਲ੍ਹਾ ਕਾਂਗਰਸ ਦੇ 2003 ਤੋਂ 2006 ਤਕ ਅਤੇ 2012 ਤੋਂ 2015 ਤਕ ਪ੍ਰਧਾਨ ਵੀ ਰਹੇ।

Share Button

Leave a Reply

Your email address will not be published. Required fields are marked *

%d bloggers like this: