ਜ਼ੇਲ੍ਹ ‘ਚੋਂ ਰਿਹਾਅ ਹੋ ਕੇ ਆਏ ਕਿਸਾਨ ਆਗੂ ਦਾ ਪਿੰਡ ਵੱਲੋਂ ਜ਼ੋਰਦਾਰ ਸੁਆਗਤ

ਜ਼ੇਲ੍ਹ ‘ਚੋਂ ਰਿਹਾਅ ਹੋ ਕੇ ਆਏ ਕਿਸਾਨ ਆਗੂ ਦਾ ਪਿੰਡ ਵੱਲੋਂ ਜ਼ੋਰਦਾਰ ਸੁਆਗਤ

1-5ਤਲਵੰਡੀ ਸਾਬੋ, 31 ਮਈ (ਗੁਰਜੰਟ ਸਿੰਘ ਨਥੇਹਾ)- ਬੀਤੇ ਦਿਨੀਂ ਪਿੰਡ ਭੂੰਦੜ ਦੇ ਕਿਸਾਨ ਭਰਾਵਾਂ ਦੇ ਜ਼ਮੀਨੀ ਝਗੜੇ ਦੇ ਸਮਝੌਤੇ ਦਰਮਿਆਨ ਇੱਕ ਭਰਾ ਦੇ ਮੁਕਰਨ ਮੌਕੇ ਇੱਕ ਔਰਤ ਵੱਲੋਂ ਕਿਸਾਨ ਨੂੰ ਥੱਪੜ ਮਾਰੇ ਜਾਣ ਦੇ ਮਾਮਲੇ ਤੇ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਜਥੇਬੰਦੀ ਦੇ ਕਿਸਾਨ ਆਗੂਆਂ ਨੇ ਬਾਲਿਆਂਵਾਲੀ ਥਾਣੇ ਅੱਗੇ ਲਾਏ ਧਰਨੇ ‘ਚੋਂ ਪੁਲਿਸ ਵੱਲੋਂ ਚੁੱਕੇ ਗਏ ਪੰਜ ਕਿਸਾਨਾਂ ਨੂੰ ਕੇਂਦਰੀ ਜ਼ੇਲ੍ਹ ਬਠਿੰਡਾ ਵਿਖੇ ਡੱਕ ਦਿੱਤਾ ਸੀ ਪਰ ਕਿਸਾਨਾਂ ਵੱਲੋਂ ਲਾਏ ਗਏ ਧਰਨੇ ਮੂਹਰੇ ਝੁਕਦਿਆਂ ਪੁਲਿਸ ਨੇ ਪੰਜੇ ਕਿਸਾਨ ਆਗੂਆਂ ਨੂੰ ਬਿਨ੍ਹਾਂ ਕਿਸੇ ਸ਼ਰਤ ‘ਤੇ ਰਿਹਾਅ ਕਰ ਦਿੱਤਾ ਹੈ। ਕਿਸਾਨ ਆਗੂਆਂ ਦਾ ਪਿੰਡ ਪਹੁੰਚਣ ‘ਤੇ ਪਿੰਡ ਵਾਸੀਆਂ ਨੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਆਗੂ ਯੋਧਾ ਸਿੰਘ ਨੰਗਲਾ ਦਾ ਫੁੱਲਾਂ ਦੇ ਹਾਰ ਪਾ ਕੇ ਜ਼ੋਰਦਾਰ ਸੁਆਗਤ ਕੀਤਾ ਅਤੇ ਸਰਕਾਰ ਵਿਰੁੱਧ ਡਟਵੀਂ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਯੋਧਾ ਸਿੰਘ ਨੰਗਲਾ ਨੇ ਸੁਖਵੀਰ ਸਿੰਘ ਬਾਦਲ ਵੱਲੋਂ ਕਹੇ ਸ਼ਬਦ ‘ਨਸ਼ਾ ਰਹਿਤ ਪੰਜਾਬ’ ਦੀ ਪੋਲ ਖੋਲਦਿਆਂ ਕਿਹਾ ਕਿ ਜ਼ੇਲ੍ਹ ਅੰਦਰ ਇੱਕ ਬੀੜੀਆਂ ਦਾ ਬੰਡਲ ਤਿੰਨ ਸੌ ਰੁਪਏ ਦਾ ਮੁਲਾਜ਼ਮ ਲਿਜਾ ਕੇ ਦਿੰਦੇ ਹਨ ਅਤੇ ਅੱਗੇ ਉਹ ਇੱਕ ਬੀੜੀ ਇੱਕ ਸੌ ਰੁਪਏ ਤੱਕ ਵਿਕਦੀ ਹੈ। ਇਸੇ ਤਰ੍ਹਾਂ ਜਰਦੇ ਦੀ ਇੱਕ ਚੂੰਡੀ ਪੰਜਾਹ ਰੁਪਏ ਵਿੱਚ ਵਿਕ ਰਹੀ ਹੈ, ਚਿੱਟੇ ਵਰਗੇ ਨਸ਼ੇ ਵੀ ਜ਼ੇਲ੍ਹ ਅੰਦਰ ਸੌਖੇ ਹੀ ਮਿਲ ਜਾਂਦੇ ਹਨ। ਪਰ ਜ਼ੇਲ੍ਹ ਅੰਦਰ ਇੰਨਾ ਨਸ਼ਾ ਵਿਕ ਰਿਹਾ ਹੈ ਤਾਂ ਸੁਖਬੀਰ ਬਾਦਲ ਸਾਰੇ ਪੰਜਾਬ ਨੂੰ ਨਸ਼ਾ ਰਹਿਤ ਪੰਜਾਬ ਕਿਹੜੇ ਮੂੰਹ ਨਾਲ ਕਹਿ ਰਿਹਾ ਹੈ।
ਇਸ ਮੌਕੇ ਉਹਨਾਂ ਕਿਸਾਨਾਂ ਨਾਲ ਕੀਤੇ ਜਾਂਦੇ ਕੋਝੇ ਮਜਾਕ ਦੀ ਨਿੰਦਿਆ ਕੀਤੀ ਅਤੇ ਕਿਹਾ ਕਿ ਜੇ ਕਿਸਾਨਾਂ ਨੂੰ ਹੱਕ ਮੰਗਦਿਆਂ ਨੂੰ ਇਸੇ ਤਰ੍ਹਾਂ ਜ਼ੇਲ੍ਹਾਂ ਵਿੱਚ ਡੱਕਦੇ ਰਹੇ ਤਾਂ ਇਹ ਸੰਘਰਸ਼ ਹੋਰ ਵੀ ਤੇਜ਼ ਹੋ ਸਕਦਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪਿੰਡ ਇਕਾਈ ਪ੍ਰਧਾਨ ਬੋਘ ਸਿੰਘ, ਖਜਾਨਚੀ ਨੇਕ ਸਿੰਘ, ਪ੍ਰਚਾਰ ਸਕੱਤਰ ਜੰਟਾ ਸਿੰਘ, ਮੀਤ ਪ੍ਰਧਾਨ ਅਮਰੀਕ ਸਿੰਘ ਨੰਗਲਾ, ਜੈਮਲ ਸਿੰਘ, ਮੋਹਨਾ ਸਿੰਘ ਸੀਂਗੋ ਮੰਡੀ ਅਤੇ ਗੁਰਚਰਨ ਸਿੰਘ ਬਹਿਮਣ ਕੌਰ ਸਿੰਘ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: