ਸ਼ਹੀਦ-ਇ-ਆਜ਼ਮ ਭਗਤ ਸਿੰਘ ਤੇ ਕੌਮੀ ਸ਼ਹੀਦ ਦਾ ਰੁਤਬਾ

ਸ਼ਹੀਦ-ਇ-ਆਜ਼ਮ ਭਗਤ ਸਿੰਘ ਤੇ ਕੌਮੀ ਸ਼ਹੀਦ ਦਾ ਰੁਤਬਾ

ਗਰਮੀ ਰੁੱਤ ਦੀ ਸ਼ੁਰੂਆਤ ਵਿੱਚ ਭਾਰਤ ਆਪਣੇ ਉਨ੍ਹਾਂ ਮਹਾਨ ਸ਼ਹੀਦ ਸਪੂਤਾਂ ਨੂੰ ਯਾਦ ਕਰਦਾ ਹੈ, ਜਿਨ੍ਹਾਂ ਨੇ ਸੰਪੰਨ ਆਜ਼ਾਦ ਭਾਰਤ ਦੀ ਨੀਂਹ ਰੱਖਣ ਲਈ ਆਪਣੀਆਂ ਜ਼ਾਨਾਂ ਨਿਸ਼ਾਵਰ ਕੀਤੀਆਂ ਸਨ। ਉਨ੍ਹਾਂ ਮਹਾਨ ਸ਼ਹੀਦ ਸਪੂਤਾਂ ਦੇ ਨਾਂ ਹਨ ਸਰਦਾਰ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ। ਸਮੁੱਚਾ ਭਾਰਤਵਰਸ਼ ਅਤੇ ਦੇਸ-ਵਿਦੇਸ ਵਿੱਚ ਬੈਠੇ ਸਾਰੇ ਭਾਰਤੀ 23 ਮਾਰਚ ਵਾਲੇ ਦਿਨ ਇਨ੍ਹਾਂ ਹਰਮਨ ਪਿਆਰੇ ਸ਼ਹੀਦਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਨ।

ਸਰਦਾਰ ਭਗਤ ਸਿੰਘ ਦਾ ਜਨਮ ਸਾਂਝੇ ਪੰਜਾਬ ਦੇ ਪਿੰਡ ਬੰਗਾ, ਤਹਿਸੀਲ ਜੜ੍ਹਾਂਵਾਲਾ, ਜ਼ਿਲ੍ਹਾ ਲਾਇਲਪੁਰ ਦੇ ਚੱਕ ਨੰ. 105 ਜੀ.ਬੀ. (ਹੁਣ ਪਾਕਿਸਤਾਨ) ਵਿੱਚ ਪਿਤਾ ਸਰਦਾਰ ਕਿਸ਼ਨ ਸਿੰਘ ਅਤੇ ਮਾਤਾ ਵਿਦਿਆਵਤੀ ਦੇ ਗ੍ਰਿਹ ਵਿਖੇ 27 ਸਤੰਬਰ, 1907 ਨੂੰ ਹੋਇਆ। ਕੁਝ ਲੇਖਕ ਭਗਤ ਸਿੰਘ ਦਾ ਜਨਮ ਦੁਆਬੇ ਦੇ ਜ਼ਿਲ੍ਹਾ ਨਵਾਂ ਸ਼ਹਿਰ ਦੇ ਪਿੰਡ ਖਟਕੜ ਕਲਾਂ (ਭਗਤ ਸਿੰਘ ਦਾ ਨਾਨਕਾ ਪਿੰਡ) ਵਿੱਚ ਹੋਇਆ ਮੰਨਦੇ ਹਨ। ਭਗਤ ਸਿੰਘ ਦਾ ਸਾਰਾ ਪਰਿਵਾਰ ਆਜ਼ਾਦੀ ਘੁਲਾਟੀਆਂ ਦਾ ਪਰਿਵਾਰ ਹੈ। ਉਸਦੇ ਜਨਮ ਦਿਨ ਮੌਕੇ ਹੀ ਉਸਦੇ ਪਿਤਾ ਸਰਦਾਰ ਕਿਸ਼ਨ ਸਿੰਘ ਅਤੇ ਦੋ ਚਾਚਿਆਂ ਸਰਦਾਰ ਅਜੀਤ ਸਿੰਘ ਅਤੇ ਸਰਦਾਰ ਸਵਰਨ ਸਿੰਘ ਦੀ ਜ਼ੇਲ੍ਹ ਵਿੱਚੋਂ ਰਿਹਾਈ ਹੋਈ ਸੀ। ਭਗਤ ਸਿੰਘ ਦੇ ਦੋ ਭਰਾ ਸਰਦਾਰ ਕੁਲਬੀਰ ਸਿੰਘ ਸੰਧੂ ਤੇ ਸਰਦਾਰ ਕੁਲਤਾਰ ਸਿੰਘ ਸੰਧੂ ਅਤੇ ਇੱਕ ਭੈਣ ਪ੍ਰਕਾਸ਼ ਕੌਰ ਸੀ। ਸੰਧੂ ਕੁਨਬੇ ਵਾਲੇ ਇਸ ਜਟ ਪਰਿਵਾਰ ਦੇ ਸਾਰੇ ਮੈਂਬਰ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਕਰਨ ਵਾਲੀਆਂ ਵੱਖ ਵੱਖ ਲਹਿਰਾਂ ਨਾਲ ਜੁੜੇ ਹੋਏ ਸਨ। ਪਰਿਵਾਰ ਦੇ ਕੁਝ ਮੈਬਰਾਂ ਨੇ ਮਾਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਵੀ ਸੇਵਾ ਕੀਤੀ ਸੀ। ਭਗਤ ਸਿੰਘ ਦਾ ਪਿਤਾ ਅਤੇ ਦੋਵੇਂ ਚਾਚੇ ਗਦਰ ਪਾਰਟੀ ਦੇ ਮੈਂਬਰ ਸਨ, ਜਿਹੜੀ ਕਿ ਸਰਦਾਰ ਕਰਤਾਰ ਸਿੰਘ ਸਰਾਭਾ ਅਤੇ ਲਾਲਾ ਹਰਦਿਆਲ ਵੱਲੋਂ ਕਾਇਮ ਕੀਤੀ ਗਈ ਸੀ।

ਜਦੋਂ ਸੰਨ 1919 ਵਿੱਚ ਜ਼ਲ੍ਹਿਆਂਵਾਲਾ ਬਾਗ਼, ਅੰਮ੍ਰਿਤਸਰ ਦਾ ਕਾਂਡ ਵਾਪਰਿਆ ਸੀ ਜਿੱਥੇ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਤਰ ਹੋਏ ਨਿਹੱਥੇ ਭਾਰਤੀਆਂ ਨੂੰ ਜਨਰਲ ਡਾਇਰ ਨੇ ਗੋਲੀਆਂ ਮਾਰ ਕੇ ਸੈਂਕੜੇ ਮਰਦਾਂ, ਔਰਤਾਂ ਅਤੇ ਬੱਚਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ, ਉਸ ਵੇਲੇ ਭਗਤ ਸਿੰਘ ਦੀ ਉਮਰ 12 ਕੁ ਸਾਲ ਦੀ ਸੀ। ਇਸ ਕਾਂਡ ਦੇ ਕੁਝ ਘੰਟੇ ਬਾਅਦ ਭਗਤ ਸਿੰਘ ਜ਼ਲ੍ਹਿਆਂਵਾਲਾ ਬਾਗ਼ ਗਿਆ। ਉਥੋਂ ਦੇ ਹਾਲਾਤ ਵੇਖ ਕੇ ਉਹ ਬੜਾ ਦੁਖੀ ਹੋਇਆ ਅਤੇ ਗੁੱਸੇ ਨਾਲ ਭਰ ਗਿਆ। ਅੰਗਰੇਜ਼ ਹਕੂਮਤ ਵਿਰੁੱੱਧ ਉਸਦੇ ਮਨ ਵਿੱਚ ਗੁੱਸਾ ਪਨਪਦਾ ਰਿਹਾ। ਜਦੋਂ ਉਹ 14 ਸਾਲ ਦਾ ਸੀ ਤਾਂ ਉਸਦੇ ਪਿੰਡ ਦੇ ਲੋਕ ਉਸ ਜਥੇ ਦਾ ਸਵਾਗਤ ਕਰ ਰਹੇ ਸਨ, ਜਿਹੜਾ 20 ਫਰਵਰੀ, 1921 ਨੂੰ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਨਿਹੱਥੇ ਲੋਕਾਂ ਦੇ ਵੱਡੀ ਗਿਣਤੀ ਵਿੱਚ ਕੀਤੇ ਗਏ ਕਤਲਾਂ ਵਿਰੁੱਧ ਰੋਸ-ਪ੍ਰਦਰਸ਼ਨ ਕਰ ਰਿਹਾ ਸੀ। ਸਵਾਗਤ ਕਰਨ ਵਾਲਿਆਂ ਵਿੱਚ ਭਗਤ ਸਿੰਘ ਵੀ ਸ਼ਾਮਿਲ ਸੀ।

ਇਨ੍ਹੀਂ ਦਿਨੀ ਮਹਾਤਮਾ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵੱਲੋਂ ਅੰਗਰੇਜ਼ ਹਕੂਮਤ ਦੇ ਭਾਰਤੀਆਂ ਉਤੇ ਕੀਤੇ ਜਾ ਰਹੇ ਅੱਤਿਆਚਾਰਾਂ ਵਿਰੁੱਧ ਵੱਖ ਵੱਖ ਰੋਸ-ਮੋਰਚੇ ਲਾਏ ਜਾ ਰਹੇ ਸਨ। ਮਹਾਤਮਾਂ ਗਾਂਧੀ ਨੇ ਸਰਕਾਰ ਨੂੰ ਕੋਈ ਸਹਿਯੋਗ ਨਾ ਦਿੱਤੇ ਜਾਣ ਦੀ ਇੱਕ ਲਹਿਰ ਸ਼ੁਰੂ ਕੀਤੀ ਸੀ। ਜਦੋਂ ਚੌਰੀ ਚੌਰਾ ਵਿਖੇ ਰੋਹ ਵਿੱਚ ਆਏ ਪ੍ਰਦਰਸ਼ਨਕਾਰੀਆਂ ਨੇ ਕੁਝ ਪੁਲਸੀਆਂ ਨੂੰ ਮਾਰ ਦਿੱਤਾ ਤਾਂ ਮਹਾਤਮਾਂ ਗਾਂਧੀ ਨੇ ਲਹਿਰ ਨੂੰ ਬੰਦ ਕਰਨ ਦਾ ਫੈਸਲਾ ਲੈ ਲਿਆ। ਭਗਤ ਸਿੰਘ ਮਹਾਤਮਾਂ ਗਾਂਧੀ ਦੀ ਇਸ ਸੋਚ ਨਾਲ ਸਹਿਮਤ ਨਹੀਂ ਹੋਇਆ। ਉਹ ਨੌਜਵਾਨ ਇਨਕਲਾਬੀ ਲਹਿਰ ਵਿੱਚ ਸ਼ਾਮਿਲ ਹੋ ਗਿਆ ਅਤੇ ਅੰਗ੍ਰੇਜ਼ਾਂ ਨੂੰ ਭਾਰਤ ਵਿੱਚੋਂ ਬਾਹਰ ਕੱਢਣ ਲਈ ਹਿੰਸਕ ਕਾਰਵਾਈਆਂ ਕਰਨ ਦਾ ਪ੍ਰਚਾਰ ਕਰਨ ਲੱਗਾ। ਇਸ ਮਨੋਰਥ ਲਈ ਉਸਨੇ ਨੌਜਵਾਨ ਭਾਰਤ ਸਭਾ ਦਾ ਗਠਨ ਕੀਤਾ। ਉਹ ਹਿੰਦੁਸਤਾਨ ਗਣਤੰਤਰੀ ਸਭਾ(ਐਚ.ਆਰ.ਏ.) ਦਾ ਮੈਂਬਰ ਵੀ ਬਣ ਗਿਆ ਜਿਸ ਵਿੱਚ ਉਸਦਾ ਮਿਲਾਪ ਚੰਦਰ ਸ਼ੇਖ਼ਰ ਆਜ਼ਾਦ, ਰਾਮ ਪ੍ਰਸ਼ਾਦ ਬਿਸਮਿਲ ਅਤੇ ਸ਼ਾਹਿਦ ਅਸ਼ਫਾਕਉਲਾ ਖਾਨ ਵਰਗੇ ਮੁੱਖ ਆਗੂਆਂ ਨਾਲ ਹੋਇਆ। ਇਸ ਦੌਰਾਨ ਭਗਤ ਸਿੰਘ ਅੰਮ੍ਰਿਤਸਰ ਤੋਂੇ ਉਰਦੂ ਤੇ ਪੰਜਾਬੀ ਦੇ ਛਪਦੇ ਅਖ਼ਬਾਰਾਂ ਵਿੱਚ ਅੰਗ੍ਰੈਜ਼ ਹਕੂਮਤ ਦਅਿਾਂ ਦਮਨਕਾਰੀ ਨੀਤੀਆਂ ਵਿਰੁੱਧ ਲੇਖ ਲਿਖਦਾ ਰਿਹਾ। ਕਿਰਤੀ ਕਿਸਾਨ ਪਾਰਟੀ ਦੇ ‘ਕਿਰਤੀ’ ਅਖ਼ਬਾਰ ਵਿੱਚ ਕਿਸਾਨਾਂ ਤੇ ਕਿਰਤੀਆਂ ਦੀ ਤਰਸਯੋਗ ਹਾਲਤ ਬਾਰੇ ਲੇਖ ਲਿਖਦਾ ਰਿਹਾ। ਦਿੱਲੀ ਤੋਂ ਛਪਦੀ ਅਖ਼ਬਾਰ ‘ਵੀਰ ਅਰਜੁਨ’ ਵਿੱਚ ਵੀ ਉਸਦੇ ਕੁਝ ਲੇਖ ਛਪੇ। ਭਗਤ ਸਿੰਘ ਦੇ ਲੇਖਾਂ ਅਤੇ ਸਰਗਰਮੀਆਂ ਉਤੇ ਅੰਗ੍ਰੇਜ਼ ਸਰਕਾਰ ਦੀ ਪੁਲਿਸ ਪੈਨੀ ਨਜ਼ਰ ਰੱਖ ਰਹੀ ਸੀ। ਸੰਨ 1927 ਵਿੱਚ ਲਹੌਰ ਵਿੱਚ ਵਾਪਰੇ ਇੱੱਕ ਬੰਬ ਕਾਂਡ ਵਿੱਚ ਭਗਤ ਸਿੰਘ ਦੀ ਸ਼ਮੂਲੀਅਤ ਪਾ ਕੇ ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ। ਫਿਰ ਕੁਝ ਹਫਤਿਆਂ ਬਾਅਦ 60,000 ਰੁਪਏ ਦੇ ਮੁਚਲਕੇ ਨਾਲ ਉਸਨੂੰ ਜ਼ਮਾਨਤ ਉਤੇ ਰਿਹਾਅ ਕਰ ਦਿੱਤਾ।

ਇਨਕਲਾਬੀ ਸਰਗਰਮੀਆਂ

ਅੰਗ੍ਰੇਜ਼ ਸਰਕਾਰ ਨੇ ਭਾਰਤ ਵਿੱਚ ਸਿਆਸੀ ਹਾਲਤ ਉਤੇ ਰਿਪੋਰਟ ਦੇਣ ਲਈ ਸਾਈਮਨ ਕਮਿਸ਼ਨ ਦੀ ਸਥਾਪਨਾ ਕੀਤੀ। ਇਸ ਕਮਿਸ਼ਨ ਵਿੱਚ ਕੋਈ ਵੀ ਭਾਰਤੀ ਨੁਮਾਇੰਦਾ ਨਹੀਂ ਸੀ। ਇਸ ਲਈ ਕੁਝ ਭਾਰਤੀ ਸਿਆਸੀ ਪਾਰਟੀਆਂ ਨੇ ਇਸ ਕਮਿਸ਼ਨ ਦੀ ਵਿਰੋਧਤਾ ਕੀਤੀ। ਜਦੋਂ ਇਹ ਕਮਿਸ਼ਨ 30 ਅਕਤੂਬਰ, 1928 ਨੂੰ ਲਾਹੌਰ ਪੁੱਜਾ ਤਾਂ ਲਾਲਾ ਲਾਜਪਤ ਰਾਇ ਦੀ ਅਗਵਾਈ ਹੇਠ ਲੋਕਾਂ ਨੇ ਇਸਦਾ ਵਿਰੋਧ ਕੀਤਾ। ਪੁਲਿਸ ਨੇ ਲੋਕਾਂ ਦੀ ਭਾਰੀ ਭੀੜ ਨੂੰ ਖਿੰਡਾਉਣ ਦਾ ਜਤਨ ਕੀਤਾ। ਪੁਲਿਸ ਕਪਤਾਨ ਜੇਮਜ ਏ. ਸਕਾਟ ਨੇ ਭੀੜ ਉਤੇ ਲਾਠੀਚਾਰਜ ਕਰਨ ਦਾ ਹੁਕਮ ਦੇ ਦਿੱਤਾ। ਉਸਨੇ ਖ਼ੁਦ ਲਾਲਾ ਲਾਜਪਤ ਰਾਇ ਉਤੇ ਲਾਠੀਆਂ ਵਰ੍ਹਾਈਆਂ। ਲਾਲਾ ਲਾਜਪਤ ਰਾਇ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਅਤੇ ਜ਼ਖਮਾਂ ਦੀ ਤਾਬ ਨਾ ਝੱਲਦਾ ਹੋਇਆ 17 ਨਵੰਬਰ, 1928 ਨੂੰ ਵੀਰਗੱਦੀ ਨੂੰ ਪ੍ਰਾਪਤ ਹੋ ਗਿਆ।

ਲ਼ਾਲਾ ਲਾਜਪਤ ਰਾਇ ਦੀ ਮੌਤ ਦਾ ਭਗਤ ਸਿੰਘ ਉਤੇ ਡੂੰਘਾ ਅਸਰ ਪਿਆ। ਉਸਨੇ ਆਪਣੀ ਸਭਾ ‘ਹਿੰਦੁਸਤਾਨ ਗਣਤੰਤਰੀ ਸਭਾ’ ਦਾ ਨਾਂ ਬਦਲ ਕੇ ‘ਹਿੰਦੁਸਤਾਨ ਸਮਾਜਿਕ ਗਣਤੰਤਰੀ ਸਭਾ'(ਐਚ.ਐਸ.ਆਰ.ਏ.) ਰੱਖ ਦਿੱਤਾ। ਇਸ ਸਭਾ ਨੇ ਲਾਲਾ ਲਾਜਪਤ ਰਾਇ ਦੀ ਮੌਤ ਦਾ ਬਦਲਾ ਲੈਣ ਦਾ ਪ੍ਰਣ ਲਿਆ। ਭਗਤ ਸਿੰਘ ਨੇ ਸੁਖਦੇਵ, ਰਾਜਗੁਰੂ ਅਤੇ ਚੰਦਰ ਸ਼ੇਖ਼ਰ ਆਜ਼ਾਦ ਵਰਗੇ ਇਨਕਲਾਬੀਆਂ ਨਾਲ ਮਤਾ ਪਕਾ ਕੇ ਸਕਾਟ ਨੂੰ ਮਾਰਨ ਦੀ ਯੋਜਨਾ ਬਣਾਈ। ਇਹ ਸਾਰੇ ਫਿਰ ਆਪਣੇ ਸ਼ਿਕਾਰ ਦੀ ਭਾਲ ਵਿੱਚ ਜੁਟ ਗਏ। ਭਗਤ ਸਿੰਘ ਅਤੇ ਰਾਜਗੁਰੂ ਨੇ 17 ਦਸੰਬਰ, 1928 ਨੂੰ ਸਕਾਟ ਦੇ ਭੁਲੇਖੇ ਉਪ ਪੁਲਿਸ ਕਪਤਾਨ, ਜੌਹਨ ਪੀ. ਸਾਂਡਰਸ ਨੂੰ ਜ਼ਿਲ੍ਹਾ ਪੁਲਿਸ ਹੈਡਕੁਆਟਰ ਵਿਖੇ ਮੌਤ ਦੇ ਘਾਟ ਉਤਾਰ ਦਿੱਤਾ। ਮਹਾਤਮਾਂ ਗਾਂਧੀ ਨੇ ਹਿੰਸਕ ਕਾਰਵਾਈਆਂ ਨਾਲ ਆਪਣੀ ਅਸਹਿਮਤੀ ਪ੍ਰਗਟ ਕਰਦਿਆਂ ਇਸ ਕਤਲ ਦੀ ਨਿੰਦਾ ਕੀਤੀ। ਪੰਡਿਤ ਜਵਾਹਰ ਲਾਲ ਨਹਿਰੂ ਨੇ ਭਗਤ ਸਿੰਘ ਦੀ ਕਾਰਵਾਈ ਉਤੇ ਆਪਣੀ ਟਿੱਪਣੀ ਕਰਦਿਆਂ ਲਿਖਿਆ :

“ਭਗਤ ਸਿੰਘ ਆਪਣੀ ਇਸ ਹਿੰਸਕ ਕਾਰਵਾਈ ਕਰਕੇ ਹਰਮਨ ਪਿਆਰਾ ਨਹੀਂ ਹੋਇਆ, ਸਗੋਂ ਇਸ ਰਾਹੀਂ ਲਾਲਾ ਲਾਜਪਤ ਰਾਇ ਦਾ ਸਨਮਾਨ ਪ੍ਰਮਾਣਿਤ ਹੋਇਆ ਹੈ ਅਤੇ ਉਸਦੇ ਰਾਹੀਂ ਰਾਸ਼ਟਰ ਦਾ ਸਨਮਾਨ ਪ੍ਰਮਾਣਿਤ ਹੋਇਆ ਹੈ। ਉਹ ਇਤਿਹਾਸ ਦਾ ਪ੍ਰਤੀਕ ਬਣ ਗਿਆ ਹੈ। ਕਾਰਵਾਈ ਭੁੱਲ ਜਾਂਦੀ ਹੈ, ਪਰ ਪ੍ਰਤੀਕ ਹਮੇਸ਼ਾ ਕਾਇਮ ਰਹਿੰਦਾ ਹੈ।“ ਫਿਰ ਕੁਝ ਹੀ ਮਹੀਨਆਂ ਵਿੱਚ ਪੰਜਾਬ ਦਾ ਹਰੇਕ ਸ਼ਹਿਰ ਤੇ ਪਿੰਡ ਅਤੇ ਕਿਸੇ ਹੱਦ ਤੱਕ ਉਤਰੀ ਭਾਰਤ ਭਗਤ ਸਿੰਘ ਦੇ ਨਾਂ ਤੋਂ ਵਾਕਿਫ ਹੋ ਗਿਆ। ਉਸ ਬਾਰੇ ਬਹੁਤ ਸਾਰੇ ਗੀਤ ਬਣ ਗਏ ਅਤੇ ਜੋ ਲੋਕਪ੍ਰਿਯਤਾ ਉਸਨੂੰ ਮਿਲੀ ਉਹ ਹੈਰਾਨੀਜਨਕ ਸੀ।

ਸਾਂਡਰਸ ਨੂੰ ਮੌਤ ਦੇ ਘਾਟ ਉਤਾਰਨ ਪਿੱਛੋਂ ਭਗਤ ਸਿੰਘ ਤੇ ਉਸਦੇ ਸਾਥੀ ਡੀ.ਏ.ਵੀ. ਕਾਲਿਜ ਦੇ ਪ੍ਰਵੇਸ਼ ਦੁਆਰ ਤੋਂ ਹੋ ਕੇ ਪੁਲਿਸ ਤੋਂ ਬਚ ਕੇ ਨਿਕਲ ਗਏ। ਇੱਕ ਸਿਪਾਹੀ ਚੰਨਣ ਸਿੰਘ ਨੇ ਉਨ੍ਹਾਂ ਦਾ ਪਿੱਛਾ ਕੀਤਾ। ਚੰਦਰ ਸ਼ੇਖ਼ਰ ਆਜ਼ਾਦ ਨੇ ਉਸਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਪੁਲਿਸ ਨੇ ਹਰ ਪਾਸੇ ਨਾਕੇ ਲਾ ਕੇ ਰਸਤੇ ਰੋਕ ਲਏ। ਪਰ ਉਹ ਆਪਣੀਆਂ ਸੁਰੱਖਿਅਤ ਥਾਵਾਂ ਉਤੇ ਪਹੁੰਚ ਗਏ। ਉਨ੍ਹਾਂ ਦੀ ਸਭਾ ਦੇ ਮੈਂਬਰ ਭਗਵਤੀ ਚਰਨ ਵੋਹਰਾ ਦੀ ਪਤਨੀ ਦੁਰਗਾ ਦੇਵੀ, ਜੋ ਕਿ ਦੁਰਗਾ ਭਾਬੀ ਦੇ ਨਾਂ ਨਾਲ ਪ੍ਰਸਿੱਧ ਹੈ, ਨੇ ਅਗਲੀ ਸਵੇਰ ਤੜਕੇ ਇਸ ਟੋਲੀ ਦੇ ਲਾਹੌਰ ਤੋਂ ਵਾਇਆ ਬਠਿੰਡਾ ਹੋ ਕੇ ਹਾਵੜਾ(ਕਲਕੱਤਾ) ਵਿਖੇ ਜਾਣ ਦਾ ਪ੍ਰਬੰਧ ਕਰ ਦਿੱਤਾ। ਭਗਤ ਸਿੰਘ ਅਤੇ ਰਾਜਗੁਰੂ ਪੱਛਮੀ ਸੱਭਿਅਤਾ ਵਾਲੀ ਪੁਸ਼ਾਕ ਪਾ ਕੇ, ਭੇਸ ਬਦਲ ਕੇ ਘਰੋਂ ਂਿਨਕਲੇ। ਭਗਤ ਸਿੰਘ ਨੇ ਆਪਣੇ ਵਾਲ ਕਟਾ ਕੇ ਸਿਰ ਉਤੇ ਹੈਟ ਪਹਨਿਆ ਅਤੇ ਦੁਰਗਾ ਭਾਬੀ ਦੇ ਸੁੱਤੇ ਹੋਏ ਬੱਚੇ ਨੂੰ ਮੋਢੇ ਨਾਲ ਲਾ ਕੇ ਦੁਰਗਾ ਭਾਬੀ ਦੇ ਨਾਲ ਇਸ ਤਰ੍ਹਾਂ ਰੇਲਵੇ ਸਟੇਸ਼ਨ ਵੱਲ ਗਏ ਜਿਵੇਂ ਕੋਈ ਜੋੜਾ ਜਾ ਰਿਹਾ ਹੋਵੇ। ਤਿੰਨਾ ਨੇ ਸਟੇਸ਼ਨ ਤੋਂ ਕਾਵਨਪੁਰ(ਹੁਣ ਕਾਨਪੁਰ) ਲਈ ਰੇਲ ਗੱਡੀ ਫੜੀ। ਕਿਉਂਕਿ ਲਾਹੌਰ ਤੋਂ ਹਾਵੜਾ ਜਾਣ ਵਾਲੀ ਹਰੇਕ ਰੇਲ ਗੱਡੀ ਦੀ ਸੀ.ਆਈ.ਡੀ. ਵੱਲੋਂ ਗਹਿਨ ਤਲਾਸ਼ੀ ਕੀਤੀ ਜਾਂਦੀ ਸੀ। ਇਸ ਲਈ ਉਨ੍ਹਾਂ ਨੇ ਕਾਨਪੁਰ ਤੋਂ ਲਖਨਉ ਜਾਣ ਵਾਲੀ ਰੇਲ ਗੱਡੀ ਫੜੀ। ਲਖਨਉ ਤੋਂ ਰਾਜਗੁਰੂ ਬਨਾਰਸ ਵੱਲ ਚਲਾ ਗਿਆ ਜਦ ਕਿ ਭਗਤ ਸਿੰਘ ਅਤੇ ਦੁਰਗਾ ਭਾਬੀ ਛੋਟੇ ਬੱਚੇ ਨਾਲ ਹਾਵੜਾ ਵੱਲ ਚਲੇ ਗਏ। ਇਸ ਤਰ੍ਹਾਂ ਉਹ ਪੁਲਿਸ ਦੀ ਗ੍ਰਿਫਤਾਰੀ ਤੋਂ ਬਚ ਗਏ।

1929 ਦਾ ਅਸੈਂਬਲੀ ਬੰਬ ਕਾਂਡ

ਕੇਂਦਰੀ ਵਿਧਾਨ ਸਭਾ ਦੀ ਮੇਜ ਉਤੇ ਪਾਸ ਕਰਨ ਲਈ ਇੱਕ ਬਿੱਲ ਰੱਖਿਆ ਗਿਆ ਸੀ। ਇਸ ਦਾ ਨਾਂ ਸੀ ‘ਜਨ ਸੁਰੱਖਿਆ ਬਿੱਲ’। ਵਿਧਾਨ ਸਭਾ ਨੇ ਇਹ ਬਿੱਲ ਪਾਸ ਨਾ ਕੀਤਾ, ਪਰ ਵਾਇਸਰਾਇ ਨੇ ਆਪਣੀਆਂ ਵਿਸ਼ੇਸ਼ ਤਾਕਤਾਂ ਦੀ ਵਰਤੋਂ ਕਰਦਿਆਂ ਇਹ ਬਿੱਲ ਪਾਸ ਕਰ ਦਿੱਤਾ। ਇਸ ਉਤੇ ਸਭਾ ਵਿੱਚ ਖੂਬ ਰੌਲਾ ਪੈ ਰਿਹਾ ਸੀ, ਬਹਿਸ ਤੇ ਬਹਿਸ ਹੋ ਰਹੀ ਸੀ। ਇਸ ਦੌਰਾਨ ਭਗਤ ਸਿੰਘ ਨੇ ਕੇਂਦਰੀ ਵਿਧਾਨ ਸਭਾ ਵਿੱਚ ਬੰਬ ਸੁੱਟਣ ਦੀ ਯੋਜਨਾ ਬਣਾਈ। ਉਸਨੇ ਆਪਣੇ ਨਾਲ ਆਪਣੇ ਇੱਕ ਸਾਥੀ ਬਟੂਕੇਸ਼ਵਰ ਦੱਤ ਨੂੰ ਲਿਆ। ਦੋਵੇਂ 8 ਅਪ੍ਰੈਲ, 1929 ਨੂੰ ਕੇਂਦਰੀ ਵਿਧਾਨ ਸਭਾ ਦੀ ਜਨਤਕ ਗੈਲਰੀ ਵਿੱਚ ਪਹੁੰਚ ਗਏ। ਜਦੋਂ ਵਿਧਾਨ ਸਭਾ ਦਾ ਸਮਾਗਮ ਚੱਲ ਰਿਹਾ ਸੀ ਤਾਂ ਉਨ੍ਹਾਂ ਨੇ ਵਿਧਾਨ ਸਭਾ ਦੀ ਚੈਂਬਰ ਵਿੱਚ ਦੋ ਬੰਬ ਸੁੱਟੇੇ। ਇਹ ਬੰਬ ਬੰਦਾ ਮਾਰਨ ਵਾਲੇ ਨਹੀਂ ਸਨ। ਵਿਧਾਨ ਸਭਾ ਵਿੱਚ ਹਫੜਾ-ਦਫੜੀ ਮਚ ਗਈ। ਧਮਾਕੇ ਬੜੇ ਜ਼ੋਰ ਵਾਲੇ ਸਨ। ਧੂੰਏਂ ਨਾਲ ਚੈਂਬਰ ਭਰ ਗਿਆ। ਦੌੜ ਭੱਜ ਵਿੱਚ ਕਈ ਬੰਦੇ ਫੱਟੜ ਹੋ ਗਏ, ਜਿਨ੍ਹਾਂ ਵਿੱਚ ਵਾਇਸਰਾਇ ਦੀ ਐਗਜ਼ੈਕਟਿਵ ਕੌਂਸਲ ਦਾ ਵਿੱਤੀ ਮੈਂਬਰ ਜਾਰਜ ਏਮਸਟ ਸਕੂਸਟਰ ਸ਼ਾਮਿਲ ਸੀ। ਭਗਤ ਸਿੰਘ ਹੁਰੀਂ ਧੂੰੲੁੇਂ ਦੀ ਆੜ ਵਿੱਚ ਉਥੋਂ ਬਚ ਕੇ ਨਿਕਲ ਸਕਦੇ ਸਨ, ਪਰ ਉਨ੍ਹਾਂ ਦਾ ਉਥੋਂ ਦੌੜਨ ਦਾ ਮਕਸਦ ਨਹੀਂ ਸੀ। ਉਹ ਉਥੇ ਹੀ ਰਹਿ ਕੇ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰੇ ਲਾੳੇਂਦੇ ਰਹੇ। ਭਾਰਤੀਆਂ ਨਾਲ ਬਰਾਬਰੀ ਦਾ ਵਿਵਹਾਰ ਕੀਤਾ ਜਾਵੇ, ਭਾਰਤੀਆਂ ਨੂੰ ਘਟੀਆ ਨਾ ਸਮਝਕੇ ਇਨਸਾਨਾਂ ਵਾਲਾ ਸਲੂਕ ਕੀਤਾ ਜਾਵੇ, ਵਰਗੇ ਨਾਅਰਿਆਂ ਵਾਲੇ ਇਸ਼ਤਿਹਾਰ ਵਿਧਾਨ ਸਭਾ ਵਿੱਚ ਸੁੱਟੇ। ਦੋਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਦਿੱਲੀ ਦੀਆਂ ਵੱਖ ਵੱਖ ਜ਼ੇਲ੍ਹਾਂ ਵਿੱਚ ਰੱਖਿਆ ਗਿਆ। ਮਹਾਤਮਾਂ ਗਾਂਧੀ ਨੇ ਉਨ੍ਹਾਂ ਦੀ ਇਸ ਕਾਰਵਾਈ ਦੀ ਇੱਕ ਵਾਰ ਫਿਰ ਜ਼ੋਰਦਾਰ ਸ਼ਬਦਾਂ ਨਾਲ ਨਿੰਦਿਆ ਕੀਤੀ। ਭਗਤ ਸਿੰਘ ਹੁਰਾਂ ਨੇ ਇਸ ਨਿੰਦਿਆ ਦਾ ਜਵਾਬ ਦਿੰਦਿਆਂ ਲਿਖਿਆ :

“ਅਸੀਂ ਮਨੁੱਖਾ ਜੀਵਨ ਨੂੰ ਸ਼ਬਦਾਂ ਤੋਂ ਵੱਧ ਪਵਿੱਤਰ ਸਮਝਦੇ ਹਾਂ। ਅਸੀਂ ਨਾ ਤਾਂ ਗਲਤ ਕੰਮ ਕਰਨ ਵਾਲੇ ਹਾਂ, ਨਾ ਹੀ ਕਾਇਰ ਅੱਤਿਆਚਾਰੀ ਹਾਂ ਅਤੇ ਨਾ ਹੀ ਪਾਗਲ ਹਾਂ, ਜਿਵੇਂ ਕਿ ਲਾਹੌਰ ਦੀ ਟ੍ਰਿਬਿਉਨ ਅਖ਼ਬਾਰ ਅਤੇ ਕੁਝ ਹੋਰ ਸਮਝਦੇ ਹਨ। ਜਦੋਂ ਝਗੜੇ ਦੀ ਨੀਯਤ ਨਾਲ ਤਾਕਤ ਦੀ ਵਰਤੋਂ ਕੀਤੀ ਜਾਵੇ ਤਾਂ ਉਹ’ਹਿੰਸਾ’ ਹੁੰਦੀ ਹੈ ਅਤੇ ਉਹ ਨੈਤਿਕ ਤੌਰ ‘ਤੇ ਨਿਆਂਸੰਗਤ ਵੀ ਨਹੀਂ ਹੁੰਦੀ, ਪਰ ਜਦੋਂ ਤਾਕਤ ਦੀ ਵਰਤੋਂ ਕਿਸੇ ਤਰਕਸੰਗਤ ਮਨੋਰਥ ਨੂੰ ਵਧੇਰੇ ਪ੍ਰਭਾਵਕਾਰੀ ਬਨਾਉਣ ਲਈ ਕੀਤੀ ਜਾਵੇ ਤਾਂ ਇਸਦਾ ਉਦੇਸ਼ ਸਪਸ਼ਟ ਤੌਰ ‘ਤੇ ਉਚਿਤ ਹੁੰਦਾ ਹੈ।“

ਭਗਤ ਸਿੰਘ ਅਤੇ ਬਟੂਕੇਸ਼ਵਰ ਉਤੇ ਮੁਕਦਮਾ ਚੱਲਿਆ ਇਸੇ ਦੌਰਾਨ ਐਚ.ਐਸ.ਆਰ.ਏ. ਦੀਆਂ ਲਾਹੌਰ ਅਤੇ ਸਹਾਰਨਪੁਰ ਵਿਖੇ ਬੰਬ ਬਨਾਉਣ ਵਾਲੀਆਂ ਦੌ ਫੈਕਟਰੀਆਂ ਫੜੀਆਂ ਗਈਆਂ। ਪੁਲਿਸ ਨੈ ਸਾਂਡਰਸ ਕਾਂਡ, ਅਸੈਂਬਲੀ ਬੰਬ ਕਾਂਡ ਅਤੇ ਬੰਬ ਉਤਪਾਦਨ ਕਾਂਡ ਨੂੰ ਜੋੜ ਕੇ ਭਗਤ ਸਿੰਘ, ਸੁਖਦੇਵ, ਰਾਜਗੁਰੂ ਅਤੇ ਐਚ.ਐਸ.ਆਰ.ਏ. ਦੇ ਹੋਰ 21 ਮੈਂਬਰਾਂ ਉਤੇ ਵੱਖ ਵੱਖ ਅਪਰਾਧਿਕ ਧਾਰਾਵਾਂ ਹੇਠ ਮੁਕਦਮੇ ਦਰਜ ਕਰ ਲਏ। ਭਗਤ ਸਿੰਘ ਉਤੇ ਸ਼ਾਂਡਰਸ ਨੂੰ ਮਾਰਨ ਦਾ ਸੰਗੀਨ ਮੁਕਦਮਾ ਦਰਜ ਸੀ। ਭਗਤ ਸਿੰਘ ਨੂੰ ਦਿੱਲੀ ਤੋਂ ਮੀਆਂਵਾਲੀ ਜ਼ੇਲ੍ਹ ਵਿੱਚ ਭੇਜਿਆ ਗਿਆ। ਇੱਥੇ ਉਸਨੇ ਯੂਰਪੀ ਅਤੇ ਭਾਰਤੀ ਕੈਦੀਆਂ ਵਿਚਕਾਰ ਕੀਤੇ ਜਾਂਦੇ ਵਿਤਕਰੇ ਨੂੰ ਵੇਖਿਆ। ਉਸਨੇ ਉਥੇ ਹੋਰ ਭਾਰਤੀ ਕੈਦੀਆਂ ਨੂੰ ਨਾਲ ਲੈ ਕੇ ਯੂਰਪੀ ਕੈਦੀਆਂ ਦੇ ਬਰਾਬਰ ਖਾਣੇ, ਕੱਪੜਿਆਂ, ਸੌਚਾਲਿਆ ਅਤੇ ਹੋਰ ਸਿਹਤਮੰਦ ਸਹੂਲਤਾਂ ਦੀ ਮੰਗ ਕੀਤੀ। ਜ਼ੇਲ੍ਹ ਪ੍ਰਸਾਸ਼ਨ ਵੱਲੌਂ ਮੰਗ ਦੀ ਪੂਰਤੀ ਨਾ ਹੁੰਦੀ ਵੇਖ ਕੇ ਉਨ੍ਹਾਂ ਨੇ ਜ਼ੇਲ੍ਹ ਵਿੱਚ ਭੁੱਖ ਹੜਤਾਲ ਕਰ ਦਿੱਤੀ। ਹਾਲਾਤ ਵਿਗੜਦੇ ਵੇਖ ਕੇ ਭਾਰਤੀ ਕੈਦੀਆਂ ਦੇ ਮੁਕਦਮਿਆਂ ਨੂੰ ਤੇੇਜ਼ੀ ਨਾਲ ਨਿਪਟਾਉਣ ਲਈ ਵਾੲਸਰਾਇ ਲਾਰਡ ਇਰਵਿਨ ਨੇ ਇੱਕ ਵਿਸ਼ੇਸ਼ ਟ੍ਰਿਬਿਊਨਲ ਦੀ ਸਥਾਪਨਾ ਲਈ ਪਹਿਲੀ ਮਈ 1930 ਨੂੰ ਆਰਡੀਨੈਂਸ ਜਾਰੀ ਕਰਕੇ ਇਲਾਕੇ ਵਿੱਚ ਐਮਰਜੰਸੀ ਲਾ ਦਿੱਤੀ। ਇਸ ਟ੍ਰਿਬਿਊਨਲ ਨੂੰ 30 ਅਕਤੂਬਰ, 1930 ਤੱਕ ਆਪਣੀ ਰਿਪੋਰਟ ਦੇਣ ਲਈ ਕਿਹਾ ਗਿਆ। ਇਸ ਟ੍ਰਿਬਿਉਨਲ ਨੇ 7 ਅਕਤੂਬਰ, 1930 ਨੂੰ ਆਪਣੀ 300 ਪੰਨਆਂ ਦੀ ਰਿਪੋਰਟ ਪੇਸ਼ ਕਰਦਿਆਂ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਸਾਂਡਰਸ ਦੇ ਕਤਲ ਦਾ ਦੋਸ਼ੀ ਠਹਿਰਾਇਆ। ਤਿੰਨਾ ਨੂੰ ਫਾਂਸੀ ਦੀ ਸਜ਼ਾ ਦੀ ਸਿਫਾਰਿਸ਼ ਕੀਤੀ ਗਈ। ਟ੍ਰਿਬਿਉਨਲ ਦੇ ਫੈਸਲੇ ਵਿਰੁੱਧ ਅਪੀਲ ਸਿਰਫ ਇੰਗਲੈਂਡ ਦੀ ਪ੍ਰੀਵੀ ਕੌਂਸਲ ਕੋਲ ਕੀਤੀ ਜਾ ਸਕਦੀ ਸੀ। ਪੰਜਾਬ ਬਚਾਉ ਕਮੇਟੀ ਨੇ ਟ੍ਰਿਬਿਉਨਲ ਦੇ ਫੈਸਲੇ ਵਿਰੁੱਧ ਇਹ ਦਲੀਲ ਦਿੰਦਿਆਂ ਕਿ ਜਿਸ ਆਰਡੀਨੈਂਸ ਰਾਹੀਂ ਵਿਸ਼ੇਸ਼ ਟ੍ਰਿਬਿਉਨਲ ਦਾ ਗਠਨ ਕੀਤਾ ਗਿਆ ਹੈ ਉਹ ਗ਼ੈਰ ਕਾਨੂੰਨੀ ਹੈ। ਸਰਕਾਰ ਨੇ ਇਸਦਾ ਜਵਾਬ ਦਿੰਦਿਆਂ ਕਿਹਾ ਕਿ ਵਾਇਸਰਾਇ ਕੋਲ ਅਜਿਹਾ ਕਰਨ ਦੀ ਪੂਰੀ ਸ਼ਕਤੀ ਹੈ। ਜੱਜ ਵਿਸਕੌਂਟ ਡੁਨੇਡਨ ਨੇ ਇਹ ਅਪੀਲ਼ ਖਾਰਿਜ ਕਰ ਦਿੱਤੀ।

ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ 23 ਮਾਰਚ, 1931 ਨੂੰ ਲਾਹੌਰ ਦੀ ਜ਼ੇਲ੍ਹ ਵਿੱਚ ਰਾਤ ਦੇ ਹਨੇਰੇ ਵਿੱਚ ਫਾਂਸੀ ਦੇ ਦਿੱਤੀ ਗਈ। ਕਾਨੂੰਨੀ ਪ੍ਰਕਿਰਿਆ ਅਨੁਸਾਰ ਦੋਸ਼ੀ ਨੂੰ ਫਾਂਸੀ ‘ਤੇ ਲਟਕਾਉਣ ਸਮੇਂ ਪੂਰੀ ਕਾਰਵਾਈ ਦੀ ਨਜ਼ਰਸਾਨੀ ਲਈ ਅਦਾਲਤ ਦੇ ਇੱਕ ਕਾਇਮੁਕਾਮ ਜੱਜ ਦਾ ਮੌਕੇ ‘ਤੇ ਹਾਜ਼ਿਰ ਹੋਣਾ ਜਰੂਰੀ ਹੁੰਦਾ ਹੈ। ਪਰ ਫਾਂਸੀ ਦੇ ਇਸ ਪ੍ਰਕਰਮ ਵਿੱਚ ਅਜਿਹਾ ਕੋਈ ਜੱਜ ਮੌਕੇ ਉਤੇ ਹਾਜ਼ਿਰ ਨਾ ਹੋਇਆ, ਬਲਕਿ ਇੱਕ ਆਨਰੇਰੀ ਜੱਜ ਨੇ ਇਹ ਜਿੰਮੇਵਾਰੀ ਨਿਭਾਈ। ਫਾਂਸੀ ਦੀ ਪੂਰੀ ਕਾਰਵਾਈ ਉਪਰੰਤ ਬਾਹਰ ਹਾਲਾਤ ਵਿਗੜਨ ਦੇ ਡਰੋਂ ਜ਼ੇਲ੍ਹ ਅਧਿਕਾਰੀਆਂ ਨੇ ਜ਼ੇਲ੍ਹ ਦੀ ਪਿਛਲੀ ਦੀਵਾਰ ਵਿੱਚ ਪਾੜ੍ਹ ਪਾਕੇ ਤੜਕਸਾਰ ਤਿੰਨਾਂ ਦੀਆਂ ਲਾਸ਼ਾਂ ਜ਼ੇਲ ਤੋਂ ਬਾਹਰ ਕੱਢੀਆਂ ਅਤੇ ਮੂੰਹ ਹਨੇਰੇ ਵਿੱਚ ਫਿਰੋਜ਼ਪੁਰ ਦੇ ਪਿੰਡ ਗੰਡਾ ਸਿੰਘ ਵਾਲਾ ਦੇ ਬਾਹਰ ਚੁਪ ਚਾਪ ਦਾਹ- ਸਸਕਾਰ ਕਰ ਦਿੱਤਾ। ਅਸਥੀਆਂ ਸਤਿਲੁਜ ਦਰਿਆ ਵਿੱਚ ਜਲ ਪ੍ਰਵਾਹ ਕਰ ਦਿੱਤੀਆਂ।
ਭਗਤ ਸਿੰਘ ਬਨਾਮ ਅੱਤਵਾਦੀ

ਸੰਨ 2016 ਵਿੱਚ ਦਿੱਲੀ ਯੂਨੀਵਰਸਿਟੀ ਵਿੱਚ ਇੱਕ ਬੜਾ ਵਿਵਾਦ ਖੜਾ ਹੋਇਆ ਸੀ। ਯੂਨੀਵਰਸਿਟੀ ਦੇ ‘ਇਤਿਹਾਸ ਦੇ ਪਾਠਕ੍ਰਮ’ ਦੀ ਇੱਕ ਪੁਸਤਕ ਵਿੱਚ ਭਗਤ ਸਿੰਘ ਨੂੰ ‘ਕ੍ਰਾਂਤੀਕਾਰੀ ਅੱਤਵਾਦੀ’ ਲਿਖਿਆ ਹੋਇਆ ਸੀ। ਇਸ ਟਿੱਪਣੀ ਦਾ ਭਗਤ ਸਿੰਘ ਦੇ ਪਰਿਵਾਰ ਵੱਲੋਂ ਨੋਟਿਸ ਲੈਂਦੇ ਹੋਇਆਂ ਇਹ ਮਾਮਲਾ ਦਿੱਲੀ ਯੂਨੀਵਰਸਿਟੀ ਦੇ ਅਧਿਕਾਰੀਆਂ ਅਤੇ ਮਨੁੱਖੀ ਸਰੋਤਾਂ ਦੇ ਵਿਕਾਸ ਬਾਰੇ ਮੰਤ੍ਰਾਲੇ ਦੇ ਧਿਆਨ ਵਿੱਚ ਲਿਆਂਦਾ ਗਿਆ। ਇਸ ਪੁਸਤਕ ਦਾ ਸਿਰਲੇਖ ਹੈ ‘India’s Struggle for Independence’’। ਇਸ ਪੁਸਤਕ ਦੇ ਲੇਖਕ ਹਨ ਪ੍ਰਸਿੱਧ ਇਤਿਹਾਸਕਾਰ ਬਿਪਿਨ ਚੰਦਰ ਅਤੇ ਮ੍ਰਿਦੁਲ ਮੁਖਰਜੀ। ਇਸ ਪੁਸਤਕ ਦੇ ਕੁੱਲ 39 ਕਾਂਡ ਹਨ। ਕਾਂਡ 20 ਵਿੱਚ ਲੇਖਕਾਂ ਨੇ ਭਗਤ ਸਿੰਘ, ਚੰਦਰ ਸ਼ੇਖ਼ਰ ਆਜ਼ਾਦ, ਸੂਰੀਯ ਸੇਨ ਅਤੇ ਹੋਰ ਸੁਤੰਤਰਤਾ ਸੈਨਾਨੀਆਂ ਨੂੰ ‘ਕ੍ਰਾਂਤੀਕਾਰੀ ਅੱਤਵਾਦੀ’ ਲਿਖਿਆ ਹੈ। ਪੁਸਤਕ ਵਿੱਚ ‘ਚਿਟਾਗਾਂਗ ਦੀ ਕਾਰਵਾਈ’ ਅਤੇ ‘ਸਾਂਡਰਸ’ ਦੇ ਕਤਲ ਨਾਂ ਦੀ ਕਾਰਵਾਈ ਨੂੰ ਵੀ ਅੱਤਵਾਦੀ ਕਾਰਵਾਈ ਕਰਾਰ ਦਿੱਤਾ ਗਿਆ ਹੈ।

ਭਗਤ ਸਿੰਘ ਦੇ ਪਰਿਵਾਰ ਦੇ ਮੈਂਬਰਾਂ ਨੇ ਮਨੁੱਖੀ ਸਰੋਤਾਂ ਦੇ ਵਿਕਾਸ ਬਾਰੇ ਮੰਤਰੀ ਸਮ੍ਰਿਤੀ ਇਰਾਨੀ ਨੂੰ ਪੱਤਰ ਲਿਖ ਕੇ ਇਸ ਮਾਮਲੇ ਵਿੱਚ ਦਖਲ ਦੇ ਕੇ ਪੁਸਤਕ ਵਿੱਚ ਉਚਿਤ ਸੋਧਾਂ ਕਰਨ ਦੀ ਮੰਗ ਕੀਤੀ। ਪਰਿਵਾਰ ਦੇ ਮੈਂਬਰਾਂ ਨੇ ਦਿੱਲੀ ਯੂਨੀਵਰਸਿਟੀ ਦੇ ਉਪ-ਕੁਲਪਤੀ ਯੋਗੇਸ਼ ਤਿਆਗੀ ਨਾਲ ਵੀ ਮੁਲਾਕਾਤ ਕਰਕੇ ਲੋੜੀਂਦੀ ਕਾਰਵਾਈ ਕਰਨ ਦੀ ਮੰਗ ਕੀਤੀ। ਪਰਿਵਾਰ ਦੇ ਇੱਕ ਮੈਂਬਰ ਅਭੇੈ ਸਿੰਘ ਸੰਧੂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਬੜੀ ਮੰਦਭਾਗੀ ਗੱਲ ਹੈ ਕਿ ਆਜ਼ਾਦੀ ਦੇ 68 ਸਾਲ ਬਾਅਦ ਆਜ਼ਾਦੀ ਦੇ ਪ੍ਰਵਾਨਿਆਂ ਪ੍ਰਤੀ ਅਜਿਹੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ। ਇਨ੍ਹਾਂ ਪ੍ਰਵਾਨਿਆਂ ਨੂੰ ਫਾਂਸੀ ਦੇਣ ਵਾਲੀ ਅੰਗ੍ਰੇਜ਼ੀ ਹਕੂਮਤ ਨੇ ਵੀ ਇਨ੍ਹਾਂ ਪ੍ਰਤੀ ਅਜਿਹੀ ਸ਼ਬਦਾਵਲੀ ਨਹੀਂ ਸੀ ਵਰਤੀ। ਸਗੋਂ ਆਪਣੇ ਫੈਸਲੇ ਵਿੱਚ ਸਰਕਾਰ ਨੇ ਉਨ੍ਹਾਂ ਨੂੰ ਸੱਚੇ ਕ੍ਰਾਂਤੀਕਾਰੀ ਆਖਿਆ ਹੈ।

ਇਹ ਮਾਮਲਾ ਭਾਰਤੀ ਜਨਤਾ ਪਾਰਟੀ ਦੇ ਸਾਂਸਦ ਅਨੁਰਾਗ ਠਾਕੁਰ ਵੱਲੋਂ ਲੋਕ ਸਭਾ ਵਿੱਚ ਵੀ ਉਠਾਇਆ ਗਿਆ। ਉਸਨੇ ਕਿਹਾ ਕਿ ਦੇਸ਼ ਦੇ ਵਿਦਿਅਕ ਅਦਾਰਿਆਂ ਵਿੱਚ ਕੀ ਪੜ੍ਹਾਇਆ ਜਾ ਰਿਹਾ ਹੈ ਇਸ ਉਤੇ ਸੰਸਦ ਵਿੱਚ ਬਹਿਸ ਕੀਤੀ ਜਾਵੇ। ਉਸਨੇ ਦੱਸਿਆ ਕਿ ੂਫਸ਼ਛ ਦੇ ਇੱਕ ਇਮਤਿਹਾਨ ਵਿੱਚ ਵੀ ਭਗਤ ਸਿੰਘ ਦੇ ਕ੍ਰਾਂਤੀਕਾਰੀ ਅੱਤਵਾਦ ਬਾਰੇ ਇੱਕ ਸਵਾਲ ਪਾਇਆ ਗਿਆ ਸੀ। ਇੱਥੇ ਇਹ ਵਰਨਣਯੋਗ ਹੈ ਕਿ ਬਿਪਿਨ ਚੰਦਰ ਨੈਸ਼ਨਲ ਬੁੱਕ ਟਰੱਸਟ ਦਾ 2004 ਤੋਂ 2012 ਤੱਕ ਚੇਅਰਪਰਸਨ ਰਹਿ ਚੁੱਕਾ ਹੈ।

ਕੌਮੀ ਸ਼ਹੀਦ ਦੀ ਉਪਾਧੀ

ਸੰਨ 2012 ਵਿੱਚ ਭਾਰਤ ਦੀ ਇਤਿਹਾਸਕ ਖੋਜ ਬਾਰੇ ਪ੍ਰੀਸ਼ਦ ਵੱਲੋਂ ‘ਸ਼ਹੀਦਾਂ ਦੀ ਡਿਕਸ਼ਨਰੀ’ ਨਾਮੀ ਪੁਸਤਕ ਛਪਵਾਈ ਗਈ ਸੀ ਜਿਸ ਵਿੱਚ 1920 ਤੋਂ 1947 ਦਰਮਿਆਨ ਪੰਜਾਬ, ਹਰਿਆਣਾ ਅਤੇ ਹਿਮਾਚਲ ਦੇ ਸਾਰੇ ਸਰਗਰਮ ਆਜ਼ਾਦੀ ਘੁਲਾਟੀਆਂ ਦੀ ਸੂਚੀ ਛਾਪੀ ਗਈ ਸੀ। ਇਸ ਵਿੱਚ 1500 ਵਿਅਕਤੀਆਂ ਦੇ ਨਾਂ ਦਰਜ ਹਨ। ਇਨ੍ਹਾਂ ਵਿੱਚ ਭਗਤ ਸਿੰਘ ਨਾਂ ਦੇ ਚਾਰ ਵਿਅਕਤੀਆਂ ਦੇ ਨਾਂ ਸ਼ਾਮਿਲ ਹਨ। ਬਠਿੰਡਾ ਦੇ ਹਰਮਿਲਾਪ ਸਿੰਘ ਗਰੇਵਾਲ ਨੇ ਸੂਚਨਾ ਪ੍ਰਾਪਤ ਕਰਨ ਦੇ ਅਧਿਕਾਰ ਦੇ ਕਾਨੂੰਨ, 2005 ਤਹਿਤ ਭਗਤ ਸਿੰਘ ਨੂੰ ਸਰਕਾਰੀ ਦਸਤਾਵੇਜ਼ਾਂ ਵਿੱਚ ਕੌਮੀ ਸ਼ਹੀਦ ਕਰਾਰ ਦਿੱਤੇ ਜਾਣ ਬਾਰੇ ਸੂਚਨਾ ਮੰਗੀ ਸੀ। ਸਕੱਤਰੇਤ ਵੱਲੋਂ ਉਸਨੂੰ ਇਸ ਪੁਸਤਕ ਦੇ ਆਧਾਰ ਉਤੇ ਸੂਚਨਾ ਮੁਹਈਆ ਕਰ ਦਿੱਤੀ ਗਈ ਸੀ। ਪਰ ਇਸ ਪੁਸਤਕ ਵਿੱਚ ਜਿਹੜੇ ਭਗਤ ਸਿੰਘ ਨਾਂ ਦੇ ਵਿਅਕਤੀਆਂ ਦੇ ਨਾਂ ਦਰਜ਼ ਹਨ ਉਹ ਵੇਰਵਾ ਇਸ ਪ੍ਰਕਾਰ ਹੈ:

1.ਭਗਤ ਸਿੰਘ (ਪਿੰਡ ਤੇਰਾ ਖੁਰਦ, ਅੰਮ੍ਰਿਤਸਰ); 2. ਭਗਤ ਸਿੰਘ (ਪਿੰਡ ਟੋਡਾ ਖੁਰਦ , ਅੰਮ੍ਰਿਤਸਰ); 3. ਭਗਤ ਸਿੰਘ(ਪਿੰਡ ਤੱਤਾ ਖੁਰਦ, ਅੰਮ੍ਰਿਤਸਰ) ਅਤੇ 4. ਭਗਤ ਸਿੰਘ (ਪਿੰਡ ਮਬਾਨਾ, ਫਿਰੋਜ਼ਪੁਰ) ।

ਸਪਸ਼ਟ ਹੈ ਕਿ ਸਰਦਾਰ ਭਗਤ ਸਿੰਘ ਦਾ ਨਾਂ ‘ਕੌਮੀ ਸ਼ਹੀਦ’ ਦੇ ਤੌਰ ‘ਤੇ ਸਰਕਾਰੀ ਦਸਤਾਵੇਜ਼ਾਂ ਵਿੱਚ ਦਰਜ ਨਹੀਂ ਹੈ। ਹੁਸੈਨੀਵਾਲਾ (ਜਿੱਥੇ ਇਨ੍ਹਾਂ ਸ਼ਹੀਦਾਂ ਦਾ ਸਮਾਰਕ ਬਣਾਇਆ ਹੋਇਆ ਹੈ) ਵਿਖੇ ਇਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਹਰ ਸਾਲ 23 ਮਾਰਚ ਨੂੰ ਇੱਕ ਸਮਾਗਮ ਕੀਤਾ ਜਾਂਦਾ ਹੈ, ਜਿਸ ਵਿੱਚ ਰਾਜਾਂ ਅਤੇ ਕੇਂਦਰ ਸਰਕਾਰ ਦੇ ਮੰਤਰੀ ਤੇ ਹੋਰ ਨੁਮਾਇੰਦੇ ਪੁੱਜ ਕੇ ਸ਼ਹੀਦਾਂ ਨੂੰ ਆਪਣੀ ਸ਼ਰਧਾਂਜਲੀ ਪੇਸ਼ ਕਰਦੇ ਹਨ, ਲੰਮੇ ਚੌੜੇ ਭਾਸ਼ਨ ਦੇ ਕੇ, ਸਿਆਸੀ ਰੋਟੀਆਂ ਸੇਕ ਕੇ ਚਲੇ ਜਾਂਦੇ ਹਨ। ਜਿਨ੍ਹਾਂ ਮਹਾਨ ਸ਼ਹੀਦਾਂ ਸਦਕਾ ਅੱਜ ਅਸੀਂ ਆਜ਼ਾਦ ਹਵਾ ਵਿੱਚ ਸਾਹ ਲੈ ਰਹੇ ਹਾਂ, ਆਜ਼ਾਦੀ ਦਾ ਨਿੱੱਘ ਮਾਣ ਰਹੇ ਹਾਂ, ਉਚੇ ਅਹੁਦਿਆਂ ਵਾਲੀਆਂ ਕੁਰਸੀਆਂ ਦੀ ਸ਼ਾਨ ਹੰਢਾ ਰਹੇ ਹਾਂ, ਕੀ ਉਨ੍ਹਾਂ ਨੂੰ ਇਹ ਸੰਖੇਪ ਜਿਹੀ ਸ਼ਰਧਾਜਲੀ ਦੇ ਕੇ ਉਨ੍ਹਾਂ ਪ੍ਰਤੀ ਬਣਦਾ ਆਪਣਾ ਫਰਜ਼ ਪੂਰਾ ਕਰ ਦਿੰਦੇ ਹਾਂ? ਕੀ ਇਨ੍ਹਾਂ ਸ਼ਹੀਦਾਂ ਨੇ ਇਸ ਸੰਖੇਪ ਜਿਹੀ ਸ਼ਰਧਾਂਜਲੀ ਲਈ ਆਪਣੀਆਂ ਜ਼ਾਨਾਂ ਦੀ ਅਹੂਤੀ ਦਿੱਤੀ ਸੀ? ਸ਼ਾਇਦ ਇਹੀ ਦੇਖ ਕੇ ਕਵੀ ਗੰਗਾਧਰ ਮੇਹਰ ਨੇ ਆਪਣੀ ਕਵਿਤਾ ਦਾ ਇਹ ਸ਼ੇਅਰ ਲਿਖਿਆ ਹੋਵੇਗਾ ਕਿ-

‘ਸ਼ਹੀਦੋਂ ਕੀ ਚਿਤਾਉਂ ਪੇ ਲਗੇਂਗੇ ਹਰ ਬਰਸ ਮੇਲੇ, ਵਤਨ ਪੇ ਮਿਟਨੇ ਵਾਲੋਂ ਕਾ ਜਿਹੀ ਬਾਕੀ ਨਿਸ਼ਾਂ ਹੋਗਾ।’

ਦੇਸ਼ ਨੂੰ ਆਜ਼ਾਦ ਹੋਇਆਂ 70 ਸਾਲ ਤੋਂ ਉਪਰ ਦਾ ਸਮਾਂ ਬੀਤ ਗਿਆ ਹੈ। ਕਿੰਨੀਆਂ ਸਰਕਾਰਾਂ ਆ ਚੁੱਕੀਆਂ ਹਨ ਪੰਡਿਤ ਜਵਾਹਰ ਲਾਲ ਨਹਿਰੂ, ਲਾਲ ਬਹਾਦਰ ਸ਼ਾਸਤਰੀ, ਇੰਦਿਰਾ ਗਾਂਧੀ, ਮੁਰਾਰਜੀ ਦੇਸਾਈ, ਚੌਧਰੀ ਚਰਨ ਸਿੰਘ, ਚੰਦਰ ਸ਼ੇਖ਼ਰ, ਰਾਜੀਵ ਗਾਂਧੀ, ਨਰ ਸਿਮਹਾ ਰਾਉ, ਦੇਵ ਗੌੜਾ, ਇੰਦਰ ਕੁਮਾਰ ਗੁਜਰਾਲ, ਮਨਮੋਹਨ ਸਿੰਘ ਅਤੇ ਨਰਿੰਦਰ ਮੋਦੀ। ਭਗਤ ਸਿੰਘ ਨੂੰ ਸ਼ਹੀਦ-ਇ-ਆਜ਼ਮ ਦੀ ਜੁਬਾਨੀ ਉਪਾਧੀ ਦੇ ਦਿੱਤੀ ਗਈ ਹੈ, ਪਰ ਕੌਮੀ ਸ਼ਹੀਦ ਕਰਾਰ ਦੇਣ ਵੇਲੇ ਸਰਕਾਰੀ ਦਸਤਾਵੇਜ਼ ਕੋਰੇ ਹਨ। ਇੰਨੀ ਗੱਲ ਕਹਿ ਕੇ ਪੱਲਾਂ ਝਾੜ ਦਿੱਤਾ ਜਾਂਦਾ ਹੈ ਕਿ ਦੇਸ਼ ਅਤੇ ਦੇਸ਼ਵਾਸੀਆਂ ਖ਼ਾਤਿਰ ਮਰ ਮਿਟਣ ਵਾਲੇ ਸ਼ਹੀਦਾਂ ਨੂੰ ਸਰਕਾਰੀ ਦਸਤਾਵੇਜ਼ਾਂ ਵਿੱਚ ਕੌਮੀ ਸ਼ਹੀਦ ਕਰਾਰ ਦੇਣ ਲਈ ਦੇਸ ਦੇ ਸੰਵਿਧਾਨ ਵਿੱਚ ਕੋਈ ਵਿਵਸਥਾ ਨਹੀਂ ਹੈ।

ਭਾਰਤ ਦੇ ਸੰਵਿਧਾਨ ਵਿੱਚ ਹੁਣ ਤੱਕ 123 ਸੋਧਾਂ ਹੋ ਚੁੱਕੀਆਂ ਹਨ। ਹਰ ਤਰ੍ਹਾਂ ਦੀ ਸੋਧ ਹਮੇਸ਼ਾ ਕਿਸੇ ਜ਼ਰੂਰਤ ਦੀ ਪੂਰਤੀ ਦੀ ਵਿਵਸਥਾ ਕਰਨ ਵਾਸਤੇ ਕੀਤੀ ਜਾਂਦੀ ਹੈ। ਜ਼ਾਹਿਰ ਹੈ ਕਿ ਜਿਹੜੇ ਮਨੋਰਥਾਂ ਲਈ ਸੰਵਿਧਾਨ ਵਿੱਚ ਇਹ ਸੋਧਾਂ ਕੀਤੀਆਂ ਗਈਆਂ ਹਨ, ਉਨ੍ਹਾਂ ਲਈ ਸਵਿਧਾਨ ਵਿੱਚ ਪਹਿਲਾਂ ਕੋਈ ਵਿਵਸਥਾ ਨਹੀਂ ਸੀ। ਗੱਲ ਵਿਵਸਥਾ ਦੀ ਨਹੀਂ, ਗੱਲ ਸਿਰਫ ਮਨਸ਼ਾ ਦੀ ਹੈ। ਮਨਸ਼ਾ ਹੋਵੇ ਤਾਂ ਪਹਾੜ ਚੀਰੇ ਜਾ ਸਕਦੇ ਹਨ, ਮਨਸ਼ਾ ਹੋਵੇ ਤਾਂ ਪਤਾਲ ਦੇ ਖ਼ਜ਼ਾਨੇ ਖੋਦ ਕੇ ਬਾਹਰ ਕੱਢੇ ਜਾ ਸਕਦੇ ਹਨ, ਮਨਸ਼ਾ ਹੋਵੇ ਤਾਂ ਅਸਮਾਨ ਦੀ ਛਾਤੀ ਚੀਰ ਕੇ ਮੰਗਲ ਗ੍ਰਹਿ ਦੀ ਸਤੱਹ ਉਤੇ ਪੁੱਜਿਆ ਜਾ ਸਕਦਾ ਹੈ, ਮਨਸ਼ਾ ਨੇ ਹੀ ਸਮੁੰਦਰ ਚੀਰਨ ਵਾਲੇ ਬੇੜੇ ਬਣਾਏ, ਮਨਸ਼ਾ ਨੇ ਹੀ ਹਵਾ ਚੀਰਨ ਵਾਲੇ ਹਵਾਈ ਜਹਾਜ਼ ਬਣਾਏ, ਮਨਸ਼ਾ ਨੇ ਹੀ ਸੰਸਾਰ ਨੂੰ ਮੁੱਠੀ ਵਿੱਚ ਬੰਦ ਕਰਨ ਵਾਲੇ ਕੰਪਿਉੂਟਰ ਬਣਾਏ। ਭਾਵ ਮਨਸ਼ਾ ਹੈ ਤਾਂ ਸਭ ਕੁਝ ਸੰਭਵ ਹੈ। ਮਨਸ਼ਾ ਨਹੀਂ ਤਾਂ ਘਰ ਦੀ ਦਹਿਲੀਜ਼ ਟੱਪ ਕੇ ਬਾਹਰ ਨਿਕਲਣਾ ਵੀ ਔਖਾ ਹੈ, ਜੇ ਮਨਸ਼ਾ ਨਹੀਂ ਤਾਂ ਫਿਰ ਢੁਚਰਾਂ ਦੀ ਕੋਈ ਘਾਟ ਨਹੀਂ ਹੁੰਦੀ।

ਸੰਤੋਖ ਸਿੰਘ ਸੰਧੁ

(+64) 22 071 0935

Share Button

Leave a Reply

Your email address will not be published. Required fields are marked *

%d bloggers like this: