ਲੋਕ ਸਭਾ ਉਪ ਚੋਣਾਂ ਦੇ ਸਫਲ ਤਜ਼ਰਬੇ ਤੋਂ ਬਾਅਦ ਅਖਿਲੇਸ਼ ਬੋਲੇ – ਵੱਡੀ ਤਬਦੀਲੀ ਲਈ ਸਭ ਦਾ ਸਾਥ ਜ਼ਰੂਰੀ

ਲੋਕ ਸਭਾ ਉਪ ਚੋਣਾਂ ਦੇ ਸਫਲ ਤਜ਼ਰਬੇ ਤੋਂ ਬਾਅਦ ਅਖਿਲੇਸ਼ ਬੋਲੇ – ਵੱਡੀ ਤਬਦੀਲੀ ਲਈ ਸਭ ਦਾ ਸਾਥ ਜ਼ਰੂਰੀ

ਗੋਰਖਪੁਰ ਅਤੇ ਫੂਲਪੁਰ ਲੋਕ ਸਭਾ ਦੀਆਂ ਉਪ ਚੋਣਾਂ ਵਿੱਚ ਜਿੱਤ ਹਾਸਲ ਕਰਨ ਤੋਂ ਬਾਅਦ ਸਪਾ ਦੇ ਕੌਮੀ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ 2019 ਦੀਆਂ ਲੋਕ ਸਭਾ ਚੋਣਾਂ ਲਈ ਕੌਮੀ ਪੱਧਰ ਦੀ ਰਣਨੀਤੀ ਬਣਾਉਣ ਉੱਪਰ ਜ਼ੋਰ ਦਿੱਤਾ ਹੈ। ਆਪਣੇ ਪਿਤਾ ਮੁਲਾਇਮ ਸਿੰਘ ਯਾਦਵ ਅਤੇ ਘਰ ਦੇ ਹੋਰ ਪਰਿਵਾਰਕ ਮੈਂਬਰਾਂ ਨਾਲ ਕਿਸੇ ਵੀ ਤਰ੍ਹਾਂ ਦੇ ਮਨ-ਮੁਟਾਵ ਦੀਆਂ ਗੱਲਾਂ ਨੂੰ ਨਕਾਰਦਿਆਂ ਅਖਿਲੇਸ਼ ਯਾਦਵ ਨੇ ਕਿਹਾ ਕਿ ਯੂ.ਪੀ. ਵਿੱਚ ਮੋਦੀ ਅਤੇ ਯੋਗੀ ਦੀਆਂ ਹੰਕਾਰੀ ਨੀਤੀਆਂ ਦੀ ਹਾਰ ਹੋਈ ਹੈ। ਉਨ੍ਹਾਂ ਕਿਹਾ ਕਿ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਦੇਸ਼ ਵਿੱਚ ਵੱਡੇ ਪੱਧਰ ‘ਤੇ ਸਿਆਸੀ ਤਬਦੀਲੀ ਲਿਆਉਣ ਲਈ ਅਤੇ ਦੱਬੇ ਕੁੱਚਲੇ ਲੋਕਾਂ ਦਾ ਜੀਵਨ ਸੁਧਾਰਨ ਲਈ ਕੌਮੀ ਅਤੇ ਖੇਤਰੀ ਪੱਧਰ ‘ਤੇ ਸਰਗਰਮ ਸਿਆਸੀ ਧਿਰਾਂ ਆਪਸ ਵਿੱਚ ਏਕਤਾ ਕਰਕੇ ਹਾਲਾਤਾਂ  ਨੂੰ ਬਦਲਣ ਦੀ ਕੋਸ਼ਿਸ ਕਰਨਗੀਆਂ। ਉਨ੍ਹਾਂ ਕਿਹਾ ਕਿ ਗੋਰਖਪੁਰ ਭਾਜਪਾ ਦਾ ਗੜ੍ਹ ਸੀ ਅਤੇ ਇੱਥੇ ਸਾਡੀ ਜਿੱਤ ਨੇ ਸਾਬਤ ਕੀਤਾ ਹੈ ਕਿ ਲੋਕ ਭਾਜਪਾ ਦਾ ਸਾਥ ਛੱਡ ਰਹੇ ਹਨ। ਅਖਿਲੇਸ਼ ਯਾਦਵ ਨੇ ਕਿਹਾ ਕਿ ਦੇਸ਼ ਅੱਜ ਆਰਥਿਕ ਅਤੇ ਸਮਾਜਿਕ ਦੋਵਾਂ ਖੇਤਰਾਂ ਵਿੱਚ ਪ੍ਰੇਸ਼ਾਨੀਆਂ ਵਿੱਚੋਂ ਲੰਘ ਰਿਹਾ ਹੈ।  ਇਸ ਸਥਿਤੀ ਵਿੱਚ ਵਿਰੋਧੀ ਧਿਰ ਅੱਖਾਂ ਬੰਦ ਕਰਕੇ ਨਹੀਂ ਬੈਠ ਸਕਦੀ।
2019 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨਾਲ ਗੱਠਜੋੜ ਕਰਨ ਬਾਰੇ ਪੁੱਛੇ ਜਾਣ ‘ਤੇ ਅਖਿਲੇਸ਼ ਯਾਦਵ ਨੇ ਸਿੱਧੇ ਤੌਰ ‘ਤੇ ਕੁੱਝ ਵੀ ਕਹਿਣ ਤੋਂ ਨਾਂਹ ਕਰ ਦਿੱਤੀ। ਉਨ੍ਹਾਂ ਦੋਹਰੇ ਰੂਪ ਵਿੱਚ ਕਿਹਾ ਕਿ ਸਾਨੂੰ ਆਪਣੇ ਹਿੰਦੂ ਹੋਣ ਉੱਪਰ ਮਾਣ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਸਾਨੂੰ ਭਾਰਤੀ ਹੋਣ ਉੱਪਰ ਮਾਣ ਹੈ। ਬਸਪਾ ਨਾਲ ਕੌਮੀ ਪੱਧਰ ਤੇ ਸਾਂਝ ਵਧਾਏ ਜਾਣ ਦਾ ਇਸ਼ਾਰਾ ਕਰਦਿਆਂ ਅਖਿਲੇਸ਼ ਯਾਦਵ ਨੇ ਕਿਹਾ ਕਿ ਅਮੀਰ ਪਾਰਟੀਆਂ ਨੂੰ ਪਿੱਛੇ ਛੱਡ ਕੇ ਦਬੇ ਕੁੱਚਲੇ ਲੋਕਾਂ ਦੀਆਂ ਪ੍ਰਤੀਨਿਧ ਪਾਰਟੀਆਂ ਨਾਲ ਏਕਤਾ ਮਜ਼ਬੂਤ ਕੀਤੀ ਜਾਵੇਗੀ ਅਤੇ ਵੱਡੀ ਸਿਆਸੀ ਤਬਦੀਲੀ ਲਿਆਉਣ ਲਈ ਏਕਤਾ ਦੀ ਇਹ ਲਹਿਰ ਯੂ.ਪੀ. ਤੋਂ ਪੂਰੇ ਦੇਸ਼ ਵਿੱਚ ਫੈਲੇਗੀ।

Share Button

Leave a Reply

Your email address will not be published. Required fields are marked *

%d bloggers like this: