ਇਕ ਸ਼ਲਾਘਾਯੋਗ ਕਦਮ: ਇਕ ਪਿੰਡ ਇਕ ਗੁਰਦੁਆਰਾ

ਇਕ ਸ਼ਲਾਘਾਯੋਗ ਕਦਮ: ਇਕ ਪਿੰਡ ਇਕ ਗੁਰਦੁਆਰਾ

 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਇਸ ਗੱਲ ਲਈ ਵਧਾਈ ਦੇ ਹੱਕਦਾਰ ਹਨ ਕਿ ਉਹਨਾਂ ਵਲੋਂ ਚਲਾਈ ਮੁਹਿੰਮ ‘ਇਕ ਪਿੰਡ ਇਕ ਗੁਰਦੁਆਰਾ’ ਜਿੱਥੇ ਧੜਿਆ ਵਿਚ ਵੰਡੇ ਪਿੰਡਾਂ ਨੂੰ ਇਕ ਕਰੇਗੀ ਉੱਥੇ ਗੁਰੂ ਦੇ ਹੁਕਮ “ਸਭੇ ਸਾਝੀਵਾਲ ਸਦਾਇਨਿ” ਦੀ ਹਾਮੀ ਵੀ ਭਰੇਗੀ। ਸਿੱਖ ਧਰਮ ਦੇ ਕੇਂਦਰੀ ਬਿੰਦੂ ਦੀ ਗੱਲ ਕਰੀਏ ਤਾਂ ਇਹ ਇਨਸਾਨੀਅਤ ਦਾ ਪ੍ਰਮੁੱਖ ਧਰਮ ਹੈ, ਜਿਸ ਵਿਚ ਨਾ ਧਰਮਾਂ ਦਾ ਵਿਤਕਰਾ ਸਮਝਿਆ ਜਾਂਦਾ ਹੈ ਤੇ ਨਾ ਹੀ ਜਾਤਾਂ-ਪਾਤਾਂ ਦਾ। ਸਿੱਖ ਧਰਮ ਦੀ ‘ਪੰਗਤ ਪ੍ਰਥਾ’ ਵੀ ਇਸ ਗੱਲ ਦੀ ਗਵਾਹ ਹੈ ਕਿ  ਗੁਰਦੁਆਰਿਆ ਵਿਚ ਆਉਣ ਵਾਲੀ ਸੰਗਤ ਸਭ ਇਕ ਸਮਾਨ ਹੈ, ਚਾਹੇ ਉਸ ਵਿਚ ਕੋਈ ਧਨਾਢ ਪੁਰਖ ਹੋਵੇ ਜਾਂ ਮਜ਼ਦੂਰ। ਹਿੰਦੂ-ਸਿੱਖ-ਮੁਸਲਿਮ-ਈਸਾਈ ਆਦਿ ਸਭ ਨੂੰ ਬਰਾਬਰ ਦਾ ਸਨਮਾਨ ਦਿੱਤਾ ਜਾਂਦਾ ਹੈ। ਇਹ ਧਰਮ ਮਨੁੱਖਤਾ ਦਾ ਸਾਂਝਾ ਧਰਮ ਹੈ ਤੇ ਜਿਸ ਵਿਚ ਸਿਰਫ ਇਕ ਅਕਾਲ ਪੁਰਖ ਵਿਚ ਹੀ ਵਿਸ਼ਵਾਸ਼ ਕੀਤਾ ਜਾਂਦਾ ਹੈ। ਲੇਕਿਨ ਸਮੇਂ ਦੀ ਚਾਲ ਨੇ ਅੱਜ ਸਿੱਖ ਧਰਮ ਦੀ ਵਿਚਾਰਧਾਰਾ ਦਾ ਘਾਣ ਕਰਨ ’ਚ ਕੋਈ ਕਸਰ ਨਹੀਂ ਛੱਡੀ। ਅਲੱਗ-ਅਲੱਗ ਜਗ੍ਹਾ ’ਤੇ ਪ੍ਰਚਾਰ ਕਰਨ ਵਾਲੇ ਸਿੱਖ ਆਗੂਆ ਨੇ ਆਪਣੇ ਆਪ ਨੂੰ ਸੰਤ-ਮਹਾਤਮਾ ਕਹਾਉਦਿਆਂ, ਆਮ ਸ਼ਰਧਾਵਾਨ ਸਿੱਖਾਂ ਦੀ ਸ਼ਰਧਾਂ ਨੂੰ ਢਾਲ ਬਣਾ ਕੇ ਸਿੱਖ ਧਰਮ ਦੀ ਨਿਰੋਲ ਵਿਚਾਰਧਾਰਾ ਨੂੰ ਬਦਲਣ ’ਚ ਅਹਿਮ ਭੂਮਿਕਾ ਨਿਭਾਈ ਹੈ। ਜਿਸ ਦਾ ਸਿੱਟਾ ਹਰ ਪਿੰਡ ਵਿਚ ਇਕ ਤੋਂ ਵਧੇਰੇ ਗੁਰਦੁਆਰੇ ਬਨਣਾ ਹੈ। ਸਭ ਤੋਂ ਵੱਡਾ ਦੁਖਾਂਤ ਤਾਂ ਇਹ ਹੈ ਕਿ ਸਿੱਖ ਧਰਮ ਨੂੰ ਜਿਸ ਗੱਲ ਤੋਂ ਗੁਰੂ ਨੇ ਵਰਜਿਆ ਸੀ ਅੱਜ ਉਹਨਾਂ ਜਾਤਾਂ-ਪਾਤਾਂ ਦੇ ਨਾਮ ’ਤੇ ਅਲੱਗ-ਅਲੱਗ ਗੁਰਦੁਆਰਿਆ ਦਾ ਹੋਣਾ ਸਿੱਖ ਧਰਮ ਦੀ ਏਕਤਾ ਲਈ ਵੀ ਹਾਸੋਹੀਣ ਗੱਲ ਬਣਦਾ ਜਾ ਰਿਹਾ ਸੀ।

ਪਿੰਡਾਂ ਵਿਚ ਇਕ ਤੋਂ ਵਧੇਰੇ ਗੁਰਦੁਆਰੇ ਜਿੱਥੇ ਜਾਤਾਂ-ਪਾਤਾਂ ਦੇ ਬੜਾਵੇ ਨੂੰ ਉਤਸ਼ਾਹਿਤ ਕਰਦੇ ਹਨ ਉੱਥੇ ਰਾਜਨੀਤਿਕ ਫੁੱਟ ਨੂੰ ਪਾ ਕੇ ਆਪਸੀ ਭਾਈਚਾਰੇ ਲਈ ਵੀ ਇਕ ਖਤਰਾ ਸਾਬਿਤ ਹੋ ਰਹੇ ਹਨ। ਅੱਜ ਮਸੀਹਾ ਬਣ ਕੇ ਆਏ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਦੇ ‘ਇਕ ਪਿੰਡ ਇਕ ਗੁਰਦੁਆਰਾ’  ਮੁਹਿੰਮ ਦਾ ਹਰ ਪਿੰਡ ਵਿਚ ਹਰ ਸਿੱਖ ਵੱਲੋਂ ਤਹਿ ਦਿਲੋਂ ਸਵਾਗਤ ਕੀਤਾ ਜਾਣਾ ਚਾਹੀਦਾ ਹੈ। ਇਹ ਮੁਹਿੰਮ ਇਕੱਲੇ ਪ੍ਰਧਾਨ ਸਾਹਿਬ ਦੀ ਮੁਹਿੰਮ ਨਹੀਂ, ਬਲਕਿ ਹਰ ਸਿੱਖ ਦੀ ਆਪਣੀ ਮੁਹਿੰਮ ਹੈ ਜਿਸ ਦਾ ਸਾਥ ਦੇਣਾ ਹਰ ਸੱਚੇ ਸਿੱਖ ਦਾ ਫਰਜ਼ ਹੈ। ਇਸ ਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਲਕਾ ਮੈਂਬਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ-ਆਪਣੇ ਹਲਕੇ ਵਿਚ ਆਉਂਦੇ ਪਿੰਡਾਂ ਦੇ ਸਿੱਖਾਂ ਨੂੰ ਇਸ ਮੁਹਿੰਮ ਨਾਲ ਜੋੜਕੇ ਆਪਸੀ ਭਾਈਚਾਰੇ ਨੂੰ ਫਿਰ ਤੋਂ ਇਕ ਕਰਨ ਵਿਚ ਆਪਣਾ ਅਹਿਮ ਯੋਗਦਾਨ ਪਾਉਣ। ਉਮੀਦ ਹੈ ਕਿ ਇਸ ਮੁਹਿੰਮ ਦਾ ਸਵਾਗਤ ਡੇਰੇ, ਟਕਸਾਲਾ ਤੇ ਜੱਥੇਬੰਦੀਆਂ ਦੇ ਆਗੂਆ ਵਲੋਂ ਵੀ ਕੀਤਾ ਜਾਵੇਗਾ ਤਾਂ ਜੋ ਪਿੰਡਾਂ ਦੇ ਨਿੱਜੀ, ਡੇਰੇ, ਟਕਸਾਲਾ ਤੇ ਜੱਥੇਬੰਦੀਆਂ ਨਾਲ ਸੰਬੰਧਿਤ ਅਲੱਗ-ਅਲੱਗ ਗੁਰਦੁਆਰਿਆ ਨੂੰ ਵੀ ‘ਇਕ ਪਿੰਡ ਇਕ ਗੁਰਦੁਆਰਾ’ ਮੁਹਿੰਮ ਦਾ ਹਿੱਸਾ ਬਣਾਇਆ ਜਾ ਸਕੇ। ਅਗਰ ਇਹ ਮੁਹਿੰਮ ਆਪਣੇ ਮਿੱਥੇ ਟੀਚੇ ਨੂੰ ਹਾਸਿਲ ਕਰ ਲੈਂਦੀ ਹੈ ਤਾਂ ਸਿੱਖ ਧਰਮ ਵਿਚ ਜਾਤਾਂ-ਪਾਤਾਂ, ਊਚ-ਨੀਚ ਤੇ ਰਾਜਨੀਤਿਕ ਫੁੱਟ ਨੂੰ ਬਹੁਤ ਜਲਦ ਖਤਮ ਕੀਤਾ ਜਾ ਸਕਦਾ ਹੈ। ਇਸ ਮੁਹਿੰਮ ਦੀ ਸਫਲਤਾ ਹੀ ਸਿੱਖ ਧਰਮ ਵਿਚ ਪਏ ਭੁਲੇਖਿਆ ਨੂੰ ਦੂਰ ਕਰਨ ਦਾ ਨੀਂਹ ਪੱਥਰ ਹੋਵੇਗਾ। ਇਸ ਮੁਹਿੰਮ ਦੇ ਚੱਲਦਿਆ ਕੁਝ ਗ੍ਰੰਥੀ ਸਿੰਘਾ ਵਿਚ ਬੇਰੁਜ਼ਗਾਰ ਹੋਣ ਦਾ ਰੋਸ ਦੇਖਣ ਵਿਚ ਵੀ ਆ ਸਕਦਾ ਹੈ, ਲੇਕਿਨ ਮੁਹਿੰਮ ਦੇ ਸੰਚਾਲਕ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਵੱਲੋਂ ‘ਇਕ ਪਿੰਡ ਇਕ ਗੁਰਦੁਆਰਾ’ ਮੁਹਿੰਮ ਨੂੰ ਹੁੰਗਾਰਾ ਮਿਲਣ ਵਾਲੇ ਪਿੰਡਾਂ ਵਿਚ ਇਕ ਗੁਰਦੁਆਰਾ ਦੇ ਨਾਲ-ਨਾਲ, ਇਕ ਗੁਰਦੁਆਰਾ ਵਿਚ ਦੋ ਗ੍ਰੰਥੀ ਸਿੰਘਾਂ ਨੂੰ ਸਾਂਝੀ ਸੇਵਾ ਦੇ ਕੇ ਗੁਰੂ ਘਰ ਦੇ ਮਾਣ ਸਤਿਕਾਰ ਨੂੰ ਵਧਾਇਆ ਸਕਦਾ ਹੈ। ਇਸ ਦੇ ਨਾਲ ਹੀ ਪਿੰਡਾਂ ਵਿਚਲੇ ਗੁਰਦੁਆਰਾ ਸਾਹਿਬ ਨੂੰ ਵਿਸ਼ੇਸ਼ ਨਾਮ ਦੇਣ ਦੀ ਬਜਾਏ ਹਰ ਪਿੰਡ ਵਿਚ ਗੁਰਦੁਆਰਾ ਦੇ ਨਾਮ ਨੂੰ ‘ਸਰਬ ਸਾਂਝਾ ਗੁਰਦੁਆਰਾ’ ਨਾਮ ਦੇਣਾ ਉਚਿਤ ਹੋਵੇਗਾ ਤਾਂ ਜੋ ਭਵਿੱਖ ਵਿਚ ਵੀ ਕੋਈ ਸਿੱਖਾਂ ਨੂੰ ਭਰਮ ਭੁਲੇਖਿਆ ਵਿਚ ਪਾ ਕੇ ਭੜਕਾਅ ਨਾ ਸਕੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਤਿਕਾਰਯੋਗ ਆਗੂ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਅਜਿਹੇ ਪਹਿਲੇ ਆਗੂ ਹੋਣਗੇ ਜੋ ਸਿੱਖੀ ਦੇ ਅਸੂਲਾਂ ਦੀ ਪਾਲਣਾ ਕਰਕੇ ਸਭ ਸਿੱਖਾਂ ਵਿਚ ਏਕਤਾ ਦੇ ਨਾਲ-ਨਾਲ ਗੁਰ ਗਿਆਨ ਦਾ ਚਾਨਣ ਵੀ ਬਿਖੇਰਨਗੇ। ਇਸ ਮੁਹਿੰਮ ਦੀ ਕਾਮਯਾਬੀ ਸਿੱਖ ਭਾਈਚਾਰੇ ਦੀ ਏਕਤਾ ਨੂੰ ਬਰਕਰਾਰ ਰੱਖਣ ਵਾਲੀ ਸਿੱਖ ਧਰਮ ਦੀ ਅੱਜ-ਤੱਕ ਦੀ ਸਭ ਤੋਂ ਵੱਡੀ ਜਿੱਤ ਹੋਵੇਗੀ।

ਗੁਰਜੀਤ ਸਿੰਘ ਗੀਤੂ

9465310052

Share Button

Leave a Reply

Your email address will not be published. Required fields are marked *

%d bloggers like this: