ਟੁੱਟ ਗਈ ਵਡਾਲੀ ਭਰਾਵਾਂ ਦੀ ਜੋੜੀ,ਰੇਡੀਓ ਤੋਂ ਹੋਈ ਸੀ ਗਾਇਕੀ ਦੀ ਸ਼ੁਰੂਆਤ

ਟੁੱਟ ਗਈ ਵਡਾਲੀ ਭਰਾਵਾਂ ਦੀ ਜੋੜੀ,ਰੇਡੀਓ ਤੋਂ ਹੋਈ ਸੀ ਗਾਇਕੀ ਦੀ ਸ਼ੁਰੂਆਤ

ਅੰਮ੍ਰਿਤਸਰ ਦੇ ਛੋਟੇ ਜਿਹੇ ਪਿੰਡ ਗੁਰੂ ਕੀ ਵਡਾਲੀ ‘ਚ ਜੰਮੇ ਵਡਾਲੀ ਭਰਾਵਾਂ ‘ਚੋਂ ਛੋਟੇ ਪਿਆਰੇ ਲਾਲ ਦਾ ਦਿਹਾਂਤ ਹੋ ਗਿਆ। ਉਹ 75 ਸਾਲ ਦੇ ਸਨ। ਪੰਜਾਬ ‘ਚ ਸੂਫੀ ਗਾਇਕੀ ਦੇ ਚਮਕਦੇ ਸਿਤਾਰੇ ਉਸਤਾਦ ਪਿਆਰੇ ਲਾਲ ਵਡਾਲੀ ਕਾਫੀ ਗਰੀਬੀ ਨਾਲ ਜੂਝਦੇ ਹੋਏ ਆਪਣੀ ਕਲਾ ਦੇ ਦਮ ‘ਤੇ ਸਫਲਤਾ ਦੇ ਸਿਖਰ ਨੂੰ ਛੋਹਿਆ। ਕੱਲ ਤੜਕੇ ਦਿਲ ਦਾ ਦੌਰਾ ਪੈਣ ਕਾਰਨ ਉਸਤਾਦ ਪਿਆਰੇ ਲਾਲ ਵਡਾਲੀ ਜੀ ਦਾ ਦਿਹਾਂਤ ਹੋ ਗਿਆ। ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਉਨ੍ਹਾਂ ਦੀ ਜ਼ਿੰਦਗੀ ਦੀਆਂ ਕੁਝ ਖਾਸ ਯਾਦਾਂ, ਜੋ ਤੁਸੀਂ ਸ਼ਾਇਦ ਹੀ ਜਾਣਦੇ ਹੋਵੋ। ਉਸਤਾਦ ਪਿਆਰੇ ਲਾਲ ਤੇ ਪੂਰਨ ਚੰਦ, ਠਾਕੁਰ ਦਾਸ ਵਡਾਲੀ ਦੇ ਛੋਟੇ ਪੁੱਤਰ ਸਨ।
ਗਰੀਬੀ ਕਾਰਨ ਉਸਤਾਦ ਪਿਆਰੇ ਲਾਲ ਵਡਾਲੀ ਛੋਟੇ ਹੁੰਦੇ ਹੀ ਪਿੰਡ ‘ਚ ਹੋਣ ਵਾਲੀ ‘ਰਾਸਲੀਲ੍ਹਾ’ ‘ਚ ਕ੍ਰਿਸ਼ਨ ਦਾ ਕਿਰਦਾਰ ਨਿਭਾਉਂਦੇ ਸਨ। ਪੂਰਨ ਚੰਦ ਵਡਾਲੀ ਆਪਣੀ ਇਕ ਇੰਟਰਵਿਊ ‘ਚ ਦੱਸਿਆ ਕਿ ਹਨ ਕਿ ਉਨ੍ਹਾਂ ਛੇ ਕੁ ਸਾਲ ਦੀ ਉਮਰ ‘ਚ ਆਪਣੀ ਪਹਿਲੀ ਪੇਸ਼ਕਾਰੀ ਕੀਤੀ ਸੀ। ਉਨ੍ਹਾਂ ਦੇ ਪਿਤਾ ਕਾਫੀ ਅੜਭ ਸੁਭਾਅ ਦੇ ਸਨ ਤੇ ਕੁੱਟ-ਮਾਰ ਵੀ ਕਰਦੇ ਸਨ। ਉਨ੍ਹਾਂ ਖੁਦ ਨੂੰ ਪੈਂਦੀ ਝਿੜਕ ਦਾ ਹਿੱਸਾ ਵੰਡਾਉਣ ਲਈ ਪਿਆਰੇ ਲਾਲ ਵਡਾਲੀ ਨੂੰ ਵੀ ਆਪਣੇ ਨਾਲ ਰਲਾ ਲਿਆ ਤੇ ਦੋਵੇਂ ਭਰਾ ਇਕੱਠੇ ਕਵਾਲੀ ਕਰਨ ਲੱਗੇ। ਉਸ ਸਮੇਂ ਉਨ੍ਹਾਂ ਨੂੰ ਨਹੀਂ ਸੀ ਪਤਾ ਕਿ ਇਕ ਦਿਨ ਦੋਵੇਂ ਭਰਾਵਾਂ ਦਾ ਵੱਡਾ ਨਾਂ ਹੋਵੇਗਾ। ਪੂਰਨ ਚੰਦ ਸਾਰੀ ਉਮਰ ਪਿਆਰੇ ਲਾਲ ਦੇ ਮਾਰਗ ਦਰਸ਼ਕ ਤੇ ਗੁਰੂ ਬਣੇ ਰਹੇ। ਪਿਆਰੇ ਲਾਲ ਨੇ ਆਪਣੀ ਸੰਗੀਤਕ ਵਿਦਿਆ ਵੱਡੇ ਭਰਾ ਪੂਰਨ ਚੰਦ ਤੋਂ ਹੀ ਹਾਸਲ ਕੀਤੀ, ਜਦੋਂਕਿ ਵੱਡੇ ਭਰਾ ਪੂਰਨ ਚੰਦ ਨੇ ਆਪਣੇ ਪਿਤਾ ਤੋਂ ਇਲਾਵਾ ਪੰਡਿਤ ਦੁਰਗਾ ਦਾਸ ਤੇ ਉਸਤਾਦ ਬੜੇ ਗੁਲਾਮ ਅਲੀ ਖਾਂ ਤੋਂ ਸੰਗੀਤ ਦੀਆਂ ਬਾਰੀਕੀਆਂ ਸਿੱਖੀਆਂ।
lਪਹਿਲਾਂ ਪੂਰਨ ਚੰਦ ਆਪਣੇ ਪਿਤਾ ਨਾਲ ਪੀਰਾਂ ਦੀਆਂ ਦਰਗਾਹਾਂ ਜਾਂ ਪਿੰਡ ਤੇ ਅੰਮ੍ਰਿਤਸਰ ‘ਚ ਹੋਣ ਵਾਲੇ ਧਾਰਮਿਕ ਸਮਾਗਮਾਂ ‘ਤੇ ਜਾ ਕੇ ਗਾਉਂਦੇ ਸਨ ਪਰ ਜਦੋਂ ਪਿਆਰੇ ਲਾਲ ਵਡਾਲੀ ਗਾਉਣਾ ਸਿੱਖ ਗਏ ਫਿਰ ਦੋਵੇਂ ਭਰਾਵਾਂ ਦੀ ਜੋੜੀ ਕਵਾਲੀਆਂ ਸੁਣਾ ਕੇ ਲੋਕਾਂ ਨੂੰ ਸੂਫੀ ਰੰਗ ‘ਚ ਰੰਗਣ ਲੱਗੇ। ਸਾਲ 1975 ‘ਚ ਦੋਵੇਂ ਭਰਾਵਾਂ ਨੇ ਜਲੰਧਰ ‘ਚ ਹੋਣ ਵਾਲੇ ਸਾਲਾਨਾ ਹਰਵੱਲਭ ਸੰਗੀਤ ਸੰਮੇਲਨ ‘ਚ ਆਪਣਾ ਕਮਾਲ ਦਿਖਾਇਆ, ਉਸ ਦਿਨ ਤੋਂ ਉਨ੍ਹਾਂ ਦੇ ਦਿਨ ਬਦਲ ਗਏ। ਪੂਰਨ ਚੰਦ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ, ਹਰਵੱਲਭ ਸੰਗੀਤ ਸੰਮੇਲਨ ‘ਚ ਉਨ੍ਹਾਂ ਪ੍ਰਬੰਧਕਾਂ ਤੋਂ ਬੜੀ ਹੀ ਮੁਸ਼ਕਲ ਨਾਲ ਗਾਉਣ ਲਈ ਪੰਜ ਮਿੰਟ ਦਾ ਸਮਾਂ ਮੰਗਿਆ ਸੀ ਪਰ ਜਦੋਂ ਉਨ੍ਹਾਂ ਗਾਉਣਾ ਸ਼ੁਰੂ ਕੀਤਾ ਤਾਂ ਤਕਰੀਬਨ ਡੇਢ ਘੰਟੇ ਤੱਕ ਗਾਉਂਦੇ ਰਹੇ ਸਨ। ਦੋਵੇਂ ਭਰਾ ਖੁੱਲ੍ਹਾ ਗਾਉਂਦੇ ਸਨ, ਇਸ ਲਈ ਉਹ ਖਾਣ-ਪੀਣ ਦੇ ਸ਼ੌਕੀਨ ਸਨ। ਉਨ੍ਹਾਂ ਦਾ ਕਹਿਣਾ ਸੀ ਕਿ, ”ਜੋ ਖਵੱਈਆ-ਵੋਹੀ ਗਵੱਈਆ।” ਹਰਵੱਲਭ ਸੰਗੀਤ ਸੰਮੇਲਨ ‘ਚ ਆਪਣੀ ਧਾਕ ਜਮਾਉਣ ਤੋਂ ਬਾਅਦ ਜਦੋਂ ਦੋਵਾਂ ਭਰਾਵਾਂ ਨੂੰ ‘ਆਲ ਇੰਡੀਆ ਰੇਡੀਓ’ ਤੋਂ ਸੱਦਾ ਆਇਆ ਤਾਂ ਉਨ੍ਹਾਂ ਮਾਈਕ ਅੱਗੇ ਗਾਉਣ ਤੋਂ ਮਨ੍ਹਾ ਕਰ ਦਿੱਤਾ।
ਇਸ ਬਾਰੇ ਵਡਾਲੀ ਭਰਾਵਾਂ ਦਾ ਤਰਕ ਸੀ ਕਿ ਮਾਈਕ ਆਵਾਜ਼ ਨੂੰ ਖਿੱਚ ਲੈਂਦਾ ਹੈ। ਰੇਡੀਓ ਰਾਹੀਂ ਜਦ ਵਡਾਲੀ ਭਰਾਵਾਂ ਦੀ ਆਵਾਜ਼ ਦੂਰ-ਦੂਰ ਤਕ ਪਹੁੰਚੀ ਤਾਂ ਉਨ੍ਹਾਂ ਦੀ ਗਾਇਕੀ ਦਾ ਜਾਦੂ ਫੈਲ ਗਿਆ। ਵਡਾਲੀ ਭਰਾਵਾਂ ਨੂੰ ਇਕ ਵਾਰ ਉਸ ਥਾਂ ‘ਤੇ ਗਾਉਣ ਲਈ ਸੱਦਾ ਦਿੱਤਾ ਗਿਆ, ਜਿੱਥੇ ਤਾਨਸੈਨ ਗਾਉਂਦੇ ਸੀ ਤੇ ਬਾਦਸ਼ਾਹ ਅਕਬਰ ਉਨ੍ਹਾਂ ਨੂੰ ਸੁਣਦੇ ਸਨ। ਵਡਾਲੀ ਭਰਾਵਾਂ ਨੇ ਉਸ ਥਾਂ ‘ਤੇ ਬਿਨਾਂ ਮਾਈਕ ਤੋਂ ਗਾ ਕੇ ਅਜਿਹਾ ਰੰਗ ਬੰਨ੍ਹਿਆ ਕਿ ਸਾਰੇ ਖਿੜ੍ਹ ਉੱਠੇ। ਸਾਲ 2002 ਤੋਂ ਵਡਾਲੀ ਭਰਾਵਾਂ ਨੂੰ ਸੂਫੀ ਸੰਗੀਤ ਨੂੰ ਐਲਬਮਜ਼ ਦੇ ਜ਼ਰੀਏ ਲੋਕਾਂ ਤੱਕ ਪਹੁੰਚਾਉਣਾ ਸ਼ੁਰੂ ਕੀਤਾ ਫਿਰ ਇਕ ਤੋਂ ਬਾਅਦ ਇਕ ਉਨ੍ਹਾਂ ਦੀਆਂ ਕਈ ਐਲਬਮਜ਼ ਆਈਆਂ। ਐਲਬਮਜ਼ ਨਾਲ ਵੀ ਵਡਾਲੀ ਭਰਾਵਾਂ ਦੀ ਇਕ ਕਹਾਣੀ ਜੁੜੀ ਹੋਈ ਹੈ। ਪੂਰਨ ਚੰਦ ਦੇ ਦੱਸੇ ਮੁਤਾਬਕ ਜਦ ਉਹ ਸਟੂਡੀਓ ਗਏ ਸੀ ਤਾਂ ਉੱਥੇ ਤਬਲੇ ਤੇ ਵਾਜੇ (ਹਾਰਮੋਨੀਅਮ) ‘ਤੇ ਹੀ ਗਾ ਕੇ ਆਏ ਸਨ, ਉਨ੍ਹਾਂ ਨੇ ਗਿਟਾਰ ਤੇ ਡਰੱਮ ਪਤਾ ਨਹੀਂ ਕਿੱਥੋਂ ਪਾ ਦਿੱਤੇ। ਵਡਾਲੀ ਬ੍ਰਦਰਜ਼ ਦੀਆਂ ‘ਆ ਮਿਲ ਯਾਰ’, ‘ਪੈਗਾਮ-ਏ-ਇਸ਼ਕ’, ‘ਇਸ਼ਕ ਮੁਸਾਫਿਰ’, ‘ਫੋਕ ਮਿਊਜ਼ਿਕ ਆਫ਼ ਪੰਜਾਬ‘, ‘ਯਾਦ ਪੀਆ ਕੀ’ ਆਦਿ ਪ੍ਰਮੁੱਖ ਐਲਬਮਜ਼ ਹਨ। ਬੀਤੇ ਸਮੇਂ ਤੋਂ ਉਹ ਇਕਹਿਰੇ ਗੀਤ ਜਾਂ ਲਾਈਵ ਸ਼ੋਅ ਹੀ ਕਰਦੇ ਆ ਰਹੇ ਸਨ। ਸਾਲ 2003 ‘ਚ ਵਡਾਲੀ ਭਰਾਵਾਂ ਨੇ ਬਾਲੀਵੁੱਡ ਫਿਲਮ ‘ਪਿੰਜਰ’ ਤੇ ‘ਧੂਪ’, 2010 ‘ਚ ਤਮਿਲ ਫਿਲਮ ‘ਚਿੱਕੂ ਬੁੱਕੂ’, 2011 ‘ ਚ ‘ਤਨੂੰ ਵੈਡਜ਼ ਮਨੂੰ’ ਤੇ ‘ਮੌਸਮ’ ‘ਚ ਵੀ ਗਾਇਆ। ਵਡਾਲੀ ਭਰਾਵਾਂ ਦੀ ਸਾਦਗੀ ਦੇ ਵੀ ਅਨੇਕਾਂ ਕਿੱਸੇ ਹਨ। ਉਨ੍ਹਾਂ ਆਪਣੀ ਉਮਰ ਦਾ ਜ਼ਿਆਦਾਤਰ ਸਮਾਂ ਸਾਈਕਲ ਜਾਂ ਮੋਟਰਸਾਈਕਲ ‘ਤੇ ਹੀ ਗੁਜ਼ਾਰਿਆ।
ਜਦੋਂ ਸੰਗੀਤ ਖੇਤਰ ਅੰਦਰ ਜੋੜੀਆਂ ਇੱਕ ਦੌਰ ਤੋਂ ਬਾਅਦ ਟੁੱਟਦੀਆਂ ਵੇਖੀਆਂ ਹਨ ਤਾਂ ਵਡਾਲੀ ਭਰਾਵਾਂ ਨੇ ਆਪਣੀ ਜੋੜੀ ਨਾਲ ਮੇਲਜੋਲ ਅਤੇ ਪਰਿਵਾਰਕ ਕਦਰਾਂ ਕੀਮਤਾਂ ਦੀ ਮਿਸਾਲ ਵੀ ਪੇਸ਼ ਕੀਤੀ ਹੈ। ਸੂਫ਼ੀ ਤਾਂ ਹੱਦ ਅਨਹਦ ਦੀ ਅਵਸਥਾ ਹੈ। ਖ਼ੁਦ ਦੇ ਰੂ-ਬ-ਰੂ ਹੋਣਾ ਜਿਵੇਂ ਖ਼ੁਦ ਨੂੰ ਪਛਾਣ ਲੈਣਾ ਅਤੇ ਖ਼ੁਦ ਤੋਂ ਮੁਨਕਰ ਵੀ ਹੋ ਜਾਣਾ। ਇਹ ਦਾਅਵਾ ਛੱਡਣ ਦੀ ਅਵਸਥਾ ਹੈ। ਇਹ ਮੇਰਾ ਮੁਝ ਮੇਂ ਕੁਛ ਨਹੀਂ ਜੋ ਕਿਛ ਹੈ ਸੋ ਤੇਰਾ ਦੀ ਅਵਸਥਾ ਹੈ। ਇਹ ਅਵਸਥਾ ਰਾਝਾਂ ਰਾਝਾਂ ਕਰਦੀ ਹੀਰ ਦਾ ਰਾਝਾਂ ਹੋ ਜਾਣ ਦਾ ਗਾਣ ਹੈ। ਇਸ ਗਾਣ ਨੂੰ ਪੰਜਾਬ ਦੇ ਪੰਜ ਦਰਿਆਵਾਂ ਦੇ ਪਾਣੀ ਦੀ ਆਸੀਸ ਹੈ। ਪੰਜਾਬ ਦੇ ਇਸੇ ਸਾਂਝੀਵਾਲਤਾ ਨੇ ਕਦੀ ਪੰਜਾਬ ਨੂੰ ਟੁੱਟਣ ਨਹੀਂ ਦੇਣਾ।

Share Button

Leave a Reply

Your email address will not be published. Required fields are marked *

%d bloggers like this: