ਪੰਜਾਬ ਤੋਂ ਯੂ ਕੇ ਨੂੰ ਹੁੰਦੇ ਗੈਰਕਾਨੂੰਨੀ ਪ੍ਰਵਾਸ ਨੂੰ ਰੋਕਣ ਲਈ ਉਪਰਾਲੇ ਕਰੇਗੀ ਸਰਕਾਰ : ਕੈਪਟਨ

ਪੰਜਾਬ ਤੋਂ ਯੂ ਕੇ ਨੂੰ ਹੁੰਦੇ ਗੈਰਕਾਨੂੰਨੀ ਪ੍ਰਵਾਸ ਨੂੰ ਰੋਕਣ ਲਈ ਉਪਰਾਲੇ ਕਰੇਗੀ ਸਰਕਾਰ : ਕੈਪਟਨ

ਐਸ ਏ ਐਸ ਨਗਰ, 8 ਮਾਰਚ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਤੋਂ ਯੂ ਕੇ ਨੂੰ ਹੋ ਰਹੇ ਗੈਰਕਾਨੂੰਨੀ ਪ੍ਰਵਾਸ ਨੂੰ ਰੋਕਣ ਲਈ ਪੰਜਾਬ ਸਰਕਾਰ ਵਲੋਂ ਯੋਗ ਉਪਰਾਲੇ ਕੀਤੇ ਜਾਣਗੇ| ਮੁੱਖ ਮੰਤਰੀ ਅੱਜ ਇੱਥੇ ਬ੍ਰਿਟਿਸ਼ ਹਾਈ ਕਮਿਸ਼ਨਰ ਡੌਮਨਿਕ ਅਸਕਿਊਥ ਨਾਲ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ|
ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਤੋਂ ਯੂ.ਕੇ. ਵਿੱਚ ਹੋ ਰਹੇ ਗ਼ੈਰਕਾਨੂੰਨੀ ਪ੍ਰਵਾਸ ਨੂੰ ਠੱਲ੍ਹ ਪਾਉਣ ਅਤੇ ਨਜ਼ਰ ਰੱਖਣ ਬਾਰੇ ਵੀ ਪੰਜਾਬ ਅਤੇ ਯੂਕੇ ਸਰਕਾਰ ਵਲੋਂ ਉਪਰਾਲੇ ਕੀਤੇ ਜਾਣਗੇ| ਉਹਨਾਂ ਕਿਹਾ ਕਿ ਗ਼ੈਰਕਾਨੂੰਨੀ ਪ੍ਰਵਾਸ ਰਾਹੀਂ ਭੋਲੇ-ਭਾਲੇ ਲੋਕਾਂ ਦੀ ਲੁੱਟ ਕਰਨ ਵਾਲੇ ਟਰੈਵਲ ਏਜੰਟਾਂ ਨੂੰ ਨੱਥ ਪਾਉਣ ਲਈ ਕਦਮ ਚੁੱਕਣ ਦੀ ਲੋੜ ਹੈ ਅਤੇ ਇਹਨਾਂ ਏਜੰਟਾਂ ਖਿਲਾਫ ਕਾਰਵਾਈ ਲਈ ਯੂ ਕੇ ਨਾਲ ਸਹਿਮਤੀ ਬਣ ਗਈ ਹੈ|
ਉਹਨਾਂ ਕਿਹਾ ਕਿ ਸਕਿੱਲਜ਼ ਯੂਨੀਵਰਸਿਟੀ ਸਥਾਪਤ ਕਰਨ ਤੋਂ ਇਲਾਵਾ ਸਰਕਾਰ ਵੱਲੋਂ ਆਈ ਟੀ ਆਈਜ਼ ਵਿੱਚ ਸ਼ਾਮ ਨੂੰ ਹੁਨਰ ਵਿਕਾਸ ਕਲਾਸਾਂ ਸ਼ੁਰੂ ਕਰਨ ਬਾਰੇ ਤਜਵੀਜ਼ ਉੱਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ| ਉਹਨਾਂ ਨੇ ਕਿਹਾ ਕਿ ਸੂਬੇ ਵਿੱਚ ਸਿੱਖਿਆ ਪ੍ਰਣਾਲੀ ਗਿਣਾਤਮਕ ਤੇ ਗੁਣਾਤਮਕ ਪੱਖਾਂ ਤੋਂ ਪੱਛੜੀ ਹੋਈ ਹੈ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਾਉਣ ਲਈ ਹੁਨਰ ਵਿਕਾਸ ਅਹਿਮ ਬਦਲ ਵਜੋਂ ਉਭਰਿਆ ਹੈ|
ਇਸ ਮੀਟਿੰਗ ਵਿੱਚ ਪੰਜਾਬ ਵਿੱਚ ਸਨਅਤੀ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਰੋਬੋਟਿਕਸ ਅਤੇ ਆਰਟੀਫੀਸ਼ਲ ਇੰਟੈਲੀਜੈਂਸ ਦੀ ਵਰਤੋਂ ਸਬੰਧੀ ਵਿਚਾਰ ਚਰਚਾ ਕੀਤੀ ਗਈ|
ਇਸ ਮੀਟਿੰਗ ਦੌਰਾਨ ਕੋਲਡ ਚੇਨ ਸਹੂਲਤਾਂ ਦੇ ਵਿਕਾਸ ਵਿੱਚ ਪ੍ਰਦੂਸ਼ਣ ਮੁਕਤ ਊਰਜਾ ਤੋਂ ਇਲਾਵਾ ਪੈਟਰੋਲ ਤੇ ਡੀਜ਼ਲ ਵਾਹਨਾਂ ਦੀ ਜਗ੍ਹਾ ਬਿਜਲੀ ਵਾਹਨਾਂ ਨੂੰ ਉਤਸ਼ਾਹਿਤ ਕਰਨ ਤੇ ਵੀ ਧਿਆਨ ਕੇਂਦਰਿਤ ਕੀਤਾ ਗਿਆ|

Share Button

Leave a Reply

Your email address will not be published. Required fields are marked *

%d bloggers like this: