ਸ੍ਰੀ ਅਨੰਦਪੁਰ ਸਾਹਿਬ ਅੰਦਰ ਧੜੱਲੇ ਨਾਲ ਜਾਰੀ ਹੈ ਨਜ਼ਾਇਜ਼ ਖਣਨ, ਕਰੱਸ਼ਰਾਂ ਦੇ ਨਾਮ ਤੇ ਸ਼ਰੇਆਮ ਸਤਲੁਜ ‘ਚੋ ਕੱਢੇ ਜਾ ਰਹੇ ਹਨ ਛੋਟੇ ਖਣਿਜ, ਵਿਭਾਗ ਕੁੰਭਕਰਨੀ ਨੀਂਦ ਸੁੱਤਾ

ਸ੍ਰੀ ਅਨੰਦਪੁਰ ਸਾਹਿਬ ਅੰਦਰ ਧੜੱਲੇ ਨਾਲ ਜਾਰੀ ਹੈ ਨਜ਼ਾਇਜ਼ ਖਣਨ, ਕਰੱਸ਼ਰਾਂ ਦੇ ਨਾਮ ਤੇ ਸ਼ਰੇਆਮ ਸਤਲੁਜ ‘ਚੋ ਕੱਢੇ ਜਾ ਰਹੇ ਹਨ ਛੋਟੇ ਖਣਿਜ, ਵਿਭਾਗ ਕੁੰਭਕਰਨੀ ਨੀਂਦ ਸੁੱਤਾ
ਪੁਆਧ ਤੇ ਦੁਆਬ ਨੂੰ ਜੋੜਨ ਵਾਲਾ ਵੱਡੇ ਪੁੱਲ ਦੀ ਹੋਂਦ ਨੂੰ ਹੋ ਸਕਦਾ ਹੈ ਵੱਡਾ ਖਤਰਾ
ਅੱਧੀ ਦਰਜਨ ਕਰੱਸ਼ਰ ਕੀਤੇ ਸੀਲ, ਨਜ਼ਾਇਜ਼ ਪਏ ਮਾਲ ਦੀ ਪੜਤਾਲ ਜਾਰੀ, ਜਲਦ ਹੋਣਗੇ ਪਰਚੇ: ਐਸ ਡੀ ਐਮ

ਸ੍ਰੀ ਅਨੰਦਪੁਰ ਸਾਹਿਬ, 8 ਫਰਵਰੀ (ਦਵਿੰਦਰਪਾਲ ਸਿੰਘ/ ਅੰਕੁਸ਼): ਪੰਜਾਬ ਦੇ ਮੁੱਖ ਮੰਤਰੀ ਵੱਲੋਂ ਸੂਬੇ ਅੰਦਰ ਨਜ਼ਾਇਜ਼ ਖਣਨ ਨੂੰ ਸਖਤੀ ਦੇ ਨਾਲ ਨੱਥ ਪਾਉਣ ਦੇ ਬੇਸ਼ੱਕ ਹੁਕਮ ਦਿੱਤੇ ਗਏ ਹਨ ਪਰ ਸ੍ਰੀ ਆਨੰਦਪੁਰ ਸਾਹਿਬ ਦੇ ਨਾਲ ਲਗਦੇ ਅਗੰਮਪੁਰ ਜ਼ੋਨ ਅੰਦਰ ਧੜੱਲੇ ਦੇ ਨਾਲ ਨਜ਼ਾਇਜ਼ ਖਣਨ ਜਾਰੀ ਹੈ। ਜਦਕਿ ਕਰੱਸ਼ਰਾਂ ਦੇ ਨਾਮ ਤੇ ਸਤਲੁਜ ਦਰਿਆ ਦੇ ਧਰਾਤਲ ਨੂੰ ਵਿਗਾੜ ਕੇ ਕਈ-ਕਈ ਫੁੱਟ ਗਹਿਰਾਈ ਤੱਕ ਖਣਨ ਮਾਫੀਆ ਵੱਲੋਂ ਖੁਦਾਈ ਕੀਤੀ ਜਾ ਰਹੀ ਹੈ। ਜਦਕਿ ਸਬੰਧਿਤ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਅਹਿਮ ਹਿੱਸੇ ਦੁਆਬਾ ਅਤੇ ਹਿਮਾਚਲ ਪ੍ਰਦੇਸ਼ ਤੇ ਪੰਜਾਬ ਦੀ ਸਰਹੱਦ ਤੇ ਸਥਿਤ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ ‘ਚ ਵਸਦੇ ਪੁਆਧ ਦੇ ਖਿੱਤੇ ਨੂੰ ਆਪਸ ਵਿੱਚ ਜੋੜਨ ਵਾਲੇ ਵੱਡੇ ਪੁੱਲ ਦੇ ਇਰਦ-ਗਿਰਦ ਧੜੱਲੇ ਦੇ ਨਾਲ ਹੋ ਰਹੇ ਨਜ਼ਾਇਜ਼ ਖਣਨ ਨੇ ਜਿੱਥੇ ਖਣਨ ਮਾਫੀਆ ਦੇ ਹੌਂਸਲੇ ਬੁਲੰਦ ਕੀਤੇ ਹੋਏ ਹਨ ਉੱਥੇ ਹੀ ਪੁੱਲ ਦੀ ਹੋਂਦ ਨੂੰ ਵੀ ਖਤਰਾ ਬਣਿਆ ਹੋਇਆ ਹੈ। ਆਲਾ ਮਿਆਰੀ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਰਾਤ ਦੇ ਘੁੱਪ ਹਨੇਰੇ ਅੰਦਰ ਜੇਕਰ ਕੋਈ ਇਸ ਪੁੱਲ ਕੋਲੋ ਲੰਘ ਜਾਵੇ ਤਾਂ ਸਾਹਮਣੇ ਨਜ਼ਾਰਾ ਕੁਝ ਅਜਿਹਾ ਹੁੰਦਾ ਹੈ ਕਿ ਜਿਵੇਂ ਦੀਵਾਲੀ ਹੋਵੇ। ਕਿਉਂਕਿ ਸਤਲੁਜ ਦਰਿਆ ‘ਚ ਧੜੱਲੇ ਦੇ ਨਾਲ ਵੱਡੀਆਂ-ਵੱਡੀਆਂ ਮਸ਼ੀਨਾਂ ਖਣਨ ਕਰ ਰਹੀਆਂ ਹੁੰਦੀਆਂ ਹਨ।ਜਦਕਿ ਖਣਨ ਮਾਫੀਆ ਦਾ ਖੌਫ ਇਨਾ ਕੁ ਹੈ ਕਿ ਵਿਭਾਗੀ ਮੁਲਾਜ਼ਮ ਵੀ ਉਸ ਪਾਸੇ ਰੱਖ ਕਰਨ ਤੋਂ ਕਈ ਵਾਰੀ ਗੁਰੇਜ਼ ਕਰ ਦਿੰਦੇ ਹਨ।
*ਅੱਧੀ ਦਰਜਨ ਕਰੱਸ਼ਰ ਕੀਤੇ ਸੀਲ, ਨਜ਼ਾਇਜ਼ ਪਏ ਮਾਲ ਦੀ ਪੜਤਾਲ ਜਾਰੀ, ਜਲਦ ਹੋਣਗੇ ਪਰਚੇ:-ਐਸ ਡੀ ਐਮ।
ਇਸ ਸਬੰਧੀ ਜਦੋਂ ਸਥਾਨਕ ਐਸ ਡੀ ਐਮ ਰਕੇਸ਼ ਕੁਮਾਰ ਗਰਗ ਦੇ ਨਾਲ ਸੰਪਰਕ ਕੀਤਾ ਗਿਆ ਤਾਂ ਉਨਾਂ ਕਿਹਾ ਕਿ ਅਗੰਮਪੁਰ ਵਿਖੇ ਖੁਦਾਈ ਕਰਨਾ ਪੂਰੀ ਤਰਾਂ ਦੇ ਨਾਲ ਗ਼ੈਰਕਾਨੂੰਨੀ ਹੈ। ਇਹੀ ਕਾਰਨ ਹੈ ਕਿ ਅਸੀਨ ਬੀਤੇ ਦਿਨੀਂ ਇੱਥੇ ਰਾਤ ਨੂੰ ਛਾਪਾ ਮਾਰ ਨਜ਼ਾਇਜ਼ ਖਣਨ ਕਰਦੀਆਂ ਮਸ਼ੀਨਾਂ ਕਾਬੂ ਕੀਤੀਆਂ ਸਨ ਅਤੇ ਅੱਧੀ ਦਰਜਨ ਕਰੱਸ਼ਰ ਵੀ ਸੀਲ ਕੀਤੇ ਸਨ। ਇਹੀ ਨਹੀਂ ਅਗੰਮਪੁਰ ਜ਼ੋਨ ਦੇ ਕਰੱਸ਼ਰਾਂ ‘ਤੇ ਜਿਹੜਾ ਮਾਲ ਨਿਯਮਾਂ ਤੋਂ ਉਲਟ ਪਾਇਆ ਗਿਆ ਹੈ ਉਸਦੀ ਵੀ ਪੜਤਾਲ ਚੱਲ ਰਹੀ ਹੈ ਅਤੇ ਜਲਦੀ ਹੀ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਪਰਚੇ ਦਰਜ ਕਰਵਾਏ ਜਾਣਗੇ।

Share Button

Leave a Reply

Your email address will not be published. Required fields are marked *

%d bloggers like this: