ਭਗਤ ਰਵਿਦਾਸ ਜੀ

ਭਗਤ ਰਵਿਦਾਸ ਜੀ

ਭਗਤ ਰਵਿਦਾਸ ਜੀ ਉਨ੍ਹਾਂ ਮਹਾਨ ਮਹਾਪੁਰਖਾਂ ਚੋਂ ਇਕ ਹੋਏ ਹਨ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਪ ਜੀ ਦੇ 40 ਸ਼ਬਦ ਦਰਜ ਹਨ ਜੋ ਕਿ 16 ਰਾਗਾਂ ਵਿਚ ਹਨ। ਭਗਤ ਰਵਿਦਾਸ ਜੀ ਦੀ ਬਾਣੀ ਨੂੰ ਆਦਰਸ਼ ਮੰਨ ਕੇ ਪੂਰੀ ਮਾਨਵਤਾ ਕਿਰਤ ਤੇ ਕੀਰਤ ਵਾਲੇ ਸੱਭਿਆਚਾਰ ਦੇ ਰੂਪ ਵਿੱਚ ਢਲ ਸਕਦੀ ਹੈ। ਦੁਨੀਅਾਂ ਦੇ ਸਾਰੇ ਮਹਾਨ ਮਹਾਪੁਰਖਾਂ ਦੀ ਤਰ੍ਹਾਂ ਭਗਤ ਰਵਿਦਾਸ ਜੀ ਨੂੰ ਵੀ ਪੁਜਾਰੀ ਵਰਗ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਪਰ ਉਨ੍ਹਾਂ ਨੇ ਆਪਣੇ ਗਿਆਨ ਦੀ ਢਾਲ ਨਾਲ ਪੁਜਾਰੀ ਵਰਗ ਦੀ ਹਰ ਚਾਲ ਨੂੰ ਨਾਕਾਮ ਕਰ ਕੇ ਰੱਖ ਦਿੱਤਾ। ਅਖੌਤੀ ਉੱਚੀ ਜਾਤ ਦੇ ਹੰਕਾਰੀ ਤੇ ਅਮੀਰ ਲੋਕ ਭਗਤ ਰਵਿਦਾਸ ਜੀ ਦੀ ਆਰਥਿਕ ਹਾਲਤ ਤੇ ਤੇ ਨੀਵੀਂ ਜਾਤ ਵੱਲ ਦੇਖ ਕੇ ਹਸਦੇ ਸਨ ਇਸ ਬਾਰੇ ਰਵਿਦਾਸ ਜੀ ਖੁਦ ਹੀ ਦੱਸ ਰਹੇ ਹਨ
ਦਾਰਿਦ ਦੇਖ ਸਭ ਕੋ ਹਸੈ ਐਸੀ ਦਸਾ ਹਮਾਰੀ।। ਅਸਟ ਦਸਾ ਸਿਧਿ ਕਰ ਤਲੈ ਸਭ ਕ੍ਰਿਪਾ ਤੁਮਾਰੀ।।
ਭਾਵ, ਮੇਰੀ ਗਰੀਬੀ ਤੇ ਆਰਥਿਕ ਹਾਲਤ ਦੇਖ ਕੇ ਹਰ ਕੋਈ ਹਸਦਾ ਹੈ ਪਰ ਇਨ੍ਹਾਂ ਵਿਚਾਰਿਆਂ ਨੂੰ ਕੀ ਪਤਾ ਹੈ ਕਿ, ਐ ਮਾਲਕ ਜੀ ਤੇਰੀ ਕਿਰਪਾ ਸਦਕਾ ਅਠਾਰਾਂ ਸਿੱਧੀਆਂ ਮੇਰੇ ਹੱਥਾਂ ਦੀਆਂ ਤਲੀਆਂ ਤੇ ਪਈਆਂ ਹਨ(ਭਾਵ ਮੈ ਬਹੁਤ ਅਨੰਦ ਵਿੱਚ ਹਾਂ) ਭਗਤ ਰਵਿਦਾਸ ਜੀ ਆਪਣੇ ਸਮੇਂ ਦੇ ਹਾਕਮਾਂ ਅਤੇ ਜਾਤ ਦੇ ਹੰਕਾਰੀ ਬ੍ਰਾਹਮਣਾਂ ਤੋਂ ਡਰੇ ਨਹੀਂ ਅਤੇ ਨਾ ਹੀ ਅੱਜ ਵਾਲੇ ਅਖੌਤੀ ਸਾਧਾਂ ਵਾਂਗ ਰਾਜਨੀਤਕ ਲੋਕਾਂ ਨਾਲ ਕੋਈ ਸਮਝੌਤਾ ਕੀਤਾ ਸਗੋਂ ਉਨ੍ਹਾਂ ਨੇ ਤਾਂ ਡੰਕੇ ਦੀ ਚੋਟ ਨਾਲ ਤਾਕਤ, ਸੱਤਾ ਅਤੇ ਜਾਤ ਦੇ ਅਭਿਮਾਨੀਆਂ ਨੂੰ ਕਹਿ ਦਿੱਤਾ
ਪੰਡਿਤ ਸੂਰੁ ਛਤ੍ਰਪਤਿ ਰਾਜਾ
ਭਗਤ ਬਰਾਬਰਿ ਅਉਰ ਨ ਕੋਇ।।

ਭਾਵੇਂ ਕਿ ਭਗਤ ਰਵਿਦਾਸ ਜੀ ਨੇ ਪੁਜਾਰੀਵਾਦ ਨੂੰ ਨਾਕਾਮ ਕੀਤਾ ਸੀ ਪਰ ਬੜੇ ਅਫਸੋਸ ਦੀ ਗੱਲ ਹੈ ਕਿ ਅੱਜ ਅਸੀਂ ਪੁਜਾਰੀਵਾਦ ਦੇ ਜਾਲ ਚ ਬੁਰੀ ਤਰ੍ਹਾਂ ਨਾਲ ਫਸ ਚੁੱਕੇ ਹਾਂ। ਅੱਜ ਭਗਤ ਰਵਿਦਾਸ ਜੀ ਦੀ ਬਾਣੀ ਤੋਂ ਸਿੱਖਿਆ ਲੈਣ ਦੀ ਬਜਾਏ, ਉਨ੍ਹਾਂ ਦੀ ਮੂਰਤੀ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ। ਪੁਜਾਰੀ ਵਰਗ ਹਮੇਸ਼ਾ ਹੀ ਚਲਾਕ ਰਿਹਾ ਹੈ ਉਸ ਨੇ ਆਪਣੀ ਚਲਾਕੀ ਨਾਲ ਰਵਿਦਾਸ ਜੀ ਦੀ ਵਿਚਾਰਧਾਰਾ ਨੂੰ ਛੁਪਾ ਲਿਆ ਅਤੇ ਮੂਰਤੀ ਪੂਜਾ ਨੂੰ ਪ੍ਰਚਲਿਤ ਕਰ ਦਿੱਤਾ ਤੇ ਉਨ੍ਹਾਂ ਦੇ ਜੀਵਨ ਨਾਲ ਅਨੇਕਾਂ ਕਾਲਪਨਿਕ ਘਟਨਾਵਾਂ ਜੋੜ ਦਿੱਤੀਆਂ। ਪੁਜਾਰੀਵਾਦ ਕਦੇ ਨਹੀਂ ਚਾਹੁੰਦਾ ਕਿ ਆਮ ਲੋਕ ਗਿਆਨਵਾਨ ਬਣਨ ਕਿਉਂਕਿ ਇਸਦਾ “ਤੋਰੀ ਫੁਲਕਾ” ਆਮ ਲੋਕਾਂ ਦੀ ਅਗਿਆਨਤਾ ਦੇ ਸਹਾਰੇ ਹੀ ਚਲਦਾ ਹੈ। ਇਸ ਲਈ ਪੁਜਾਰੀ ਤਬਕਾ ਚਾਹੁੰਦਾ ਹੈ ਕਿ ਸਚਾਈ ਛੁਪੀ ਰਹੇ ਅਤੇ ਆਮ ਲੋਕ ਕੇਵਲ ਮੂਰਤੀ ਪੂਜਾ ਜਾਂ ਗਿਆਨ ਦੇ ਸੂਰਜ ਤੇ ਰਮਾਲੇ ਪਾ ਕੇ ਉਸ ਨੂੰ ਮੱਥੇ ਟੇਕਣ ਤੱਕ ਸੀਮਤ ਰਹਿਣ। ਬ੍ਰਾਹਣਵਾਦ ਦੀਆਂ ਚਾਲਾਂ ਬਹੁਤ ਡੂੰਘੀਆਂ ਹਨ। ਜਾਤ ਦੇ ਹੰਕਾਰੀ ਇਹ ਨਹੀਂ ਚਾਹੁੰਦੇ ਕਿ “ਸ਼ੂਦਰਾਂ” ਦੇ ਘਰ ਜਨਮ ਲੈਣ ਵਾਲਾ ਕੋਈ ਵੀ ਵਿਅਕਤੀ ਮਹਾਨ ਸ਼ਖਸੀਅਤ ਬਣੇ। ਇਸ ਲਈ ਬ੍ਰਾਹਮਣਾਂ ਨੂੰ ਸ਼ੂਦਰ ਘਰਾਣੇ ਵਿੱਚ ਜਨਮ ਲੈਣ ਵਾਲਾ ਵਿਅਕਤੀ ਆਦਰਸ਼ ਦੇ ਰੂਪ ਵਿੱਚ ਪਸੰਦ ਨਾ ਆਇਆ ਅਤੇ ਉਨ੍ਹਾਂ ਨੇ ਰਵੀਦਾਸ ਜੀ ਨੂੰ ਪਿਛਲੇ ਜਨਮ ਦਾ ਬ੍ਰਾਹਮਣ ਸਿੱਧ ਕਰਨ ਲਈ ਆਪਣਾ ਪੂਰਾ ਜੋਰ ਲਾ ਦਿੱਤਾ। ਅਸੀਂ ਪੁਜਾਰੀਵਾਦ ਦੀ ਕੋਈ ਚਾਲ ਸਮਝ ਨਾ ਸਕੇ ਇਸ ਲਈ ਰਵਿਦਾਸ ਜੀ ਦੀ ਵਿਚਾਰਧਾਰਾ ਸਮਝਣ ਦੀ ਬਜਾਏ ਉਨ੍ਹਾਂ ਦੀ ਮੂਰਤੀ ਨੂੰ ਪੂਜਣਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਨਾਲ ਜੁੜੀਆਂ ਕਾਲਪਨਿਕ ਕਥਾਵਾਂ ਨੂੰ ਸੱਚ ਮੰਨ ਲਿਆ ਜਿੰਨਾ ਚ ਰਵਿਦਾਸ ਮਹਾਰਾਜ ਜੀ ਨੂੰ ਪਿਛਲੇ ਜਨਮ ਦਾ ਬ੍ਰਾਹਮਣ ਅਤੇ ਵਿਸ਼ਨੂੰ ਦਾ ਅਵਤਾਰ ਦਰਸਾਇਆ ਗਿਆ ਹੈ।
ਭਾਵੇਂ ਅੱਜ ਅਸੀਂ ਇੱਕੀਵੀਂ ਸਦੀ ਚ ਜੀਅ ਰਹੇ ਹਾਂ ਪਰ ਅੱਜ ਵੀ ਜਾਤ ਪਾਤ ਵਰਗੀ ਭਿਆਨਕ ਕੁਰੀਤੀ ਨੂੰ ਖਤਮ ਨਹੀਂ ਕਰ ਸਕੇ। ਆਉ ਇਸ ਵਾਰ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਤੇ ਜਾਤ ਪਾਤ ਨੂੰ ਜੜੋਂ ਖਤਮ ਕਰਨ ਦਾ ਪ੍ਰਣ ਕਰੀਏ।

ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ।। ਕਨਕ ਕਟਿਕ ਜਲ ਤਰੰਗ ਜੈਸਾ।।

ਅੰਮ੍ਰਿਤਪਾਲ ਸਿੰਘ ਸੋਨੀ
ਪਿੰਡ ਝਾੜੋਂ (ਸੰਗਰੂਰ)
98142-58087

Share Button

Leave a Reply

Your email address will not be published. Required fields are marked *

%d bloggers like this: