ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਪੁੱਜੇ ਵੱਖ-ਵੱਖ ਦੇਸ਼ਾਂ ਦੇ ਫੌਜ ਅਧਿਕਾਰੀ

ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਪੁੱਜੇ ਵੱਖ-ਵੱਖ ਦੇਸ਼ਾਂ ਦੇ ਫੌਜ ਅਧਿਕਾਰੀ

 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫਤਰ ਵਿਖੇ ਪੁੱਜੇ ਵੱਖ-ਵੱਖ ਦੇਸ਼ਾਂ ਦੇ ਆਰਮੀ ਅਧਿਕਾਰੀਆਂ ਨੂੰ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਰਘੂਜੀਤ ਸਿੰਘ ਵਿਰਕ ਅਤੇ ਮੁੱਖ ਸਕੱਤਰ ਡਾ. ਰੂਪ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ। ਭਾਰਤੀ ਅਧਿਕਾਰੀ ਸ੍ਰੀ ਅਨਵਰ ਹਲੀਮ ਨਾਲ ਨਿਊਜ਼ੀਲੈਂਡ ਦੇ ਮਿਸਟਰ ਐਂਡਰਿਊ ਚਾਰਲਸ ਫੌਕਸ, ਸ੍ਰੀਲੰਕਾ ਦੇ ਸ੍ਰੀ ਹਰੇਂਦਰਾ ਪਰਕਰਮਾ ਰੇਨਾਸੰਘੇ, ਓਮਾਨ ਦੇ ਸ੍ਰੀ ਹਮੇਦ ਅਬਦੁੱਲਾ ਅਹਿਮਦ, ਯੁਗਾਂਡਾ ਦੇ ਸ੍ਰੀ ਬੇਗੁਮਾ ਮੁਗਮੇ ਅਤੇ ਭੂਟਾਨ ਦੇ ਸ੍ਰੀ ਪੋਮਾ ਡੋਰਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਅਤੇ ਸਿੱਖ ਧਰਮ ਬਾਰੇ ਜਾਣਕਾਰੀ ਪ੍ਰਾਪਤ ਕਰਨ ਪਹੁੰਚੇ ਸਨ। ਸ਼੍ਰੋਮਣੀ ਕਮੇਟੀ ਦੇ ਇਕੱਤਰਤਾ ਹਾਲ ਵਿਖੇ ਮੁਲਾਕਾਤ ਦੌਰਾਨ ਵਿਦੇਸ਼ੀ ਅਧਿਕਾਰੀਆਂ ਨੇ ਮੁੱਖ ਸਕੱਤਰ ਡਾ. ਰੂਪ ਸਿੰਘ ਪਾਸੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਿਭਾਈਆਂ ਜਾਂਦੀਆਂ ਸੇਵਾਵਾਂ ਬਾਰੇ ਜਾਣਕਾਰੀ ਹਾਸਲ ਕੀਤੀ।
ਡਾ. ਰੂਪ ਸਿੰਘ ਨੇ ਜਿੱਥੇ ਫੌਜੀ ਅਧਿਕਾਰੀਆਂ ਨੂੰ ਸਿੱਖ ਧਰਮ ਦੇ ਸਿਧਾਂਤਾਂ, ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਾਂ, ਲੰਗਰ ਵਿਵਸਥਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਤਿਹਾਸ ਤੇ ਕਾਰਜਪ੍ਰਣਾਲੀ, ਮੈਂਬਰ ਸਾਹਿਬਾਨ ਦੀ ਚੋਣ, ਇਸਤਰੀ ਮੈਂਬਰਾਂ ਦੀ ਸ਼ਮੂਲੀਅਤ, ਵੋਟਰਾਂ ਦੀ ਯੋਗਤਾ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ, ਉਥੇ ਹੀ ਸ਼੍ਰੋਮਣੀ ਕਮੇਟੀ ਵੱਲੋਂ ਐਜੂਕੇਸ਼ਨ ਤੇ ਮੈਡੀਕਲ ਖੇਤਰ ਵਿਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਤੋਂ ਇਲਾਵਾ ਕੈਂਸਰ ਪੀਡ਼੍ਹਤਾਂ, ਹਡ਼੍ਹ ਪੀਡ਼੍ਹਤਾਂ ਤੇ ਭੁਚਾਲ ਪੀਡ਼੍ਹਤਾਂ ਦੀ ਕੀਤੀ ਜਾਂਦੀ ਸਹਾਇਤਾ ਅਤੇ ਨੰਨ੍ਹੀਂ ਛਾਂ ਰਾਹੀਂ ਕੁਦਰਤੀ ਵਾਤਾਵਰਣ ਨੂੰ ਬਚਾਉਣ ਲਈ ਕੀਤੇ ਜਾ ਰਹੇ ਸਮਾਜ ਭਲਾਈ ਦੇ ਕਾਰਜਾਂ ਬਾਰੇ ਵੀ ਦੱਸਿਆ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਗੁਰਮਤਿ ਫਲਸਫੇ ਅਨੁਸਾਰ ਨਿਸ਼ਕਾਮ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ ਅਤੇ ਸਿੱਖ ਗੁਰਦੁਆਰਿਆਂ ਵਿਚ ਕਿਸੇ ਵੀ ਤਰ੍ਹਾਂ ਦਾ ਵਿਤਕਰਾ ਨਹੀਂ ਕੀਤਾ ਜਾਂਦਾ। ਪ੍ਰਾਪਤ ਜਾਣਕਾਰੀ ਤੋਂ ਫੌਜੀ ਅਧਿਕਾਰੀ ਕਾਫੀ ਪ੍ਰਭਾਵਿਤ ਹੋਏ। ਇਸ ਮੌਕੇ ਸ੍ਰੀ ਅਨਵਰ ਹਲੀਮ ਨੇ ਸ. ਰਘੂਜੀਤ ਸਿੰਘ ਵਿਰਕ ਤੇ ਡਾ. ਰੂਪ ਸਿੰਘ ਦਾ ਧੰਨਵਾਦ ਵੀ ਕੀਤਾ।
ਇਸ ਮੌਕੇ ਭਾਰਤੀ ਅਧਿਕਾਰੀ ਸ. ਰਣਜੀਤ ਸਿੰਘ, ਸ੍ਰੀ ਭਵਨੀਸ਼, ਸ੍ਰੀ ਅਨੂਪ ਸਿੰਘਾਲੀ, ਸ੍ਰੀ ਰਾਜਨ ਸ਼ੇਰਾਵਤ, ਸ੍ਰੀ ਸੁਕ੍ਰਿਤੀ ਧਇਆ,ਸ੍ਰੀ ਸੁਨੀਤ ਮਲਹੋਤਰਾ, ਸ੍ਰੀ ਰਾਜੀਵ ਘਈ, ਸ੍ਰੀ ਦੀਪਕ ਗੋਸਵਾਮੀ, ਸ੍ਰੀ ਅਲੋਕ ਸ਼ਰਮਾ, ਸ੍ਰੀ ਮਨੀਸ਼ ਕਿਸ਼ੋਰ ਸਿਨਹਾ ਤੇ ਸ੍ਰੀ ਐਸ. ਕੁਮਾਰ, ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਮਨਜੀਤ ਸਿੰਘ, ਮੀਤ ਸਕੱਤਰ ਸ. ਜਸਵਿੰਦਰ ਸਿੰਘ ਦੀਨਪੁਰ ਤੇ ਸ. ਸਕੱਤਰ ਸਿੰਘ, ਮੈਨੇਜਰ ਸ. ਸੁਲੱਖਣ ਸਿੰਘ, ਐਡੀਸ਼ਨਲ ਮੈਨੇਜਰ ਸ. ਸੁਖਬੀਰ ਸਿੰਘ, ਸੂਚਨਾ ਅਧਿਕਾਰੀ ਸ. ਜਸਵਿੰਦਰ ਸਿੰਘ, ਸੁਪ੍ਰਿੰਟੈਂਡੈਂਟ ਸ. ਸਤਨਾਮ ਸਿੰਘ, ਸਹਾਇਕ ਸੁਪ੍ਰਿੰਟੈਂਡੈਂਟ ਸ. ਮਲਕੀਤ ਸਿੰਘ ਬਹਿਡ਼ਵਾਲ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: