2018 ਵਿਚ ਕੀ-ਕੀ ਹੋਵੇਗਾ?

2018 ਵਿਚ ਕੀ-ਕੀ ਹੋਵੇਗਾ?
ਲੰਦਨ ਤੋਂ ਨਰਪਾਲ ਸਿੰਘ ਸ਼ੇਰਗਿੱਲ

2018 ਵਿਚ 23 ਤੋਂ 26 ਜਨਵਰੀ ਤੱਕ ਸਵਿਟਜ਼ਰਲੈਂਡ ਦੇ ਦਾਵੋਸ ਸ਼ਹਿਰ ਵਿਖੇ ਕੌਮਾਂਤਰੀ ਆਰਥਿਕ ਮੰਚ, ਵਰਲਡ ਇਕਨਾਮਿਕ ਫੋਰਮ, ਵੱਲੋਂ ਸਭ ਤੋਂ ਵੱਡੀ ਅਤੇ ਵਿਸ਼ਾਲ ਕਾਨਫ਼ਰੰਸ ਕੀਤੀ ਜਾਵੇਗੀ, ਜਿਸ ਵਿਚ ਲਗਪਗ 350 ਰਾਜਨੀਤਕ ਆਗੂਆਂ ਦੇ ਨਾਲ ਲਗਪਗ 300 ਬਹੁਕੌਮੀ ਵਪਾਰਕ ਅਦਾਰਿਆਂ ਦੇ ਮੁਖੀ ਅਤੇ ਪ੍ਰਤੀਨਿਧ ਵੀ ਸ਼ਾਮਿਲ ਹੋਣਗੇ। ਲਗਪਗ 1900 ਮਹਿਮਾਨਾਂ ਜਾਂ ਵਪਾਰਿਕ ਤੇ ਰਾਜਨੀਤਕ ਆਗੂਆਂ ਦੇ ਵਿਸ਼ਾਲ ਇਕੱਠ ਨੂੰ ਉਦਘਾਟਨੀ ਭਾਸ਼ਣ ਰਾਹੀਂ ਭਾਰਤ ਦੇ ਪ੍ਰਧਾਨ ਮੰਤਰੀ, ਨਰਿੰਦਰ ਮੋਦੀ, ਸੰਬੋਧਨ ਕਰਨਗੇ ਅਤੇ 26 ਤਾਰੀਖ਼ ਦੇ ਸਮਾਪਤੀ ਜਾਂ ਵਿਦਾਇਗੀ ਇਕੱਠ ਨੂੰ ਅਮਰੀਕਾ ਦੇ ਰਾਸ਼ਟਰਪਤੀ, ਡੌਨਾਲਡ ਟਰੰਪ, ਆਪਣੇ ਕੁੰਜੀਵਤ ਭਾਸ਼ਣ ਰਾਹੀਂ ਸੰਬੋਧਨ ਕਰਨਗੇ।
ਇਸ ਕੌਮਾਂਤਰੀ ਕਾਨਫ਼ਰੰਸ ਵਿਚ ਸੰਸਾਰ ਦੇ ਵੱਖੋ-ਵੱਖਰੇ ਦੇਸ਼ਾਂ ਅਤੇ ਖ਼ਿੱਤਿਆਂ ਵਿਚ ਤਿੜ ਚੁੱਕੇ ਜਾਂ ਉਲਝੇ ਹੋਏ ਵਪਾਰਕ ਤਾਣੇ ਬਾਰੇ ਇੱਕ ਸਾਂਝੀ ਰਾਏ ਬਣਾ ਕੇ ਸਾਂਝੇ ਵਪਾਰਕ ਇਨਕਲਾਬ ਦੀ ਰੂਪ-ਰੇਖਾ ਸਿਰਜਣ ਦਾ ਵਿਚਾਰ ਹੈ, ਜਿਸ ਵਿਚ ਪੂੰਜੀਵਾਦੀ ਪੱਛਮੀ ਦੇਸ਼, ਮਿਹਨਤਕਸ਼ ਏਸ਼ੀਆਈ ਦੇਸ਼ ਅਤੇ ਗਰੀਬ ਅਫ਼ਰੀਕੀ ਦੇਸ਼ ਸ਼ਾਮਿਲ ਕਰਨ ਦਾ ਵਿਚਾਰ ਉਜਾਗਰ ਕੀਤਾ ਜਾ ਰਿਹਾ ਹੈ। ਉੱਤੇ ਦੱਸੇ ਭਾਰਤੀ ਅਤੇ ਅਮਰੀਕੀ ਮੁੱਖ ਆਗੂਆਂ ਦੇ ਨਾਲ-ਨਾਲ ਫਰਾਂਸ ਦੇ ਰਾਸ਼ਟਰਪਤੀ ਈਮੈਨੁਅਲ ਮੈਕਰਨ, ਬਰਤਾਨੀਆ ਦੀ ਥਰੀਸਾ ਮੇਅ, ਜਰਮਨ ਚਾਂਸਲਰ ਐਂਗਲਾ ਮਰਕਲ, ਕੈਨੇਡਾ ਦੇ ਜਸਟਿਨ ਟਰੂਡੋ, ਇਜ਼ਰਾਈਲ ਦੇ ਬੈਂਜੇਮਨ ਨਿਤਨਯਾਹੂ, ਜਾਰਡਨ ਦੇ ਬਾਦਸ਼ਾਹ ਅਲ-ਹੁਸੈਨ, ਇਟਲੀ ਦੇ ਪਾਊਲੋ ਗੈਂਟੀਲੋਨੀ, ਯੂਰਪੀ ਸੰਘ ਦੇ ਪ੍ਰਧਾਨ ਜੀਨ-ਕਲਾਡ ਜੰਕਰ, ਸਪੇਨ ਦੇ ਬਾਦਸ਼ਾਹ ਫਿਲਪ, ਬਰਾਜ਼ੀਲ ਦੇ ਰਾਸ਼ਟਰਪਤੀ ਮਾਈਕਲ ਟਿਮਰ, ਕੋਲੰਬੀਆ ਦੇ ਪ੍ਰਧਾਨ ਮੈਨੂਅਲ ਸਾਂਟੋਸ ਅਤੇ ਸਵਿਟਜ਼ਰਲੈਂਡ ਦੀ ਵਪਾਰਿਕ ਫੈਡਰੇਸ਼ਨ ਦੀ ਮੁਖੀ ਐਲਨ ਬਰਸਟ ਵਰਨਣਯੋਗ ਹਨ। ਇਹ ਸੰਸਾਰ ਦਾ ਸਭ ਤੋਂ ਵੱਡਾ ਅਜਿਹਾ ਇਕੱਠ ਹੋਵੇਗਾ ਜਿੱਥੇ ਦੇਸ਼ਾਂ ਦੇ ਮੁਖੀ, ਵਪਾਰਕ ਕੰਪਨੀਆਂ ਦੇ ਮਾਲਕ, ਸਿਹਤ ਅਤੇ ਤਕਨੀਕੀ ਅਦਾਰਿਆਂ ਜਾਂ ਸੰਸਥਾਵਾਂ ਦੇ ਮੁਖੀ, ਮਰਦ ਅਤੇ ਨਾਰੀਆਂ, ਇਕੱਠੇ ਬੈਠ ਕੇ ਸੰਸਾਰ ਦੇ ਸੁਰੱਖਿਅਤ, ਸਿਹਤਮੰਦ ਅਤੇ ਅਮਨਪਸੰਦ ਭਵਿੱਖ ਬਾਰੇ ਵਿਚਾਰ ਕਰਨਗੇ।
26 ਜਨਵਰੀ ਨੂੰ ਸੰਸਾਰ ਦੇ ਸਭ ਤੋਂ ਵੱਡੇ ਲੋਕਰਾਜ, ਭਾਰਤ ਦੇ 120 ਕਰੋੜ ਭਾਰਤੀ ਭਾਰਤ ਵਿਚ ਅਤੇ ਭਾਰਤ ਤੋਂ ਬਾਹਰ ਲਗਪਗ 160 ਦੇਸ਼ਾਂ ਵਿਚ ਭਾਰਤੀ ਰਾਜਦੂਤ ਆਪਣੇ ਦੂਤਵਾਸਾਂ ਅਤੇ ਵਿਦੇਸ਼ਾਂ ਵਿਚ ਸਥਾਪਤ ਭਾਰਤੀ ਸਭਿਆਚਾਰਕ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਰਾਹੀਂ ਆਪਣਾ ਗਣਤੰਤਰ ਦਿਵਸ ਮਨਾਉਣਗੇ। ਇਸ ਵੇਰ ਪਹਿਲਾ ਇਤਿਹਾਸਕ ਮੌਕਾ ਹੋਵੇਗਾ, ਜਦੋਂ ਭਾਰਤ ਸਰਕਾਰ ਦੇ ਸੱਦੇ ਉੱਤੇ ਦੱਖਣੀ ਏਸ਼ੀਆਈ ਜਥੇਬੰਦੀ, ਏਸ਼ੀਅਨ (ਐਸੋਸੀਏਸ਼ਨ ਆਫ਼ ਸਾਊਥ ਈਸਟ ਏਸ਼ੀਅਨ ਨੇਸ਼ਨਜ਼) ਦੇ ਮੈਂਬਰ ਦੇਸ਼ਾਂ ਦੇ 10 ਮੁਖੀ ਭਾਰਤ ਦਾ 69ਵਾਂ ਗਣਤੰਤਰਤਾ ਦਿਵਸ ਮਨਾਉਣਗੇ। ਜਿਨਾਂ ਵਿਚ ਕੰਬੋਡੀਆ ਦੇ ਪ੍ਰਧਾਨ ਮੰਤਰੀ ਹੁਨ ਸੈਨ, ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਬਿਡੋਡੋ, ਬਰੂਨਾਈ ਦੇ ਸੁਲਤਾਨ ਅਤੇ ਪ੍ਰਧਾਨ ਮੰਤਰੀ ਹਸਨਲ ਬੋਲਕੀਆ, ਲਾਓਸ ਦੇ ਪ੍ਰਧਾਨ ਮੰਤਰੀ ਸਿਸੋਲਿਥ, ਮਲੇਸ਼ੀਆ ਦੇ ਪ੍ਰਧਾਨ ਮੰਤਰੀ ਨਜੀਬ ਰਜ਼ਾਕ, ਮੀਆਂਮਾਰ ਦੇ ਰਾਸ਼ਟਰਪਤੀ ਹਤਿਨ ਕਿਆਓ, ਫਿਲੀਪਾਈਨ ਦੇ ਰਾਸ਼ਟਰਪਤੀ ਰੋਆ ਦੁਤਰਤ, ਸਿੰਗਾਪੁਰ ਦੇ ਰਾਸ਼ਟਰਪਤੀ ਯਾਕੋਬ, ਥਾਈਲੈਂਡ ਦੇ ਪ੍ਰਧਾਨ ਮੰਤਰੀ ਚਾਨੋਚਾ ਅਤੇ ਵੀਅਤਨਾਮ ਦੇ ਪ੍ਰਧਾਨ ਮੰਤਰੀ ਗਿਊਨ-ਆਂ-ਫੁੱਕ ਵਰਨਣਯੋਗ ਹਨ। ਇਹ ਸਾਰੇ ਆਗੂ ਨਵੀਂ ਦਿੱਲੀ ਪੁੱਜ ਕੇ ਜਥੇਬੰਦੀ ਦੀ 50 ਸਾਲਾ (ਗੋਲਡਨ ਜੁਬਲੀ) ਵਰੇਗੰਢ ਮਨਾਉਣਗੇ, ਜਿਸ ਦੇ ਭਾਰਤ ਵੀ 1992 ਤੋਂ ਮੈਂਬਰ ਹਨ। ਇਸ ਇਤਿਹਾਸਕ ਦਿਹਾੜੇ ਤੇ ਭਾਰਤ ਦੇ ਵਿੱਦਿਅਕ, ਵਪਾਰਕ ਅਤੇ ਸਰਕਾਰੀ ਅਦਾਰੇ ਛੁੱਟੀ ਕਰਨਗੇ।
23 ਜਨਵਰੀ ਨੂੰ ਸੁਭਾਸ਼ ਚੰਦਰ ਬੋਸ ਦਾ ਜਨਮ ਦਿਨ ਹੈ ਅਤੇ 30 ਜਨਵਰੀ ਨੂੰ ਮਹਾਤਮਾ ਗਾਂਧੀ ਦੀ ਨੱਥੂ ਰਾਮ ਗਾਡਸੇ ਵੱਲੋਂ ਹੱਤਿਆ ਕਾਰਨ ਭਾਰਤ ਵਿਚ ਸ਼ਹੀਦੀ ਦਿਵਸ ਹੋਵੇਗਾ।
ਫਰਵਰੀ ਵਿਚ ਪ੍ਰਧਾਨ ਮੰਤਰੀ, ਨਰਿੰਦਰ ਮੋਦੀ, ਫ਼ਲਸਤੀਨ ਦਾ ਦੌਰਾ ਕਰਨਗੇ। ਉਹ ਆਪਣਾ ਜਹਾਜ਼ ਜਾਰਡਨ ਵਿਚ ਹਵਾਈ ਅੱਡੇ ਤੇ ਉਤਾਰਨ ਪਿੱਛੋਂ ਸੁਰੱਖਿਆ ਨੂੰ ਭਾਂਪਦੇ ਹੋਏ ਜਾਰਡਨ ਤੋਂ ਹੈਲੀਕਾਪਟਰ ਰਾਹੀਂ ਰਮਾਲਾ ਜਾਣ ਦਾ ਪ੍ਰੋਗਰਾਮ ਬਣਾਈ ਬੈਠੇ ਹਨ। ਫਰਵਰੀ ਵਿਚ ਤੀਜੇ ਹਫ਼ਤੇ ਕੈਨੇਡਾ ਦੇ ਪ੍ਰਧਾਨ ਮੰਤਰੀ, ਜਸਟਿਨ ਟਰੂਡੋ ਭਾਰਤ ਦੇ ਦੌਰੇ ਤੇ ਆਉਣਗੇ। ਫਰਵਰੀ ਤੇ ਮਈ ਦੇ ਵਿਚਕਾਰ ਕਿਸੇ ਵੇਲੇ ਵੀ ਮਿਸਰ ਦੇ ਰਾਸ਼ਟਰਪਤੀ ਦੀਆਂ ਚੋਣਾਂ ਹੋ ਸਕਦੀਆਂ ਹਨ। ਫਰਵਰੀ ਵਿਚ ਭਾਰਤ ਦੇ ਤਿੰਨ ਰਾਜਾਂ ਵਿਚ ਚੋਣਾਂ ਹੋਣਗੀਆਂ, ਜਿਨਾਂ ਵਿਚ ਤ੍ਰਿਪੁਰਾ ਦੀਆਂ 18 ਫਰਵਰੀ, ਅਤੇ ਨਾਗਾਲੈਂਡ ਅਤੇ ਮੇਘਾਲਿਆ ਦੀਆਂ 27 ਫਰਵਰੀ ਨੂੰ ਹੋਣਗੀਆਂ, ਜਦ ਕਿ ਇਨਾਂ ਤਿੰਨਾਂ ਰਾਜਾਂ ਦੀਆਂ ਵੋਟਾਂ ਦੀ ਗਿਣਤੀ 3 ਮਾਰਚ ਨੂੰ ਕੀਤੀ ਜਾਵੇਗੀ।
ਮਾਰਚ, 2018 ਦੌਰਾਨ ਰੂਸ ਵਿਚ ਰਾਸ਼ਟਰਪਤੀ ਚੋਣਾਂ ਹੋਣਗੀਆਂ, ਜਿੱਥੇ ਉਮੀਦ ਹੈ, ਵਲਾਦੀਮੀਰ ਪੁਤਿਨ ਜਿੱਤ ਕੇ ਚੌਥੀ ਵੇਰ ਦੇਸ਼ ਦੀ ਵਾਗਡੋਰ ਸੰਭਾਲਣਗੇ।
ਅਪ੍ਰੈਲ ਵਿਚ ਭਾਰਤ ਦੇ ਲਗਪਗ 50 ਦੇਸ਼ਾਂ ਵਿਚ ਘੁੱਗ ਵੱਸਦੇ ਅਤੇ ਵਿਚਰਦੇ ਪੰਜਾਬੀ ਅਤੇ ਗੁਰੂ ਨਾਨਕ ਨਾਮ-ਲੇਵਾ ਸਿੱਖ 13 ਅਪ੍ਰੈਲ ਦੇ ਆਲੇ-ਦੁਆਲੇ ਵਿਸਾਖੀ ਦਾ ਸ਼ੁੱਭ ਦਿਹਾੜਾ ਮਨਾਉਣਗੇ, ਜਿੱਥੇ ਭਾਰਤ ਦੇ ਸ਼ਹਿਰਾਂ ਵਾਂਗ ਵਿਦੇਸ਼ਾਂ ਵਿਚ ਵੀ ਪੰਜਾਬੀ ਗੁਰਦੁਆਰਿਆਂ ਤੋਂ ਨਗਰ ਕੀਰਤਨ ਸਜਾ ਕੇ ਅਤੇ ਗ਼ੈਰ-ਸਿੱਖ ਜਾਂ ਗ਼ੈਰ-ਧਾਰਮਿਕ ਅਦਾਰੇ ਸਥਾਨਕ ਪਾਰਕਾਂ ਵਿਚ ਸਭਿਆਚਾਰਕ ਮੇਲੇ ਲਗਾ ਕੇ ਵਿਸਾਖੀ ਮਨਾਉਂਦੇ ਹੋਏ ਭੰਗੜੇ ਅਤੇ ਗਿੱਧੇ ਪਾਉਂਦੇ ਵੇਖੇ ਜਾਣਗੇ। ਅਪ੍ਰੈਲ ਵਿਚ ਹੀ ਬਰਤਾਨੀਆ ਵਿਚ ਰਾਸ਼ਟਰਮੰਡਲ ਸਕੱਤਰੇਤ ਵੱਲੋਂ 52 ਮੈਂਬਰ-ਦੇਸ਼ੀ ਰਾਸ਼ਟਰਮੰਡਲ ਕਾਨਫ਼ਰੰਸ ਹੋਵੇਗੀ ਜਿੱਥੇ ਭਾਰਤ ਸਮੇਤ ਬਰਤਾਨੀਆ ਦੀਆਂ ਸਾਬਕਾ ਸਾਮਰਾਜੀ ਦੌਰ ਵੇਲੇ ਦੀਆਂ ਏਸ਼ੀਆਈ ਅਤੇ ਅਫ਼ਰੀਕੀ ਬਸਤੀਆਂ ਵਾਲੇ ਨਵ-ਸੁਤੰਤਰ ਦੇਸ਼ਾਂ ਦੇ ਮੁਖੀ ਅਤੇ ਪ੍ਰਤੀਨਿਧ ਲੰਡਨ ਅਤੇ ਵਿੰਡਸਰ ਸ਼ਹਿਰ ਵਿਚ ਕਾਨਫ਼ਰੰਸ ਕਰਨਗੇ। ਬਰਤਾਨੀਆ ਦੇ ਯੂਰਪੀ 28-ਦੇਸ਼ੀ ਸੰਘ ਵਿਚੋਂ ਬਾਹਰ ਨਿਕਲਣ ਤੋਂ ਬਾਅਦ ਬਰਤਾਨਵੀ ਪ੍ਰਧਾਨ ਮੰਤਰੀ ਥਰੀਸਾ ਮੇਅ ਨੇ ਭਾਰਤ ਅਤੇ ਹੋਰ ਦੇਸ਼ਾਂ ਦੇ ਮੁਖੀਆਂ ਨਾਲ ਰਾਜਨੀਤਕ ਅਤੇ ਵਪਾਰਕ ਗਲਵੱਕੜੀਆਂ ਪਾ ਕੇ ਮੁੜ ਕਾਮਨਵੈਲਥ ਜਾਂ ਰਾਸ਼ਟਰਮੰਡਲ ਜਥੇਬੰਦੀ ਨੂੰ ਉਦਯੋਗਿਕ ਅਤੇ ਖਪਤਕਾਰ ਮੰਡੀ ਦੀ ਨਵ-ਉਸਾਰੀ ਕਰਨ ਦੇ ਯਤਨ ਸ਼ੁਰੂ ਕੀਤੇ ਜਾਣਗੇ।
ਅਪ੍ਰੈਲ ਦੇ ਅਖੀਰ ਵਿਚ ਜਾਂ ਮਈ ਦੇ ਸ਼ੁਰੂ ਵਿਚ ਹੰਗਰੀ ਦੀਆਂ ਪਾਰਲੀਮੈਂਟ ਜਾਂ ਲੋਕ-ਸਭਾ ਦੀਆਂ ਚੋਣਾਂ ਹੋਣਗੀਆਂ। ਸੰਸਾਰ ਭਰ ਵਿਚ 1 ਮਈ ਨੂੰ ਮਜ਼ਦੂਰ ਦਿਵਸ ਮਨਾਇਆ ਜਾਵੇਗਾ। ਇਰਾਕ ਵਿਚ 12 ਮਈ ਨੂੰ ਪਾਰਲੀਮੈਂਟ ਦੀਆਂ ਚੋਣਾਂ ਹੋਣ ਦੀ ਉਮੀਦ ਹੈ ਇਸੇ ਤਰਾਂ ਇਟਲੀ ਵਿਚ 20 ਮਈ ਦੇ ਆਲੇ-ਦੁਆਲੇ ਆਮ ਚੋਣਾਂ ਹੋਣਗੀਆਂ।
ਜੂਨ ਵਿਚ 5 ਜੂਨ ਤੋਂ ਬਾਅਦ ਅਦਾਲਤੀ ਹੁਕਮ ਅਨੁਸਾਰ 90 ਦਿਨ ਦੇ ਅੰਦਰ-ਅੰਦਰ ਪਾਕਿਸਤਾਨ ਦੀਆਂ ਆਮ ਚੋਣਾਂ ਹੋਣਗੀਆਂ। ਬੇਸ਼ੱਕ ਪਾਕਿਸਤਾਨ ਦੇ ਪ੍ਰਧਾਨ ਮੰਤਰੀ, ਨਵਾਜ਼ ਸ਼ਰੀਫ਼, ਨੂੰ ਭ੍ਰਿਸ਼ਟਾਚਾਰਕ ਰੁਚੀਆਂ ਅਤੇ ਬਰਤਾਨੀਆ ਤੇ ਹੋਰ ਬਾਹਰਲੇ ਦੇਸ਼ਾਂ ਵਿਚ ਗੈਰ-ਕਾਨੂੰਨੀ ਜਾਇਦਾਦਾਂ ਖ਼ਰੀਦਣ ਜਾਂ ਬਣਾਉਣ ਕਾਰਨ ਉੱਥੋਂ ਦੀ ਉੱਚ-ਨਿਆਂਪਾਲਿਕਾ ਜਾਂ ਸੁਪਰੀਮ ਕੋਰਟ ਵੱਲੋਂ ਪ੍ਰਧਾਨ ਮੰਤਰੀ ਪਦ ਤੋਂ ਲਾਹ ਦਿੱਤਾ ਗਿਆ ਸੀ, ਪਰ ਹੁਣ ਫਿਰ ਰਾਜ ਸੱਤਾ ਵਾਲੀ ਉਸ ਦੀ ਪਾਰਟੀ ਨੇ ਉਸ ਨੂੰ ਹੀ ਪਰਿਵਾਰਵਾਦ ਦੀ ਛਤਰੀ ਹੇਠ ਪਾਰਟੀ ਪ੍ਰਧਾਨ ਬਣਾ ਦਿੱਤਾ ਹੈ। ਪਾਕਿਸਤਾਨ ਸਰਕਾਰ ਨੇ ਭਾਰਤੀ ਚੋਣ ਕਮਿਸ਼ਨ ਦੀਆਂ ਚਰਚਿਤ ਵਾਦ-ਵਿਵਾਦੀ ਵੋਟ-ਮਸ਼ੀਨਾਂ ਵਾਂਗ ਚੋਣਾਂ ਲਈ 864 ਕਰੋੜ ਰੁਪਏ ਦੀਆਂ ਨਵੀਆਂ ਛਪਾਈ ਮਸ਼ੀਨਾਂ ਅਤੇ ਹੋਰ ਆਧੁਨਿਕ ਵੋਟ-ਸਮਗਰੀ ਖਰੀਦੀ ਹੈ।
1 ਜੁਲਾਈ ਨੂੰ ਮੈਕਸੀਕੋ ਵਿਚ ਰਾਸ਼ਟਰਪਤੀ ਚੋਣਾਂ ਹੋਣਗੀਆਂ ਅਤੇ 29 ਜੁਲਾਈ ਨੂੰ ਕੰਬੋਡੀਆ ਦੀਆਂ ਆਮ ਚੋਣਾਂ ਹੋਣਗੀਆਂ।
15 ਅਗਸਤ ਨੂੰ ਭਾਰਤੀ ਲੋਕਰਾਜ ਦਾ ਸੁਤੰਤਰਤਾ ਦਿਵਸ ਹੈ, ਜੋ ਭਾਰਤੀ ਨਾਗਰਿਕ, ਭਾਰਤੀ ਸੰਸਥਾਵਾਂ ਅਤੇ ਭਾਰਤੀ ਦੂਤਾਵਾਸ ਲਗਪਗ 160 ਦੇਸ਼ਾਂ ਅਤੇ ਟਾਪੂਆਂ ਵਿਚ ਤਿਰੰਗਾ ਲਹਿਰਾ ਕੇ ਮਨਾਉਣਗੇ, ਜਿੱਥੇ ਸਥਾਨਕ ਪ੍ਰਵਾਸੀ ਭਾਈਚਾਰਕ ਆਗੂ ਭਾਰਤੀ ਦੂਤਾਵਾਸਾਂ ਵਿਚ ਪੁੱਜ ਕੇ ਪੂਰਾ ਸਹਿਯੋਗ ਦਿੰਦੇ ਅਕਸਰ ਵੇਖੇ ਜਾਂਦੇ ਹਨ।
2 ਅਕਤੂਬਰ ਨੂੰ ਮਹਾਤਮਾ ਗਾਂਧੀ ਦਾ ਜਨਮ ਦਿਨ ਹੈ, ਜੋ ਭਾਰਤੀ ਸੰਸਥਾਵਾਂ ਅਤੇ ਭਾਰਤ ਸਰਕਾਰ ਮਹਾਤਮਾ ਗਾਂਧੀ ਦੇ ਭਾਰਤ ਅਤੇ ਵਿਦੇਸ਼ਾਂ ਵਿਚ ਲਾਏ ਬੁੱਤਾਂ ਤੇ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਉਸ ਦੀਆਂ ਅਹਿੰਸਾ ਵਾਲੀ ਨੀਤੀ ਨੂੰ ਪ੍ਰਚਾਰਦੇ ਵੇਖੇ ਜਾਣਗੇ। ਅਕਤੂਬਰ ਵਿਚ ਹੀ ਬਰਾਜ਼ੀਲ ਦੀਆਂ ਆਮ ਚੋਣਾਂ ਹੋਣਗੀਆਂ।
1 ਨਵੰਬਰ ਨੂੰ ਪੰਜਾਬ ਦਿਵਸ ਹੋਵੇਗਾ ਅਤੇ 7 ਨਵੰਬਰ ਨੂੰ ਭਾਰਤ ਅਤੇ ਵਿਦੇਸ਼ਾਂ ਵਿਚ ਰੌਸ਼ਨੀਆਂ ਦਾ ਤਿਉਹਾਰ ਦੀਵਾਲੀ ਹੈ, ਜੋ ਧੁਰ-ਪੂਰਬ ਵਿਚ ਸਮੇਂ ਦੇ ਅੱਗੇ ਹੋਣਾ ਅਤੇ ਧੁਰ ਪੱਛਮ ਜਾਂ ਉਤਰੀ ਅਮਰੀਕਾ ਵਿਚ 10 ਤੋਂ ਸਾਢੇ 13 ਘੰਟੇ ਪਿੱਛੇ ਹੋਣ ਕਾਰਨ ਵਿਦੇਸ਼ੀਂ ਵੱਸਦੇ ਭਾਰਤੀ 6, 7, 8 ਨਵੰਬਰ ਨੂੰ ਮਨਾਉਣਗੇ। 14 ਨਵੰਬਰ ਨੂੰ ਜਵਾਹਰ ਲਾਲ ਨਹਿਰੂ ਦਾ ਜਨਮ ਦਿਨ ਹੈ, ਜਿਸ ਨੂੰ ਭਾਰਤ ਵਿਚ ਬਾਲ ਦਿਵਸ ਦੇ ਤੌਰ ‘ਤੇ ਵੀ ਮਨਾਇਆ ਜਾਂਦਾ ਹੈ। ਸ੍ਰੀ ਗੁਰੂ ਨਾਨਕ ਦੇਵ ਦਾ ਜਨਮ 23 ਨਵੰਬਰ ਹੈ, ਜੋ ਭਾਰਤ ਅਤੇ ਵਿਦੇਸ਼ਾਂ ਵਿਚ ਨਾਨਕ ਨਾਮ ਲੇਵਾ ਸਿੱਖ ”ਸਤਿਗੁਰੂ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਇਆ” ਦੇ ਸ਼ਬਦ ਅਤੇ ਕੀਰਤਨ ਨਾਲ ਨਗਰ-ਕੀਰਤਨਾਂ ਜਾਂ ਧਾਰਮਿਕ ਦਰਬਾਰ ਲਾ ਕੇ ਮਨਾਉਂਦੇ ਵੇਖੇ ਜਾਣਗੇ।
ਦਸੰਬਰ ਵਿਚ 21 ਦਸੰਬਰ ਤੋਂ 26 ਦਸੰਬਰ ਤੱਕ ਸਿੱਖਾਂ ਵੱਲੋਂ ਚਮਕੌਰ ਸਾਹਿਬ ਵਿਖੇ ਵੱਡੇ ਸਿੱਖ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ ਅਤੇ ਫ਼ਤਹਿਗੜ ਸਾਹਿਬ ਵਿਖੇ ਛੋਟੇ ਸਿੱਖ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਸ਼ਹੀਦੀ ਦਿਵਸ ਮਨਾਏ ਜਾਣਗੇ।
25 ਦਸੰਬਰ ਨੂੰ ਈਸਾਈ ਧਰਮ ਦਾ ਸੰਸਾਰ ਭਰ ਵਿਚ ਕ੍ਰਿਸਮਸ ਦਾ ਤਿਉਹਾਰ ਹੈ।

ਲੰਦਨ ਤੋਂ
ਨਰਪਾਲ ਸਿੰਘ ਸ਼ੇਰਗਿੱਲ
ਮੋਬਾਈਲ (U.K.) : 07903-190 838
(India) +91-94171-04002
hergill@journalist.com

Share Button

Leave a Reply

Your email address will not be published. Required fields are marked *

%d bloggers like this: