ਸੱਖਣੀ ਲੋਹੜੀ

ਸੱਖਣੀ ਲੋਹੜੀ

ਇਹ ਲੋਹੜੀ ਆਈ, ਮੁੜ ਗਈ ਸੱਖਣੀ,
ਵੀਰ ਆਇਆ ਨਾ
ਤੁਰ ਗਿਆ, ਜਿਥੋਂ ਮੁੜ ਕੇ ਕੋਈ ਨਾ ਆਵੇ,
ਤੇ ਨਾ ਹੀ ਭੈਣ ਦੇ ਸਹੁਰੀਂ
ਲੋਹੜੀ ਦੇਣ ਜਾਵੇ।
ਇਹ ਲੋਹੜੀ ਆਈ, ਮੁੜ ਗਈ ਸੱਖਣੀ,
ਬਾਪੂ ਨੇ ਆਪਣੇ ਹੱਥੀਂ
ਪੁੱਤਰ ਦੀ ਦੇਹ ਨੂੰ ਅਗਨੀ ਭੇਟ ਕੀਤਾ,
ਪੁੱਤਰ ਦੇ ਨਸ਼ੇ ਕਾਰਨ ਬਾਪੂ ਨੇ
ਆਪਣਾ ਬੁਢਾਪਾ ਬਾਲਿਆ ਧੂਣੀ ਵਿੱਚ।
ਇਹ ਲੋਹੜੀ ਆਈ, ਮੁੜ ਗਈ ਸੱਖਣੀ,
ਮਾਂ ਨੇ ਪੁੱਤਰ ਦੀ ਯਾਦ ਵਿੱਚ
ਵੈਣਾਂ ਦੀ ਧੂੂਣੀ ਧੁਖਾਈ,
ਤੇ ਉਹ ਧੁਖਦੀ ਰਹੀ ਪੂਰਾ ਸਾਲ,
ਤੇ ਹੁਣ ਗਿੱਲੀ ਪਾਥੀ ਬਣ ਧੁਖਦੀ ਰਹੂ ਉਮਰ ਭਰ।
ਇਹ ਲੋਹੜੀ ਆਈ, ਮੁੜ ਗਈ ਸੱਖਣੀ,
ਇਸ ਵਾਰ ਪਤਨੀ ਨੇ
ਕੰਤ ਦੀ ਯਾਦ ਵਿੱਚ,
ਲੱਕੜੀ ਦੀ ਥਾਵੇਂ,
ਧੂਣੀ ਵਿੱਚ ਬਾਲੀਆਂ ਆਪਣੀਆਂ ਸੱਧਰਾਂ।
ਇਹ ਲੋਹੜੀ ਆਈ, ਮੁੜ ਗਈ ਸੱਖਣੀ,
ਭਰਾ ਨੂੰ ਇਸ ਵਾਰੀ ਸ਼ਰੀਕੇ ਵਿੱਚੋਂ,
ਰਿਉੜੀਆਂ, ਮੂੰਗਫਲੀ ਦੀ ਥਾਂ,
ਦਿਲਾਸੇ ਵੀ ਨਾ ਆਏ,
ਇਹ ਛੋਟੇ ਭਰਾ ਦਾ ਭਾਗ।
ਇਹ ਲੋਹੜੀ ਆਈ, ਮੁੜ ਗਈ ਸੱਖਣੀ,
ਬੱਚਿਆਂ ਨੇ ਇਸ ਵਾਰੀ
ਆਪਣੇ ਬਚਪਨ ਵਿੱਚ ਹੀ,
ਜ਼ੁੰਮੇਵਾਰੀ ਦੇ ਅਹਿਸਾਸ ਦੇ
ਨਵੇਂ ਕੱਪੜੇ ਪਾਏ ਲੋਹੜੀ ਨੂੰ।
ਇਹ ਲੋਹੜੀ ਆਈ, ਮੁੜ ਗਈ ਸੱਖਣੀ,
ਕਿਸੇ ਨੇ ਵੀ ਯਾਦ ਨਾ ਕੀਤਾ
ਤੁਰ ਗਏ ਨੂੰ,
ਸਭ ਜਸ਼ਨ ਮਨਾਉਂਦੇ,
ਪਤਾ ਨਹੀਂ ਨਿੱਘ ਅਹਿਸਾਸ ਮਰ ਗਏ ਅੰਦਰੋਂ ਹੀ।

ਅਕਵੀਰ ਕੌਰ
ਲੈਕਚਰਾਰ ਪੰਜਾਬੀ
ਜਲੰਧਰ

Share Button

Leave a Reply

Your email address will not be published. Required fields are marked *

%d bloggers like this: