■◆● ਸਫ਼ਾਈ ●◆■ 

ਖੁੰਢ ਚਰਚਾ -2:      ■◆● ਸਫ਼ਾਈ ●◆■

        ਸੱਥ ਵਿੱਚ ਬਜ਼ੁਰਗਾਂ ਦੀਆਂ ਰੌਣਕਾਂ ਲੱਗੀਆਂ ਹੋਈਆਂ ਸਨ। ਸੀਪ ਦੀ ਬਾਜ਼ੀ ਲੱਗੀ ਹੋਈ ਸੀ। ਕੋਲੋਂ ਲੰਘਦੇ ਮਾਸਟਰ ਮੇਲਾ ਸਿੰਘ ਨੂੰ ਬਾਬਾ ਸੰਤਾ ਕਹਿੰਦਾ,” ਮਾਸਟਰ ਜੀ ਕੀ ਹਾਲ ਤੁਹਾਡੇ ਮਹਿਕਮੇ ਦਾ, ਮੈਂ ਸੁਣਿਆ ਕਿ ਫਲਾਣੇ ਸਕੂਲ ‘ਚ ਬੱਚਿਆਂ ਕੋਲੋਂ ਸਫ਼ਾਈਆਂ ਕਰਾਉਂਦੇ ਤੇ ਕੂੜਾ ਸੁਟਵਾਉਂਦੇ ਮਾਸਟਰ ਨੂੰ ਝਿੜਕਾਂ ਪਈਆਂ। ਕੀ ਇਹ ਸੱਚੀ ਹੋਇਆ?”
ਮਾਸਟਰ ਮੇਲਾ ਸਿੰਘ ਨੇ ਕਿਹਾ,” ਹਾਂ ਬਜ਼ੁਰਗੋ ਇਹ ਸਹੀ ਹੈ।”
” ਪਰ ਕਾਕਾ, ਸਕੂਲ ਸਫ਼ਾਈ ਕਰਨੀ ਤੇ ਨਾਲ ਜੁਆਕਾਂ ਵੀ ਲਾ ਲੈਣੇ, ਕੋਈ ਮਾੜੀ ਗੱਲ ਤੇ ਨਹੀਂ। ਅਸੀਂ ਤੇ ਆਪਣੇ ਵੇਲਿਆਂ ਵਿੱਚ ਤਾਂ ਸਾਰੇ ਸਕੂਲ ਵਿੱਚ ਗੋਹਾ-ਮਿੱਟੀ ਫੇਰ ਫੇਰ ਕੇ ਸਕੂਲ ਸੋਹਣਾ ਬਣਾ ਦਿੰਦੇ ਸੀ। ਸਾਡੇ ਅਧਿਆਪਕ ਵੀ ਖੁਦ ਨਾਲ ਹੋ ਕੇ ਸਫ਼ਾਈ  ਕਰਦੇ ਸਨ।”, ਬਾਬਾ ਸੰਤਾ ਬੋਲਿਆ।
” ਤੁਸੀਂ ਠੀਕ ਕਹਿੰਦੇ ਹੋ ਬਾਬਾ ਜੀ, ਸਰਕਾਰੀ ਸਕੂਲਾਂ ਵਿਚ ਕੋਈ ਸਫ਼ਾਈ ਸੇਵਕ ਤੇ ਸਰਕਾਰ ਨੇ ਰੱਖਿਆ ਨਹੀਂ। ਨਾ ਕੋਈ ਇਸ ਕੰਮ ਲਈ ਕੋਈ ਪੈਸਾ ਮਿਲਦਾ। ਅਧਿਆਪਕ ਖੁਦ ਬੱਚਿਆਂ ਸੰਗ ਸਫ਼ਾਈ ਕਰਦੇ ਨੇ। ਜੇ ਸਫ਼ਾਈ ਨਾ ਹੋਵੇ ਤਾਂ ਵੀ ਝਿੜਕਾਂ ਪੈਂਦੀਆਂ।”, ਮਾਸਟਰ ਮੇਲਾ ਸਿੰਘ ਨੇ ਮਾਯੂਸ ਹੁੰਦੇ ਕਿਹਾ।
ਸਾਰੀ ਸੱਥ ਵਿੱਚ ਬੈਠੇ ਲੋਕਾਂ ਦਾ ਧਿਆਨ ਇਹਨਾਂ ਦੀ ਗੱਲ ਵੱਲ ਸੀ।
ਬਾਬਾ ਸੰਤਾ ਬੋਲਿਆ,” ਲੈ ਜੇ ਆਪਣਾ ਮੋਦੀ ਝਾੜੂ ਲਾਵੇ ਤਾਂ ਸਵੱਛ ਭਾਰਤ ਦਾ ਰੌਲਾ ਆ ਤੇ ਜੇ ਮਾਸਟਰ ਬੱਚੇ ਰੱਲ ਕਰਨ ਸਫ਼ਾਈ ਤਾਂ ਫਿਰ ਕਾਹਤੋਂ ਰਾਮ ਰੌਲਾ ਆ!! ਇਹ ਕੋਈ ਗੱਲ ਨਹੀਂ ਬਣੀ। ਜੇ ਕੁਝ ਕਰਨਾ ਤਾਂ ਸਰਕਾਰ ਨੂੰ ਕਹੋ ਕਿ ਸਫ਼ਾਈ ਕਰਮਚਾਰੀ ਰੱਖੇ। ਨਾਲੇ ਰੁਜ਼ਗਾਰ ਦੇਣ ਦਾ ਵਾਅਦਾ ਪੂਰਾ ਹੋਊ।”
ਇੰਨਾ ਕਹਿ ਬਾਬਾ ਸੰਤਾ ਆਵਦਾ ਖੂੰਢਾ ਚੁੱਕ ਤਖੀਏ ਵੱਲ ਤੁਰ ਪਿਆ।
✒ ਅਮਰਪ੍ਰੀਤ ਸਿੰਘ ਝੀਤਾ
      9779191447
Share Button

Leave a Reply

Your email address will not be published. Required fields are marked *

%d bloggers like this: