ਕੈਂਸਰ ਦੀ ਬੀਮਾਰੀ ਦਾ ਇਲਾਜ ਚਾਹੀਦਾ

 ਕੈਂਸਰ ਦੀ ਬੀਮਾਰੀ ਦਾ ਇਲਾਜ ਚਾਹੀਦਾ

ਕੈਂਸਰ ਸੁਣਦਿਆਂ ਹੀ ਦਿਲ ਕੰਬ ਜਾਂਦਾ ਹੈ,ਇੰਨੀ ਭਿਆਨਕ ਬੀਮਾਰੀ ਹੈ।ਏਹ ਬੀਮਾਰੀ ਚੇਹਰਾ ਮੋਹਰਾ ਸੱਭ ਵਿਗਾੜ ਦਿੰਦੀ ਹੈ।ਸਾਡੇ ਹਰ ਸਿਸਟਮ ਨੂੰ ਰਿਸ਼ਵਤ,ਭ੍ਰਿਸ਼ਟਾਚਾਰ, ਕੰਮ ਪ੍ਰਤੀ ਇਮਾਨਦਾਰੀ ਨਾ ਹੋਣਾ,ਸਮੇਂ ਦੀ ਕਦਰ ਨਾ ਕਰਨਾ, ਇੰਜ ਦੇ ਵੱਖ ਵੱਖ ਕੈਂਸਰ ਨੇ ਆਪਣੀ ਜਕੜ ਵਿੱਚ ਲੈ ਲਿਆ ਹੈ।ਸਾਡੇ ਦੇਸ਼ ਦਾ ਸਿਸਟਮ ਕਰੂਪ,ਕਮਜ਼ੋਰ ਤੇ ਨਿਕਾਰਾ ਹੋ ਰਿਹਾ ਹੈ।ਹਰ ਜਗ੍ਹਾ ਰਿਸ਼ਵਤ ਦਾ ਕੈਂਸਰ ਹੈ,ਕੁਝ ਪਤਾ ਹੀ ਨਹੀਂ ਕੀ ਹੋ ਰਿਹਾ ਹੈ ਤੇ ਕਿਵੇਂ ਹੋ ਰਿਹਾ ਹੈ।ਪੈਸੇ ਦੇ ਜ਼ੋਰ ਤੇ ਸੱਭ ਚੱਲ ਰਿਹਾ ਹੈ,ਗਲਤ ਨੂੰ ਠੀਕ ਤੇ ਠੀਕ ਨੂੰ ਗਲਤ।ਲਗਦਾ ਹੈ ਇਸਦੀਆਂ ਜੜ੍ਹਾਂ ਬਹੁਤ ਡੂੰਘੀਆਂ ਜਾ ਚੁੱਕੀਆਂ ਨੇ।ਇਸ ਦਾ ਇਲਾਜ ਅਗਰ ਅਜੇ ਵੀ ਨਾ ਕੀਤਾ ਤਾਂ ਏਹ ਜ਼ਹਿਰ ਵਾਂਗ ਫੈਲਕੇ ਸੱਭ ਕੁਝ ਬਰਬਾਦ ਕਰ ਦੇਵੇਗਾ।ਇਸਨੂੰ ਖਤਮ ਕਰਨ ਵਾਸਤੇ ਜਿਸ ਜਗ੍ਹਾ ਤੇ ਜਿਥੇ ਹੁੰਦਾ ਹੈ,ਉਸਨੂੰ ਕੱਟਣਾ ਪਵੇ ਤਾਂ ਕੱਟ ਦੇਣਾ ਹੀ ਵਧੀਆ ਹੈ।ਇਸ ਨੂੰ ਲਾਪਰਵਾਹੀ ਨਾਲ ਲੈਕੇ ਇਲਾਜ ਨਹੀਂ ਕੀਤਾ ਜਾ ਸਕਦਾ।
ਇਸ ਵਕਤ ਇਸ ਬੀਮਾਰੀ ਨੂੰ ਫੈਲਣ ਦਿੱਤਾ ਜਾ ਰਿਹਾ ਹੈ।ਏਹ ਦੇਸ਼ ਦੇ ਸਰੀਰ ਰੂਪੀ ਸਿਸਟਮ ਵਿੱਚ ਫੈਲ ਚੁੱਕਾ ਹੈ।ਇਸਦੇ ਨਤੀਜੇ ਭਿਆਨਕ ਆ ਰਹੇ ਹਨ ਤੇ ਹੋਰ ਵਧੇਰੇ ਭਿਆਨਕ ਹੋਣ ਦੇ ਆਸਾਰ ਹੀ ਨੇ।ਕੀ ਅਸੀਂ ਇੰਨੇ ਸਵਾਰਥੀ,ਲਾਲਚੀ ਹੋ ਗਏ ਹਾਂ ਕਿ ਅਸੀਂ ਜਿਸ ਦੇਸ਼ ਵਿੱਚ ਰਹਿ ਰਹੇ ਹਾਂ ਉਸਨੂੰ ਤੜਫ਼ਦਾ ਵੇਖਕੇ ਵੀ ਇਲਾਜ ਕਰਨ ਤੇ ਕਰਵਾਉਣ ਲਈ ਗੰਭੀਰ ਨਹੀਂ ਹਾਂ।ਸਾਡੀ ਬੇਸਮਝੀ  ਵੇਖੋ ਜਿਸ ਟਾਹਣੀ ਤੇ ਬੈਠੇ ਹਾਂ ਉਸ ਨੂੰ ਹੀ ਕੱਟ ਰਹੇ ਹਾਂ, ਜਦੋਂ ਪੂਰੀ ਤਰ੍ਹਾਂ ਕੱਟੀ ਗਈ ਤਾਂ ਮੂੰਹ ਭਾਰ ਡਿੱਗਣਾ ਪੱਕਾ ਹੈ।ਕਿਉਂ ਹਰ ਕੰਮ ਰਿਸ਼ਵਤ ਲੈਕੇ ਹੀ ਕਰਦੇ ਹਾਂ,ਕਿਉਂ ਤਨਖਾਹ ਦੇ ਪੈਸਿਆਂ ਤੇ ਸਬਰ ਸੰਤੋਖ ਨਹੀਂ, ਕਿਉਂ ਅਸੀਂ ਅਜਿਹੇ ਕਰਮ ਕਰਦੇ ਹਾਂ ਕਿ ਸਾਡੇ ਗੁਨਾਹਾਂ ਦੀ ਗਠੜੀ ਭਾਰੀ ਹੋਵੇ,ਕਿਹਦੇ ਲਈ ਏਹ ਸੱਭ ਕਰਦੇ ਹਾਂ, ਅਸੀਂ ਆਪਣੇ ਘਰ ਪਰਿਵਾਰ, ਬੱਚਿਆਂ,ਸਮਾਜ ਤੇ ਦੇਸ਼ ਨੂੰ ਬੀਮਾਰ ਕਰਨ ਵਿੱਚ ਵੱਧ ਚੜ੍ਹਕੇ ਹਿੱਸਾ ਪਾ ਰਹੇ ਹਾਂ।ਰਿਸ਼ਵਤ ਕੈਂਸਰ ਹੈ ਜਦੋਂ ਲੈਣ ਦੀ ਆਦਤ ਪੈ ਜਾਂਦੀ ਹੈ ਤਾਂ ਇਸ ਤੋਂ ਬਚਣਾ ਬਹੁਤ ਔਖਾ ਹੁੰਦਾ ਹੈ।ਏਹ ਤੇਜ਼ੀ ਨਾਲ ਪਸਰਦੀ ਹੈ ਤੇ ਅੰਤ ਵਿੱਚ ਏਸ ਦਾ ਅੰਤ ਭਿਆਨਕ ਹੀ ਹੋਏਗਾ।ਮੁਆਫ਼ ਕਰਨਾ, ਜਦੋਂ ਤਨਖਾਹ ਤੋਂ ਵੱਧ ਪੈਸੇ ਆਉਂਦੇ ਹਨ ਤਾਂ ਖਰਚਾ ਖੁੱਲਾ ਕਰਨ ਦੀ ਹੈਸੀਅਤ ਹੋ ਜਾਂਦੀ ਹੈ,ਪਤਨੀ ਤੇ ਬੱਚੇ ਵੀ ਉਸ ਦਾ ਆਨੰਦ ਮਾਣਦੇ ਹਨ,ਹਾਲਾਤ ਏਹ ਹੋ ਜਾਂਦੇ ਹਨ ਕਿ ਤਨਖਾਹ ਨਾਲ ਗੁਜ਼ਾਰਾ ਕਰਨ ਦੀ ਆਦਤ ਨਹੀਂ ਰਹਿੰਦੀ।ਜੇ ਉਪਰਲਾ ਪੈਸਾ ਨਾ ਆਵੇ ਤਾਂ ਘਰ ਵਿੱਚ ਤਨਾਵ ਤੇ ਝਗੜੇ ਦੀ ਸਥਿਤੀ ਬਣ ਜਾਂਦੀ ਹੈ।ਮਰਦਾ ਤਾਂ ਉਹ ਹੈ ਜਿਸ ਦੀ ਆਪਣੀ ਆਮਦਨ ਇਮਾਨਦਾਰੀ ਦੀ ਹੋਵੇ ਤੇ ਰਿਸ਼ਵਤ ਦੇਣੀ ਪਵੇ।ਉਸਦਾ ਕੰਮ ਕਿਵੇਂ ਸਿਰੇ ਚੜ੍ਹਦਾ ਹੈ ਉਹ ਹੀ ਜਾਣਦਾ ਹੈ ਤੇ ਚੜ੍ਹਦਾ ਵੀ ਹੈ ਜਾਂ ਨਹੀਂ ਉਸਦਾ ਵੀ ਪੱਕਾ ਪਤਾ ਨਹੀਂ।ਉਸਨੂੰ ਰਿਸ਼ਵਤ ਦੇਣੀ ਔਖੀ ਲੱਗਦੀ ਹੈ ਤੇ ਰਿਸ਼ਵਤ ਲੈਕੇ ਕੰਮ ਕਰਨ ਵਾਲੇ ਦੀ ਅਕਲ ਮਰੀ ਹੋਈ ਹੁੰਦੀ ਹੈ ਤੇ ਉਹ ਰਿਸ਼ਵਤ ਲਏ ਬਗੈਰ ਕੰਮ ਕਰਨ ਨੂੰ ਤਿਆਰ ਨਹੀਂ ਹੁੰਦਾ।ਏਹ ਮੱਕੜ ਜਾਲ ਹੈ।ਸ਼ੇਖ ਸਾਅਦੀ ਨੇ ਲਿਖਿਆ ਹੈ,”ਲਾਲਚ ਵੱਡੇ ਤੋਂ ਵੱਡੇ ਅਕਲਮੰਦ ਦੀਆਂ ਅੱਖਾਂ ਬੰਦ ਕਰ ਦਿੰਦਾ ਹੈ।ਏਹ ਲਾਲਚ ਹੀ ਹੁੰਦਾ ਹੈ ਜਿਹੜਾ ਪਰਿੰਦੇ ਦਰਿੰਦੇ ਤੇ ਮੱਛੀਆਂ ਨੂੰ ਜਾਲ ਵਿੱਚ ਫਸਾ ਦਿੰਦਾ ਹੈ।”ਰਿਸ਼ਵਤ ਦੇ ਕੈਂਸਰ ਨੇ ਹਰ ਵਿਭਾਗ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ।ਰਿਸ਼ਵਤ ਲੈਂਦਾ ਫੜਿਆ ਜਾਂਦਾ ਹੈ ਤੇ ਰਿਸ਼ਵਤ ਦੇਕੇ ਛੁੱਟ ਜਾਂਦਾ ਹੈ।ਹਾਲ ਏਹ ਹੈ ਕਿ ਗਲੇ ਵਿੱਚ ਵੀ ਕੈਂਜਰ ਹੈ ਤੇ ਲੱਤ ਵਿੱਚ ਵੀ,ਇੱਕ ਥਾਂ ਦਾ ਇਲਾਜ ਕੀਤਿਆਂ ਗੱਲ ਨਹੀਂ ਬਣਨੀ।ਸਿਸਟਮ ਹੀ ਇਸ ਦੀ ਲਪੇਟ ਵਿੱਚ ਆ ਚੁੱਕਾ ਹੈ ਕਿਧਰੇ ਰਜਿਸਟਰੀ ਕਰਵਾਉਣੀ ਹੋਵੇ ਤਾਂ ਉਪਰਲੇ ਖਰਚੇ ਵਿੱਚ ਰਿਸ਼ਵਤ ਦੇ ਪੈਸੇ ਜੋੜਕੇ ਖਰਚਾ ਦੱਸੇ ਜਾਂਦੇ ਹਨ।ਭਾਈ ਸਮਝ ਨਹੀਂ ਆਉਂਦੀ ਕਿਉਂ ਏਹ ਪੈਸੇ ਦੇਣੇ ਪੈਂਦੇ ਨੇ।ਜਿਸ ਦੀ ਜਾਇਦਾਦ ਸੀ ਉਸਨੇ ਵੇਚੀ ਤੇ ਜਿਸ ਨੇ ਪੈਸੇ ਦਿੱਤੇ ਉਸਨੇ ਆਪਣੇ ਨਾਮ ਕਰਵਾਉਣੀ ਹੈ।ਇਸ ਕੰਮ ਦੀ ਤਨਖਾਹ, ਲੋਕਾਂ ਵੱਲੋਂ ਦਿੱਤੇ ਟੈਕਸ ਵਿੱਚੋਂ ਮਿਲ ਰਹੀ ਹੈ।ਏਹ ਰਿਸ਼ਵਤ ਦਾ ਕੈਂਸਰ ਉਪਰ ਤੋਂ ਲੈਕੇ ਨੀਚੇ ਤੱਕ ਰਿਸਦਾ ਹੈ।ਧੜੱਲੇ ਨਾਲ ਗਲਤ ਨੂੰ ਠੀਕ ਤੇ ਠੀਕ ਨੂੰ ਗਲਤ ਕੀਤਾ ਜਾਂਦਾ ਹੈ।ਪ੍ਰਦੂਸ਼ਣ ਫੈਲਣਾ ਚਾਹੇ ਉਹ ਹਵਾ ਦਾ ਹੈ ਜਾਂ ਪਾਣੀ ਦਾ ਏਹ ਰਿਸ਼ਵਤ ਕਰਕੇ ਹੀ ਹੋ ਰਿਹਾ ਹੈ।ਪੁਲਿਸ ਸਟੇਸ਼ਨ ਕੋਈ ਨਹੀਂ ਜਾਂਦਾ, ਏਹ ਵੀ ਖੂਹ ਹੀ ਹੈ ਜਿੰਨਾ ਮਰਜ਼ੀ ਦੇਈ ਜਾਉ,ਸੰਤੁਸ਼ਟ ਹੀ ਨਹੀਂ ਹੁੰਦੇ।ਲੋਕ ਤਾਂ ਮੀਡੀਆ ਤੇ ਅਦਾਲਤਾਂ ਤੇ ਵੀ ਉਂਗਲ ਚੁੱਕਣ ਲੱਗ ਗਏ ਨੇ।ਏਹ ਤਾਂ ਬੀਕਾਨੇਰ ਨੂੰ ਜਾਣ ਵਾਲੀ ਰੇਲ ਗੱਡੀ ਵਾਲੀ ਲੱਗਦੀ ਹੈ।ਕਿਸੇ ਨੂੰ ਆਖਰੀ ਸਟੇਜ ਦਾ ਕੈਂਸਰ ਹੈ ਤੇ ਕਿਸੇ ਨੂੰ ਪਹਿਲੀ ਦੂਜੀ ਸਟੇਜ ਦਾ।ਇਸ ਦਾ ਜੇ ਅਜੇ ਵੀ ਇਲਾਜ ਨਾ ਕੀਤਾ ਤਾਂ ਇਸਦੇ ਭਿਆਨਕ ਨਤੀਜਿਆਂ ਨੂੰ ਹਰ ਵਰਗ ਤੇ ਹਰ  ਕਿਸੇ ਨੂੰ ਭੁਗਤਣੇ ਹੀ ਪੈਣਗੇ।ਰਿਸ਼ਵਤ ਤੇ ਭ੍ਰਿਸ਼ਟਾਚਾਰ ਕਿਸੇ ਵੀ ਦੇਸ਼ ਨੂੰ ਤਬਾਹੀ ਵੱਲ ਧਕੇਲ ਦਿੰਦੇ ਨੇ ਤੇ ਸਾਡੇ ਦੇਸ਼ ਨੂੰ ਰਿਸ਼ਵਤ ਤੇ ਭ੍ਰਿਸ਼ਟਾਚਾਰ ਦੇ ਕੈਂਸਰ ਨੇ ਆਪਣੀ ਚਪੇਟ ਵਿੱਚ ਲਿਆ ਹੋਇਆ ਹੈ।ਹੁਣ ਵਕਤ ਹੈ ਏਸ ਕੈਂਸਰ ਦੀ ਬੀਮਾਰੀ ਦਾ ਇਲਾਜ ਚਾਹੀਦਾ ਹੈ।
Prabhjot Kaur Dillon
Contact No. 9815030221
Share Button

Leave a Reply

Your email address will not be published. Required fields are marked *

%d bloggers like this: