ਹਰ ਘਰ ਨੌਕਰੀ ਦੇਣ ਦੀ ਬਜਾਏ ਨੌਕਰੀ ਖੋਹਣ ਵੱਲ ਵੱਧ ਰਹੀ ਹੈ ਪੰਜਾਬ ਸਰਕਾਰ: ਅਮਰਜੀਤ ਸਿੰਘ ਸੰਦੋਆ

ਹਰ ਘਰ ਨੌਕਰੀ ਦੇਣ ਦੀ ਬਜਾਏ ਨੌਕਰੀ ਖੋਹਣ ਵੱਲ ਵੱਧ ਰਹੀ ਹੈ ਪੰਜਾਬ ਸਰਕਾਰ: ਅਮਰਜੀਤ ਸਿੰਘ ਸੰਦੋਆ

ਰੂਪਨਗਰ, 21 ਦਸੰਬਰ (ਨਿਰਪੱਖ ਆਵਾਜ਼ ਬਿਊਰੋ): ਰੂਪਨਗਰ ਵਿਧਾਨ ਸਭਾ ਦੇ ਪੈਂਦੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੇ ਦੋ ਯੂਨਿਟ ਬੰਦ ਕਰਨ ਦੇ ਫੈਸਲੇ ਨਾਲ ਕਾਂਗਰਸ ਵੱਲੋਂ ਘਰਘਰ ਨੌਕਰੀ ਦੇਣ ਦੇ ਕੀਤੇ ਗਏ ਵਾਅਦੇ ਹਰ ਘਰ ਤੋਂ ਨੌਕਰੀ ਖੋਹਣਾ ਸਿੱਧ ਹੋ ਰਿਹਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਰੂਪਨਗਰ ਵਿਧਾਨ ਸਭਾ ਤੋਂ ‘ਆਪ’ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਉਸ ਵੇਲੇ ਕੀਤਾ ਜਦੋਂ ਉਹ ਉਕਤ ਥਰਮਲ ਦੇ ਗੇਟ ਉੱਤੇ ਯੂਨਿਟ ਬੰਦ ਕਰਨ ਦੇ ਵਿਰੋਧ ਵਿੱਚ ਹੋ ਰਹੇ ਰੋਸ ਮੁਜਾਹਰੇ ਵਿੱਚ ਸ਼ਾਮਲ ਹੋਣ ਲਈ ਪਹੁੰਚੇ। ਸੰਦੋਆ ਨੇ ਕਿਹਾ ਕਿ 18 ਮਹੀਨੇ ਪਹਿਲਾਂ ਇਸੇ ਪਲਾਂਟ ਦੇ ਨਵੀਨੀਕਰਨ ਲਈ 200 ਕਰੋੜ ਰੁਪਏ ਖਰਚਣ ਤੋਂ ਬਾਅਦ ਮਾਹਿਰਾਂ ਨੇ ਇਸ ਦੀ ਮਿਆਦ 2030 ਤੱਕ ਦਿੱਤੀ ਸੀ। ਪਰ ਬਾਦਲ ਸਰਕਾਰ ਵਾਂਗ ਹੀ ਕੈਪਟਨ ਸਰਕਾਰ ਵੀ ਪ੍ਰਾਇਵੇਟ ਥਰਮਲਾਂ ਨੂੰ ਫਾਇਦਾ ਪਹੁੰਚਾਉਣ ਲਈ ਸਰਕਾਰੀ ਥਰਮਲ ਪਲਾਂਟ ਨੂੰ ਬੰਦ ਕਰਨ ਦੇ ਮੰਦਭਾਗੇ ਫੈਸਲੇ ਲੈ ਰਹੀ ਹੈ। ਉਹਨਾਂ ਕਿਹਾ ਕਿ ਇਸ ਪਲਾਂਟ ਦੇ ਕੁਲ 6 ਯੂਨਿਟਾਂ ਵਿੱਚੋਂ 2 ਬੰਦ ਹੋਣ ਨਾਲ ਪਹਿਲੇ ਹੀ ਝਟਕੇ ਵਿੱਚ ਠੇਕੇਦਾਰੀ ਸਿਸਟਮ ਰਾਹੀਂ ਭਰਤੀ ਕੀਤੇ 300 ਦੇ ਕਰੀਬ ਵਰਕਰਾਂ ਦੇ ਚੁਲਿਆਂ ਦੀ ਅੱਗ ਬੁਝ ਜਾਵੇਗੀ। ਸੰਦੋਆ ਨੇ ਕਿਹਾ ਕਿ ਇਹ 300 ਕਿਸਮਤ ਦੇ ਮਾਰੇ ਉਹ ਵਰਕਰ ਹਨ ਜੋ ਪਿਛਲੇ 25 ਸਾਲਾਂ ਤੋਂ ਸਿਰਫ 7000/ ਰੁਪਏ ਮਹੀਨੇ ਦੀ ਤਨਖਾਹ ਨਾਲ ਇਸ ਉਮੀਦ ਵਜੋਂ ਨੌਕਰੀ ਕਰਦੇ ਰਹੇ ਕਿ ਉਹ ਇਸ ਅਦਾਰੇ ਵਿੱਚ ਪੱਕੇ ਹੋ ਜਾਣਗੇ। ਇਹਨਾਂ ਵਿੱਚੋਂ ਬਹੁਤੇ ਇਹੀ ਉਮੀਦ ਆਪਣੇ ਦਿਲ ਵਿੱਚ ਲੈ ਕੇ ਰਬ ਨੂੰ ਪਿਆਰੇ ਹੋ ਗਏ।ਕਈ ਆਪਣੀ ਉਮਰ ਦੀ ਮਿਆਦ ਪੁੱਗ ਜਾਣ ਤੇ ਘਰ ਬੈਠ ਗਏ ਹਨ। ਬਾਕੀ ਜੋ ਬਚੇ ਹਨ ਉਹ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਨਾ ਘਰ ਦੇ ਨਾਲ ਘਾਟ ਦੇ ਰਹਿਣਗੇ। ਉਹਨਾਂ ਕਿਹਾ ਕਿ ਸਰਕਾਰ ਨੂੰ ਇਹ ਫੈਸਲਾ ਵਾਪਸ ਕਰਵਾਉਣ ਲਈ ਸਾਰੀਆਂ ਜਥੇਬੰਦੀਆਂ ਨੂੰ ਸੰਘਰਸ਼ਸ਼ੀਲ ਹੋਣਾ ਪਵੇਗਾ ਨਹੀਂ ਤਾਂ ਆਉਣ ਵਾਲੇ ਕੁਝ ਦਿਨਾਂ ਵਿੱਚ ਬਾਕੀ ਦੇ ਬਚਦੇ 4 ਯੂਨਿਟ ਵੀ ਬੰਦ ਕਰਕੇ ਇਸ ਖਰਬਾਂ ਰੁਪਏ ਦੇ ਪਲਾਂਟ ਨੂੰ ਜਿਥੇ ਮਿੱਟੀ ਦਾ ਢੇਰ ਬਣਾ ਦਿੱਤਾ ਜਾਵੇਗਾ ਉਥੇ ਹਜ਼ਾਰਾਂ ਕੰਮ ਕਰਨ ਵਾਲੇ ਮੁਲਾਜ਼ਮ ਵੀ ਬੇਰੁਜ਼ਗਾਰ ਹੋ ਜਾਣਗੇ। ਸੰਦੋਆ ਨੇ ਕਿਹਾ ਕਿ ਮੈਂ ਲੋਕਾਂ ਦੇ ਹਿੱਤਾਂ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਹਾਂ।

Share Button

Leave a Reply

Your email address will not be published. Required fields are marked *

%d bloggers like this: