ਮਤਭੇਦਾਂ ਦਾ ਤੇ ਰਿਸ਼ਤਿਆਂ ਦਾ ਆਪਸੀ ਕੋਈ ਰਿਸ਼ਤਾ ਨਹੀਂ 

ਮਤਭੇਦਾਂ ਦਾ ਤੇ ਰਿਸ਼ਤਿਆਂ ਦਾ ਆਪਸੀ ਕੋਈ ਰਿਸ਼ਤਾ ਨਹੀਂ

ਬਿਲਕੁਲ ਜੀ ਜਿਥੇ ਮਤਭੇਦ ਗੰਭੀਰ ਰੂਪ ਧਾਰਨ ਕਰ ਲੈਂਦੇ ਹਨ,ਉਥੇ ਰਿਸ਼ਤਿਆਂ ਨੂੰ ਬਚਾਉਣਾ ਬਹੁਤ ਔਖਾ ਹੁੰਦਾ ਹੈ।ਰਿਸ਼ਤਿਆਂ ਤੇ ਮਤਭੇਦਾਂ ਦਾ ਆਪਸੀ ਕੋਈ ਰਿਸ਼ਤਾ ਨਹੀਂ ਹੈ ਤੇ ਨਾ ਹੀ ਹੋ ਸਕਦਾ ਹੈ।ਸਿਆਣਿਆਂ ਨੇ ਠੀਕ ਹੀ ਕਿਹਾ ਹੈ ਕਿ ਜਿਥੇ ਚਾਰ ਭਾਂਡੇ ਹੋਣਗੇ ਉਹ ਆਪਸ ਵਿੱਚ ਖੜਕਣਗੇ ਜ਼ਰੂਰ।ਸੋਚ ਕਰਕੇ,ਵਿਚਾਰਾਂ ਕਰਕੇ ਤੇ ਆਪੋ ਆਪਣੀ ਸਮਝ ਮੁਤਾਬਿਕ, ਹਰ ਕੋਈ ਇੱਕ ਹੀ ਕੰਮ ਤੇ ਗੱਲ ਨੂੰ ਵੱਖਰੇ ਤਰੀਕੇ ਨਾਲ ਕਹੇਗਾ ਤੇ ਕਰੇਗਾ।ਇਸ ਵਿੱਚ ਏਹ ਵੀ ਪੱਕਾ ਹੈ ਕਿ ਕਿਸੇ ਨੂੰ ਪਸੰਦ ਆਏਗਾ ਤੇ ਕਿਸੇ ਨੂੰ ਨਹੀਂ ਆਏਗਾ।ਇਵੇਂ ਦੀ ਵਾਤਾਵਰਣ ਪਰਿਵਾਰ, ਘਰਾਂ ਸਮਾਜ ਅਤੇ ਦਫ਼ਤਰਾਂ ਵਿੱਚ ਵੇਖਣ ਨੂੰ ਮਿਲ ਜਾਏਗਾ ਤੇ ਏਹ ਵਾਪਰਨਾ ਸੁਭਾਵਿਕ ਹੋ।ਏਹ ਹਰ ਰਿਸ਼ਤੇ ਵਿੱਚ ਵਾਪਰਦਾ ਹੈ ਤੇ ਹਰ ਉਮਰ ਵਿੱਚ ਕਿਸੇ ਨਾਲ ਵੀ ਮਤਭੇਦ ਹੋ ਸਕਦੇ ਹਨ।ਮਾਪਿਆਂ ਤੇ ਬੱਚਿਆਂ ਵਿੱਚ ਵੀ ਮਤਭੇਦ ਹੋ ਜਾਂਦੇ ਹਨ।ਕਈ ਵਾਰ ਇਸ ਨੂੰ ਪੀੜ੍ਹੀ ਦਾ ਅੰਤਰ ਕਿਹਾ ਜਾਂਦਾ ਹੈ ਤੇ ਕਦੇ ਸਮਝ ਵਿੱਚ ਘਾਟ ਕਹਿ ਦਿੱਤਾ ਜਾਂਦਾ ਹੈ।ਬੱਚੇ ਜਦੋਂ ਜਵਾਨੀ ਵਿੱਚ ਪੈਰ ਰੱਖਦੇ ਹਨ ਤਾਂ ਆਮ ਕਰਕੇ ਹੀ ਉਨ੍ਹਾਂ ਨੂੰ ਆਪਣੇ ਮਾਪਿਆਂ ਵਿੱਚ ਘਾਟਾਂ ਤੇ ਨੁਕਸ ਦਿਸਣ ਲੱਗ ਜਾਂਦੇ ਹਨ।ਬੱਚੇ ਮਾਪਿਆਂ ਦੇ ਰਹਿਣ ਸਹਿਣ ਤੇ ਖਰਚਾ ਕਰਨ ਦੇ ਤਰੀਕੇ ਨੂੰ ਲੈਕੇ ਬਹਿਸ ਕਰਦੇ ਹਨ।ਏਹ ਉਹ ਵਕਤ ਹੁੰਦਾ ਹੈ ਜਦੋਂ ਬਾਪ ਕਮਾ ਰਿਹਾ ਹੁੰਦਾ ਹੈ,ਘਰ ਦਾ ਖਰਚਾ ਤੇ ਹੋਰ ਜ਼ੁਮੇਵਾਰੀਆਂ ਨਿਭਾ ਰਿਹਾ ਹੁੰਦਾ ਹੈ।ਬੱਚੇ ਉਸ ਵਕਤ ਸਮਝਦੇ ਵੀ ਨਹੀਂ, ਪਰ ਏਸ ਮਤਭੇਦ ਨੂੰ ਜਿੰਨਾ ਥੋੜਾ ਬਹੁਤ ਸੁਲਝਾ ਸਕਦੇ ਹੋ ਸੁਲਝਾ ਲਵੋ, ਬਹੁਤ ਬਹਿਸ ਕਰਨ ਨਾਲ ਮਤਭੇਦ ਵੱਧਦੇ ਹਨ ਤੇ ਰਿਸ਼ਤਿਆਂ ਵਿੱਚ ਖਿਟਾਸ ਆ ਜਾਂਦੀ ਹੈ।”ਇੱਕ ਚੁੱਪ ਸੌ ਸੁਖ”ਇੱਕ ਗੱਲ ਹਮੇਸ਼ਾਂ ਯਾਦ ਰੱਖੋ ਕਿ ਮਤਭੇਦਾਂ ਦਾ ਤੇ ਰਿਸ਼ਤਿਆਂ ਦਾ ਆਪਸੀ ਕੋਈ ਰਿਸ਼ਤਾ ਨਹੀਂ ਹੋ ਸਕਦਾ।ਏਹ ਦੋਨਾਂ ਦਾ ਇੱਕ ਜਗ੍ਹਾ ਇਕੱਠੇ ਜ਼ਿਆਦਾ ਦੇਰ ਰਹਿਣਾ ਔਖਾ ਹੈ।ਜਵਾਨ ਧੀਆਂ ਪੁੱਤਾਂ ਨੂੰ ਰਾਤ ਨੂੰ ਦੇਰ ਤੱਕ ਬਾਹਰ ਰਹਿਣ ਤੇ ਰੋਕੋ ਤਾਂ ਖੜਕ ਜਾਂਦੀ ਹੈ।ਮਿਲ ਬੈਠਕੇ ਮਸਲਾ ਹੱਲ ਕਰਨਾ ਹੀ ਰਿਸ਼ਤਿਆਂ ਦੇ ਨਿੱਘ ਨੂੰ ਬਰਕਰਾਰ ਰੱਖੇਗਾ।ਅੱਜ ਆਜ਼ਾਦੀ ਦੇ ਨਾਮ ਅਤੇ ਪੜ੍ਹੇ ਲਿਖੇ ਹੋਣ ਦੀ ਪ੍ਰੀਭਾਸ਼ਾ ਵਿੱਚ ਵੀ ਮਤਭੇਦ ਹੈ।ਅੱਜ ਦੀ ਪੀੜ੍ਹੀ ਆਜ਼ਾਦੀ ਦਾ ਮਤਲਬ,ਉਹ ਜੋ ਮਰਜ਼ੀ ਕਰਨ,ਜਿਵੇਂ ਮਰਜ਼ੀ ਕਰਨ ਤੋਂ ਲੈਂਦੇ ਹਨ ਤੇ ਇਵੇਂ ਦਾ ਹੀ ਪੜ੍ਹੇ ਲਿਖੇ ਹੋਣ ਦਾ ਲੈਂਦੇ ਹਨ।ਅਸਲ ਵਿੱਚ ਪਹਿਲਾਂ ਸਾਂਝੇ ਪਰਿਵਾਰ ਸੀ ਘਰਦੇ ਬਜ਼ੁਰਗ ਹਰ ਕਿਸੇ ਨੂੰ ਹੱਕ ਨਾਲ ਰੋਕਦਾ ਟੋਕਦਾ ਸੀ।ਕਿਥੇ ਜਾਣਾ,ਕਿਥੇ ਗਏ ਤੇ ਕਿਉਂ ਜਾਣਾ ਪੁੱਛਣ ਦਾ ਬਜ਼ੁਰਗ ਆਪਣਾ ਹੱਕ ਸਮਝਦੇ ਸੀ।ਵਧੇਰੇ ਕਰਕੇ ਕਿੰਤੂ ਪਰੰਤੂ ਕਰਨ ਦੀ ਕਿਸੇ ਦੀ ਹਿੰਮਤ ਨਹੀਂ ਸੀ ਹੁੰਦੀ।ਧੀਆਂ ਭੈਣਾਂ ਦੇ ਕਪੜਿਆਂ ਅਤੇ ਪਹਿਰਾਵੇ ਤੇ ਨਜ਼ਰ ਰੱਖੀ ਜਾਂਦੀ ਸੀ।ਅੱਜ ਇਕਹਰੇ ਪਰਿਵਾਰ ਹਨ ਕੁੜੀਆਂ ਦੇ ਛੋਟੇ ਹੋ ਰਹੇ ਕਪੜਿਆਂ ਵੱਲ ਧਿਆਨ ਦੇਣ ਵਾਲਾ ਕੋਈ ਨਹੀਂ।ਫੈਸ਼ਨ ਕਰੋ,ਵਧੀਆ ਕਪੜੇ ਪਾਉ ਪਰ ਨੰਗੇਜ਼ ਤੋਂ ਪਰਹੇਜ਼ ਕਰੋ।ਘਰਾਂ ਵਿੱਚ ਨੂੰਹਾਂ ਆਉਂਦੀਆਂ ਹਨ ਤਾਂ ਮਤਭੇਦ ਹੁੰਦੇ ਨੇ,ਵਿਚਾਰਾਂ ਦੇ,ਸੋਚਦੇ ਅਤੇ ਰਹਿਣ ਸਹਿਣ ਦੇ।ਇਸ ਨੂੰ ਵਧੇਰੇ ਛੱਜ ਵਿੱਚ ਪਾਕੇ ਨਾ ਛੱਟੋ।ਲੜਕੀ ਨੂੰ ਚਾਹੀਦਾ ਹੈ ਕਿ ਆਪਣੇ ਮਾਪਿਆਂ ਦੇ ਘਰਦੇ ਤੌਰ ਤਰੀਕੇ, ਇਥੇ ਲਾਗੂ ਕਰਨ ਦੀ ਕੋਸ਼ਿਸ਼ ਨਾ ਕਰੇ।ਏਹ ਘਰ ਬਹੁਤ ਸਾਲਾਂ ਤੋਂ ਜਿਸ ਤਰ੍ਹਾਂ ਚੱਲ ਰਿਹਾ ਹੈ ਤੇ ਜਿਵੇਂ ਘਰਦੇ ਵੱਡੇ ਚਲਾ ਰਹੇ ਨੇ, ਉਹ ਬਦਲਣਾ ਬਹੁਤ ਵੱਡੇ ਮਤਭੇਦ ਖੜੇ ਕਰੇਗਾ।ਲੜਕੀਆਂ ਦੇ ਮਾਪਿਆਂ ਨੂੰ ਵੀ ਇਸ ਵਾਸਤੇ ਲੜਕੀ ਨਾਲ ਸਹਿਮਤ ਨਹੀਂ ਹੋਣਾ ਚਾਹੀਦਾ।ਹਾਂ ਕੁਝ ਬਦਲਾਵ ਵਕਤ ਨਾਲ ਕੀਤੇ ਜਾ ਸਕਦੇ ਹਨ ਪਰ”ਸੱਭ ਬਦਲ ਡਾਲੂੰਗਾ”ਵਾਲੀ ਗੱਲ ਕਿਸੇ ਦੇ ਵੀ ਹੱਕ ਵਿੱਚ ਨਹੀਂ ਜਾਵੇਗੀ।ਸੁਹਰੇ ਪਰਿਵਾਰ ਦੀ ਹਰ ਗੱਲ,ਪੇਕੇ ਘਰ ਪਹੁੰਚਾਉਣੀ ਤੇ ਫੇਰ ਉਨ੍ਹਾਂ ਦੀਆਂ ਹਦਾਇਤਾਂ ਤੇ ਗੱਲ ਕਰਨੀ, ਕਿਸੇ ਮਸਲੇ ਦਾ ਹੱਲ ਨਹੀਂ।ਮੁੰਡੇ ਦੇ ਮਾਪਿਆਂ ਵੀ ਜ਼ਿੰਦਗੀ ਦੇ ਬਥੇਰੇ ਉਤਰਾ ਚੜ੍ਹਾਅ ਵੇਖੇ ਹੁੰਦੇ ਹਨ ਉਹ ਹਰ ਗੱਲ ਸਮਝ ਰਹੇ ਹੁੰਦੇ ਹਨ।ਲੜਕੀ ਨੂੰ ਚਾਹੀਦਾ ਹੈ ਕਿ ਇਸ ਘਰਦਾ ਮਸਲਾ, ਏਸ ਘਰ ਦੇ ਵਾਤਾਵਰਣ ਦੇ ਹਿਸਾਬ ਨਾਲ ਬੈਠਕੇ ਸੁਲਝਾਏ।ਆਪਸੀ ਮਤਭੇਦਾਂ ਨੂੰ ਜਨਮ ਦੇਣ ਵਿੱਚ ਹੰਕਾਰ, ਮੈਂ ਸੱਭ ਜਾਣਦਾ ਹਾਂ, ਮੈਂ ਹੀ ਠੀਕ ਹਾਂ, ਹੀਣਭਾਵਨਾ,ਅਧੂਰੀ ਜਾਣਕਾਰੀ, ਸ਼ੈਤਾਨੀ ਸੋਚ,ਸ਼ੱਕੀ ਸੁਭਾਅ ਅਹਿਮ ਰੋਲ ਅਦਾ ਕਰਦੇ ਹਨ।ਜਦੋਂ ਤੁਸੀਂ ਏਹ ਚਾਹੁੰਦੇ ਹੋ ਕਿ ਤੁਹਾਡੀ ਜ਼ਿੰਦਗੀ ਵਿੱਚ ਕੋਈ ਦਖਲਅੰਦਾਜ਼ੀ ਨਾ ਕਰੇ,ਤਾਂ ਦੂਸਰਿਆਂ ਦੀ ਜ਼ਿੰਦਗੀ ਵਿੱਚ ਵੀ ਦਖਲਅੰਦਾਜ਼ੀ ਨਾ ਕਰੋ।ਜਦੋਂ ਹਰ ਲੜਕੀ ਏਹ ਚਾਹੁੰਦੀ ਹੈ ਕਿ ਮੈਂ ਆਪਣੇ ਮਾਪਿਆਂ ਨਾਲ ਰਲ ਬੈਠਾਂ ਤਾਂ ਲੜਕੇ ਦਾ ਉਸਦੇ ਮਾਪਿਆਂ ਕੋਲ ਬੈਠਣਾ,ਲੜਨ ਦਾ ਕਾਰਨ ਕਿਉਂ ਬਣਦਾ ਹੈ।ਜਦੋਂ ਲੜਕੀ ਆਪਣੇ ਮਾਪਿਆਂ ਦੀ। ਗੱਲ ਦਾ ਉਹਲਾ ਘਰਵਾਲੀ ਤੋਂ ਤੇ ਸੁਹਰੇ ਪਰਿਵਾਰ ਤੋਂ ਰੱਖਦੀ ਹੈ ਫੇਰ ਲੜਕਾ ਅਗਰ ਕੋਈ ਗੱਲ ਨਹੀਂ ਦੱਸਦਾ ਤਾਂ ਮੁੱਦਾ ਕਿਉਂ ਬਣਦਾ ਹੈ।ਘਰਾਂ ਵਿੱਚ ਛੋਟੀਆਂ ਮੋਟੀਆਂ ਗੱਲਾਂ ਹੁੰਦੀਆਂ ਹਨ ਉਨ੍ਹਾਂ ਨੂੰ ਚਾਰ ਦੀਵਾਰੀ ਤੋਂ ਬਾਹਰ ਨਾ ਕੱਢੋ।ਜਿਹੜੇ ਫੈਸਲੇ ਆਰਾਮ ਨਾਲ ਬੈਠਕੇ ਲਏ ਜਾਂਦੇ ਹਨ ਉਨ੍ਹਾਂ ਦੇ ਨਤੀਜੇ ਵੀ ਵਧੀਆ ਨਿਕਲਦੇ ਹਨ।ਕਦੇ ਵੀ ਏਹ ਨਾ ਸਮਝੋ ਕਿ ਤੁਹਾਡੇ ਤੋਂ ਵੱਧ ਸਿਆਣਾ ਕੋਈ ਨਹੀਂ, ਕੁਦਰਤ ਨੇ ਸੱਭ ਕੁਝ,ਸੱਭ ਲਈ ਕਰਨਾ ਹੀ ਕਰਨਾ ਹੈ।ਨਰਿੰਦਰ ਸਿੰਘ ਕਪੂਰ ਨੇ ਲਿਖਿਆ ਹੈ,”ਕਈ ਕੁੱਕੜ ਸਮਝਦੇ ਹਨ ਕਿ ਜੇ ਉਹ ਬਾਂਗ ਨਾ ਦੇਣ ਤਾਂ ਸੂਰਜ ਨਹੀਂ ਚੜ੍ਹੇਗਾ।”ਕਿਸੇ ਦੇ ਕੋਲ ਇੰਨੀ ਤਾਕਤ ਤੇ ਸ਼ਕਤੀ ਨਹੀਂ ਹੁੰਦੀ,ਮਤਭੇਦ ਹੋਣ ਤੇ ਤਿੱਖੀ ਬਹਿਸ ਤੋਂ ਹਮੇਸ਼ਾ ਬਚੋ।ਘਰ ਵਿੱਚ ਧੋਖੇ ਦੀ ਚਾਲ ਨਾ ਚੱਲੋ।ਮਤਭੇਦ ਹਮੇਸ਼ਾ ਹੋਣਗੇ ਪਰ ਹਰ ਮਸਲੇ ਨੂੰ ਹੰਕਾਰ ਤਿਆਗ ਕੇ,ਨਿਮਰਤਾ, ਇਮਾਨਦਾਰੀ ਤੇ ਠੰਡੇ ਦੀਮਾਗ ਨਾਲ ਸੁਲਝਾਉਣ ਲਈ ਕਦਮ ਚੁੱਕੋ,ਸਫਲਤਾ ਤੇ ਖੁਸ਼ੀ ਮਿਲੇਗੀ।ਏਹ ਪਰਿਵਾਰ, ਸਮਾਜ ਤੇ ਕਿਸੇ ਵੀ ਸੰਸਥਾ ਵਿੱਚ ਵਧੀਆ ਮਾਹੌਲ ਵਾਸਤੇ ਬਹੁਤ ਜ਼ਰੂਰੀ ਹੈ।ਚਾਣਕਯ ਨੇ ਲਿਖਿਆ ਹੈ,”ਅਭਿਮਾਨੀ ਰਾਜਾ ਜਟਿਲ ਸਮਸਿਆਵਾਂ ਨੂੰ ਤਾਂ ਹੀ ਹੱਲ ਕਰ ਸਕਦਾ ਹੈ ਜੇ ਉਹ ਅਭਿਮਾਨ ਨੂੰ ਛੱਡ ਦੇਵੇ ਅਤੇ ਨਿਰਪੱਖ ਵਿਚਾਰਾਂ ਨਾਲ ਸਿੱਟੇ ਕੱਢਣ ਦਾ ਯਤਨ ਕਰੇ।”ਇਸ ਵਕਤ ਹਫੜਾ ਦਫੜੀ,ਆਪੋਧਾਪ,ਸਵਾਰਥ ਤੇ ਹੰਕਾਰ ਦੀ ਹਵਾ ਬਹੁਤ ਜ਼ੋਰਾਂ ਤੇ ਹੈ।ਹਰ ਜਗ੍ਹਾ ਮਤਭੇਦ ਵਿਚਾਰਾਂ ਤੇ ਸੋਚ ਵਿੱਚ ਹੁੰਦਾ ਹੈ ਤੇ ਰਹੇਗਾ ਪਰ ਇਸ ਨੂੰ ਰਿਸ਼ਤਿਆਂ ਤੇ ਭਾਰੂ ਨਾ ਹੋਣ ਦਿਉ।ਮਤਭੇਦ ਤੇ ਰਿਸ਼ਤੇ ਇਕੱਠੇ ਨਹੀਂ ਰਹਿ ਸਕਦੇ, ਠੀਕ ਉਵੇਂ ਹੀ ਜਿਵੇਂ”ਇੱਕ ਮਿਆਨ ਵਿੱਚ ਦੋ ਤਲਵਾਰਾਂ ਨਹੀਂ ਸਮਾ ਸਕਦੀਆਂ।”

‘ਮਤਭੇਦਾਂ ਦਾ ਤੇ ਰਿਸ਼ਤਿਆਂ ਦਾ ਆਪਸੀ ਕੋਈ ਰਿਸ਼ਤਾ ਨਹੀਂ’,ਮਤਭੇਦਾਂ ਨੂੰ ਰਿਸ਼ਤਿਆਂ ਤੋਂ ਦੂਰ ਰੱਖੋ,ਘਰ ਪਰਿਵਾਰ ਤੇ ਹਰ ਜਗ੍ਹਾ ਦਾ ਮਾਹੌਲ ਖੁਸ਼ੀਆਂ ਭਰਿਆ ਤੇ ਸ਼ਾਂਤੀ ਵਾਲਾ ਬਣਾਕੇ ਰੱਖੀਏ।।
ਪ੍ਰਭਜੋਤ ਕੌਰ ਢਿੱਲੋਂ,
9815030221
Share Button

Leave a Reply

Your email address will not be published. Required fields are marked *

%d bloggers like this: